DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੂੰਬੇ ਜੋੜੀ ਦੀ ਗਾਇਨ ਪਰੰਪਰਾ ਦਾ ਵਾਰਿਸ ਗੁਰਤੇਜ ਸਿੰਘ ਸੋਹੀਆਂ

ਡੇਢ ਕੁ ਦਹਾਕਾ ਪਹਿਲਾਂ ਤੱਕ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਕੇਵਲ ਪੁਰਾਣੀ ਪੀੜ੍ਹੀ ਦੇ ਕਲਾਕਾਰ ਹੀ ਜੁੜੇ ਹੋਏ ਸਨ, ਜਿਨ੍ਹਾਂ ਦੀ ਉਮਰ ਪੰਜਾਹ ਤੋਂ ਅੱਸੀ ਸਾਲ ਤੱਕ ਸੀ। ਇਸ ਗਾਇਕੀ ਦੇ ਕਦਰਦਾਨ ਸਰੋਤਿਆਂ ਲਈ ਸ਼ੁਭ ਸ਼ਗਨ ਹੈ ਕਿ ਪਿਛਲੇ ਕੁਝ...

  • fb
  • twitter
  • whatsapp
  • whatsapp
Advertisement

ਡੇਢ ਕੁ ਦਹਾਕਾ ਪਹਿਲਾਂ ਤੱਕ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਕੇਵਲ ਪੁਰਾਣੀ ਪੀੜ੍ਹੀ ਦੇ ਕਲਾਕਾਰ ਹੀ ਜੁੜੇ ਹੋਏ ਸਨ, ਜਿਨ੍ਹਾਂ ਦੀ ਉਮਰ ਪੰਜਾਹ ਤੋਂ ਅੱਸੀ ਸਾਲ ਤੱਕ ਸੀ। ਇਸ ਗਾਇਕੀ ਦੇ ਕਦਰਦਾਨ ਸਰੋਤਿਆਂ ਲਈ ਸ਼ੁਭ ਸ਼ਗਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੁੱਝ ਨੌਜਵਾਨ ਕਲਾਕਾਰ ਇਸ ਗਾਇਕੀ ਨਾਲ ਜੁੜੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਗੁਰਤੇਜ ਸਿੰਘ ਸੋਹੀਆਂ।

ਗੁਰਤੇਜ ਨੇ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਦੇ ਪਿੰਡ ਸੋਹੀਆਂ ਨਰੈਣਗੜ੍ਹ ਵਿਖੇ 1985 ਵਿੱਚ ਪਿਤਾ ਜੰਗ ਸਿੰਘ ਤੇ ਮਾਤਾ ਕੁਲਵੰਤ ਕੌਰ ਦੇ ਘਰ ਪਹਿਲੀ ਕਿਲਕਾਰੀ ਮਾਰੀ। ਬਚਪਨ ਆਮ ਪੇਂਡੂ ਮੁੰਡਿਆਂ ਵਾਂਗ ਖੇਡਦਿਆਂ ਕੁੱਦਦਿਆਂ ਬੀਤਿਆ। ਸਕੂਲ ਜਾਣ ਦੀ ਉਮਰ ’ਤੇ ਮਾਪਿਆਂ ਨੇ ਬੜੇ ਚਾਵਾਂ ਨਾਲ ਸਕੂਲ ਦਾਖਲ ਕਰਵਾਇਆ। ਅਵੱਲੇ ਸ਼ੌਕਾਂ ਕਾਰਨ ਕੇਵਲ ਪੰਜ ਜਮਾਤਾਂ ਤੱਕ ਹੀ ਪੜ੍ਹਾਈ ਕਰ ਸਕਿਆ। ਪਿਤਾ ਜੰਗ ਸਿੰਘ ਨੂੰ ਬੋਲੀਆਂ ਪਾਉਣ ਦਾ ਸ਼ੌਕ ਸੀ। ਬਾਹਰ ਖੇਤਾਂ ਵਿੱਚ ਕੰਮ ਕਾਰ ਕਰਦੇ ਸਮੇਂ ਹੇਕਾਂ ਲਾ ਕੇ ਬੋਲੀਆਂ ਪਾਉਂਦੇ ਰਹਿੰਦੇ ਸਨ। ਉਨ੍ਹਾਂ ਨੂੰ ਸੁਣ ਕੇ ਗੁਰਤੇਜ ਨੂੰ ਵੀ ਬੋਲੀਆਂ ਪਾਉਣ ਦਾ ਸ਼ੌਕ ਪੈ ਗਿਆ। ਗਾਇਕੀ ਨਾਲ ਲਗਾਓ ਹੋਣ ਕਾਰਨ ਪਿਤਾ ਦੀ ਕਈ ਗਵੰਤਰੀਆਂ ਨਾਲ ਚੰਗੀ ਬਣਦੀ ਸੀ ਅਤੇ ਉਹ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਨ੍ਹਾਂ ਨੂੰ ਦੇਖ ਸੁਣ ਕੇ ਗੁਰਤੇਜ ਅੰਦਰ ਵੀ ਗਾਇਕੀ ਦਾ ਸ਼ੌਕ ਪੈਦਾ ਹੋ ਗਿਆ। ਗਵੰਤਰੀਆਂ ਦਾ ਮੱਕਾ ਜਾਣੇ ਜਾਂਦੇ ਤਖਤੂਪੁਰੇ ਦੇ ਪ੍ਰਸਿੱਧ ਮੇਲੇ ’ਤੇ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਜਾਂਦਾ ਸੀ। ਇੱਥੇ ਗਵੰਤਰੀਆਂ ਨੂੰ ਸੁਣ ਸੁਣ ਕੇ ਉਸ ਦਾ ਸ਼ੌਕ ਹੋਰ ਵਧਦਾ ਗਿਆ। ਤੂੰਬੇ ਅਲਗੋਜ਼ੇ ਦੀ ਗਾਇਕੀ ਪ੍ਰਤੀ ਉਸ ਅੰਦਰ ਖਿੱਚ ਵਧਦੀ ਗਈ। ਪਿਤਾ ਜੰਗ ਸਿੰਘ ਵੀ ਉਸ ਦਾ ਹੌਸਲਾ ਵਧਾਉਂਦੇ ਰਹਿੰਦੇ ਸਨ। ਜਵਾਨੀ ਵਿੱਚ ਪੈਰ ਰੱਖਦਿਆਂ ਹੀ ਭਾਵ ਚੌਦਾਂ ਕੁ ਸਾਲ ਦੀ ਉਮਰ ਵਿੱਚ ਪਿਤਾ ਨੇ ਗੁਰਤੇਜ ਨੂੰ ਦੁਆਬੇ ਦੇ ਗਵੰਤਰੀ ਕਰਮ ਸਿੰਘ ਬਾਠਾਂ ਵਾਲੇ ਦੇ ਚਰਨੀਂ ਲਾ ਦਿੱਤਾ। ਜਲੰਧਰ ਜ਼ਿਲ੍ਹੇ ਦੇ ਪਿੰਡ ਪੱਲਣ ਵਿਖੇ ਪੀਰਾਂ ਦੀ ਦਰਗਾਹ ਦੇ ਉਰਸ ’ਤੇ ਉਸਤਾਦ ਨੂੰ ਪੱਗ ਦੇ ਕੇ ਉਸਤਾਦੀ ਸ਼ਾਗਿਰਦੀ ਦੀ ਰਸਮ ਅਦਾ ਕੀਤੀ। ਕਰਮ ਸਿੰਘ ਪ੍ਰਸਿੱਧ ਗਵੰਤਰੀ ਦਰਸ਼ਨ ਸਿੰਘ ਰਾਮਾਂ ਖੇਲਾ ਵਾਲੇ ਦਾ ਸ਼ਾਗਿਰਦ ਸੀ।

Advertisement

ਗੁਰਤੇਜ ਨੇ ਦੋ-ਤਿੰਨ ਸਾਲ ਉਸਤਾਦ ਦੀ ਸੰਗਤ ਮਾਣੀ। ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆ। ਅਖਾੜੇ ਵਿੱਚ ਖੜ੍ਹਨ, ਚੱਲਣ, ਚਿਹਰੇ ਉਤੇ ਵੱਖ ਵੱਖ ਤਰ੍ਹਾਂ ਦੇ ਹਾਵ-ਭਾਵ ਪ੍ਰਗਟਾਉਣ ਅਤੇ ਹੱਥਾਂ ਪੈਰਾਂ ਦੀਆਂ ਹਰਕਤਾਂ ਦੇ ਗੁਰ ਸਿੱਖੇ। ਬਹੁਤ ਸਾਰੀਆਂ ‘ਗੌਣ ਲੜੀਆਂ’ ਕੰਠ ਕੀਤੀਆਂ। ਉਸ ਦੀ ਲਗਨ ਤੇ ਮਿਹਨਤ, ਉਸਤਾਦ ਦੇ ਆਸ਼ੀਰਵਾਦ ਅਤੇ ਪਰਮਾਤਮਾ ਦੀ ਰਹਿਮਤ ਨਾਲ ਉਹ ਅਖਾੜਿਆਂ ਵਿੱਚ ਆਵਾਜ਼ਾਂ ਲਾਉਣ ਲੱਗ ਪਿਆ। ਬਾਅਦ ਵਿੱਚ ਕੁਝ ਸਾਲ ਉਸ ਨੇ ਆਪਣੇ ਘਰਾਣੇ ਦੇ ਕੁਝ ਹੋਰ ਜਥਿਆਂ ਨਾਲ ਵੀ ਸੰਗਤ ਕੀਤੀ। ਇਨ੍ਹਾਂ ਵਿੱਚ ਸੇਵ ਮੱਦੋਕਿਆਂ ਵਾਲਾ ਪ੍ਰਮੁੱਖ ਹੈ। ਇਸ ਤਰ੍ਹਾਂ ਸਰੋਤਿਆਂ ਵੱਲੋਂ ਇਸ ਨੌਜਵਾਨ ਨੂੰ ਮਾਨਤਾ ਮਿਲਦੀ ਗਈ ਅਤੇ ਉਸ ਦੀ ਵੱਖਰੀ ਪਛਾਣ ਬਣਦੀ ਗਈ। ਮਰਹੂਮ ਗਵੰਤਰੀ ਚਿਰਾਗਦੀਨ ਟਿੱਬੇਵਾਲੇ ਦੀ ਗਾਇਕੀ ਦਾ ਉਸ ’ਤੇ ਬਹੁਤ ਪ੍ਰਭਾਵ ਸੀ ਅਤੇ ਗੁਰਤੇਜ ਉਸ ਦੀ ਤਹਿ ਦਿਲੋਂ ਇੱਜ਼ਤ ਕਰਦਾ ਸੀ। 2009 ਵਿੱਚ ਚਿਰਾਗਦੀਨ ਦੀ ਮੌਤ ਤੋਂ ਬਾਅਦ ਗੁਰਤੇਜ ਉਸ ਦੇ ਜਥੇ ਨਾਲ ਜੁੜ ਗਿਆ। ਇਸ ਜਥੇ ਵਿੱਚ ਚਿਰਾਗਦੀਨ ਦਾ ਭਰਾ ਬਸ਼ੀਰ ਮੁਹੰਮਦ ਤੂੰਬੇ ਵਾਲਾ ਅਤੇ ਚੂਹੜ ਖਾਨ ਚੋਟੀਆਂ ਜੋੜੀ ਵਾਲਾ ਸ਼ਾਮਲ ਸਨ।

Advertisement

ਬਸ਼ੀਰ ਮੁਹੰਮਦ ਤੇ ਚੂਹੜਖਾਨ ਹੰਢੇ ਹੋਏ ਤਜਰਬੇਕਾਰ ਤੇ ਪ੍ਰਤਿਭਾਵਾਨ ਕਲਾਕਾਰ ਸਨ। ਸਾਲਾਂ ਬੱਧੀ ਮਿਹਨਤ ਕੀਤੀ ਹੋਣ ਕਾਰਨ ਦੋਵਾਂ ਨੇ ਗੁਰਤੇਜ ਨੂੰ ਅਖਾੜਿਆਂ ਵਿੱਚ ਭਰਪੂਰ ਸਹਿਯੋਗ ਦੇ ਕੇ ਉਸ ਦੇ ਹੌਸਲੇ ਨੂੰ ਬੁਲੰਦ ਕੀਤਾ। ਇਸ ਜਥੇ ਨੇ ਚਿਰਾਗਦੀਨ ਦੀਆਂ ਕੀਤੀਆਂ ਪੈੜਾਂ ਨੂੰ ਹੋਰ ਡੂੰਘੀਆਂ ਕੀਤਾ। ਜਰਗ, ਛਪਾਰ ਜਿਹੇ ਲੋਕ ਮੇਲਿਆਂ ਤੋਂ ਇਲਾਵਾ ਇਹ ਕਪਾਲ ਮੋਚਨ ਤੇ ਪਹੋਏ ਵਰਗੇ ਧਾਰਮਿਕ ਮੇਲਿਆਂ ਵਿੱਚ ਵੀ ਹਾਜ਼ਰੀ ਭਰਦੇ ਸਨ ਅਤੇ ਆਪਣੇ ਪੱਕੇ ਸਰੋਤਿਆਂ ਦਾ ਜੀਅ ਰਾਜ਼ੀ ਕਰਦੇ ਸਨ। ਬਹੁਤ ਸਾਰੇ ਸੰਤਾਂ ਮਹੰਤਾਂ ਦੇ ਡੇਰਿਆਂ ਅਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ’ਤੇ ਲੱਗਣ ਵਾਲੇ ਮੇਲਿਆਂ ’ਤੇ ਵੀ ਇਨ੍ਹਾਂ ਨੂੰ ਸੱਦਿਆ ਜਾਂਦਾ ਸੀ।

ਪੂਰੇ ਬਾਰਾਂ ਸਾਲ ਇਨ੍ਹਾਂ ਨੇ ਇਕੱਠਿਆਂ ਗਾਇਆ। ਇਸ ਸਮੇਂ ਦੌਰਾਨ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕਲਾ ਗ੍ਰਾਮ, ਚੰਡੀਗੜ੍ਹ ਵਿਖੇ ਕਰਵਾਏ ਕਰਾਫਟ ਮੇਲੇ ਵਿੱਚ ਇਨ੍ਹਾਂ ਨੇ ਲਗਾਤਾਰ ਪੰਜ ਦਿਨ ਆਪਣੀ ਪੇਸ਼ਕਾਰੀ ਦਿੱਤੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ 2017 ਵਿੱਚ ਕਰਵਾਏ ਲੋਕ ਸੰਗੀਤ ਮੇਲੇ ਵਿੱਚ ਵਿਸ਼ੇਸ਼ ਸੱਦੇ ’ਤੇ ਹਾਜ਼ਰੀ ਲੁਆਈ। ਅਗਸਤ 2022 ਵਿੱਚ ਚੂਹੜ ਖਾਨ ਦਾ ਇੰਤਕਾਲ ਹੋ ਗਿਆ। ਗੁਰਤੇਜ ਨੂੰ ਗਹਿਰਾ ਸਦਮਾ ਲੱਗਾ। ਕੁਝ ਸਮੇਂ ਬਾਅਦ ਦੂਸਰੇ ਜੋੜੀ ਵਾਲਿਆਂ ਨੂੰ ਨਾਲ ਲਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਅੱਜਕੱਲ੍ਹ ਫਰਵਾਲੇ (ਜਲੰਧਰ) ਵਾਲਾ ਨੌਜਵਾਨ ਜੋੜੀਵਾਦਕ ਅਜਮੇਰ ਉਸ ਦਾ ਸਾਥ ਦੇ ਰਿਹਾ ਹੈ।

ਤੂੰਬੇ ਅਲਗੋਜ਼ੇ ਵਾਲੇ ਦੂਜੇ ਗਵੰਤਰੀਆਂ ਵਾਂਗ ਇਹ ਵੀ ਹੀਰ, ਸੱਸੀ, ਸੋਹਣੀ, ਮਲਕੀ ਤੇ ਮਿਰਜ਼ੇ ਜਿਹੇ ਪ੍ਰੀਤ ਕਿੱਸੇ, ਪੂਰਨ, ਕੌਲਾਂ ਤੇ ਭਰਥਰੀ ਜਿਹੇ ਸਦਾਚਾਰਕ ਤੇ ਉਪਦੇਸ਼ਾਤਮਕ ਕਿੱਸੇ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ ਜਿਹੇ ਬੀਰ ਰਸੀ ਕਿੱਸੇ ਅਤੇ ਦਹੂਦ ਬਾਦਸ਼ਾਹ ਤੇ ਸ਼ਾਹ ਬਹਿਰਾਮ ਵਰਗੇ ਰੁਮਾਂਚਕ ਕਿੱਸੇ ਗਾਉਂਦੇ ਹਨ। ਇਨ੍ਹਾਂ ਤੋਂ ਇਲਾਵਾ ਵਿਕੋਲਿਤਰੀਆਂ ਰਚਨਾਵਾਂ ਵੀ ਗਾਉਂਦੇ ਹਨ, ਜਿਨ੍ਹਾਂ ਨੂੰ ਇਹ ‘ਰੰਗ’ ਆਖਦੇ ਹਨ। ਇਹ ਕਿੱਸੇ ਅਲੱਗ ਅਲੱਗ ਸ਼ਾਇਰਾਂ ਦੇ ਰਚੇ ਹੋਏ ਹਨ ਜੋ ਪੀੜ੍ਹੀ ਦਰ ਪੀੜ੍ਹੀ ਸੀਨਾ ਬਸੀਨਾ ਇਨ੍ਹਾਂ ਤੱਕ ਪਹੁੰਚੇ ਹਨ। ਅੱਜਕੱਲ੍ਹ ਦੇ ਗਾਇਕਾਂ ਵਾਂਗ ਇਹ ਕਾਪੀਆਂ ਦੇਖ ਕੇ ਨਹੀਂ ਗਾਉਂਦੇ, ਸਗੋਂ ਇਹ ਸਭ ‘ਗੌਣ’ ਇਨ੍ਹਾਂ ਦੇ ਜੁਬਾਨੀ ਯਾਦ ਹੈ। ਗੁਰਤੇਜ ਦਾ ਵਿਖਿਆਨ ਢੰਗ ਬਹੁਤ ਪ੍ਰਭਾਵਸ਼ਾਲੀ ਹੈ। ਉਹ ਸਰੋਤਿਆਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਣ ਦੇ ਸਮਰੱਥ ਹੈ।

ਉਨ੍ਹਾਂ ਵੱਲੋਂ ਗਾਇਆ ਜਾਂਦਾ ਨਿਮਨ ਲਿਖਤ ‘ਰੰਗ’ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ;

ਤੈਨੂੰ ਯਾਰ ਗਵਾਚੇ ਨਹੀਂ ਲੱਭਣੇ

ਨਾ ਰਾਹ ਵਿੱਚ ’ਵਾਜ਼ਾਂ ਮਾਰ ਕੁੜੇ।

ਜਦ ਸੱਜਣ ਕੋਲੋਂ ਤੁਰ ਜਾਂਦੇ

ਨਹੀਂ ਆਉਂਦੇ ਦੂਜੀ ਵਾਰ ਕੁੜੇ।

ਤੂੰ ਕੁੜੀਏ ਅੱਖੀਆਂ ਲਾ ਬੈਠੀ

ਕਿਉਂ ਆਪਣੀ ਹੋਸ਼ ਭੁਲਾ ਬੈਠੀ

ਐਵੇਂ ਜਾਨ ਦੁੱਖਾਂ ਵਿੱਚ ਪਾ ਬੈਠੀ।

ਇਹ ਲੰਮੀਆਂ ਵਾਟਾਂ ਦੂਰ ਦੀਆਂ

ਅੱਗੇ ਉੱਡਦੀ ਧੁੰਦ ਗੁਬਾਰ ਕੁੜੇ

ਤੈਨੂੰ ਯਾਰ ਗਵਾਚੇ ਨਹੀਂ ਲੱਭਣੇ।

ਜੇ ਮਗਰ ਮਾਹੀ ਦੇ ਜਾਵੇਂਗੀ

ਐਵੇਂ ਰੁਲ ਕੇ ਜਾਨ ਗੁਆਵੇਂਗੀ

ਐਵੇਂ ਜਾਨ ਦੁੱਖਾਂ ਵਿੱਚ ਪਾਵੇਂਗੀ।

ਇਹ ਔਖੀਆਂ ਰਾਹਵਾਂ ਇਸ਼ਕ ਦੀਆਂ

ਜਾਹ ਪੁੱਛ ਲੈ ਮਿਸਰ ਬਜ਼ਾਰ ਕੁੜੇ।

ਤੈਨੂੰ ਯਾਰ ਗਵਾਚੇ ਨਹੀਂ ਲੱਭਣੇ।

ਜਿਹਨੇ ਇਸ਼ਕ ਦਾ ਪੱਲਾ ਫੜਿਆ ਨੀਂ

ਉਹ ਮਰਨੋਂ ਮੂਲ ਨਾ ਡਰਿਆ ਨੀਂ

ਕੋਈ ਵਿੱਚ ਦਰਿਆ ਦੇ ਹੜ੍ਹਿਆ ਨੀਂ

ਕੋਈ ਹੱਸ ਕੇ ਸੂਲੀ ਚੜ੍ਹਿਆ ਨੀਂ।

ਅਹਿਨਲ ਹੱਕ ਪੁਕਾਰ ਕੁੜੇ

ਤੈਨੂੰ ਯਾਰ ਗਵਾਚੇ ਨਹੀਂ ਲੱਭਣੇ

ਨਾ ਰਾਹ ਵਿੱਚ ’ਵਾਜ਼ਾਂ ਮਾਰ ਕੁੜੇ।

ਗੁਰਤੇਜ ਤੋਂ ਭਵਿੱਖ ਵਿੱਚ ਬਹੁਤ ਆਸਾਂ ਹਨ। ਉਹ ਇਸ ਗਾਇਨ ਪਰੰਪਰਾ ਦੇ ਘੇਰੇ ਨੂੰ ਹੋਰ ਵਿਸ਼ਾਲ ਕਰੇ ਅਤੇ ਹੋਰ ਨੌਜਵਾਨ ਗਾਇਕਾਂ ਨੂੰ ਵੀ ਇਸ ਗਾਇਕੀ ਨਾਲ ਜੁੜਨ ਦੀ ਪ੍ਰੇਰਨਾ ਮਿਲੇ।

ਸੰਪਰਕ: 84271-00341

Advertisement
×