ਇਨਸਾਨੀਅਤ
ਬਾਲ ਕਹਾਣੀ
ਕੁਲਬੀਰ ਸਿੰਘ ਸੂਰੀ (ਡਾ.)
ਐਤਵਾਰ ਦੀ ਛੁੱਟੀ ਹੋਣ ਕਰਕੇ ਸਿਧਾਰਥ ਅਤੇ ਉਸ ਦੇ ਤਿੰਨ ਦੋਸਤ ਸਵੇਰੇ-ਸਵੇਰੇ ਕੰਪਨੀ ਬਾਗ਼ ਵਿੱਚ ਸੈਰ ਕਰਨ ਗਏ ਸਨ। ਉਨ੍ਹਾਂ ਨੇ ਕੱਲ੍ਹ ਸਕੂਲੋਂ ਆਉਂਦੀ ਵਾਰੀ ਹੀ ਸੈਰ ਦਾ ਪ੍ਰੋਗਰਾਮ ਬਣਾ ਲਿਆ ਸੀ। ਗਰਮੀਆਂ ਦਾ ਮੌਸਮ ਹੋਣ ਦੇ ਬਾਵਜੂਦ ਬਾਗ਼ ਵਿੱਚ ਠੰਢੀ-ਠੰਢੀ ਹਵਾ ਚੱਲ ਰਹੀ ਸੀ। ਬਾਗ਼ ਵਿੱਚ ਕਾਫ਼ੀ ਲੋਕ ਸੈਰ ਕਰ ਰਹੇ ਸਨ। ਸਿਧਾਰਥ ਅਤੇ ਉਸ ਦੇ ਦੋਸਤ ਗੱਪਾਂ ਮਾਰਦੇ, ਆਪਸ ਵਿੱਚ ਸ਼ਰਾਰਤਾਂ ਕਰਦੇ ਅਤੇ ਹੱਸਦੇ ਹੋਏ ਹੌਲੀ-ਹੌਲੀ ਤੁਰ ਰਹੇ ਸਨ।
ਸਾਹਮਣੇ ਪਾਸਿਓਂ ਇੱਕ ਵੱਡੀ ਉਮਰ ਦਾ ਆਦਮੀ ਆ ਰਿਹਾ ਸੀ, ਜਿਸ ਨੇ ਸਿਰ ਉੱਪਰ ਅੰਬਾਂ ਦਾ ਕਾਫ਼ੀ ਭਾਰਾ ਟੋਕਰਾ ਚੁੱਕਿਆ ਹੋਇਆ ਸੀ। ਸਿਰ ’ਤੇ ਭਾਰ ਹੋਣ ਕਾਰਨ ਉਹ ਹੌਲੀ-ਹੌਲੀ ਤੁਰ ਰਿਹਾ ਸੀ। ਉਹ ਜਦੋਂ ਸਿਧਾਰਥ ਅਤੇ ਉਸ ਦੇ ਦੋਸਤਾਂ ਕੋਲੋਂ ਲੰਘਣ ਲੱਗਾ ਤਾਂ ਇੱਕ ਲੜਕਾ ਆਪਸ ਵਿੱਚ ਸ਼ਰਾਰਤ ਕਰਦਾ ਕਰਦਾ ਉਸ ਆਦਮੀ ਵਿੱਚ ਜਾ ਵੱਜਾ। ਉਹ ਆਦਮੀ ਆਪ ਤਾਂ ਡਿੱਗਣੋਂ ਬਚ ਗਿਆ, ਪਰ ਉਸ ਦੇ ਸਿਰ ਉੱਪਰੋਂ ਅੰਬਾਂ ਵਾਲਾ ਟੋਕਰਾ ਭੁੰਜੇ ਡਿੱਗ ਪਿਆ। ਜ਼ਿਆਦਾ ਪੱਕੇ ਹੋਏ ਅੰਬ ਡਿੱਗਣ ਨਾਲ ਅਤੇ ਕੁਝ ਅੰਬਾਂ ਦੇ ਭਾਰ ਕਰਕੇ ਫਿੱਸ ਗਏ। ਠੀਕ ਅੰਬ ਏਧਰ-ਓਧਰ ਖਿੱਲਰ ਗਏ। ਅੰਬਾਂ ਵਾਲਾ ਭਾਈ ਤਾਂ ਉੱਥੇ ਹੀ ਆਪਣਾ ਮੱਥਾ ਫੜ ਕੇ ਬੈਠ ਗਿਆ।
ਸਿਧਾਰਥ ਦਾ ਦੋਸਤ, ਜਿਸ ਨਾਲ ਉਸ ਦੀ ਟੱਕਰ ਵੱਜੀ ਸੀ, ਬਾਕੀ ਦੋਸਤਾਂ ਨੂੰ ਕਹਿਣ ਲੱਗਾ, ‘‘ਇੱਥੋਂ ਦੌੜ ਚੱਲੋ।’’
‘‘ਇੱਥੋਂ ਕੋਈ ਨਹੀਂ ਜਾਏਗਾ। ਉਸ ਗ਼ਰੀਬ ਆਦਮੀ ਦਾ ਐਨਾ ਨੁਕਸਾਨ ਹੋ ਗਿਆ ਹੈ।’’ ਇਹ ਕਹਿੰਦਿਆਂ ਸਿਧਾਰਥ ਨੇ ਭੁੰਜੇ ਡਿੱਗੇ ਸਾਫ਼-ਸਾਫ਼ ਅੰਬ ਚੁੱਕ ਕੇ ਉਸ ਦੇ ਟੋਕਰੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ।
ਸਿਧਾਰਥ ਅਤੇ ਉਸ ਦੇ ਦੋਸਤਾਂ ਨੇ ਵੇਖਿਆ, ਅੰਬਾਂ ਵਾਲਾ ਭਾਈ ਚੁੱਪ-ਚਾਪ ਬੈਠਾ ਰੋਈ ਜਾ ਰਿਹਾ ਹੈ। ਉਹ ਸਾਰੇ ਉਸ ਕੋਲ ਚਲੇ ਗਏ। ਸਿਧਾਰਥ ਨੇ ਉਸ ਨੂੰ ਕਿਹਾ, ‘‘ਤੁਹਾਡੇ ਅੰਬ ਚੁੱਕ ਕੇ ਅਸੀਂ ਟੋਕਰੇ ਵਿੱਚ ਪਾ ਦਿੱਤੇ ਹਨ, ਹੁਣ ਤੁਸੀਂ ਕਿਉਂ ਰੋ ਰਹੇ ਹੋ?’’
‘‘ਮੇੇਰੇ ਕੋਲ ਜਿੰਨੇ ਵੀ ਪੈਸੇ ਹੁੰਦੇ ਹਨ, ਉਸ ਦੇ ਮੈਂ ਸਵੇਰੇ ਫ਼ਲ ਖ਼ਰੀਦ ਕੇ ਸਾਰਾ ਦਿਨ ਵੇਚਦਾ ਹਾਂ। ਮੈਨੂੰ ਜਿੰਨਾ ਨਫ਼ਾ ਹੁੰਦਾ ਹੈ, ਉਸ ਨਾਲ ਮੈਂ ਆਪਣਾ ਘਰ-ਪਰਿਵਾਰ ਚਲਾਉਂਦਾ ਹਾਂ। ਅੱਜ ਮੈਂ ਇਸ ਬਾਗ਼ ਵਿੱਚੋਂ ਤਾਜ਼ੇ ਅੰਬ ਖ਼ਰੀਦ ਕੇ ਲਿਆਇਆ ਸਾਂ। ਹੁਣ ਮੈਨੂੰ ਨਫ਼ਾ ਤਾਂ ਕੀ ਹੋਣਾ ਹੈ, ਮੇਰੇ ਆਪਣੇ ਖ਼ਰਚੇ ਹੋਏ ਪੈਸੇ ਵੀ ਪੂਰੇ ਨਹੀਂ ਹੋਣੇ। ਅੱਜ ਘਰ ਦਾ ਰੋਟੀ-ਪਾਣੀ ਕਿੱਥੋਂ ਆਏਗਾ?’’ ਉਹ ਹਟਕੋਰੇ ਲੈਂਦਾ ਹੋਇਆ ਬੋਲਿਆ।
‘‘ਤੁਸੀਂ ਫ਼ਿਕਰ ਨਾ ਕਰੋ। ਤੁਹਾਡਾ ਜਿੰਨਾ ਵੀ ਨੁਕਸਾਨ ਹੋਇਆ ਹੈ, ਉਹ ਅਸੀਂ ਪੂਰਾ ਕਰਾਂਗੇ।’’ ਸਿਧਾਰਥ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ।
‘‘ਤੁਸੀਂ ਕਿਵੇਂ ਪੂਰਾ ਕਰੋਗੇ? ਤੁਸੀਂ ਤਾਂ ਆਪ ਅਜੇ ਬੱਚੇ ਹੋ।’’ ਅੰਬ ਵੇਚਣ ਵਾਲਾ ਬੋਲਿਆ।
‘‘ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਡਾ ਨੁਕਸਾਨ ਨਹੀਂ ਹੋਣ ਦਿਆਂਗੇ। ਤੁਸੀਂ ਬਸ ਥੋੜ੍ਹੀ ਦੇਰ ਇੱਥੇ ਹੀ ਬੈਠੋ। ਅਸੀਂ ਹੁਣੇ ਗਏ ਅਤੇ ਹੁਣੇ ਆਏ।’’ ਇਸ ਵਾਰੀ ਸਿਧਾਰਥ ਦੇ ਨਾਲ ਉਸ ਦੇ ਬਾਕੀ ਦੋਸਤ ਵੀ ਬੋਲ ਪਏ ਅਤੇ ਇਹ ਕਹਿੰਦਿਆਂ ਹੀ ਉਹ ਦੌੜਨ ਵਰਗੀ ਸਪੀਡ ਵਿੱਚ ਆਪਣੇ ਘਰ ਵੱਲ ਤੁਰ ਪਏ।
ਸਿਧਾਰਥ ਅਤੇ ਉਸ ਦੇ ਦੋਸਤਾਂ ਦਾ ਘਰ ਕੰਪਨੀ ਬਾਗ਼ ਤੋਂ ਬਹੁਤਾ ਦੂਰ ਨਹੀਂ ਸੀ। ਉਹ ਸਾਰੇ ਇੱਕੋ ਕਾਲੋਨੀ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਨੇ ਆਪੋ-ਆਪਣੇ ਘਰ ਆ ਕੇ ਆਪਣੀ ਅਗਲੇ ਮਹੀਨੇ ਦੀ ਪਾਕਟ ਮਨੀ (ਜੇਬ ਖ਼ਰਚ) ਆਪਣੇ ਮੰਮੀ-ਪਾਪਾ ਕੋਲੋਂ ਐਡਵਾਂਸ ਮੰਗੀ। ਉਨ੍ਹਾਂ ਨੇ ਘਰ ਦੱਸ ਦਿੱਤਾ ਕਿ ਅਸੀਂ ਆਪਣੇ ਜੇਬ੍ਹ ਖ਼ਰਚ ਵਿੱਚੋਂ ਉਸ ਅੰਬਾਂ ਵਾਲੇ ਭਾਈ ਦੀ ਮਦਦ ਕਰਨੀ ਹੈ ਕਿਉਂਕਿ ਉਸ ਦਾ ਸਾਡੇ ਕਰਕੇ ਨੁਕਸਾਨ ਹੋਇਆ ਹੈ। ਇਹ ਗੱਲ ਸੁਣ ਕੇ ਸਾਰੇ ਦੋਸਤਾਂ ਦੇ ਮੰਮੀ-ਪਾਪਾ ਬੜੇ ਖ਼ੁਸ਼ ਹੋਏ। ਉਨ੍ਹਾਂ ਨੇ ਬੱਚਿਆਂ ਨੂੰ ਜੇਬ੍ਹ-ਖ਼ਰਚ ਤੋਂ ਇਲਾਵਾ ਕੁਝ ਹੋਰ ਪੈਸੇ ਦਿੱਤੇ ਕਿ ਆਉਂਦੀ ਵਾਰੀ ਉਸ ਕੋਲੋਂ ਅੰਬ ਵੀ ਖ਼ਰੀਦ ਲਿਆਉਣੇ।
ਅੰਬਾਂ ਵਾਲਾ ਭਾਈ ਇਕੱਲਾ ਬੈਠਾ ਸੋਚ ਰਿਹਾ ਸੀ ਕਿ ‘‘ਬੱਚੇ ਮੈਨੂੰ ਕਿਤੇ ਝੂਠਾ ਲਾਰਾ ਤਾਂ ਨਹੀਂ ਲਗਾ ਗਏ। ਕਿੰਨੀ ਦੇਰ ਹੋ ਗਈ ਹੈ ਅਜੇ ਤੱਕ ਉਹ ਆਏ ਨਹੀਂ। ਵੈਸੇ ਬੱਚੇ ਝੂਠ ਬੋਲਣ ਵਾਲੇ ਲੱਗਦੇ ਤਾਂ ਨਹੀਂ ਸਨ...।’’ ਉਹ ਇਹੋ ਜਿਹੀਆਂ ਸੋਚਾਂ ਸੋਚ ਹੀ ਰਿਹਾ ਸੀ ਕਿ ਉਸ ਕੋਲ ਸਾਹੋ-ਸਾਹ ਹੋਏ ਬੱਚੇ ਪਹੁੰਚ ਗਏ।
ਸਭ ਤੋਂ ਪਹਿਲਾਂ ਸਿਧਾਰਥ ਨੇ ਆਪਣੀ ਜੇਬ੍ਹ ਵਿੱਚ ਆਪਣੇ ਪੂਰੇ ਮਹੀਨੇ ਦੀ ਪਾਕਟ ਮਨੀ ਕੱਢ ਕੇ ਅੰਬਾਂ ਵਾਲੇ ਭਾਈ ਦੇ ਹੱਥ ਵਿੱਚ ਦਿੱਤੀ। ਉਸ ਤੋਂ ਬਾਅਦ ਵਾਰੋ ਵਾਰੀ ਬਾਕੀ ਤਿੰਨਾਂ ਨੇ ਵੀ ਆਪਣੀ ਜੇਬ੍ਹ ਵਿੱਚੋਂ ਪੈਸੇ ਕੱਢ ਕੇ ਦਿੱਤੇ। ਫਿਰ ਸਿਧਾਰਥ ਨੇ ਸਾਰੇ ਟੋਕਰੇ ਵਾਲੇ ਅੰਬਾਂ ਨੂੰ ਚਾਰ ਵੱਡੇ ਲਿਫ਼ਾਫ਼ਿਆਂ ਵਿੱਚ ਪਵਾ ਲਿਆ ਅਤੇ ਉਨ੍ਹਾਂ ਦੇ ਪੈਸੇ ਸਾਰਿਆਂ ਨੇ ਹੋਰ ਦਿੱਤੇ।
ਅੰਬਾਂ ਵਾਲੇ ਭਾਈ ਨੇ ਹੋਰ ਪੈਸੇ ਲੈਣ ਤੋਂ ਇਨਕਾਰ ਕੀਤਾ, ਪਰ ਬੱਚਿਆਂ ਨੇ ਉਸ ਦੀ ਜੇਬ੍ਹ ਵਿੱਚ ਬਦੋਬਦੀ ਪੈਸੇ ਪਾ ਦਿੱਤੇ। ਹੁਣ ਅੰਬਾਂ ਵਾਲੇ ਭਾਈ ਦੀਆਂ ਅੱਖਾਂ ਵਿੱਚੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਤ੍ਰਿਪ-ਤ੍ਰਿਪ ਅੱਥਰੂ ਵਗਣ ਲੱਗੇ। ਅੰਬਾਂ ਵਾਲਾ ਭਾਈ ਉੱਠਿਆ ਅਤੇ ਉਸ ਨੇ ਵਾਰੋ-ਵਾਰੀ ਸਾਰੇ ਬੱਚਿਆਂ ਨੂੰ ਪਿਆਰ ਕੀਤਾ, ਅਸੀਸਾਂ ਦਿੱਤੀਆਂ ਅਤੇ ਆਪਣਾ ਖ਼ਾਲੀ ਟੋਕਰਾ ਚੁੱਕ ਕੇ ਘਰ ਵੱਲ ਤੁਰ ਪਿਆ।
ਸੰਪਰਕ: 98889-24664