ਤੋਹਫ਼ਿਆਂ ਦੇ ਦੌਰ ’ਚ...
ਸਾਡੀ ਜ਼ਿੰਦਗੀ ਵਿੱਚ ਤੋਹਫ਼ਿਆਂ ਦਾ ਬੜਾ ਮਹੱਤਵ ਹੁੰਦਾ ਹੈ। ਆਪਣੇ ਕੋਲ ਭਾਵੇਂ ਕਿੰਨਾ ਵੀ ਕੁਝ ਕਿਉਂ ਨਾ ਹੋਵੇ, ਪਰ ਕਿਸੇ ਦਾ ਦਿੱਤਾ ਤੋਹਫ਼ਾ ਬੜਾ ਪਿਆਰਾ ਲੱਗਦਾ ਹੈ। ਜਦੋਂ ਤੋਹਫ਼ਾ ਮਿਲਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਜ਼ਿੰਦਗੀ ਦੀ ਕੋਈ ਸੌਗਾਤ...
ਸਾਡੀ ਜ਼ਿੰਦਗੀ ਵਿੱਚ ਤੋਹਫ਼ਿਆਂ ਦਾ ਬੜਾ ਮਹੱਤਵ ਹੁੰਦਾ ਹੈ। ਆਪਣੇ ਕੋਲ ਭਾਵੇਂ ਕਿੰਨਾ ਵੀ ਕੁਝ ਕਿਉਂ ਨਾ ਹੋਵੇ, ਪਰ ਕਿਸੇ ਦਾ ਦਿੱਤਾ ਤੋਹਫ਼ਾ ਬੜਾ ਪਿਆਰਾ ਲੱਗਦਾ ਹੈ। ਜਦੋਂ ਤੋਹਫ਼ਾ ਮਿਲਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਜ਼ਿੰਦਗੀ ਦੀ ਕੋਈ ਸੌਗਾਤ ਮਿਲ ਗਈ ਹੋਵੇ। ਤੋਹਫ਼ੇ ਆਪਣੀ ਮੁਹੱਬਤ ਤੇ ਖਲੂਸ ਨੂੰ ਵਿਖਾਉਣ ਦਾ ਇੱਕ ਅੰਦਾਜ਼ ਹਨ। ਤੋਹਫ਼ਾ ਦਿੰਦਿਆਂ ਅਸੀਂ ਇਹ ਇਜ਼ਹਾਰ ਕਰਦੇ ਹਾਂ ਕਿ ਸਾਨੂੰ ਉਸ ਵਿਅਕਤੀ ਦਾ ਕਿੰਨਾ ਖ਼ਿਆਲ ਹੈ।
ਤੋਹਫ਼ਾ ਦੇਣ ਵੇਲੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਨੂੰ ਅਸੀਂ ਤੋਹਫ਼ਾ ਦੇਣ ਜਾ ਰਹੇ ਹਾਂ, ਉਸ ਨੂੰ ਉਹ ਪਸੰਦ ਆਵੇ। ਜੇਕਰ ਅਸੀਂ ਉਸ ਵਿਅਕਤੀ ਨੂੰ ਜਾਣਦੇ ਹਾਂ ਤਾਂ ਸਾਨੂੰ ਉਸ ਦੀ ਪਸੰਦ ਤੇ ਨਾ ਪਸੰਦ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਜਿਸ ਨੂੰ ਅਸੀਂ ਤੋਹਫ਼ਾ ਦੇਣ ਜਾ ਰਹੇ ਹਾਂ। ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਜਾਣਦੇ ਹੋ ਕਿ ਕਿਸੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਕੋਸ਼ਿਸ਼ ਕਰੋ ਉਸੇ ਮੁਤਾਬਕ ਉਸ ਨੂੰ ਤੋਹਫ਼ਾ ਦਿਓ। ਕਿਸੇ ਦੇ ਵਿਆਹ ਸਮੇਂ ਉਸ ਨੂੰ ਦਿੱਤਾ ਜਾਣ ਵਾਲਾ ਤੋਹਫ਼ਾ ਇੱਕ ਤਰ੍ਹਾਂ ਨਾਲ ਉਸ ਪਰਿਵਾਰ ਦੀ ਮਦਦ ਹੁੰਦਾ ਹੈ। ਜਨਮ ਦਿਨ ’ਤੇ ਦਿੱਤੇ ਜਾਣ ਵਾਲੇ ਤੋਹਫ਼ੇ ਵੀ ਬੱਚੇ ਦੀ ਜ਼ਰੂਰਤ ਦੇ ਮੁਤਾਬਕ ਅਤੇ ਉਮਰ ਦੇ ਮੁਤਾਬਕ ਦੇਣੇ ਚਾਹੀਦੇ ਹਨ।
ਇਹ ਹਮੇਸ਼ਾਂ ਧਿਆਨ ਵਿੱਚ ਰੱਖੋ ਕਿ ਤੋਹਫ਼ਾ ਦੇ ਕੇ ਕਦੇ ਵੀ ਉਸ ਚੀਜ਼ ਦਾ ਜ਼ਿਕਰ ਦੁਬਾਰਾ ਨਾ ਕਰੋ। ਤੋਹਫ਼ਾ ਦੇ ਕੇ ਜਤਾਉਣ ਨਾਲੋਂ ਚੰਗਾ ਹੈ ਕਿ ਤੋਹਫ਼ਾ ਦਿੱਤਾ ਹੀ ਨਾ ਜਾਵੇ। ਜਿਸ ਤਰ੍ਹਾਂ ਤੋਹਫ਼ਾ ਦੇਣਾ ਇੱਕ ਕਲਾ ਹੈ, ਉਸੇ ਤਰ੍ਹਾਂ ਤੋਹਫ਼ਾ ਲੈਣਾ ਵੀ ਇੱਕ ਕਲਾ ਹੈ। ਜਦੋਂ ਕੋਈ ਤੁਹਾਨੂੰ ਬੜੇ ਮਨ ਨਾਲ ਤੋਹਫ਼ਾ ਦਿੰਦਾ ਹੈ ਤੇ ਤੁਸੀਂ ਅੱਗੋਂ ਕਹਿ ਦਿੰਦੇ ਹੋ ਇਸ ਦੀ ਕੋਈ ਜ਼ਰੂਰਤ ਨਹੀਂ ਹੈ, ਉਸ ਵਿਅਕਤੀ ਦੇ ਮਨ ਨੂੰ ਇਸ ਗੱਲ ਨਾਲ ਬੁਰਾ ਲੱਗਦਾ ਹੈ। ਹੁੰਦਾ ਸਭ ਕੋਲ ਸਭ ਕੁਝ ਹੈ, ਪਰ ਤੋਹਫ਼ਾ ਦੇ ਕੇ ਇਨਸਾਨ ਖਲੂਸ ਤੇ ਮੁਹੱਬਤ ਦਾ ਇਜ਼ਹਾਰ ਕਰਦਾ ਹੈ। ਆਪਣਿਆਂ ਨੂੰ ਹੀ ਤੋਹਫ਼ਾ ਦਿੱਤਾ ਜਾਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਨੂੰ ਤੋਹਫ਼ਾ ਦਈਏ ਤਾਂ ਉਹ ਬਾਰ-ਬਾਰ ਇਨਕਾਰ ਕਰਦੇ ਹਨ। ਇਹ ਚੰਗਾ ਨਹੀਂ ਲੱਗਦਾ। ਕਈ ਤਾਂ ਇਹ ਵੀ ਕਹਿੰਦੇ ਹਨ ਕਿ ਮੈਂ ਕਦੇ ਕਿਸੇ ਤੋਂ ਤੋਹਫ਼ਾ ਨਹੀਂ ਲਿਆ। ਅਸਲ ਵਿੱਚ ਇਹ ਉਨ੍ਹਾਂ ਦੇ ਅੰਦਰ ਦਾ ਹੰਕਾਰ ਹੁੰਦਾ ਹੈ। ਤੋਹਫ਼ਾ ਲੈਣਾ ਨਿਮਰਤਾ ਦੀ ਨਿਸ਼ਾਨੀ ਹੈ। ਅਦਬ ਤੇ ਸਤਿਕਾਰ ਨਾਲ ਲਿਆ ਗਿਆ ਤੋਹਫ਼ਾ ਤੁਹਾਡੀ ਇੱਜ਼ਤ ਵਧਾਉਂਦਾ ਹੈ। ਬਾਰ-ਬਾਰ ਇਹ ਜਤਾਉਂਦੇ ਰਹਿਣਾ ਕਿ ਇਸ ਦੀ ਤੁਹਾਨੂੰ ਜ਼ਰੂਰਤ ਨਹੀਂ ਸੀ, ਚੰਗੀ ਗੱਲ ਨਹੀਂ।
ਇੱਕ ਖ਼ਾਸ ਗੱਲ ਜਿਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਨੂੰ ਤੋਹਫ਼ਾ ਦਿੰਦਾ ਹੈ ਤਾਂ ਦੂਜੇ ਦਿਨ ਹੀ ਉਹਦੇ ਘਰ ਕੁਝ ਦੇਣ ਨਾ ਪਹੁੰਚ ਜਾਓ। ਇਹ ਵਾਰੀ ਦਾ ਵੱਟਾ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਤੋਹਫ਼ਾ ਦਿੰਦੇ ਹਾਂ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਨੂੰ ਵਾਪਸੀ ਵਿੱਚ ਕੁਝ ਚਾਹੀਦਾ ਹੈ। ਤੋਹਫ਼ਾ ਤੁਸੀਂ ਵੀ ਜ਼ਰੂਰ ਦਿਓ, ਪਰ ਮੌਕੇ ਦਾ ਇੰਤਜ਼ਾਰ ਕਰੋ। ਕਈ ਲੋਕ ਦੂਜੇ ਤੀਜੇ ਦਿਨ ਹੀ ਅਗਲੇ ਦੇ ਘਰ ਕੁਝ ਨਾ ਕੁਝ ਲੈ ਕੇ ਪਹੁੰਚ ਜਾਂਦੇ ਹਨ। ਇਹ ਗੱਲ ਚੰਗੀ ਨਹੀਂ। ਥੋੜ੍ਹਾ ਸਬਰ ਰੱਖਣਾ ਚਾਹੀਦਾ ਹੈ। ਹਰ ਗੱਲ ਮੌਕੇ ਮੁਤਾਬਿਕ ਹੀ ਚੰਗੀ ਲੱਗਦੀ ਹੈ।
ਤੋਹਫ਼ਾ ਲੈਣ ਵਾਲਾ ਜਦੋਂ ਖ਼ੁਸ਼ ਹੋ ਕੇ ਤੋਹਫ਼ਾ ਲੈਂਦਾ ਹੈ ਤਾਂ ਦੇਣ ਵਾਲੇ ਨੂੰ ਵੀ ਆਨੰਦ ਮਹਿਸੂਸ ਹੁੰਦਾ ਹੈ। ਉਸ ਦੀ ਖ਼ੁਸ਼ੀ ਕਈ ਗੁਣਾ ਵਧ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਲੈਣ ਦੇਣ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਬਹੁਤ ਲੋਕ ਇਸ ਨੂੰ ਹੈਸੀਅਤ ਨਾਲ ਜੋੜ ਕੇ ਵੇਖਦੇ ਹਨ। ਸਾਨੂੰ ਦੂਜੇ ਦੀਆਂ ਭਾਵਨਾਵਾਂ ਨੂੰ ਦੇਖਣਾ ਚਾਹੀਦਾ ਹੈ, ਤੋਹਫ਼ੇ ਦੀ ਕੀਮਤ ਨੂੰ ਨਹੀਂ। ਤੋਹਫ਼ੇ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਤਾਂ ਅਪਣੱਤ ਦੀ ਨਿਸ਼ਾਨੀ ਹੈ।
ਜਦੋਂ ਅਸੀਂ ਤਿਉਹਾਰਾਂ ਦੇ ਦਿਨਾਂ ਵਿੱਚ ਕਿਸੇ ਲਈ ਕੋਈ ਤੋਹਫ਼ਾ ਲੈ ਕੇ ਜਾਂਦੇ ਹਾਂ ਤਾਂ ਉੱਥੇ ਜ਼ਰੂਰ ਕੁਝ ਸਮਾਂ ਬੈਠਣਾ ਚਾਹੀਦਾ ਹੈ। ਅਜਿਹੇ ਮੌਕੇ ’ਤੇ ਕਿਸੇ ਲਈ ਕੋਈ ਉਪਹਾਰ ਲੈ ਕੇ ਜਾਣ ਦਾ ਮਤਲਬ ਦਰਅਸਲ ਮਿਲਣਾ ਹੁੰਦਾ ਹੈ। ਇੱਕ ਚਾਹ ਦਾ ਕੱਪ ਸਾਂਝਾ ਕਰਨਾ, ਕੁਝ ਗੱਲਾਂ ਇੱਧਰ ਦੀਆਂ ਉੱਧਰ ਦੀਆਂ ਕਰਨੀਆਂ, ਇੱਕ ਦੂਜੇ ਦਾ ਸੁੱਖ-ਦੁੱਖ ਸੁਣਨਾ ਇਹ ਬਹੁਤ ਮਹੱਤਵਪੂਰਨ ਹੈ। ਸ਼ਹਿਰੀ ਜੀਵਨ ਵਿੱਚ ਅੱਜਕੱਲ੍ਹ ਸਿਰਫ਼ ਤੋਹਫ਼ੇ ਦੇਣ ਦੀ ਪ੍ਰਥਾ ਚੱਲ ਪਈ ਹੈ। ਕੋਈ ਕਿਸੇ ਦੇ ਘਰ ਜਾਂਦਾ ਹੈ ਤੋਹਫ਼ਾ ਫੜਾਉਂਦਾ ਹੈ ਤੇ ਕਹਿੰਦਾ ਹੈ ਜੀ ਮੈਨੂੰ ਕਾਹਲੀ ਹੈ, ਮੈਂ ਕਿਤੇ ਹੋਰ ਵੀ ਜਾਣਾ ਹੈ। ਇਹ ਬਹੁਤ ਅਜੀਬ ਵਰਤਾਰਾ ਹੈ। ਅਸੀਂ ਤਿਉਹਾਰਾਂ ਦੇ ਦਿਨ ਤੋਹਫ਼ਿਆਂ ਨੂੰ ਇੱਕ ਅਜਿਹੀ ਘੁੰਮਣ ਘੇਰੀ ਨਾਲ ਜੋੜ ਦਿੱਤਾ ਹੈ ਜਿਸ ਵਿੱਚ ਮੁਹੱਬਤ ਨਹੀਂ ਹੈ।
ਇੱਕ ਸਮਾਂ ਸੀ ਜਦੋਂ ਘਰ ਵਿੱਚ ਬਣਾਈ ਹੋਈ ਮਿਠਾਈ ਨੂੰ ਇੱਕ ਪਲੇਟ ਵਿੱਚ ਪਾ ਕੇ ਗੁਆਂਢੀਆਂ ਦੇ ਘਰ ਦੇਣ ਜਾਇਆ ਜਾਂਦਾ ਸੀ। ਉਹ ਪਲੇਟ ਵਾਪਸ ਕਰਦੇ ਹੋਏ ਆਪਣੇ ਵੱਲੋਂ ਬਣਾਈ ਕੁਝ ਮਿਠਾਈ ਉਸ ਪਲੇਟ ਵਿੱਚ ਪਾ ਦਿੰਦੇ ਸਨ। ਉਸ ਸਮੇਂ ਬਹੁਤ ਕੀਮਤੀ ਤੋਹਫ਼ੇ ਨਹੀਂ ਸਨ, ਪਰ ਪਿਆਰ ਬਹੁਤ ਸੀ। ਹੁਣ ਤੋਹਫ਼ੇ ਵੱਡੇ ਹੁੰਦੇ ਜਾ ਰਹੇ ਹਨ ਤੇ ਪਿਆਰ ਘਟਦਾ ਜਾ ਰਿਹਾ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਚੱਕਰਵਿਊ ’ਚੋਂ ਬਾਹਰ ਨਿਕਲੀਏ। ਸਾਨੂੰ ਆਪਣੇ ਰਵਾਇਤੀ ਤਰੀਕੇ ਨਾਲ ਹੀ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ। ਇਹ ਹਮੇਸ਼ਾਂ ਧਿਆਨ ਵਿੱਚ ਰੱਖੋ ਕਿ ਤੋਹਫ਼ੇ ਤੁਹਾਡੀ ਹੈਸੀਅਤ ਨਸ਼ਰ ਕਰਨ ਲਈ ਨਹੀਂ ਹੁੰਦੇ। ਇਹ ਤੁਹਾਡਾ ਪਿਆਰ ਤੇ ਤੁਹਾਡੀਆਂ ਭਾਵਨਾਵਾਂ ਨੂੰ ਨਸ਼ਰ ਕਰਨ ਲਈ ਹਨ। ਜੇਕਰ ਕਿਤੇ ਕੋਈ ਜਨਮ ਦਿਨ ’ਤੇ ਤੋਹਫ਼ਾ ਦੇਣਾ ਭੁੱਲ ਗਿਆ ਤਾਂ ਕੋਈ ਗੱਲ ਨਹੀਂ ਫਿਰ ਸਹੀ। ਬਹੀ ਖਾਤਾ ਲੈ ਕੇ ਨਾ ਬੈਠ ਜਾਓ ਕਿ ਮੈਂ ਦਿੱਤਾ ਸੀ ਤੇ ਉਹਨੇ ਮੈਨੂੰ ਨਹੀਂ ਦਿੱਤਾ। ਇਹ ਮੁਹੱਬਤ ਨਹੀਂ। ਇਹ ਤਾਂ ਹਿਸਾਬ ਕਿਤਾਬ ਹੈ।
ਤਿਉਹਾਰ ਦੇ ਇਨ੍ਹਾਂ ਦਿਨਾਂ ਵਿੱਚ ਅਸੀਂ ਇੱਕ-ਦੂਜੇ ਨਾਲ ਖ਼ੁਸ਼ੀਆਂ ਵੰਡੀਏ। ਛੋਟੀਆਂ ਛੋਟੀਆਂ ਚੀਜ਼ਾਂ ਨਾਲ ਦੂਜਿਆਂ ਨੂੰ ਵੱਡੀਆਂ ਖ਼ੁਸ਼ੀਆਂ ਦੇਈਏ। ਆਪਣੇ ਸੱਭਿਆਚਾਰ ਦੇ ਤੌਰ ਤਰੀਕਿਆਂ ਨੂੰ ਨਾ ਭੁੱਲੀਏ। ਕੋਈ ਜੋ ਦੇਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰੀਏ। ਜੋ ਬਣਦਾ ਸਰਦਾ ਹੋ, ਉਹ ਦੂਜੇ ਨੂੰ ਦਈਏ। ਇੰਨੇ ਕੋਰੇ ਵੀ ਨਾ ਬਣੀਏ ਕਿ ਮੁਹੱਬਤ ਜ਼ਿੰਦਗੀ ’ਚੋਂ ਮਨਫ਼ੀ ਹੋ ਜਾਵੇ।
ਸੰਪਰਕ: 90410-73310