DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਦਾਬਹਾਰ ਗੀਤਾਂ ਦਾ ਸਿਰਜਕ ਗੁਲਜ਼ਾਰ

ਸੁਖਮਿੰਦਰ ਸੇਖੋਂ ਦੇਖਣ ਨੂੰ ਸਾਧਾਰਨ ਜਾਪਦਾ, ਪਰ ਤੀਖਣ ਬੁੱਧੀ ਦਾ ਮਾਲਕ ਗੀਤਕਾਰ ਤੇ ਫਿਲਮਸਾਜ਼ ਗੁਲਜ਼ਾਰ ਦੇਸ਼ ਵੰਡ ਤੋਂ ਬਾਅਦ ਭਾਰਤ ਆ ਗਿਆ, ਫਿਰ ਦਿੱਲੀ ਤੋਂ ਬੰਬਈ। ਕਵਿਤਾਵਾਂ, ਕਹਾਣੀਆਂ ਲਿਖੀਆਂ, ਪਰ ਇਹ ਕੋਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਸੀ, ਪਰ ਉਸ...

  • fb
  • twitter
  • whatsapp
  • whatsapp
Advertisement

ਸੁਖਮਿੰਦਰ ਸੇਖੋਂ

ਦੇਖਣ ਨੂੰ ਸਾਧਾਰਨ ਜਾਪਦਾ, ਪਰ ਤੀਖਣ ਬੁੱਧੀ ਦਾ ਮਾਲਕ ਗੀਤਕਾਰ ਤੇ ਫਿਲਮਸਾਜ਼ ਗੁਲਜ਼ਾਰ ਦੇਸ਼ ਵੰਡ ਤੋਂ ਬਾਅਦ ਭਾਰਤ ਆ ਗਿਆ, ਫਿਰ ਦਿੱਲੀ ਤੋਂ ਬੰਬਈ। ਕਵਿਤਾਵਾਂ, ਕਹਾਣੀਆਂ ਲਿਖੀਆਂ, ਪਰ ਇਹ ਕੋਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਸੀ, ਪਰ ਉਸ ਨੂੰ ਪਤਾ ਸੀ ਕਿ ਉਸ ਨੇ ਕਿਹੜੇ ਰਾਹ ਤੁਰਨਾ ਹੈ ਤੇ ਉਸ ਦੀ ਮੰਜ਼ਿਲ ਕਿੱਥੇ ਹੈ? ਫਿਲਮਾਂ ਵਿੱਚ ਕਿਸਮਤ ਅਜ਼ਮਾਉਣ ਲਈ ਗੀਤ ਲਿਖੇ, ਪਰ ਜਦੋਂ ਵੀ ਉਹ ਆਪਣੇ ਮਨਭਾਉਂਦੇ ਫਿਲਮਸਾਜ਼ ਬਿਮਲ ਰਾਏ ਕੋਲ ਉਸ ਦੇ ਦਫ਼ਤਰ ਆਪਣੇ ਗੀਤਾਂ ਦੀ ਡਾਇਰੀ ਲੈ ਕੇ ਪਹੁੰਚਦਾ ਤਾਂ ਉਹ ਉਸ ਦੇ ਗੀਤ ਸੁਣਨ ਲਈ ਤਿਆਰ ਨਾ ਹੁੰਦੇ, ਪਰ ਗੁਲਜ਼ਾਰ ਸੀ ਕਿ ਹਿੰਮਤ ਨਹੀਂ ਸੀ ਹਾਰਨਾ ਚਾਹੁੰਦਾ।

ਰਿਸ਼ੀਕੇਸ਼ ਮੁਖਰਜੀ ਉਦੋਂ ਬਿਮਲ ਰਾਏ ਦੇ ਸਹਾਇਕ ਸਨ। ਉਨ੍ਹਾਂ ਇੱਕ ਦਿਨ ਬਿਮਲ ਰਾਏ ਨੂੰ ਕਹਿ ਹੀ ਦਿੱਤਾ, ‘‘ਦਾਦਾ, ਯੇ ਲੜਕਾ ਆਪਕੇ ਯਹਾਂ ਰੋਜ਼ ਆਤਾ ਹੈ ਇਸੇ ਵੀ ਸੁਨ ਲੀਜੀਏ।’ ਬਿਮਲ ਆਪਣੇ ਸਹਾਇਕ ਦੀ ਬਹੁਤ ਮੰਨਦੇ ਸਨ, ਇਸ ਲਈ ਉਹ ਗੁਲਜ਼ਾਰ ਦੇ ਗੀਤ ਸੁਣਨ ਲਈ ਰਾਜ਼ੀ ਹੋ ਗਏ। ਅਤੇ ਜਦੋਂ ਉਨ੍ਹਾਂ ਗੁਲਜ਼ਾਰ ਦਾ ਇੱਕ ਗੀਤ ਸੁਣਿਆ ਤਾਂ ਇਕਦਮ ਕਹਿ ਉੱਠੇ, ‘ਇਸੇ ‘ਬੰਦਿਨੀ’ ਕੇ ਲੀਏ ਰੱਖ ਲੋ।’ ਅਤੇ ਇਸ ਤਰ੍ਹਾਂ ਗੁਲਜ਼ਾਰ ਦਾ ਫਿਲਮਾਂ ਵਿੱਚ ਪ੍ਰਵੇਸ਼ ਹੋ ਗਿਆ। ਲਤਾ ਮੰਗੇਸ਼ਕਰ ਦਾ ਗਾਇਆ ‘ਬੰਦਿਨੀ’ ਫਿਲਮ ਦਾ ਇਹ ਗੀਤ ਇੰਨਾ ਮਕਬੂਲ ਹੋਇਆ ਕਿ ਅੱਜ ਵੀ ਗੀਤ ਪ੍ਰੇਮੀਆਂ ਦੀ ਜ਼ੁਬਾਨ ’ਤੇ ਸਹਿਜੇ ਹੀ ਆ ਜਾਂਦਾ ਹੈ- ‘ਮੇਰਾ ਗੋਰਾ ਅੰਗ ਲਈ ਲੇ, ਮੋਹੇ ਸ਼ਾਮ ਰੰਗ ਦੇਈਦੇ।’ ਇਸ ਉਪਰੰਤ ਉਹ ਇਨ੍ਹਾਂ ਹਸਤੀਆਂ ਨਾਲ ਸਹਾਇਕ ਵਜੋਂ ਕੰਮ ਕਰਦਾ ਰਿਹਾ ਅਤੇ ਫਿਲਮਸਾਜ਼ੀ ਦੀਆਂ ਬਾਰੀਕੀਆਂ ਦੀ ਸਮਝ ਆਈ। ਫਿਰ ਹੌਲੀ ਹੌਲੀ ਗੁਲਜ਼ਾਰ ਨੂੰ ਫਿਲਮੀ ਦੁਨੀਆ ਦੀ ਵੀ ਸਮਝ ਆਉਂਦੀ ਗਈ ਤੇ ਮੀਨਾ ਕੁਮਾਰੀ ਨੂੰ ਮੁੱਖ ਭੂਮਿਕਾ ਵਿੱਚ ਲਿਆ, ਫਿਲਮ ਸੀ ‘ਮੇਰੇ ਅਪਨੇ’। ਇਸ ਫਿਲਮ ਵਿੱਚ ਸੰਘਰਸ਼ਸ਼ੀਲ ਵਿਨੋਦ ਖੰਨਾ ਤੇ ਸ਼ਤਰੂਘਨ ਸਿਨਹਾ ਨੂੰ ਵੀ ਮੌਕਾ ਪ੍ਰਦਾਨ ਹੋਇਆ ਤੇ ਅਨੇਕਾਂ ਹੋਰ ਰੰਗਮੰਚੀ ਅਦਾਕਾਰਾਂ ਨੂੰ ਵੀ। ਆਪਣੇ ਟਾਈਟਲ ਨੂੰ ਕਹਾਣੀ ਰਾਹੀਂ ਦਰਸਾਉਂਦੀ ਇਸ ਫਿਲਮ ਵਿੱਚ ਮੀਨਾ ਦਾ ਕਿਰਦਾਰ ਯਾਦਗਾਰੀ ਹੋ ਨਿੱਬੜਿਆ ਅਤੇ ਨਵੇਂ ਐਕਟਰਾਂ ਦੇ ਰਸਤੇ ਵੀ ਮੋਕਲੇ ਹੋ ਗਏ।

Advertisement

18 ਅਗਸਤ 1936 ਨੂੰ ਪੱਛਮੀ ਪੰਜਾਬ ਦੇ ਜੇਹਲਮ ਇਲਾਕੇ ਵਿੱਚ ਪੈਦਾ ਹੋਏ ਗੁਲਜ਼ਾਰ ਨੇ ਫਿਲਮ ‘ਪਰਿਚਯ’ ਵਿੱਚ ਆਪਣੀ ਕਲਾਤਮਕਤਾ ਦਾ ਇੱਕ ਪਰਿਚੈ ਦਿੱਤਾ ਤੇ ਸੰਜੀਵ ਕੁਮਾਰ ਤੇ ਜਯਾ ਭਾਦੁੜੀ ਨੂੰ ਬਾਖੂਬੀ ਪੇਸ਼ ਕੀਤਾ ਅਤੇ ਚਾਕਲੇਟੀ ਹੀਰੋ ਜਤਿੰਦਰ ਨੂੰ ਵੀ ਆਪਣੀ ਅਦਾਕਾਰੀ ਦਿਖਾਉਣ ਦਾ ਮੌਕਾ ਮਲਿਆ। ਇਸ ਫਿਲਮ ਨਾਲ ਗੁਲਜ਼ਾਰ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਨਿਰਦੇਸ਼ਕ ਸੂਝਵਾਨ ਹੋਵੇ ਤਾਂ ਕਿਸੇ ਚੁਲਬਲੇ ਹੀਰੋ ਨੂੰ ਵੀ ਐਕਟਰ ਬਣਾਇਆ ਜਾ ਸਕਦਾ ਹੈ। ਫਿਰ ਇੱਕ ਹੋਰ ਕੋਸ਼ਿਸ਼ ਕਰਦਿਆਂ ਇਸ ਫਿਲਮਸਾਜ਼ ਨੇ ਸੰਜੀਵ ਕੁਮਾਰ ਤੇ ਜਯਾ ਭਾਦੁੜੀ ਨੂੰ ਗੂੰਗੇ, ਬਹਿਰੇ ਦੇ ਰੂਪ ਵਿੱਚ ਪੇਸ਼ ਕਰਦਿਆਂ ਆਪਣੀ ਕੋਸ਼ਿਸ਼ ਨੂੰ ਸਫਲ ਬਣਾਇਆ। ਬੱਚਿਆਂ ਲਈ ਵੀ ‘ਕਿਤਾਬ’ ਨਾਂ ਦੀ ਖੂਬਸੂਰਤ ਫਿਲਮ ਪੇਸ਼ ਕੀਤੀ। ਜਤਿੰਦਰ ਤੇ ਹੇਮਾ ਮਾਲਿਨੀ ਨੂੰ ਲੈ ਕੇ ‘ਕਿਨਾਰਾ’ ਬਣਾਈ ਜਿਸ ਵਿੱਚ ਧਰਮਿੰਦਰ ਨੂੰ ਵੀ ਵਿਸ਼ੇਸ਼ ਭੂਮਿਕਾ ਵਿੱਚ ਲੈਂਦਿਆਂ ਚੰਗੀ ਅਦਾਕਾਰੀ ਕਰਵਾਈ। ਉਹ ਧਰਮਿੰਦਰ, ਸ਼ਰਮੀਲਾ ਤੇ ਸੁਚਿੱਤਰਾ ਸੈਨ ਨੂੰ ਲੈ ਕੇ ‘ਦੇਵਦਾਸ’ ਦਾ ਨਿਰਮਾਣ ਕਰਨ ਦਾ ਇਛੁੱਕ ਵੀ ਸੀ, ਪਰ ਕਿਸੇ ਕਾਰਨਾਂ ਕਰਕੇ ਉਸ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ। ਇੱਕ ਸਾਧਾਰਨ ਦਿੱਖ ਵਾਲੇ ਠੀਕ ਠਾਕ ਅਦਾਕਾਰ ਸੁਨੀਲ ਸ਼ੈਟੀ ਤੋਂ ਉਸ ਨੇ ਕਬੱਡੀ ਨਾਲ ਸਬੰੰਧਤ ਇੱਕ ਫਿਲਮ ਵਿੱਚ ਚੰਗਾ ਕੰਮ ਲਿਆ, ਜਿਸ ਵਿੱਚ ਅਭਿਨੇਤਰੀ ਤੱਬੂ ਨਵੇਂ ਅੰਦਾਜ਼ ਵਿੱਚ ਸੀ। ਸੰਜੀਵ-ਸੁਚਿੱਤਰਾ ਦੀ ‘ਆਂਧੀ’ ਨੇ ਤਾਂ ਰਾਜਨੀਤਿਕ ਗਲਿਆਰਿਆਂ ਵਿੱਚ ਵੀ ਹਲਚਲ ਮਚਾ ਦਿੱਤੀ ਕਿਉਂਕਿ ਸੁਚਿੱਤਰਾ ਸੈਨ ਇਸ ਵਿੱਚ ਇੰਦਰਾ ਗਾਂਧੀ ਦੇ ਸੰਕੇਤਕ ਰੂਪ ਵਿੱਚ ਸੀ।

Advertisement

‘ਮੌਸਮ’ ਗੁਲਜ਼ਾਰ ਦੀ ਇੱਕ ਹੋਰ ਸੁੰਦਰ ਫਿਲਮ ਸੀ, ਜਿਸ ਨੇ ਫਿਲਮਾਂ ਵਿੱਚ ਆਈ ਖੜੋਤ ਨੂੰ ਤੋੋੜਨ ਦੀ ਕੋਸ਼ਿਸ਼ ਕੀਤੀ। ਸ਼ਰਮੀਲਾ ਟੈਗੋਰ ਇਸ ਵਿੱਚ ਇੱਕ ਮਾਂ ਤੇ ਫਿਰ ਇੱਕ ਬੇਟੀ ਸੀ, ਜਿਸ ਨੂੰ ਸੰਜੀਵ ਵੇਸਾਵਾਗਿਰੀ ਦੇ ਧੰਦੇ ਦੀ ਦਲਦਲ ਵਿੱਚੋਂ ਕੱਢ ਕੇ ਸਭਿਆ ਸਮਾਜ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਪੰਜਾਬ ਦੇ ਹਾਲਾਤ ਤੇ ਖਾਸ ਕਰਕੇ ਅਤਿਵਾਦੀਆਂ ਤੇ ਪੁਲੀਸ ਦੇ ਕਿਰਦਾਰ ਨੂੰ ਲੈ ਕੇ ਬਣਾਈ ਫਿਲਮ ‘ਮਾਚਿਸ’ ਵੀ ਅਹਿਮ ਸਥਾਨ ਰੱਖਦੀ ਹੈ। ਗੁਲਜ਼ਾਰ ਇਸ ਫਿਲਮ ਦਾ ਜ਼ਿਕਰ ਛਿੜਦਿਆਂ ਹੀ ਭਾਵੁਕ ਹੋ ਜਾਂਦਾ ਹੈ। ਦਰਅਸਲ ਜਿਸ ਸ਼ਖ਼ਸ ਨੇ 1947 ਦੀ ਦੇਸ਼ ਵੰਡ ਦਾ ਸੰਤਾਪ ਹੰਢਾਇਆ ਹੋਵੇ, ਉਸ ਨੂੰ ਹੀ ਪੰਜਾਬੀਆਂ ਦੀ ਪੀੜਾ ਦਾ ਅਹਿਸਾਸ ਹੋ ਸਕਦਾ ਹੈ।

ਗੁਲਜ਼ਾਰ ਇੱਕ ਸੰਵੇਦਨਸ਼ੀਲ ਫਿਲਮਸਾਜ਼ ਹੀ ਨਹੀਂ, ਬਲਕਿ ਉੱਚਕੋਟੀ ਦਾ ਗੀਤਕਾਰ ਤੇ ਸ਼ਾਇਰ ਵੀ ਹੈ ਜਿਸ ਦੀ ਸੰਭਾਵਨਾ ਦੇ ਬੀਜ ਉਸ ਦੇ ਪਹਿਲੇ ਹੀ ਗੀਤ (ਬੰਦਿਨੀ) ਵਿੱਚ ਮੌਜੂਦ ਸਨ। ਦੋ ਤਿੰਨ ਵਾਰ ਗੁਲਜ਼ਾਰ ਨਾਲ ਮਿਲਣਾ ਹੋਇਆ ਤਾਂ ਉਸ ਨੇ ਦੱਸਿਆ ਕਿ ਫਿਲਮਾਂ ਬਣਾਉਣਾ ਉਸ ਦਾ ਇਸ਼ਕ ਹੈ ਤੇ ਰੋਜ਼ੀ ਰੋਟੀ ਦਾ ਸਾਧਨ ਵੀ, ਪਰ ਸਾਹਿਤ ਲਈ ਉਸ ਨੇ ਬਹੁਤ ਕਵਿਤਾਵਾਂ ਤੇ ਕਹਾਣੀਆਂ ਲਿਖੀਆਂ। ਜਿਸ ਦੀ ਮਿਸਾਲ ਜਗਜੀਤ ਵੱਲੋਂ ਉਸ ਦੀਆਂ ਗਾਈਆਂ ਕਾਵਿ ਰਚਨਾਵਾਂ ਤੋਂ ਮਿਲਦੀ ਹੈ। ਮੁੰਬਈ ਵਿੱਚ ਜਦੋਂ ਅਸੀਂ ਚਾਰ ਕੁ ਦਹਾਕੇ ਪਹਿਲਾਂ, ਪਹਿਲੀ ਵਾਰ ਉਸ ਨੂੰ ਉਸ ਦੇ ਪਾਲੀ ਹਿਲ ਵਾਲੇ ਦਫ਼ਤਰ ਵਿੱਚ ਮਿਲੇ ਤਾਂ ਮੇਰੀ ਪਹਿਲੀ ਨਜ਼ਰ ਹੀ ਉਸ ਦੀ ਕੁਰਸੀ ਦੇ ਪਿੱਛੇ ਦੀਵਾਰ ’ਤੇ ਟੰਗੀ ਮੀਨਾ ਕੁਮਾਰੀ ਦੀ ਵੱਡ ਆਕਾਰੀ ਤਸਵੀਰ ’ਤੇ ਪਈ ਸੀ, ਅੱਖਾਂ ਵਿੱਚੋਂ ਨੀਰ ਉਤਰਕੇ ਗੋਰੀਆਂ ਗੱਲ੍ਹਾਂ ’ਤੇ ਮੋਤੀਆਂ ਵਾਂਗ ਟਪਕ ਰਹੇ ਸਨ। ਖੂਬਸੂਰਤ, ਪਰ ਗੰਭੀਰ ਤੇ ਉਦਾਸ ਚਿਹਰਾ। ਮੀਨਾ ਖੁਦ ਸ਼ਾਇਰਾ ਬਣਨ ਦੇ ਰਸਤੇ ਪੈ ਚੁੱਕੀ ਸੀ। ਗੁਲਜ਼ਾਰ ਨੇ ਉਸ ਦਾ ਹੁਸਨ ਵੀ ਕਬੂਲ ਕੀਤਾ ਤੇ ਦਰਦ ਵੀ। ਗਾਇਕ ਭੁਪਿੰਦਰ ਦੀ ਪ੍ਰਤਿਭਾ ਪਛਾਣਨ ਵਾਲੇ ਇਸ ਪਾਰਖੂ ਗੀਤਕਾਰ ਨੂੰ ਆਪਣੇ ਭੂਪੀ ’ਤੇ ਹਮੇਸ਼ਾਂ ਰਸ਼ਕ ਰਿਹਾ ਹੈ। ਗੁਲਜ਼ਾਰ ਨੂੰ ਲਗਭਗ ਆਪਣੀਆਂ ਸਾਰੀਆਂ ਹੀ ਕਾਵਿ ਰਚਨਾਵਾਂ ਪਸੰਦ ਹਨ ਤੇ ਪੁਸਤਕਾਂ ਨੂੰ ਪੜ੍ਹ ਕੇ ਮਾਣਨ ਦਾ ਅੱਜ ਵੀ ਉਹ ਮੁਦਈ ਹੈ। ਉਸ ਨੂੰ ਆਪਣੇ ਗੀਤਾਂ ਵਿੱਚੋਂ ਜਿਹੜੇ ਵਧੇਰੇ ਪਸੰਦ ਹਨ-ਬੀਤੀ ਨਾ ਬਿਤਾਈ ਰੈਣਾ ਬਿਰਹਾ ਕੀ ਜਾਈ ਰੈਣਾ (ਪਰਿਚਯ), ਤੁਮ ਆ ਗਏ ਹੋ ਤੋ ਨੂਰ ਆ ਗਿਆ ਹੈ (ਆਂਧੀ), ਹਮਨੇ ਦੇਖੀ ਹੈ ਉਨ ਆਖੋਂ ਕੀ ਮਹਿਕਤੀ ਖੁਸ਼ਬੂ (ਖਾਮੋਸ਼ੀ), ਰੁਕੇ ਰੁਕੇ ਸੇ ਕਦਮ ਰੁਕ ਕੇ ਵਾਰ ਵਾਰ ਚਲੇ (ਮੌਸਮ), ਮੇਰਾ ਕੁਛ ਸਾਮਾਂ ਖੋ ਗਿਆ ਹੈ ਮੇਰਾ ਸਾਮਾਂ ਮੁਝੇ ਲੋਟਾ ਦੋ।

ਇਸ ਤੋਂ ਇਲਾਵਾ ਉਸ ਨੇ ਬੱਚਿਆਂ ਲਈ ਵੀ ਗੀਤ ਲਿਖੇ ਜੋ ਬਾਲ ਅਵਸਥਾ ਦੇ ਹਾਣ ਦੇ ਹਨ। ਮਸਲਨ-ਫਿਲਮ ‘ਕਿਤਾਬ’ ਤੇ ਫਿਲਮ ‘ਮਾਸੂਮ’ ਲਈ ‘ਲੱਕੜੀ ਕੀ ਕਾਠੀ, ਕਾਠੀ ਪੇ ਘੋੜਾ’, ਜਾਂ ਫਿਰ ‘ਜੰਗਲ ਬੁੱਕ’ ਲੜੀਵਾਰ ਦਾ ‘ਜੰਗਲ ਜੰਗਲ ਬਾਤ ਚਲੀ ਹੈ, ਪਤਾ ਚਲਾ ਹੈ।’ ਇਨ੍ਹਾਂ ਗੀਤਾਂ ਨੂੰ ਲਤਾ, ਰਫੀ, ਆਸ਼ਾ, ਭੁਪਿੰਦਰ ਵੱਲੋਂ ਆਵਾਜ਼ਾਂ ਦਿੱਤੀਆਂ ਗਈਆਂ ਤੇ ਇਹ ਗੀਤ ਅਮਰ ਹੋ ਗਏ। ਗੁਲਜ਼ਾਰ ਨੇ ਇੱਕ ਟੀਵੀ ਸੀਰੀਅਲ ਦੀ ਸਕ੍ਰਿਪਟ ਵੀ ਲਿਖੀ ਤੇ ਨਿਰਦੇਸ਼ਨ ਵੀ ਕੀਤਾ। ਲੜੀਵਾਰ ਸੀ ‘ਮਿਰਜ਼ਾ ਗਾਲਬਿ’। ਇਸ ਵਿੱਚ ਨਸੀਰੂਦੀਨ ਸ਼ਾਹ ਨੇ ਮਿਰਜ਼ਾ ਗਾਲਬਿ ਦਾ ਕਿਰਦਾਰ ਨਿਭਾ ਕੇ ਉਸ ਨੂੰ ਜੀਵਿਤ ਕਰ ਦਿੱਤਾ। ਇਸ ਸੰਵੇਦਨਸ਼ੀਲ ਕਵੀ, ਗੀਤਕਾਰ ਤੇ ਫਿਲਮਸਾਜ਼ ਦੀ ਫਿਲਮ ਇੰਡਸਟਰੀ ਹੀ ਨਹੀਂ, ਦਰਸ਼ਕ ਵੀ ਹਮੇਸ਼ਾਂ ਦੇੇੇਣਦਾਰ ਰਹਿਣਗੇ। ਉਮਰ ਦਾ ਤਕਾਜ਼ਾ ਹੈ ਕਿ ਹੁਣ ਉਹ ਫਿਲਮਾਂ ਦਾ ਨਿਰਮਾਣ ਕਰਨ ਦੇ ਜ਼ਿਆਦਾ ਸਮਰੱਥ ਨਹੀਂ ਰਿਹਾ, ਪਰ ਉਸ ਦੀ ਕਲਮ ਹਾਲੇ ਵੀ ਸਾਹਿਤਕ ਅੰਦਾਜ਼ ਵਿੱਚ ਆਪਣਾ ਕਮਾਲ ਦਿਖਾ ਰਹੀ ਹੈ।

ਸੰਪਰਕ: 98145-07693

Advertisement
×