ਉਮੀਦਾਂ ਤੋਂ ਪਰ੍ਹੇ ਦੀ ਖ਼ੁਸ਼ੀ
ਰਾਹ ਚੱਲਦਿਆਂ ਜੇਕਰ ਤੁਹਾਡਾ ਰੁਮਾਲ ਰਸਤੇ ਵਿੱਚ ਡਿੱਗ ਜਾਵੇ ਅਤੇ ਕੋਈ ਅਜਨਬੀ ਇਸ ਨੂੰ ਚੁੱਕ ਕੇ ਤੁਹਾਨੂੰ ਦੇ ਦੇਵੇ ਤਾਂ ਤੁਸੀਂ ਉਸ ਦਾ ਧੰਨਵਾਦ ਕਰਦੇ ਹੋ। ਤੁਸੀਂ ਖ਼ੁਸ਼ ਹੁੰਦੇ ਹੋ ਕਿਉਂਕਿ ਤੁਹਾਨੂੰ ਉਸ ਅਜਨਬੀ ਤੋਂ ਕੋਈ ਉਮੀਦ ਨਹੀਂ ਸੀ। ਜੇਕਰ...
ਰਾਹ ਚੱਲਦਿਆਂ ਜੇਕਰ ਤੁਹਾਡਾ ਰੁਮਾਲ ਰਸਤੇ ਵਿੱਚ ਡਿੱਗ ਜਾਵੇ ਅਤੇ ਕੋਈ ਅਜਨਬੀ ਇਸ ਨੂੰ ਚੁੱਕ ਕੇ ਤੁਹਾਨੂੰ ਦੇ ਦੇਵੇ ਤਾਂ ਤੁਸੀਂ ਉਸ ਦਾ ਧੰਨਵਾਦ ਕਰਦੇ ਹੋ। ਤੁਸੀਂ ਖ਼ੁਸ਼ ਹੁੰਦੇ ਹੋ ਕਿਉਂਕਿ ਤੁਹਾਨੂੰ ਉਸ ਅਜਨਬੀ ਤੋਂ ਕੋਈ ਉਮੀਦ ਨਹੀਂ ਸੀ। ਜੇਕਰ ਉਹੀ ਰੁਮਾਲ ਤੁਹਾਡੀ ਪਤਨੀ ਚੁੱਕ ਕੇ ਤੁਹਾਨੂੰ ਦੇਵੇ ਤਾਂ ਤੁਸੀਂ ਧੰਨਵਾਦ ਵੀ ਨਹੀਂ ਕਰਦੇ ਕਿਉਂਕਿ ਤੁਹਾਨੂੰ ਉਮੀਦ ਸੀ ਕਿ ਪਤਨੀ ਚੁੱਕ ਕੇ ਦੇਵੇਗੀ ਹੀ। ਇਸ ਦੇ ਉਲਟ ਜੇਕਰ ਪਤਨੀ ਰੁਮਾਲ ਚੁੱਕ ਕੇ ਨਹੀਂ ਦਿੰਦੀ ਤਾਂ ਤੁਸੀਂ ਗੁੱਸੇ ਵੀ ਹੋ ਸਕਦੇ ਹੋ। ਸੋ, ਉਮੀਦ ਦੁੱਖ ਹੈ। ਜਿਸ ਨੇ ਕਿਸੇ ਹੋਰ ਤੋਂ ਸੁਖੀ ਹੋਣ ਦੀ ਉਮੀਦ ਦਾ ਤਿਆਗ ਕਰ ਦਿੱਤਾ, ਉਸ ਨੂੰ ਫਿਰ ਕੋਈ ਵੀ ਦੁਖੀ ਨਹੀਂ ਕਰ ਸਕਦਾ।
ਅਸੀਂ ਅਕਸਰ ਆਪਣੀ ਖ਼ੁਸ਼ੀ ਦੂਜਿਆਂ ਦੇ ਵਰਤਾਵ ਨਾਲ ਜੋੜ ਦਿੰਦੇ ਹਾਂ। ਜਿੱਥੇ ਉਮੀਦ ਹੁੰਦੀ ਹੈ, ਉੱਥੇ ਦੁੱਖ ਦੀ ਸੰਭਾਵਨਾ ਵੀ ਹੁੰਦੀ ਹੈ। ਇਸੇ ਤਰ੍ਹਾਂ ਜੀਵਨ ਵਿੱਚ ਹਰ ਰਿਸ਼ਤਾ—ਮਾਤਾ-ਪਿਤਾ, ਦੋਸਤ, ਜੀਵਨ ਸਾਥੀ, ਉਮੀਦਾਂ ਨਾਲ ਬੰਨ੍ਹਿਆ ਹੋਇਆ ਹੈ। ਜਿੱਥੇ ਉਮੀਦ ਹੁੰਦੀ ਹੈ, ਉੱਥੇ ਅਸੰਤੁਸ਼ਟੀ ਦਾ ਬੀਜ ਵੀ ਹੁੰਦਾ ਹੈ। ਜੇ ਅਸੀਂ ਇਹ ਸੋਚ ਛੱਡ ਦਈਏ ਕਿ ਕੋਈ ਹੋਰ ਸਾਨੂੰ ਖੁਸ਼ ਕਰੇ ਤਾਂ ਦੁੱਖ ਦਾ ਦਰਵਾਜ਼ਾ ਆਪ ਹੀ ਬੰਦ ਹੋ ਜਾਂਦਾ ਹੈ।
ਅਸਲ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਆਪਣੀਆਂ ਖ਼ੁਸ਼ੀਆਂ ਲਈ ਜ਼ਿੰਮੇਵਾਰੀ ਖ਼ੁਦ ਲੈਂਦੇ ਹਾਂ। ਜਿੱਥੇ ਕਦਰ ਹੁੰਦੀ ਹੈ, ਉੱਥੇ ਰਿਸ਼ਤੇ ਮਿੱਠੇ ਬਣੇ ਰਹਿੰਦੇ ਹਨ। ਇਸ ਲਈ ਉਮੀਦਾਂ ਘਟਾਓ, ਕਦਰ ਵਧਾਓ। ਇਹੀ ਅਸਲੀ ਸੁੱਖ ਦਾ ਮਾਰਗ ਹੈ। ਜ਼ਿੰਦਗੀ ਦਾ ਵੱਡਾ ਹਿੱਸਾ ਅਸੀਂ ਦੂਜਿਆਂ ਤੋਂ ਉਮੀਦਾਂ ਰੱਖਣ ਵਿੱਚ ਬਿਤਾ ਦਿੰਦੇ ਹਾਂ। ਮਾਪਿਆਂ ਤੋਂ ਪਿਆਰ ਦੀ, ਦੋਸਤ ਤੋਂ ਸਹਾਇਤਾ ਦੀ ਅਤੇ ਸਾਥੀ ਤੋਂ ਸਮਝ ਦੀ। ਜਦੋਂ ਇਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮਨ ਵਿੱਚ ਚਿੰਤਾ, ਗੁੱਸਾ ਅਤੇ ਨਿਰਾਸ਼ਾ ਜਨਮ ਲੈਂਦੀ ਹੈ। ਅਸਲ ਵਿੱਚ ਦੁੱਖ ਦਾ ਕਾਰਨ ਘਟਨਾ ਨਹੀਂ, ਸਾਡੀ ਉਮੀਦ ਹੁੰਦੀ ਹੈ।
ਜੇਕਰ ਅਸੀਂ ਦਿਲ ਤੋਂ ਇਹ ਸਵੀਕਾਰ ਕਰ ਲਈਏ ਕਿ ਹਰ ਵਿਅਕਤੀ ਆਪਣੇ ਆਪ ਵਿੱਚ ਪੂਰਾ ਹੈ ਅਤੇ ਉਹ ਸਾਡੀ ਖ਼ੁਸ਼ੀ ਲਈ ਜ਼ਿੰਮੇਵਾਰ ਨਹੀਂ ਤਾਂ ਜੀਵਨ ਬਹੁਤ ਹਲਕਾ ਮਹਿਸੂਸ ਹੁੰਦਾ ਹੈ। ਸੋਚੋ, ਇੱਕ ਛੋਟੀ ਮੁਸਕਾਨ ਜਾਂ ਸਾਧਾਰਨ ਸਹਾਇਤਾ ਜਦੋਂ ਬਿਨਾਂ ਉਮੀਦ ਮਿਲਦੀ ਹੈ, ਉਹ ਕਿੰਨੀ ਖ਼ਾਸ ਲੱਗਦੀ ਹੈ। ਇਹ ਖ਼ਾਸੀਅਤ ਇਸ ਕਰਕੇ ਹੈ ਕਿਉਂਕਿ ਅਸੀਂ ਉਸ ਦੀ ਉਮੀਦ ਨਹੀਂ ਕੀਤੀ ਸੀ।
ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਲਈ ਉਮੀਦਾਂ ਦੀ ਥਾਂ ਕਦਰ ਨੂੰ ਅੱਗੇ ਰੱਖੋ। ਕਿਸੇ ਦਾ ਛੋਟਾ ਜਿਹਾ ਯੋਗਦਾਨ ਵੀ ਧੰਨਵਾਦ ਦੇ ਕਾਬਲ ਹੈ। ਜਿੱਥੇ ਧੰਨਵਾਦ ਹੁੰਦਾ ਹੈ, ਉੱਥੇ ਮਨ ਦੀ ਕਠੋਰਤਾ ਘੱਟ ਹੋ ਜਾਂਦੀ ਹੈ। ਉਮੀਦਾਂ ਘਟਾਓ, ਦਿਲ ਖੋਲ੍ਹ ਕੇ ਜੀਵੋ। ਜਿੱਥੇ ਉਮੀਦ ਨਹੀਂ, ਉੱਥੇ ਹੀ ਅਸਲ ਆਜ਼ਾਦੀ ਅਤੇ ਸ਼ਾਂਤੀ ਵਸਦੀ ਹੈ। ਉਮੀਦ ਇੱਕ ਅਦ੍ਰਿਸ਼ ਜ਼ੰਜੀਰ ਹੈ। ਜਿੰਨੀਆਂ ਵੱਧ ਉਮੀਦਾਂ ਰੱਖਦੇ ਹਾਂ, ਓਨਾ ਹੀ ਮਨ ਬੰਨ੍ਹਦਾ ਹੈ। ਜਦੋਂ ਅਸੀਂ ਸੋਚਦੇ ਹਾਂ ਕਿ ਕੋਈ ਵਿਅਕਤੀ ਹਮੇਸ਼ਾਂ ਸਾਡੀ ਮਦਦ ਕਰੇਗਾ, ਸਾਡੇ ਹਿਸਾਬ ਨਾਲ ਵਰਤੇਗਾ, ਅਸੀਂ ਆਪਣੇ ਸੁੱਖ ਨੂੰ ਉਸ ਦੇ ਹੱਥ ਵਿੱਚ ਦੇ ਦਿੰਦੇ ਹਾਂ।
ਦਿਲਚਸਪ ਗੱਲ ਇਹ ਹੈ ਕਿ ਦੁੱਖ ਕਿਸੇ ਹੋਰ ਦੇ ਕੰਮ ਕਰਕੇ ਨਹੀਂ, ਸਾਡੀਆਂ ਆਪਣੀਆਂ ਸੋਚਾਂ ਕਰਕੇ ਪੈਦਾ ਹੁੰਦਾ ਹੈ। ਜੇ ਅਸੀਂ ਇਹ ਸਮਝ ਲਈਏ ਕਿ ਹਰ ਮਨੁੱਖ ਆਪਣੇ ਤਰੀਕੇ ਨਾਲ ਜੀਅ ਰਿਹਾ ਹੈ ਅਤੇ ਕਿਸੇ ਨੂੰ ਸਾਡੀਆਂ ਲੋੜਾਂ ਦੀ ਪੂਰੀ ਸਮਝ ਨਹੀਂ ਹੋ ਸਕਦੀ, ਤਾਂ ਮਨ ਵਿੱਚ ਬੇਮਤਲਬ ਦੀ ਉਮੀਦ ਘੱਟ ਹੁੰਦੀ ਹੈ। ਜਦੋਂ ਉਮੀਦ ਘਟਦੀ ਹੈ, ਰਿਸ਼ਤੇ ਹਲਕੇ ਹੋ ਜਾਂਦੇ ਹਨ। ਤੁਸੀਂ ਆਪਣੇ ਪਿਆਰੇ ਲੋਕਾਂ ਨੂੰ ਖੁੱਲ੍ਹਾ ਆਕਾਸ਼ ਦਿੰਦੇ ਹੋ, ਬਿਨਾਂ ਕਿਸੇ ਸ਼ਰਤ ਦੇ। ਉਹ ਜੋ ਵੀ ਕਰਦੇ ਹਨ, ਉਹ ਖ਼ਾਸ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਮਜਬੂਰੀ ਨਹੀਂ, ਮਨ ਦੀ ਖ਼ੁਸ਼ੀ ਨਾਲ ਕੀਤਾ ਹੁੰਦਾ ਹੈ।
ਜਦੋਂ ਉਮੀਦਾਂ ਦਾ ਭਾਰ ਉਤਾਰ ਦਿੰਦੇ ਹੋ, ਜੀਵਨ ਬੇਹੱਦ ਆਜ਼ਾਦ ਹੋ ਜਾਂਦਾ ਹੈ। ਫਿਰ ਹਰ ਮੁਲਾਕਾਤ, ਹਰ ਸੁਨੇਹਾ, ਹਰ ਸਹਾਇਤਾ ਤੋਹਫ਼ੇ ਵਾਂਗ ਲੱਗਦੀ ਹੈ। ਇਹੀ ਅਸਲ ਸੁੱਖ ਅਤੇ ਮਨ ਦੀ ਸ਼ਾਂਤੀ ਹੈ ਜੋ ਕਿਸੇ ਹੋਰ ਦੀ ਮਰਜ਼ੀ ਨਹੀਂ, ਸਿਰਫ਼ ਤੁਹਾਡੀ ਆਪਣੀ ਚੋਣ ਨਾਲ ਮਿਲਦੀ ਹੈ। ਜੀਵਨ ਵਿੱਚ ਹਰੇਕ ਰਿਸ਼ਤਾ ਆਪਣੀ ਮਹੱਤਤਾ ਰੱਖਦਾ ਹੈ, ਪਰ ਉਨ੍ਹਾਂ ਨੂੰ ਭਾਰ ਉਦੋਂ ਮਿਲਦਾ ਹੈ ਜਦੋਂ ਅਸੀਂ ਉਮੀਦਾਂ ਨਾਲ ਬੰਨ੍ਹ ਲੈਂਦੇ ਹਾਂ। ਉਮੀਦ ਮਿੱਠੀ ਲੱਗਦੀ ਹੈ, ਪਰ ਅੰਦਰੋਂ ਕੌੜੀ ਗੰਢ ਹੈ ਜੋ ਖ਼ੁਸ਼ੀ ਨੂੰ ਹੌਲੇ-ਹੌਲੇ ਖਾ ਜਾਂਦੀ ਹੈ।
ਸੋਚੋ, ਜਦੋਂ ਤੁਸੀਂ ਕਿਸੇ ਦੋਸਤ ਤੋਂ ਸਿਰਫ਼ ਮਿਲਣ ਦੀ ਉਮੀਦ ਰੱਖਦੇ ਹੋ ਅਤੇ ਉਹ ਸਮੇਂ ’ਤੇ ਨਹੀਂ ਆਉਂਦਾ, ਤਾਂ ਨਿਰਾਸ਼ਾ ਜਨਮ ਲੈਂਦੀ ਹੈ। ਪਰ ਜੇ ਉਮੀਦ ਨਾ ਰੱਖੋ ਅਤੇ ਉਹ ਅਚਾਨਕ ਮਿਲਣ ਆ ਜਾਵੇ, ਤਾਂ ਉਹੀ ਪਲ ਖ਼ਾਸ ਬਣ ਜਾਂਦਾ ਹੈ। ਖ਼ੁਸ਼ੀ ਘਟਨਾ ਵਿੱਚ ਨਹੀਂ, ਸਾਡੀ ਸੋਚ ਵਿੱਚ ਹੈ। ਜਦੋਂ ਅਸੀਂ ਦਿਲ ਤੋਂ ਮੰਨ ਲੈਂਦੇ ਹਾਂ ਕਿ ਕੋਈ ਵੀ ਵਿਅਕਤੀ ਸਾਡੇ ਸੁੱਖ ਲਈ ਜ਼ਿੰਮੇਵਾਰ ਨਹੀਂ, ਤਾਂ ਮਨ ਦਾ ਭਾਰ ਹਲਕਾ ਹੋ ਜਾਂਦਾ ਹੈ। ਫਿਰ ਹਰ ਰਿਸ਼ਤਾ, ਹਰ ਪਲ, ਆਪਣੀ ਅਸਲੀ ਰੋਸ਼ਨੀ ਵਿੱਚ ਚਮਕਦਾ ਹੈ। ਉਮੀਦਾਂ ਤੋਂ ਪਰੇ ਜਿਊਣਾ ਸਿਰਫ਼ ਦਰਸ਼ਨ ਨਹੀਂ, ਇਹ ਜੀਵਨ ਦਾ ਉਹ ਸਾਫ਼ ਰਾਹ ਹੈ ਜਿੱਥੇ ਸੁੱਖ ਆਪਣੇ ਆਪ ਆ ਕੇ ਵੱਸਦਾ ਹੈ।
ਸਾਡਾ ਮਨ ਅਕਸਰ ਇਹ ਸੋਚਦਾ ਹੈ ਕਿ ‘ਇਹ ਮੇਰਾ ਨਜ਼ਦੀਕੀ ਹੈ, ਇਹ ਤਾਂ ਮੇਰੇ ਲਈ ਕਰੇਗਾ ਹੀ।’ ਪਰ ਅਸਲ ਵਿੱਚ ਹਰ ਵਿਅਕਤੀ ਆਪਣੀ ਸਮਝ ਅਤੇ ਸਮੇਂ ਦੇ ਮੁਤਾਬਕ ਹੀ ਕੰਮ ਕਰਦਾ ਹੈ। ਜਦੋਂ ਅਸੀਂ ਉਸ ਦੀ ਆਜ਼ਾਦੀ ਦਾ ਸਤਿਕਾਰ ਕਰਨਾ ਸਿੱਖ ਲੈਂਦੇ ਹਾਂ, ਤਾਂ ਰਿਸ਼ਤੇ ਹਲਕੇ ਅਤੇ ਪਿਆਰ ਭਰੇ ਰਹਿੰਦੇ ਹਨ। ਕਦੇ ਸੋਚੋ, ਜਦੋਂ ਕੋਈ ਅਜਨਬੀ ਰਾਹ ਵਿੱਚ ਸਾਡੀ ਮਦਦ ਕਰਦਾ ਹੈ, ਉਹ ਪਲ ਯਾਦਗਾਰ ਬਣ ਜਾਂਦਾ ਹੈ ਕਿਉਂਕਿ ਅਸੀਂ ਉਸ ਤੋਂ ਕੋਈ ਉਮੀਦ ਨਹੀਂ ਰੱਖੀ ਸੀ, ਪਰ ਜੇ ਆਪਣਾ ਹੀ ਪਰਿਵਾਰਕ ਮੈਂਬਰ ਉਹੀ ਮਦਦ ਨਾ ਕਰੇ, ਤਾਂ ਦੁੱਖ ਜਾਂ ਗੁੱਸਾ ਪੈਦਾ ਹੋ ਜਾਂਦਾ ਹੈ। ਇਹ ਅੰਤਰ ਸਿਰਫ਼ ਉਮੀਦਾਂ ਦਾ ਹੈ।
ਜਦੋਂ ਅਸੀਂ ਉਮੀਦਾਂ ਦੀਆਂ ਜ਼ੰਜੀਰਾਂ ਤੋੜ ਦਿੰਦੇ ਹਾਂ, ਉਦੋਂ ਮਨ ਵਿੱਚ ਇੱਕ ਨਵੀਂ ਲਹਿਰ ਦੌੜਦੀ ਹੈ। ਫਿਰ ਹਰ ਰਿਸ਼ਤਾ ਖ਼ੁਦਬਖ਼ੁਦ ਮਿੱਠਾ ਬਣਦਾ ਹੈ ਅਤੇ ਜੀਵਨ ਇੱਕ ਖੁੱਲ੍ਹੇ ਆਕਾਸ਼ ਵਾਂਗ ਮਹਿਸੂਸ ਹੁੰਦਾ ਹੈ। ਕਲਪਨਾ ਕਰੋ, ਤੁਸੀਂ ਸ਼ਾਮ ਨੂੰ ਬਾਗ਼ ਵਿੱਚ ਟਹਿਲ ਰਹੇ ਹੋ। ਅਚਾਨਕ ਇੱਕ ਛੋਟਾ ਬੱਚਾ ਤੁਹਾਨੂੰ ਮੁਸਕਰਾ ਕੇ ‘ਸਤਿ ਸ੍ਰੀ ਅਕਾਲ’ ਕਹਿੰਦਾ ਹੈ। ਤੁਹਾਡੇ ਚਿਹਰੇ ’ਤੇ ਵੀ ਬਿਨਾਂ ਸੋਚੇ ਮੁਸਕਾਨ ਆ ਜਾਂਦੀ ਹੈ ਕਿਉਂਕਿ ਤੁਸੀਂ ਇਸ ਦੀ ਕੋਈ ਉਮੀਦ ਨਹੀਂ ਰੱਖੀ ਸੀ। ਹੁਣ ਸੋਚੋ ਜੇ ਹਰ ਰੋਜ਼ ਉਹੀ ਬੱਚਾ ਮਿਲੇ ਅਤੇ ਇੱਕ ਦਿਨ ਉਹ ਨਾ ਮਿਲੇ, ਤਾਂ ਸ਼ਾਇਦ ਤੁਸੀਂ ਸੋਚੋ: ‘ਅੱਜ ਇਸ ਨੇ ਸਲਾਮ ਕਿਉਂ ਨਹੀਂ ਕੀਤਾ?’
ਇਹੀ ਹੈ ਉਮੀਦ ਦਾ ਖੇਡ ਜੋ ਪਹਿਲਾਂ ਖ਼ੁਸ਼ੀ ਸੀ, ਹੁਣ ਅੰਦਰੋਂ ਖਾਲੀਪਣ ਬਣ ਜਾਂਦੀ ਹੈ। ਮਨੁੱਖੀ ਦਿਮਾਗ਼ ‘ਸਥਿਰਤਾ’ ਪਸੰਦ ਕਰਦਾ ਹੈ। ਜਿੱਥੇ ਪਿਆਰ ਜਾਂ ਮਦਦ ਮਿਲਦੀ ਹੈ, ਉੱਥੇ ਉਹ ਆਦਤ ਬਣਾਉਂਦਾ ਹੈ। ਫਿਰ ਉਸ ਆਦਤ ਨੂੰ ਅਸੀਂ ‘ਹੱਕ’ ਸਮਝ ਲੈਂਦੇ ਹਾਂ। ਜਦੋਂ ਹਕੀਕਤ ਉਸ ਹੱਕ ਨਾਲ ਨਹੀਂ ਮਿਲਦੀ, ਮਨ ਵਿੱਚ ਨਿਰਾਸ਼ਾ ਪੈਦਾ ਹੁੰਦੀ ਹੈ। ਜਦੋਂ ਤੁਸੀਂ ਉਮੀਦਾਂ ਦੀਆਂ ਡੋਰਾਂ ਕੱਟ ਦਿੰਦੇ ਹੋ, ਹਰ ਗੱਲ ਚੰਗੀ ਲੱਗਦੀ ਹੈ। ਪਿਆਰ ਫਿਰ ਹੱਕ ਨਹੀਂ, ਇੱਕ ਤੋਹਫ਼ਾ ਬਣ ਜਾਂਦਾ ਹੈ। ਰਿਸ਼ਤੇ ਲੈਣ-ਦੇਣ ਦੀ ਥਾਂ ਦਿਲਾਂ ਦਾ ਮੇਲ ਬਣਦੇ ਹਨ। ਅਸਲ ਖ਼ੁਸ਼ੀ ਕੋਈ ਦੂਰ ਦੀ ਚੀਜ਼ ਨਹੀਂ, ਇਹ ਉਦੋਂ ਜਨਮ ਲੈਂਦੀ ਹੈ ਜਦੋਂ ਤੁਸੀਂ ਕਹਿੰਦੇ ਹੋ:
‘ਮੈਂ ਕਿਸੇ ਤੋਂ ਕੁਝ ਨਹੀਂ ਮੰਗਦਾ, ਜੋ ਮਿਲਦਾ ਹੈ ਉਹੀ ਮੇਰਾ ਖ਼ਜ਼ਾਨਾ ਹੈ।’ ਅਸਲੀ ਖ਼ੁਸ਼ੀ ਉਹ ਨਹੀਂ ਜੋ ਤੁਸੀਂ ਮੰਗਦੇ ਹੋ; ਅਸਲੀ ਖ਼ੁਸ਼ੀ ਉਹ ਹੈ ਜੋ ਬਿਨਾਂ ਸੱਦੇ ਆ ਕੇ ਦਿਲ ’ਚ ਬੈਠ ਜਾਂਦੀ ਹੈ।
ਸੰਪਰਕ: 79860-27454