ਬਾਗ਼ਬਾਨੀ ਬਣੀ ਛੋਟੇ ਕਿਸਾਨਾਂ ਦਾ ਦੁਖਾਂਤ
ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲੇ ਨਵੀਂ ਖੇਤੀਬਾੜੀ ਨੀਤੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਅਜੇ ਤੱਕ ਬੂਰ ਨਹੀਂ ਪੈ ਸਕਿਆ। ਨਵੀਂ ਖੇਤੀਬਾੜੀ ਨੀਤੀ ਸਬੰਧੀ ਕਿਸਾਨਾਂ ਤੋਂ ਸੁਝਾਅ ਵੀ ਮੰਗੇ ਗਏ ਸਨ, ਇਸ ਲੜੀ ਤਹਿਤ ਮੈਂ ਵੀ ਪੰਜਾਬ ਸਰਕਾਰ ਨੂੰ ਆਪਣੇ ਸੁਝਾਅ ਭੇਜੇ ਸਨ। ਮੈਂ ਵੀ ਕਿੱਤੇ ਵਜੋਂ ਇੱਕ ਛੋਟਾ ਜਿਹਾ ਕਿਸਾਨ ਹਾਂ। ਮੇਰੇ ਕੋਲ ਪੰਜ ਏਕੜ ਜ਼ਮੀਨ ਹੈ। ਮੈਂ ਫ਼ਸਲੀ ਵਿਭਿੰਨਤਾ ਦੇ ਹੱਕ ਵਿੱਚ ਹਾਂ ਤੇ ਪਾਣੀ ਦੀ ਬਰਬਾਦੀ ਕਰ ਰਹੀਆਂ ਫ਼ਸਲਾਂ ਕਣਕ ਅਤੇ ਝੋਨੇ ਤੋਂ ਮੁਕਤੀ ਚਾਹੁੰਦਾ ਹਾਂ। ਇਸ ਲਈ ਮੈਂ ਸੁਹਿਰਦ ਯਤਨ ਵੀ ਕਰ ਰਿਹਾ ਹਾਂ।
ਇਸੇ ਲੜੀ ਤਹਿਤ ਮੈਂ 2014-15 ਤੋਂ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਆਲੂ ਬੁਖਾਰੇ ਅਤੇ ਲੀਚੀ ਦੀ ਖੇਤੀ ਕਰਨ ਦਾ ਮਨ ਬਣਾਇਆ ਸੀ। ਅੱਜ 10 ਸਾਲਾਂ ਬਾਅਦ ਵੀ ਮੈਨੂੰ ਇਸ ਤੋਂ ਚੰਗੀ ਆਮਦਨ ਨਹੀਂ ਮਿਲ ਰਹੀ, ਜਿਸ ਦਾ ਕਾਰਨ ਸਰਕਾਰੀ ਨੀਤੀਆਂ ਤੇ ਫ਼ਲਾਂ ਦਾ ਵਧੀਆ ਮੰਡੀਕਰਨ ਨਾ ਹੋਣਾ ਹੈ। ਉਦਾਹਰਨ ਦੇ ਤੌਰ ’ਤੇ ਪੰਜਾਬ ਦੇ ਬਹੁਤੇ ਬਾਗਵਾਨ ਯੂ.ਪੀ. ਅਤੇ ਹਿਮਾਚਲ ਤੋਂ ਆਉਣ ਵਾਲੇ ਵਪਾਰੀਆਂ ’ਤੇ ਨਿਰਭਰ ਕਰਦੇ ਹਨ। ਜੋ ਫ਼ਸਲ ਦਾ ਉਚਿਤ ਮੁੱਲ ਨਹੀਂ ਦਿੰਦੇ, ਖ਼ਾਸ ਕਰਕੇ ਛੋਟੇ ਕਿਸਾਨਾਂ ਦਾ ਤਾਂ ਉਹ ਬਹੁਤ ਹੀ ਸ਼ੋਸ਼ਣ ਕਰਦੇ ਹਨ।
ਆਲੂ ਬੁਖਾਰਾ ਤਕਰੀਬਨ ਚਾਰ ਪੰਜ ਸਾਲ ਤੋਂ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ। ਸਾਲ 2019 ਵਿੱਚ ਪਹਿਲਾ ਫ਼ਲ ਹੋਣ ਕਾਰਨ ਮੈਨੂੰ ਤਿੰਨ ਏਕੜ ਆਲੂ ਬੁਖਾਰਾ ਮਜਬੂਰੀ ਬਸ ਕੇਵਲ 6000 ਵਿੱਚ ਹੀ ਵੇਚਣਾ ਪਿਆ। ਇਸ ਉਮੀਦ ਨਾਲ ਕਿ ਅਗਲੇ ਸਾਲ ਵਧੀਆ ਰਹੇਗਾ, ਪਰ ਅਗਲੇ ਸਾਲ ਕਰੋਨਾ ਵਰਗੀ ਆਫ਼ਤ ਆਉਣ ਨਾਲ ਕੇਵਲ 10 ਹਜ਼ਾਰ ਵਿੱਚ ਹੀ ਵੇਚਣਾ ਪਿਆ। ਸਾਲ 2020 ਵਿੱਚ ਹਿਮਾਚਲ ਦੇ ਵਪਾਰੀ ਨਾਲ 70,000 ਹਜ਼ਾਰ ਰੁਪਏ ਦਾ ਸੌਦਾ ਹੋਇਆ। ਸਾਲ 2021 ਵਿੱਚ ਪਹਿਲੀ ਵਾਰ ਯੂਪੀ ਦੇ ਵਪਾਰੀ ਨਾਲ ਇੱਕ ਲੱਖ ਦਸ ਹਜ਼ਾਰ ਰੁਪਏ ਦਾ ਸੌਦਾ ਹੋਇਆ ਤਾਂ ਮਨ ਨੂੰ ਥੋੜ੍ਹੀ ਤਸੱਲੀ ਹੋਈ। ਸਾਲ 2022 ਵਿੱਚ ਸਥਾਨਕ ਵਪਾਰੀ ਨੇ ਇੱਕ ਲੱਖ 20 ਹਜ਼ਾਰ ਰੁਪਏ ਵਿੱਚ ਬਾਗ਼ ਖ਼ਰੀਦਿਆ। ਇਸੇ ਤਰ੍ਹਾਂ ਹੀ 2023 ਵਿੱਚ ਹਿਮਾਚਲ ਦੇ ਵਪਾਰੀ ਨੂੰ ਇੱਕ ਲੱਖ 40 ਹਜ਼ਾਰ ਵਿੱਚ ਬਾਗ਼ ਵੇਚਿਆ। ਮੌਸਮ ਦੀ ਖ਼ਰਾਬੀ ਅਤੇ ਤੇਜ਼ ਹਵਾਵਾਂ ਨਾਲ ਫ਼ਲ ਟੁੱਟ ਜਾਣ ਕਾਰਨ ਵਪਾਰੀ ਜਵਾਬ ਦੇ ਗਿਆ। ਫਿਰ ਸਥਾਨਕ ਵਪਾਰੀ ਨੂੰ ਇੱਕ ਲੱਖ 25 ਹਜ਼ਾਰ ਵਿੱਚ ਬਾਗ਼ ਵੇਚਣਾ ਪਿਆ। ਸਾਲ 2024 ਕੁਝ ਵਧੀਆ ਰਿਹਾ। ਯੂਪੀ ਦੇ ਵਪਾਰੀ ਨਾਲ 1,50, 000 ਵਿੱਚ ਸੌਦਾ ਹੋਇਆ। ਇਸ ਸਾਲ ਯੂਪੀ ਦੇ ਵਪਾਰੀ ਨੇ 2,20,000 ਰੁਪਏ ਦਾ ਸੌਦਾ ਕੀਤਾ ਹੈ। ਫ਼ਲ ਵਧੀਆ ਸੀ, ਪ੍ਰੰਤੂ 16 ਅਪਰੈਲ, 2025 ਨੂੰ ਆਏ ਭਿਆਨਕ ਤੂਫਾਨ ਨਾਲ ਬਹੁਤ ਸਾਰੇ ਬੂਟੇ ਤਹਿਸ-ਨਹਿਸ ਹੋਣ ਕਾਰਨ ਕੁਇੰਟਲਾਂ ਦੇ ਹਿਸਾਬ ਨਾਲ ਫ਼ਲ ਜ਼ਮੀਨ ’ਤੇ ਡਿੱਗ ਪਿਆ। ਸਿੱਟੇ ਵਜੋਂ ਵਪਾਰੀ ਹੋਰ ਪੈਸੇ ਦੇਣ ਤੋਂ ਇਨਕਾਰੀ ਹੋ ਗਿਆ।
ਮੇਰੇ ਕੋਲ ਲੀਚੀ ਦੇ 80 ਤਿਆਰ ਬੂਟੇ ਹਨ ਅਤੇ ਆਲੂ ਬੁਖਾਰੇ ਦੇ 178 ਬੂਟੇ ਹਨ। ਰੁੱਖ ਲਗਾਉਣਾ ਇੱਕ ਅਹਿਮ ਕਾਰਜ ਹੈ ਅਤੇ ਸਾਰੇ ਬਾਗਵਾਨ ਬੂਟੇ ਲਗਾ ਕੇ ਪ੍ਰਕਿਰਤੀ ਨੂੰ ਸੁੰਦਰ ਕਰ ਰਹੇ ਹਨ ਤੇ ਧਰਤੀ ਦਾ ਪਾਣੀ ਵੀ ਬਚਾ ਰਹੇ ਹਨ। ਇਸ ਹਰੀ ਭਰੀ ਬਨਸਪਤੀ ਨੇ ਵਾਤਾਵਰਨ ਨੂੰ ਸ਼ੁੱਧ ਕੀਤਾ ਹੈ ਅਤੇ ਆਕਸੀਜਨ ਦਾ ਭੰਡਾਰ ਵੀ ਵਧਾਇਆ ਹੈ। ਪੂਰੇ ਪੰਜਾਬ ਵਾਸੀਆਂ ਲਈ ਹਰੀ ਭਰੀ ਬਨਸਪਤੀ ਪੈਦਾ ਕਰਨ ਵਾਲਾ ਇਹ ਕਿਸਾਨ ਅੱਜ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਬਲਾਕ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੁਝ ਹਿੱਸਾ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦਾ ਹੈ। ਇੱਥੋਂ ਦੇ ਕਿਸਾਨਾਂ ਨੇ ਬਾਗਬਾਨੀ ਵਰਗੇ ਪਵਿੱਤਰ ਕਿੱਤੇ ਨੂੰ ਅਪਣਾਇਆ ਹੈ ਅਤੇ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਜੀ ਤੋੜ ਮਿਹਨਤ ਕੀਤੀ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਹਨ ਸਰਬਜੀਤ ਸਿੰਘ ਪਿੰਡ ਟਾਂਡਾ ਚੂੜੀਆਂ। ਇਸ ਦੀ ਪੂਰੀ ਜ਼ਮੀਨ ਤਕਰੀਬਨ ਸਾਢੇ 8 ਏਕੜ ਬਾਗਬਾਨੀ ਨੂੰ ਸਮਰਪਿਤ ਹੈ ਜਿਸ ਵਿੱਚ ਲੀਚੀ, ਆਲੂ ਬੁਖਾਰਾ, ਅਮਰੂਦ, ਅੰਬ ਅਤੇ ਆੜੂ ਵਰਗੇ ਫ਼ਲ ਲਗਾਏ ਗਏ ਹਨ। ਸ਼ੀਤਲ ਸਿੰਘ ਸਾਬਕਾ ਸਰਪੰਚ ਵੀ ਇਸੇ ਪਿੰਡ ਦੇ ਵਸਨੀਕ ਹਨ ਜਿਨ੍ਹਾਂ ਨੇ ਬਾਗਵਾਨੀ ਦਾ ਕਿੱਤਾ ਅਪਣਾਇਆ ਹੋਇਆ ਹੈ। ਰਣਵੀਰ ਸਿੰਘ ਪੰਡੋਰੀ ਭਗਤ ਨੇ ਵੀ ਤਕਰੀਬਨ 8 ਏਕੜ ਵਿੱਚ ਆਲ ਬੂਖਾਰਾ ਅਤੇ ਲੀਚੀ ਵਰਗੇ ਫ਼ਲ ਲਗਾਏ ਹਨ। ਕੁਲਵਿੰਦਰ ਸਿੰਘ ਪਿੰਡ ਕੋਟਲੀ ਖਾਸ ਨੇ ਵੀ ਪਿੰਡ ਨੱਥੂਵਾਲ ਵਿੱਚ ਪੈਂਦੀ ਆਪਣੀ ਢਾਈ ਏਕੜ ਜ਼ਮੀਨ ਵਿੱਚ ਲੀਚੀ ਅਤੇ ਆਲੂ ਬੁਖਾਰਾ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਸਨਿਆਲ ਤੇ ਬੋਹੜਾਂ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਨੇ ਬਾਗਵਾਨੀ ਦਾ ਧੰਦਾ ਅਪਣਾਇਆ ਹੋਇਆ ਹੈ। ਇਹ ਕੇਵਲ ਕੁਝ ਕਿਸਾਨਾਂ ਦਾ ਹੀ ਦੁਖਾਂਤ ਨਹੀਂ ਬਲਕਿ ਉਨ੍ਹਾਂ ਕਿਸਾਨਾਂ ਦਾ ਦੁਖਾਂਤ ਹੈ ਜਿਨ੍ਹਾਂ ਨੇ ਪਾਣੀ ਦੀ ਬੱਚਤ ਲਈ ਕਣਕ ਤੇ ਝੋਨੇ ਨੂੰ ਛੱਡ ਕੇ ਬਾਗਬਾਨੀ ਵਿੱਚ ਪੈਰ ਰੱਖਿਆ ਹੈ।
ਮੌਜੂਦਾ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਬਹੁਤ ਉਮੀਦਾਂ ਹਨ। ਫ਼ਸਲਾਂ ਅਤੇ ਫ਼ਲਾਂ ਦੇ ਲਾਗਤ ਮੁੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਇਸ ਦੀ ਸਿੱਧੀ ਖ਼ਰੀਦ ਕੀਤੀ ਜਾਣੀ ਚਾਹੀਦੀ ਹੈ। ਸਰਮਾਏਦਾਰੀ ਅਤੇ ਵਪਾਰੀਆਂ ਦੀ ਲੁੱਟ ਨੂੰ ਰੋਕਿਆ ਜਾਏ। 10 ਤੋ 12 ਪਿੰਡਾਂ ਨੂੰ ਮਿਲਾ ਕੇ ਇੱਕ ਫੋਕਲ ਪੁਆਇੰਟ ਬਣਾਇਆ ਜਾਵੇ, ਜਿੱਥੇ ਖੇਤੀ ਨਾਲ ਸਬੰਧਤ ਸਾਰੀ ਮਸ਼ੀਨਰੀ ਮੌਜੂਦ ਹੋਵੇ ਤਾਂ ਜੋ ਛੋਟੇ ਅਤੇ ਗ਼ਰੀਬ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ। ਇਨ੍ਹਾਂ ਫੋਕਲ ਪੁਆਇੰਟਾਂ ਵਿੱਚ ਕੋਲਡ ਸਟੋਰ ਵੀ ਬਣਾਏ ਜਾਣ ਤਾਂ ਜੋ ਫ਼ਲਾਂ ਦੀ ਖ਼ਰੀਦ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਛੋਟੇ ਤੇ ਗ਼ਰੀਬ ਕਿਸਾਨਾਂ ਨੂੰ ਡੀਜ਼ਲ ਅਤੇ ਮਹਿੰਗੀਆਂ ਖਾਦਾਂ ’ਤੇ ਸਬਸਿਡੀ ਦਿੱਤੀ ਜਾਵੇ। ਬਾਗਬਾਨਾਂ ਦੇ ਬਾਗ਼ਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਸੰਪਰਕ: 94653-69343