ਆਪਣੇ ਹੀ ਫਾਰਮ ਹਾਊਸ ’ਤੇ ਅਸੁਰੱਖਿਅਤ ਮਹਿਸੂਸ ਕਰਦੀ ਹਾਂ: ਸੰਗੀਤ ਬਿਜਲਾਨੀ
ਫਾਰਮ ਹਾੳੂਸ ’ਤੇ ਤਿੰਨ ਮਹੀਨੇ ਪਹਿਲਾਂ ਹੋਈ ਚੋਰੀ ਦੀ ਜਾਂਚ ਅਜੇ ਤੱਕ ਕਿਸੇ ਤਣ ਪੱਤਣ ਨਹੀਂ ਲੱਗੀ; ਅਦਾਕਾਰਾ ਨੇ ਅਸਲੇ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ
ਅਦਾਕਾਰਾ ਸੰਗੀਤਾ ਬਿਜਲਾਨੀ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਆਪਣੇ ਫਾਰਮ ਹਾਊਸ ਵਿੱਚ ਚੋਰੀ ਹੋਣ ਤੋਂ ਕਰੀਬ ਤਿੰਨ ਮਹੀਨੇ ਬਾਅਦ ਵੀ ਜਾਂਚ ਦੇ ਕਿਸੇ ਤਣ ਪੱਤਣ ਨਾ ਲੱਗਣ ’ਤੇ ਫ਼ਿਕਰ ਜਤਾਇਆ ਹੈ। ਅਦਾਕਾਰਾ ਨੇ ਕਿਹਾ ਕਿ ਉਹ ਹੁਣ ਫਾਰਮ ਹਾਊਸ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ।
ਬਿਜਲਾਨੀ ਨੇ ਹਾਲ ਹੀ ਵਿੱਚ ਪੁਣੇ ਦੇ ਐਸਪੀ (ਰੂਰਲ) ਸੰਦੀਪ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਪਵਨਾ ਡੈਮ ਨੇੜੇ ਸਥਿਤ ਆਪਣੇ ਫਾਰਮ ਹਾਊਸ ਵਿੱਚ ਹੋਈ ਚੋਰੀ ਦੀ ਜਾਂਚ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਅਦਾਕਾਰਾ ਨੇ ਕਿਹਾ ਕਿ ਉਸ ਨੇ ਨਿੱਜੀ ਸੁਰੱਖਿਆ ਨੂੰ ਖ਼ਤਰੇ ਦੇ ਹਵਾਲੇ ਨਾਲ ਹਥਿਆਰ ਦੇ ਲਾਇਸੈਂਸ ਲਈ ਵੀ ਅਰਜ਼ੀ ਦਿੱਤੀ ਹੈ।
ਕਾਬਿਲੇਗੌਰ ਹੈ ਇਸ ਸਾਲ ਜੁਲਾਈ ਵਿੱਚ ਅਣਪਛਾਤੇ ਵਿਅਕਤੀਆਂ ਨੇ ਬਿਜਲਾਨੀ ਦੇ ਫਾਰਮ ਹਾਊਸ ਵਿਚ ਦਾਖ਼ਲ ਹੋ ਕੇ ਫਰਿੱਜ, ਟੀਵੀ ਸੈੱਟ ਅਤੇ ਫਰਨੀਚਰ ਵਰਗੀਆਂ ਘਰੇਲੂ ਚੀਜ਼ਾਂ ਦੀ ਭੰਨਤੋੜ ਕੀਤੀ ਅਤੇ ਕੰਧਾਂ ’ਤੇ ਅਸ਼ਲੀਲ ਸੁਨੇਹੇ (ਗ੍ਰੈਫਿਟੀ) ਲਿਖ ਦਿੱਤੇ। ਪੁਲੀਸ ਮੁਤਾਬਕ ਇਹ ਅਣਪਛਾਤੇ 50,000 ਰੁਪਏ ਦੀ ਨਗ਼ਦੀ ਅਤੇ 7,000 ਰੁਪਏ ਦੀ ਕੀਮਤ ਦਾ ਇੱਕ ਟੈਲੀਵਿਜ਼ਨ ਵੀ ਲੈ ਗਏ। ਅਦਾਕਾਰਾ ਨੇ ਇਸ ਘਟਨਾ ਨੂੰ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਦੱਸਿਆ।
ਬਿਜਲਾਨੀ ਨੇ ਸ਼ੁੱਕਰਵਾਰ ਰਾਤ ਨੂੰ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਪਿਛਲੇ 20 ਸਾਲਾਂ ਤੋਂ ਉੱਥੇ ਰਹਿ ਰਹੀ ਹਾਂ। ਪਵਨਾ ਮੇਰਾ ਘਰ ਰਿਹਾ ਹੈ, ਅਤੇ ਮੇਰੇ ਫਾਰਮ ਹਾਊਸ ’ਤੇ ਚੋਰੀ ਦੀ ਇਸ ਘਟਨਾ ਨੂੰ ਸਾਢੇ ਤਿੰਨ ਮਹੀਨੇ ਹੋ ਗਏ ਹਨ, ਪਰ ਅਜੇ ਵੀ (ਪੁਲੀਸ ਨੂੰ) ਕੋਈ ਸਫਲਤਾ ਨਹੀਂ ਮਿਲੀ ਹੈ।’’ ਬਿਜਲਾਨੀ ਨੇ ਕਿਹਾ ਕਿ ਐਸਪੀ ਗਿੱਲ ਨੇ ਉਸ ਨੂੰ ਭਰੋਸਾ ਦਿੱਤਾ ਕਿ ਪੁਲੀਸ ‘ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਦੋਸ਼ੀਆਂ ਨੂੰ ਫੜੇਗੀ’।