ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਕੀ ਦਾ ਫਲਾਈਂਗ ਫਾਰਵਰਡ ਹਰਬਿੰਦਰ ਸਿੰਘ

ਹਾਕੀ ਦਾ ਫਲਾਈਂਗ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਜਿੱਤ ਮੰਚ ’ਤੇ ਚੜਿ੍ਹਆ। ਦੋ ਵਾਰ ਏਸ਼ਿਆਈ ਖੇਡਾਂ ’ਚ ਗਿਆ ਤੇ ਦੋਵੇਂ ਵਾਰ ਮੈਡਲ ਜਿੱਤ ਕੇ ਮੁੜਿਆ। ਕਿਸੇ ਖਿਡਾਰੀ ਵੱਲੋਂ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਪੰਜ ਮੈਡਲ...
Advertisement

ਹਾਕੀ ਦਾ ਫਲਾਈਂਗ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਜਿੱਤ ਮੰਚ ’ਤੇ ਚੜਿ੍ਹਆ। ਦੋ ਵਾਰ ਏਸ਼ਿਆਈ ਖੇਡਾਂ ’ਚ ਗਿਆ ਤੇ ਦੋਵੇਂ ਵਾਰ ਮੈਡਲ ਜਿੱਤ ਕੇ ਮੁੜਿਆ। ਕਿਸੇ ਖਿਡਾਰੀ ਵੱਲੋਂ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਪੰਜ ਮੈਡਲ ਜਿੱਤਣੇ ਬੜੀ ਵੱਡੀ ਮੱਲ ਮਾਰਨਾ ਹੈ। ਉਹ ਕੇਵਲ 18 ਸਾਲ ਦਾ ਸੀ ਜਦੋਂ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਉਸ ਨੇ ਓਲੰਪਿਕ ਖੇਡਾਂ ’ਚੋਂ ਇੱਕ ਗੋਲਡ ਮੈਡਲ ਤੇ ਦੋ ਕਾਂਸੀ ਦੇ ਮੈਡਲ ਜਿੱਤੇ ਅਤੇ ਏਸ਼ਿਆਈ ਖੇਡਾਂ ’ਚੋਂ ਇੱਕ ਸੋਨੇ ਤੇ ਇੱਕ ਚਾਂਦੀ ਦਾ ਮੈਡਲ ਜਿੱਤ ਕੇ ਕੁਲ ਪੰਜ ਅੰਤਰਰਾਸ਼ਟਰੀ ਮੈਡਲ ਹਾਸਲ ਕੀਤੇ। ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਬਣਿਆ। ਉਸ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ 36 ਗੋਲਡ, 8 ਚਾਂਦੀ, 4 ਕਾਂਸੀ, ਕੁੱਲ 48 ਮੈਡਲ ਜਿੱਤੇ।

ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੇ 9 ਗੋਲਾਂ ’ਚੋਂ 5 ਗੋਲ ਉਹਦੀ ਸਟਿੱਕ ਨਾਲ ਹੋਏ ਸਨ ਤੇ ਮੈਕਸੀਕੋ ਓਲੰਪਿਕਸ ਵਿੱਚ ਉਸ ਨੇ 11 ਗੋਲਾਂ ’ਚੋਂ 6 ਗੋਲ ਕੀਤੇ ਸਨ। ਮਿਊਨਿਖ ਓਲੰਪਿਕਸ ਵਿੱਚ ਉਹ ਵਰਲਡ ਇਲੈਵਨ ਦਾ ਸੈਂਟਰ ਫਾਰਵਰਡ ਚੁਣਿਆ ਗਿਆ ਸੀ। ਨਵੀਂ ਦਿੱਲੀ ਦੇ ਸ਼ਿਵਾਜੀ ਪਾਰਕ ਵਿੱਚ ਹਰ ਸਾਲ ਹੁੰਦੇ ਨਹਿਰੂ ਹਾਕੀ ਟੂਰਨਾਮੈਂਟ ਵਿੱਚ ਦਰਸ਼ਕ ਹੁੰਮ-ਹੁਮਾ ਕੇ ਉਹਦੀ ਖੇਡ ਵੇਖਣ ਪੁੱਜਦੇ ਤੇ ਉਹਦੀ ਤੂਫ਼ਾਨੀ ਖੇਡ ਦੀਆਂ ਸਿਫ਼ਤਾਂ ਕਰਦੇ ਘਰੀਂ ਪਰਤਦੇ। 1967 ਵਿੱਚ ਇੰਗਲੈਂਡ ਦੇ ਲਾਰਡਜ਼ ਕ੍ਰਿਕਟ ਗਰਾਊਂਡ ਵਿੱਚ ਖੇਡੇ ਪ੍ਰੀ-ਓਲੰਪਿਕ ਹਾਕੀ ਟੂਰਨਾਮੈਂਟ ’ਚ ਹਰਬਿੰਦਰ ਸਿੰਘ ਦੇ ਸੱਟ ਲੱਗ ਗਈ ਸੀ। ਫਿਰ ਵੀ ਉਸ ਨੇ ਆਪਣੀ ਸਪੀਡ ਦੇ ਸਿਰ ’ਤੇ ਆਸਟਰੇਲੀਆ ਦੀ ਟੀਮ ਸਿਰ ਦੋ ਗੋਲ ਕਰ ਦਿੱਤੇ ਸਨ। ਉਹ ਬੇਸ਼ੱਕ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ’ਚ ਜਾਣ ਤੋਂ ਰਹਿ ਗਿਆ ਸੀ, ਪਰ 1963 ਦੀ ਨੈਸ਼ਨਲ ਚੈਂਪੀਅਨਸ਼ਿਪ ਖੇਡਣ ਬਾਅਦ 1974 ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਟੀਮਾਂ ਵੱਲੋਂ ਖੇਡਦਾ ਰਿਹਾ।

Advertisement

ਭਾਰਤ ਸਰਕਾਰ ਵੱਲੋਂ ਉਸ ਨੂੰ 1967 ਵਿੱਚ ਅਰਜਨ ਐਵਾਰਡ ਦਿੱਤਾ ਗਿਆ ਅਤੇ 2024 ਵਿੱਚ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ‘ਹਾਕੀ ਇੰਡੀਆ’ ਨੇ ਉਹਦੀਆਂ ਉਮਰ ਭਰ ਦੀਆਂ ਖੇਡ ਪ੍ਰਾਪਤੀਆਂ ਲਈ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਿਸ ਵਿੱਚ 30 ਲੱਖ ਰੁਪਏ ਦੀ ਰਾਸ਼ੀ ਸ਼ਾਮਲ ਸੀ। ਉਹ 1961 ਤੋਂ ਭਾਰਤੀ ਹਾਕੀ ਟੀਮ ਦਾ ਮੈਂਬਰ, ਟੀਮ ਕਪਤਾਨ, ਕੋਚ, ਮੈਨੇਜਰ, ਭਾਰਤੀ ਟੀਮਾਂ ਦਾ ਚੋਣਕਾਰ, ਨਿਗਰਾਨ, ਪ੍ਰਬੰਧਕ ਤੇ ਹਾਕੀ ਇੰਡੀਆ ਦੇ ਅਹੁਦੇਦਾਰ ਵਜੋਂ ਫਰਜ਼ ਨਿਭਾਉਂਦਾ ਆ ਰਿਹੈ। 80ਵਿਆਂ ਦੀ ਉਮਰੇ ਆਪਣੀ ਪਤਨੀ ਤੇ ਪੁੱਤਰ ਨਾਲ ਦਿੱਲੀ ਦੇ ਰਾਊਸ ਐਵੇਨਿਊ ਵਿੱਚ ਵਸਦਾ ਉਹ ਹਾਕੀ ਦੀਆਂ ਸਰਗਰਮੀਆਂ ਨਾਲ ਅਜੇ ਵੀ ਜੁੜਿਆ ਹੋਇਆ ਹੈ।

1928 ਤੋਂ 1936 ਤੱਕ ਹਾਕੀ ਦੇ ਸੈਂਟਰ ਫਾਰਵਰਡ ਧਿਆਨ ਚੰਦ ਦੀ ਝੰਡੀ ਸੀ। ਉਸ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ। 1948 ਤੋਂ 1956 ਤੱਕ ਸੈਂਟਰ ਫਾਰਵਰਡ ਬਲਬੀਰ ਸਿੰਘ ਸੀਨੀਅਰ ਦੀ ਬੱਲੇ-ਬੱਲੇ ਹੁੰਦੀ ਰਹੀ। ਉਸ ਨੂੰ ਹਾਕੀ ਦਾ ‘ਗੋਲ ਕਿੰਗ’ ਕਿਹਾ ਜਾਂਦਾ ਰਿਹਾ। 1964 ਤੋਂ 1972 ਤੱਕ ਸੈਂਟਰ ਫਾਰਵਰਡ ਹਰਬਿੰਦਰ ਸਿੰਘ ਹਾਕੀ ਮੈਦਾਨਾਂ ’ਚ ਤੂਫਾਨ ਬਣਿਆ ਗੋਲਾਂ ਦੇ ਵਾਰ-ਵਾਰ ਫੱਟੇ ਖੜਕਾਉਂਦਾ ਰਿਹਾ। ਉਹ ਹਾਕੀ ਦਾ ‘ਉੱਡਣਾ ਬਾਜ਼’ ਸੀ। ਹਾਕੀ ਦੇ ਇਤਿਹਾਸ ਵਿੱਚ ਇੰਡੀਆ ਦੇ ਇਹ ਤਿੰਨੇ ਖਿਡਾਰੀ ਵਿਸ਼ਵ ਦੇ ਮਹਾਨ ਸੈਂਟਰ ਫਾਰਵਰਡ ਮੰਨੇ ਗਏ। ਹਰਬਿੰਦਰ ਸਿੰਘ ਦੀ ਇੱਕ ਸਿਫ਼ਤ ਹੋਰ ਵੀ ਸੀ ਕਿ ਉਹ ਹਾਕੀ ਦਾ ਖਿਡਾਰੀ ਹੋਣ ਨਾਲ ਨੈਸ਼ਨਲ ਪੱਧਰ ਦਾ ਤੇਜ਼ਤਰਾਰ ਦੌੜਾਕ ਵੀ ਸੀ।

ਟੋਕੀਓ-1964 ਦੀਆਂ ਓਲੰਪਿਕ ਖੇਡਾਂ ’ਚੋਂ ਉਸ ਨੇ ਹਾਕੀ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਮੈਕਸਿਕੋ-1968 ਦੀਆਂ ਓਲੰਪਿਕ ਖੇਡਾਂ ’ਚੋਂ ਕਾਂਸੀ ਦਾ ਮੈਡਲ ਤੇ ਮਿਊਨਿਖ-1972 ਦੀਆਂ ਓਲੰਪਿਕ ਖੇਡਾਂ ’ਚੋਂ ਵਿੱਚੋਂ ਵੀ ਕਾਂਸੀ ਦਾ ਮੈਡਲ ਜਿੱਤਿਆ। ਬੈਂਕਾਕ-1966 ਦੀਆਂ ਏਸ਼ਿਆਈ ਖੇਡਾਂ ਵਿੱਚ ਹਰਬਿੰਦਰ ਸਿੰਘ ਚੋਟੀ ਦਾ ਖਿਡਾਰੀ ਸੀ। ਉੱਥੇ ਉਹ ਗੋਲ ’ਤੇ ਗੋਲ ਦਾਗਦਾ ਰਿਹਾ। ਉਦੋਂ ਖੇਡ ਮੈਦਾਨ ’ਚ ਭਾਰਤ ਦੇ 11 ਖਿਡਾਰੀਆਂ ’ਚੋਂ 10 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਜਿਨ੍ਹਾਂ ਨੇ ਏਸ਼ਿਆਈ ਖੇਡਾਂ ’ਚੋਂ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। ਬੈਂਕਾਕ-1970 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਜਿਸ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਉਸ ਨੂੰ ਧੀਮੇ ਸੁਭਾਅ ਦਾ ਅਨੁਸ਼ਾਸਨ ਬੱਧ ਖਿਡਾਰੀ ਮੰਨਿਆ ਜਾਂਦਾ ਰਿਹਾ।

ਉਸ ਦਾ ਪੂਰਾ ਨਾਂ ਹਰਬਿੰਦਰ ਸਿੰਘ ਚਿਮਨੀ ਹੈ। ਉਹਦਾ ਜਨਮ ਬਲੋਚਿਸਤਾਨ ਦੇ ਸ਼ਹਿਰ ਕੋਇਟੇ ਵਿੱਚ 8 ਜੁਲਾਈ 1943 ਨੂੰ ਫੌਜੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸਿਗਨਲ ਕੋਰ ਵਿੱਚ ਨੌਕਰੀ ਕਰਦੇ ਸਨ। ਉਸ ਵੇਲੇ ਉਹ ਕੋਇਟੇ ਵਿੱਚ ਤਾਇਨਾਤ ਸਨ। ਉਹ ਭਾਰਤੀ ਫੌਜ ਦੀ ਹਾਕੀ ਟੀਮ ਵੱਲੋਂ ਸੀਲੋਨ ਦਾ ਟੂਰ ਲਾ ਚੁੱਕੇ ਸਨ ਅਤੇ ਮੇਜਰ ਧਿਆਨ ਸਿੰਘ ਨਾਲ ਖੇਡਦੇ ਰਹੇ ਸਨ। ਉਹ ਖ਼ੁਦ ਖਿਡਾਰੀ ਹੋਣ ਦੇ ਨਾਲ ਫੌਜੀ ਜੁਆਨਾਂ ਨੂੰ ਖੇਡਾਂ ਦੀ ਟਰੇਨਿੰਗ ਦਿੰਦੇ ਰਹਿੰਦੇ ਸਨ। ਹਰਬਿੰਦਰ ਚਾਰ ਸਾਲ ਦਾ ਬੱਚਾ ਸੀ ਕਿ 1947 ਵਿੱਚ ਦੇਸ਼ ਦੀ ਵੰਡ ਹੋ ਗਈ। ਉਸ ਦੇ ਦੱਸਣ ਅਨੁਸਾਰ ਕੋਇਟੇ ਦੀਆਂ ਕੁਝ ਯਾਦਾਂ ਉਸ ਨੂੰ ਅਜੇ ਤੱਕ ਯਾਦ ਹਨ। ਫਿਰ ਜਿੱਥੇ ਉਸ ਦੇ ਪਿਤਾ ਦੀ ਬਦਲੀ ਹੁੰਦੀ ਰਹੀ, ਉੱਥੇ ਹੀ ਪਰਿਵਾਰ ਨੂੰ ਜਾਣਾ ਪੈਂਦਾ ਰਿਹਾ।

ਹਰਬਿੰਦਰ ਦੇ ਛੋਟੇ ਭਰਾ ਹਰਿੰਦਰਜੀਤ ਸਿੰਘ ਚਿਮਨੀ ਦਾ ਜਨਮ 3 ਮਾਰਚ 1945 ਨੂੰ ਗੁੱਜਰਾਂਵਾਲੇ ਹੋਇਆ ਸੀ। ਉਹ ਵੀ ਹਾਕੀ ਦਾ ਤਕੜਾ ਖਿਡਾਰੀ ਸਾਬਤ ਹੋਇਆ। ਉਹ 1961 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ’ਚ ਚਲਾ ਗਿਆ ਤੇ ਅਕੈਡਮੀ ਦੀ ਹਾਕੀ ਟੀਮ ਦਾ ਕਪਤਾਨ ਬਣਿਆ। ਸਰਵਿਸ ਦੀਆਂ ਟੀਮਾਂ ਵਿੱਚ ਖੇਡਦਾ ਉਹ ਭਾਰਤੀ ਟੀਮਾਂ ਵਿੱਚ ਵੀ ਚੁਣਿਆ ਜਾਣ ਲੱਗਾ। 1975 ਵਿੱਚ ਜਿਹੜੀ ਭਾਰਤੀ ਟੀਮ ਕੁਆਲਾ ਲੰਪੁਰ ਦਾ ਵਿਸ਼ਵ ਹਾਕੀ ਕੱਪ ਜਿੱਤੀ, ਹਰਿੰਦਰਜੀਤ ਚਿਮਨੀ ਉਸ ਟੀਮ ਦਾ ਮੈਂਬਰ ਸੀ। ਉਹ 1970 ਤੋਂ 1976 ਤੱਕ ਸਰਗਰਮ ਹਾਕੀ ਖਿਡਾਰੀ ਰਿਹਾ ਤੇ 2001 ਵਿੱਚ ਫੌਜ ’ਚੋਂ ਰਿਟਾਇਰ ਹੋ ਕੇ ਹਾਕੀ ਦੀ ਪ੍ਰਮੋਸ਼ਨ ਤੇ ਪ੍ਰਬੰਧਨ ਵਿੱਚ ਲੱਗ ਗਿਆ। ਉਹ ਦਿੱਲੀ ’ਚ ਹੁੰਦੇ ਹਾਕੀ ਟੂਰਨਾਮੈਂਟਾਂ ਦੀ ਜਿੰਦ ਜਾਨ ਹੈ।

ਦੇਸ਼ ਦੀ ਵੰਡ ਪਿੱਛੋਂ ਹਰਬਿੰਦਰ ਹੋਰਾਂ ਦੇ ਪਿਤਾ ਦੀ ਬਦਲੀ ਇੰਦੌਰ, ਮੱਧ ਪ੍ਰਦੇਸ਼ ਦੀ ਹੋ ਗਈ ਸੀ। ਹਰਬਿੰਦਰ ਨੇ ਪਹਿਲੀ ਜਮਾਤ ਇੰਦੌਰ ਦੇ ਸਕੂਲ ਤੋਂ ਸ਼ੁਰੂ ਕਰ ਕੇ ਪ੍ਰਾਇਮਰੀ ਦੀ ਬਾਕੀ ਪੜ੍ਹਾਈ ਜਬਲਪੁਰ ਦੇ ਸਕੂਲ ਵਿੱਚ ਪੂਰੀ ਕੀਤੀ। ਉੱਥੇ ਉਹ ਫੌਜੀਆਂ ਨੂੰ ਗਰਾਊਂਡ ’ਚ ਰੰਗਰੂਟੀ ਕਰਦੇ ਤੇ ਖੇਡਾਂ ਖੇਡਦੇ ਵੇਖਦਾ। ਸਾਥੀਆਂ ਨਾਲ ਆਪ ਵੀ ਉਸੇ ਤਰ੍ਹਾਂ ਖੇਡਣ ਦੀ ਰੀਸ ਕਰਦਾ। ਫਿਰ ਉਹਦੇ ਬਾਪ ਦੀ ਬਦਲੀ ਹਾਕੀ ਦੇ ਗੜ੍ਹ ਜਲੰਧਰ ਦੀ ਹੋਈ ਤਾਂ 1954 ਵਿੱਚ ਉਹ ਕੈਂਟ ਬੋਰਡ ਹਾਈ ਸਕੂਲ ਜਲੰਧਰ ਦਾ ਵਿਦਿਆਰਥੀ ਬਣ ਗਿਆ। ਛਾਉਣੀ ਦੇ ਸਕੂਲ ਵਿੱਚ ਉਸ ਨੂੰ ਖੇਡਾਂ ਖੇਡਣ ਦੇ ਖੁੱਲ੍ਹੇ ਮੌਕੇ ਮਿਲਣ ਲੱਗੇ।

ਜਿਵੇਂ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਪ੍ਰਿਥੀਪਾਲ ਸਿੰਘ ਪਹਿਲਾਂ ਫੁੱਟਬਾਲ ਖੇਡਦਾ, ਬਾਅਦ ਵਿੱਚ ਹਾਕੀ ਖੇਡਣ ਲੱਗ ਪਿਆ ਸੀ, ਉਵੇਂ ਹੀ ਹਰਬਿੰਦਰ ਸਿੰਘ ਨਾਲ ਹੋਇਆ। ਕੈਂਟ ਬੋਰਡ ਸਕੂਲ ਦੀ ਹਾਕੀ ਟੀਮ ਉਹਦੇ ਦਾਖਲ ਹੋਣ ਤੋਂ ਪਹਿਲਾਂ ਹੀ ਚੁਣੀ ਜਾ ਚੁੱਕੀ ਸੀ। ਉੱਥੇ ਉਹ ਫੁੱਟਬਾਲ ਖੇਡਣ ਲੱਗ ਪਿਆ ਤੇ ਦਸਵੀਂ ਜਮਾਤ ਤੱਕ ਸਕੂਲ ਦੀ ਫੁੱਟਬਾਲ ਟੀਮ ਦਾ ਮੈਂਬਰ ਰਿਹਾ। ਨਾਲ ਦੀ ਨਾਲ ਉਹ ਦੌੜ ਮੁਕਾਬਲਿਆਂ ਵਿੱਚ ਵੀ ਭਾਗ ਲੈਂਦਾ ਰਿਹਾ। ਜਿੱਥੇ ਉਹ ਹੋਣਹਾਰ ਖਿਡਾਰੀ ਸੀ, ਉੱਥੇ ਪੜ੍ਹਾਈ ਵਿੱਚ ਵੀ ਹੁਸ਼ਿਆਰ ਵਿਦਿਆਰਥੀ ਸੀ। ਉਨ੍ਹੀਂ ਦਿਨੀਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਹਾਕੀ ਟੀਮ ਬੜੀ ਤਕੜੀ ਹੁੰਦੀ ਸੀ। ਉਸ ਦੇ ਪਿਤਾ ਨੇ ਪੁੱਤਰ ਦਾ ਖੇਡ ਕਰੀਅਰ ਚੰਗਾ ਬਣਾਉਣ ਲਈ ਉਸ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਕਰਵਾ ਦਿੱਤਾ।

ਇੱਕ ਦਿਨ ਉਸ ਨੇ ਕਾਲਜ ਦੇ ਨੋਟਿਸ ਬੋਰਡ ’ਤੇ ਹਾਕੀ ਦੀ ਟੀਮ ਚੁਣਨ ਬਾਰੇ ਨੋਟਿਸ ਲੱਗਾ ਵੇਖਿਆ। ਉਸ ਦੀ ਦੌੜ ਤਾਂ ਪਹਿਲਾਂ ਹੀ ਤੇਜ਼ਤਰਾਰ ਸੀ ਤੇ ਹਾਕੀ ਉਨ੍ਹਾਂ ਦੇ ਪਰਿਵਾਰ ਦੀ ਜੱਦੀ ਪੁਸ਼ਤੀ ਖੇਡ ਸੀ। ਟਰਾਇਲਾਂ ਵਿੱਚ ਉਸ ਨੂੰ ਹਾਕੀ ਖੇਡਣ ਲਈ ਚੁਣ ਲਿਆ ਗਿਆ। ਪਹਿਲਾਂ ਪਹਿਲ ਹਾਕੀ ਤੇ ਅਥਲੈਟਿਕਸ ਦੇ ਕੋਚਾਂ ਵਿੱਚ ਕਸ਼ਮਕਸ਼ ਚੱਲੀ ਕਿ ਉਸ ਨੂੰ ਅਥਲੀਟ ਬਣਾਇਆ ਜਾਵੇ ਜਾਂ ਹਾਕੀ ਖਿਡਾਰੀ? 16 ਸਾਲ ਦੇ ਹਰਬਿੰਦਰ ਨੂੰ ਹਾਕੀ ਖੇਡਣੀ ਦਿਲਚਸਪ ਲੱਗੀ ਤੇ ਉਹ ਹਾਕੀ ਦੇ ਲੜ ਲੱਗ ਗਿਆ।

ਸਤੰਬਰ 1960 ’ਚ ਪਤਝੜ ਦੀਆਂ ਛੁੱਟੀਆਂ ਦੌਰਾਨ ਪੰਜਾਬ ਯੂਨੀਵਰਸਿਟੀ ਦਾ ਹਾਕੀ ਤੇ ਅਥਲੈਟਿਕਸ ਦਾ ਕੋਚਿੰਗ ਕੈਂਪ ਗੌਰਮਿੰਟ ਕਾਲਜ ਲੁਧਿਆਣੇ ਵਿਖੇ ਲੱਗਾ। ਉਦੋਂ ਪੰਜਾਬ ਯੂਨੀਵਰਸਿਟੀ ਦਾ ਖੇਤਰ ਪੂਰਾ ਪੰਜਾਬ ਸੀ ਜੋ ਦਿੱਲੀ ਤੱਕ ਪਸਰਿਆ ਹੋਇਆ ਸੀ। ਹਰਿਆਣਾ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਹਰਬਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਉਸ ਕੈਂਪ ਵਿੱਚ ਆਇਆ ਸੀ ਤੇ ਮੈਂ ਫਾਜ਼ਿਲਕਾ ਦੇ ਐੱਮ.ਆਰ. ਕਾਲਜ ਵੱਲੋਂ ਕੈਂਪ ਵਿੱਚ ਗਿਆ ਸਾਂ। ਸਾਡਾ ਟਿਕਾਣਾ ਖਾਲੀ ਹੋਇਆ ਕੁੜੀਆਂ ਦਾ ਹੋਸਟਲ ਸੀ। ਸਾਹਮਣੇ ਕਾਲਜ ਦਾ ਹਾਕੀ ਗਰਾਊਂਡ ਹਰੇ ਭਰੇ ਘਾਹ ਵਾਲਾ ਸੀ। ਉੱਥੇ ਦੋ ਹਫ਼ਤੇ ਸੈਂਟਰ ਫਾਰਵਰਡ ਹਰਬਿੰਦਰ ਨਾਲ ਮੈਨੂੰ ਬਤੌਰ ਰਾਈਟ ਇਨ ਕੋਚਿੰਗ ਲੈਣ ਤੇ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ। ਵਰਨਣਯੋਗ ਹੈ ਕਿ ਉਸ ਕੋਚਿੰਗ ਕੈਂਪ ਦੇ ਤਿੰਨ ਟਰੇਨੀ ਬਾਅਦ ਵਿੱਚ ਓਲੰਪੀਅਨ ਬਣੇ।

ਹਰਬਿੰਦਰ ਉਦੋਂ ਐੱਫ.ਏ. ਦਾ ਵਿਦਿਆਰਥੀ ਸੀ ਤੇ ਮੈਂ ਬੀ.ਏ. ਦਾ ਵਿਦਿਆਰਥੀ ਸਾਂ। ਉਹ ਮੈਥੋਂ ਪੂਰੇ ਤਿੰਨ ਸਾਲ ਛੋਟਾ ਸੀ। ਅਸੀਂ ਪਹਿਲੀ ਵਾਰ ਵਾਸ਼ਰੂਮ ਜਾਣ ਦੀ ਲਾਈਨ ਵਿੱਚ ਖੜ੍ਹੇ ਮਿਲੇ ਸਾਂ। ਉਦੋਂ ਮੇਰੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਉਹ ਅਗਲੇ ਸਾਲ ਭਾਰਤ ਦੀ ਹਾਕੀ ਟੀਮ ਵਿੱਚ ਚੁਣਿਆ ਜਾਵੇਗਾ ਤੇ ਫਿਰ ਬਾਰਾਂ ਸਾਲ ਹਾਕੀ ਦਾ ਬਿਹਤਰੀਨ ਸੈਂਟਰ ਫਾਰਵਰਡ ਮੰਨਿਆ ਜਾਂਦਾ ਰਹੇਗਾ। ਸੰਭਵ ਹੈ ਕਿ ਉਹ ਦਿੱਲੀ ਦੇ ਰਾਊਜ ਐਵੇਨਿਊ ’ਚ ਰਹਿੰਦਾ ਕਿਸੇ ਦਿਨ ਇਹ ਸਤਰਾਂ ਪੜ੍ਹੇ ਤੇ ਲੁਧਿਆਣੇ ਦੇ ਕੋਚਿੰਗ ਕੈਂਪ ਨੂੰ ਮੁੜ ਯਾਦ ਕਰੇ। ਉੱਥੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਖਿਡਾਰੀ ਇੱਕ ਰਾਤ ਕਿਸੇ ਦੇ ਬਾਗ਼ ’ਚੋਂ ਫ਼ਲਾਂ ਦੀ ਬੋਰੀ ਚੋਰੀਓਂ ਭਰ ਲਿਆਏ ਸਨ।

ਹਰਬਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਹਾਕੀ ਤੇ ਅਥਲੈਟਿਕਸ ਦੀਆਂ ਚੈਂਪੀਅਨਸ਼ਿਪਾਂ ਜਿੱਤਣ ਵਾਲੀਆਂ ਦੋਹਾਂ ਟੀਮਾਂ ਦਾ ਮੈਂਬਰ ਸੀ। ਉਹ 100 ਮੀਟਰ ਦੀ ਦੌੜ 11 ਸੈਕੰਡ ਤੋਂ ਘੱਟ ਸਮੇਂ ’ਚ ਲਾ ਲੈਂਦਾ ਸੀ। 1958 ਤੋਂ 62 ਤੱਕ ਉਹ ਖਾਲਸਾ ਕਾਲਜ ਦਾ ਵਿਦਿਆਰਥੀ ਰਿਹਾ ਤੇ ਪੰਜਾਬ ਯੂਨੀਵਰਸਿਟੀ ਦੀਆਂ ਹਾਕੀ ਤੇ ਅਥਲੈਟਿਕਸ ਦੀਆਂ ਟੀਮਾਂ ਦਾ ਮੈਂਬਰ ਬਣ ਕੇ ਦੋਹਾਂ ਖੇਡਾਂ ਦੇ ਗੋਲਡ ਮੈਡਲ ਜਿੱਤਿਆ। ਉਹ ਬੀ.ਏ. ਪਾਰਟ ਵਨ ਦਾ ਵਿਦਿਆਰਥੀ ਸੀ ਜਦੋਂ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਟੀਮ ’ਚ ਉਹ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ ਜੋ ਭਾਰਤੀ ਹਾਕੀ ਟੀਮ ਵੱਲੋਂ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਟੂਰ ’ਤੇ ਗਿਆ। 1962 ਵਿੱਚ ਉਸ ਨੂੰ ਭਾਰਤੀ ਰੇਲਵੇਜ਼ ਨੇ ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ ਨੌਕਰੀ ਦੇ ਦਿੱਤੀ ਜਿਸ ਨਾਲ ਉਸ ਦਾ ਹੈੱਡਕੁਆਰਟਰ ਦਿੱਲੀ ਹੋ ਗਿਆ। ਉਹ ਉੱਤਰੀ ਰੇਲਵੇਜ਼ ਤੇ ਭਾਰਤੀ ਰੇਲਵੇਜ਼ ਵੱਲੋਂ ਦੇਸ਼ ਦੇ ਵੱਡੇ ਟੂਰਨਾਮੈਂਟ ਖੇਡਣ ਲੱਗਾ। ਅਖ਼ਬਾਰ ਤੇ ਖੇਡ ਮੈਗਜ਼ੀਨ ਉਸ ਦੀ ਤੇਜ਼ਤਰਾਰ ਹਾਕੀ ਦੀ ਪ੍ਰਸੰਸਾ ਕਰਨ ਲੱਗੇ।

ਮੈਨੂੰ ਯਾਦ ਹੈ ਅਸੀਂ ਦਿੱਲੀ ਦੇ ਸ਼ਿਵਾ ਜੀ ਪਾਰਕ ਵਿੱਚ ਹਾਕੀ ਦਾ ਜਵਾਹਰ ਲਾਲ ਨਹਿਰੂ ਹਾਕੀ ਟੂਰਨਮੈਂਟ ਵੇਖਣ ਜਾਂਦੇ। ਹਰਬਿੰਦਰ ਹੱਥ ਜਦੋਂ ਬਾਲ ਆਉਂਦੀ ਤਾਂ ਇੰਜ ਲੱਗਦਾ ਜਿਵੇਂ ਖੇਡ ਮੈਦਾਨ ਵਿੱਚ ਭੁਚਾਲ ਆ ਗਿਆ ਹੋਵੇ। ਉਸ ਦੀਆਂ ਡਾਜਾਂ ਚਕਾਚੌਂਧ ਕਰਨ ਵਾਲੀਆਂ ਹੁੰਦੀਆਂ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਉਹ ਗੋਲ ਦਾ ਫੱਟਾ ਖੜਕਾ ਦਿੰਦਾ। ਬਿਨਾਂ ਸ਼ੱਕ ਜਲੰਧਰ ਤੇ ਅੰਮ੍ਰਿਤਸਰ ਦੋ ਐਸੇ ਸ਼ਹਿਰ ਸਨ ਜਿੱਥੇ ਉਸ ਦੀ ਖੇਡ ਨੂੰ ਰੰਗ ਭਾਗ ਲੱਗੇ। ਉਸ ਦੇ ਪਿਤਾ ਜੀ ਹਾਕੀ ਦੇ ਖਿਡਾਰੀ ਹੋਣ ਕਰਕੇ ਘਰ ’ਚ ਹਾਕੀ ਸਟਿਕਾਂ ਆਮ ਸਨ ਜਿਨ੍ਹਾਂ ਦੀ ਘਾਟ ਆਮ ਘਰਾਂ ਦੇ ਖਿਡਾਰੀਆਂ ਨੂੰ ਖਟਕਦੀ ਰਹਿੰਦੀ ਸੀ।

ਹਰਬਿੰਦਰ ਅਕਸਰ ਇਹ ਗੱਲ ਸੁਣਾਉਂਦਾ ਹੈ ਕਿ 1958 ਵਿੱਚ ਜਦੋਂ ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਜਲੰਧਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਹੋਈ। ਉਦੋਂ ਫੌਜ ਦੇ ਖਿਡਾਰੀ ਉਸ ਦੇ ਪਿਤਾ ਕੋਲ ਠਹਿਰਨ ਆ ਜਾਂਦੇ ਸਨ। ਹਰਬਿੰਦਰ ਤੇ ਹਰਿੰਦਰਜੀਤ ਉਨ੍ਹਾਂ ਖਿਡਾਰੀਆਂ ਦੀ ਸੇਵਾ ਕਰਦੇ ਤੇ ਉਨ੍ਹਾਂ ਨਾਲ ਮੈਚ ਵੇਖਣ ਚਲੇ ਜਾਂਦੇ। ਉੱਥੇ ਉਨ੍ਹਾਂ ਨੂੰ ਓਲੰਪੀਅਨ ਖਿਡਾਰੀ ਵੇਖਣ ਨੂੰ ਮਿਲਦੇ। ਉਨ੍ਹਾਂ ਵਿੱਚ ਭਾਰਤੀ ਗੋਲਕੀਪਰ ਸ਼ੰਕਰ ਲਕਸ਼ਮਨ ਵੀ ਹੁੰਦਾ ਸੀ ਜਿਹੜਾ ਮੈਲਬਰਨ ਦੀਆਂ ਓਲੰਪਿਕ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਸੀ। ਉਦੋਂ ਹਰਬਿੰਦਰ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ ਉਹ ਆਪ ਟੋਕੀਓ-1960 ਦੀਆਂ ਓਲੰਪਿਕ ਖੇਡਾਂ ਅਤੇ ਬੈਂਕਾਕ-1966 ਦੀਆਂ ਏਸ਼ੀਆਈ ਖੇਡਾਂ ’ਚ ਉਹਦੇ ਸੰਗ ਭਾਰਤੀ ਟੀਮਾਂ ਵਿੱਚ ਖੇਡੇਗਾ।

ਬਾਅਦ ਵਿੱਚ ਹਰਬਿੰਦਰ ਦੇ ਪਿਤਾ ਨੇ ਆਪਣੇ ਦੋਸਤ ਸ਼ੰਕਰ ਲਕਸ਼ਮਨ ਨੂੰ ਪੁੱਛਿਆ ਸੀ: ਕੀ ਉਸ ਨੂੰ ਯਾਦ ਹੈ ਜਦੋਂ ਉਹ ਜਲੰਧਰ ਉਹਦੇ ਕੋਲ ਠਹਿਰਦਾ ਸੀ ਤਾਂ ਦੋ ਬੱਚਿਆਂ ਨਾਲ ਲਾਡ ਲਡਾਉਂਦਾ ਹੁੰਦਾ ਸੀ? ਉਹ ਉਹੀ ਬੱਚੇ ਸਨ ਜੋ ਹੁਣ ਭਾਰਤ ਦੀਆਂ ਹਾਕੀ ਟੀਮਾਂ ਵਿੱਚ ਖੇਡ ਰਹੇ ਹਨ। ਹਰਬਿੰਦਰ ਸਿੰਘ ਜਦੋਂ ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਗਿਆ ਤਾਂ ਉਹ ਗੋਲਕੀਪਰ ਲਕਸ਼ਮਨ ਨਾਲ ਸੈਂਟਰ ਫਾਰਵਰਡ ਖੇਡਿਆ ਸੀ। ਇਹ ਜਾਣ ਕੇ ਲਕਸ਼ਮਨ ਹੈਰਾਨ ਰਹਿ ਗਿਆ ਸੀ ਤੇ ਫਿਰ ਕਿੰਨਾ ਹੀ ਚਿਰ ਉਸ ਨੇ ਹਰਬਿੰਦਰ ਸਿੰਘ ਨੂੰ ਜੱਫੀ ਪਾਈ ਰੱਖੀ ਸੀ।

ਈ-ਮੇਲ: principalsarwansingh@gmail.com

Advertisement