ਦਾਦੀ ਜੀ
ਬਾਲ ਕਹਾਣੀ ਸਕੂਲ ਵਿੱਚ ਛਿਮਾਹੀ ਪ੍ਰੀਖਿਆ ਚੱਲ ਰਹੀ ਸੀ। ਹਰ ਰੋਜ਼ ਵਾਂਗ ਜਪਨੀਤ ਜਦੋਂ ਪੇਪਰ ਦੇ ਕੇ ਵਾਪਸ ਘਰ ਆਈ ਤਾਂ ਆਪਣੀ ਸਕੂਲ ਕਿੱਟ ਥਾਂ ਸਿਰ ਰੱਖ ਕੇ ਰਸੋਈ ਵਿੱਚ ਪਾਣੀ ਪੀਣ ਚਲੇ ਗਈ। ਉਸ ਵੇਲੇ ਉਸ ਦੇ ਦਾਦੀ ਜੀ...
ਬਾਲ ਕਹਾਣੀ
ਸਕੂਲ ਵਿੱਚ ਛਿਮਾਹੀ ਪ੍ਰੀਖਿਆ ਚੱਲ ਰਹੀ ਸੀ। ਹਰ ਰੋਜ਼ ਵਾਂਗ ਜਪਨੀਤ ਜਦੋਂ ਪੇਪਰ ਦੇ ਕੇ ਵਾਪਸ ਘਰ ਆਈ ਤਾਂ ਆਪਣੀ ਸਕੂਲ ਕਿੱਟ ਥਾਂ ਸਿਰ ਰੱਖ ਕੇ ਰਸੋਈ ਵਿੱਚ ਪਾਣੀ ਪੀਣ ਚਲੇ ਗਈ। ਉਸ ਵੇਲੇ ਉਸ ਦੇ ਦਾਦੀ ਜੀ ਰਸੋਈ ਦੇ ਬਾਹਰ ਬੈਠੇ ਰਾਤ ਨੂੰ ਰਿੰਨ੍ਹੇ ਜਾਣ ਵਾਲੀ ਦਾਲ ਵਿੱਚੋਂ ਕੋਕੜੂ ਚੁਗ ਰਹੇ ਸਨ। ਜਦੋਂ ਜਪਨੀਤ ਪਾਣੀ ਪੀ ਰਸੋਈ ਵਿੱਚੋਂ ਬਾਹਰ ਆਈ ਤਾਂ ਉਸ ਦੇ ਮੂੰਹ ਵੱਲ ਵੇਖਦਿਆਂ ਉਸ ਦੇ ਦਾਦੀ ਜੀ ਉਸ ਨੂੰ ਪੁੱਛਣ ਲੱਗੇ;
‘‘ਕੀ ਹੋਇਆ ਮੇਰੀ ਲਾਡੋ! ਮੂੰਹ ਕਿਉਂ ਇਵੇਂ ਦਾ ਬਣਾਇਆ? ਲੱਗਦਾ ਅੱਜ ਵਾਲਾ ਪਰਚਾ ਠੀਕ ਨਹੀਂ ਹੋਇਆ।’’
‘‘ਨਹੀਂ ਦਾਦੀ ਜੀ! ਠੀਕ ਹੋ ਗਿਆ, ਦੋ ਕੁ ਪ੍ਰਸ਼ਨ ਬਾਹਰੋਂ ਆਏ ਸਨ।’’ ਝਿਜਕਦਿਆਂ ਜਪਨੀਤ ਨੇ ਆਪਣੇ ਪੇਪਰ ਦੇ ਠੀਕ ਹੋਣ ਬਾਰੇ ਆਖ ਤਾਂ ਦਿੱਤਾ, ਪ੍ਰੰਤੂ ਉਸ ਦਾ ਪੇਪਰ ਸੱਚਮੁੱਚ ਉਸ ਦੀ ਆਸ ਅਨੁਸਾਰ ਨਹੀਂ ਸੀ ਹੋਇਆ। ਉਹ ਹੈਰਾਨ ਸੀ ਕਿ ਉਸ ਦੇ ਦਾਦੀ ਜੀ ਉਸ ਦੇ ਚਿਹਰੇ ਤੋਂ ਉਸ ਦੇ ਪੇਪਰਾਂ ਬਾਰੇ ਕਿਵੇਂ ਅੰਦਾਜ਼ਾ ਲਗਾ ਲੈਂਦੇ ਹਨ। ਕੱਲ੍ਹ ਉਸ ਦਾ ਪੇਪਰ ਬਹੁਤ ਵਧੀਆ ਹੋਇਆ ਸੀ ਤੇ ਘਰ ਆ ਕੇ ਉਹ ਇਹ ਗੱਲ ਖ਼ੁਦ ਬੋਲ ਕੇ ਦੱਸਦੀ, ਇਹ ਵੀ ਉਸ ਦੇ ਦਾਦੀ ਜੀ ਨੇ ਪਹਿਲਾਂ ਹੀ ਬੁੱਝ ਲਿਆ ਸੀ। ਉਸ ਦੇ ਪਾਪਾ ਵੀ ਜਦੋਂ ਕਦੇ ਆਪਣੇ ਕੰਮ-ਕਾਰ ਦੇ ਸਬੰਧ ਵਿੱਚ ਪਰੇਸ਼ਾਨ ਹੁੰਦੇ ਹਨ ਤਾਂ ਜਪਨੀਤ ਦੇ ਦਾਦੀ ਜੀ ਉਨ੍ਹਾਂ ਦੀ ਪਰੇਸ਼ਾਨੀ ਵੀ ਝੱਟ ਪਛਾਣ ਲੈਂਦੇ ਸਨ। ਆਪਣੇ ਦਾਦੀ ਜੀ ਬਾਰੇ ਇਹ ਸਭ ਸੋਚਦੀ ਜਪਨੀਤ ਆਪਣੀ ਸਕੂਲ ਵਾਲੀ ਵਰਦੀ ਬਦਲਣ ਚਲੇ ਗਈ।
ਜਦੋਂ ਉਹ ਵਰਦੀ ਬਦਲ ਕੇ ਆਈ ਤਾਂ ਉਸ ਦੀ ਮੰਮੀ ਨੇ ਉਸ ਲਈ ਰੋਟੀ ਪਰੋਸ ਦਿੱਤੀ। ਰੋਟੀ ਖਾਂਦਿਆਂ ਵੀ ਜਪਨੀਤ ਦਾ ਧਿਆਨ ਵਾਰ ਵਾਰ ਆਪਣੇ ਦਾਦੀ ਜੀ ਵੱਲ ਜਾ ਰਿਹਾ ਸੀ। ਉਹ ਮਨੋਮਨੀ ਸੋਚ ਰਹੀ ਸੀ, ‘ਦਾਦੀ ਜੀ ਤਾਂ ਕੋਰੇ ਅਨਪੜ੍ਹ ਹਨ, ਕਿਤਾਬ ਵੀ ਪੜ੍ਹਨਾ ਨਹੀਂ ਜਾਣਦੇ, ਫਿਰ ਉਹ ਮੇਰੀ ਪੜ੍ਹਾਈ ਬਾਰੇ ਕਿਵੇਂ ਜਾਣ ਜਾਂਦੇ ਹਨ?’
ਇੱਧਰ ਉਹ ਰੋਟੀ ਖਾ ਰਹੀ ਸੀ ਤੇ ਉੱਧਰ ਬਾਹਰ ਵਿਹੜੇ ’ਚ ਬੰਨ੍ਹਿਆ ਉਨ੍ਹਾਂ ਦਾ ਪਿਆਰਾ ਸ਼ੇਰੂ ਵੱਖਰੀਆਂ ਹੀ ਆਵਾਜ਼ਾਂ ਕੱਢ, ਉੱਚੀ ਉੱਚੀ ਭੌਂਕ ਰਿਹਾ ਸੀ। ਜਪਨੀਤ ਦੀ ਮੰਮੀ ਨੇ ਬਾਹਰ ਜਾ ਉਸ ਨੂੰ ਦੋ ਕੁ ਵਾਰ ਪੁਚਕਾਰਿਆ ਵੀ, ਪਰ ਫਿਰ ਵੀ ਉਹ ਰੁਕ ਰੁਕ ਕੇ ਭੌਂਕਦਾ ਹੀ ਰਿਹਾ। ਜਿਉਂ ਹੀ ਜਪਨੀਤ ਰੋਟੀ ਖਾ ਕੇ ਹਟੀ ਤਾਂ ਉਸ ਦੇ ਦਾਦੀ ਜੀ ਉਸ ਨੂੰ ਆਖਣ ਲੱਗੇ;
‘‘ਪੁੱਤ! ਸ਼ੇਰੂ ਨੂੰ ਉਸ ਦੇ ਕੌਲੇ ’ਚ ਪਾਣੀ ਪਾ ਆ, ਲੱਗਦਾ ਉਸ ਨੂੰ ਪਿਆਸ ਲੱਗੀ ਐ।’’
‘‘ਜੀ ਅੱਛਾ ਜੀ।’’ ਆਖ ਜਪਨੀਤ ਨੇ ਪਾਣੀ ਦਾ ਗਿਲਾਸ ਭਰਿਆ ਤੇ ਬਾਹਰ ਵਿਹੜੇ ਵਿੱਚ ਬੰਨ੍ਹੇ ਸੇਰੂ ਕੋਲ ਜਾ ਪੁੱਜੀ। ਸ਼ੇਰੂ ਉਸ ਨੂੰ ਦੂਰੋਂ ਹੀ ਵੇਖ ਖੁਸ਼ੀ ’ਚ ਆਪਣੀ ਪੂਛ ਇੱਧਰ-ਉੱਧਰ ਘੁੰਮਾਉਣ ਲੱਗਾ। ਜਦੋਂ ਜਪਨੀਤ ਨੇ ਸ਼ੇਰੂ ਦਾ ਪਾਣੀ ਵਾਲਾ ਕੌਲਾ ਵੇਖਿਆ ਤਾਂ ਉਹ ਸੱਚਮੁੱਚ ਖਾਲੀ ਸੀ। ਪਾਣੀ ਪਾਉਂਦਿਆਂ ਹੀ ਉਹ ਸਾਰਾ ਪਾਣੀ ਗਟ ਗਟ ਪੀ ਗਿਆ। ਹੁਣ ਉਹ ਚੁੱਪ-ਚਾਪ ਬੜੇ ਆਰਾਮ ਨਾਲ ਬੈਠਾ ਸੀ।
‘‘ਦਾਦੀ ਜੀ ਤਾਂ ਮੇਰੇ ਨਾਲ ਨਾਲ ਸ਼ੇਰੂ ਦੇ ਮਨ ਦੀ ਵੀ ਬੁੱਝ ਲੈਂਦੇ ਹਨ।’’ ਆਪਣੇ ਦਾਦੀ ਜੀ ਬਾਰੇ ਇਹ ਸੋਚਦੀ ਜਪਨੀਤ ਹੁਣ ਪਹਿਲਾਂ ਤੋਂ ਵੀ ਵੱਧ ਹੈਰਾਨ ਸੀ। ਥੋੜ੍ਹਾ ਚਿਰ ਉਸ ਨੇ ਸ਼ੇਰੂ ਨਾਲ ਖੇਡਿਆ ਤੇ ਫਿਰ ਆਪਣੇ ਕਮਰੇ ’ਚ ਆ ਕੇ ਕੱਲ੍ਹ ਵਾਲੇ ਪੇਪਰ ਦੀ ਤਿਆਰੀ ਕਰਨ ਲੱਗੀ।
ਕੁਝ ਚਿਰ ਪਿੱਛੋਂ ਉਸ ਦੇ ਮੰਮੀ ਉਸ ਦੇ ਕਮਰੇ ਵਿੱਚ ਆਏ ਤਾਂ ਜਪਨੀਤ ਆਪਣੇ ਮਨ ਦੀ ਉਤਸੁਕਤਾ ਉਨ੍ਹਾਂ ਨਾਲ ਸਾਂਝੀ ਕਰਨ ਲੱਗੀ;
‘‘ਮੰਮੀ ਜੀ! ਇੱਕ ਗੱਲ ਪੁੱਛਾਂ? ਦਾਦੀ ਜੀ ਕਿਸੇ ਦੇ ਮਨ ਦੀ ਉਸ ਦੇ ਦੱਸਣ ਤੋਂ ਪਹਿਲਾਂ ਹੀ ਕਿਵੇਂ ਬੁੱਝ ਲੈਂਦੇ ਹਨ?’’
ਉਸ ਦੀ ਇਹ ਗੱਲ ਸੁਣ ਕੇ ਉਸ ਦੇ ਮੰਮੀ ਉਸ ਦੇ ਕੋਲ ਬੈਠ ਗਏ ਤੇ ਸੋਚਦਿਆਂ ਆਖਣ ਲੱਗੇ;
‘‘ਜਪਨੀਤ! ਇਹ ਸਿਆਣਿਆਂ ਦਾ ਤਜਰਬਾ ਹੈ, ਸਿਆਣੇ ਚਿਹਰੇ ਪੜ੍ਹਨ ਦੀ ਕਲਾ ਜਾਣਦੇ ਹਨ।’’
‘‘ਅੱਛਾ! ਪਰ ਦਾਦੀ ਜੀ ਤਾਂ ਕਿਤਾਬ ਦਾ ਇੱਕ ਅੱਖਰ ਵੀ ਨਹੀਂ ਪੜ੍ਹ ਸਕਦੇ, ਉਹ ਚਿਹਰੇ ਕਿਵੇਂ ਪੜ੍ਹ ਲੈਂਦੇ ਹਨ?’’
ਜਪਨੀਤ ਤੋਂ ਇਹ ਅਗਲਾ ਪ੍ਰਸ਼ਨ ਸੁਣ ਕੇ ਹੁਣ ਉਸ ਦੇ ਮੰਮੀ ਡੂੰਘੀ ਸੋਚ ਵਿਚਾਰ ਵਿੱਚ ਪੈ ਗਏ। ਰਤਾ ਕੁ ਚੁੱਪ ਰਹਿ ਕੇ ਉਹ ਉਸ ਦੀ ਪਿੱਠ ਥਾਪੜਦਿਆਂ ਉਸ ਨੂੰ ਸਮਝਾਉਣ ਲੱਗੇ, ‘‘ਪੁੱਤ! ਕਿਤਾਬ ’ਤੇ ਲਿਖੇ ਇਨ੍ਹਾਂ ਅੱਖਰਾਂ ਵੱਲ ਵੇਖ, ਇਹ ਵੱਖ ਵੱਖ ਰੇਖਾਵਾਂ ਦੀ ਇੱਕ ਤਰਤੀਬ ਹੀ ਤਾਂ ਹੈ ਤੇ ਅਸੀਂ ਇਨ੍ਹਾਂ ਦੀ ਇਸ ਤਰਤੀਬ ਨੂੰ ਸਿੱਖ ਕੇ ਇਹ ਅੱਖਰ ਪੜ੍ਹ ਲੈਂਦੇ ਹਾਂ। ਇਵੇਂ ਹੀ ਸਾਡੇ ਚਿਹਰੇ ਉੱਪਰ ਵੱਖ ਵੱਖ ਹਾਵ ਭਾਵ ਪ੍ਰਗਟ ਹੁੰਦੇ ਹਨ, ਜਿਹੜਾ ਇਹ ਹਾਵ ਭਾਵ ਪੜ੍ਹਨਾ ਜਾਣਦਾ ਹੈ, ਉਹ ਸਾਡੇ ਮਨ ਦੀ ਵੀ ਬੁੱਝ ਲੈਂਦਾ ਹੈ, ਸਮਝੀ।’’
‘‘ਅੱਛਾ ਜੀ! ਤਾਂ ਇਹ ਗੱਲ ਹੈ, ਫਿਰ ਤਾਂ ਮੇਰੇ ਦਾਦੀ ਜੀ ਵੀ ਪੜ੍ਹੇ ਲਿਖੇ ਹਨ। ਲੱਗਦਾ ਪੇਪਰਾਂ ਪਿੱਛੋਂ ਮੈਨੂੰ ਵੀ ਦਾਦੀ ਜੀ ਕੋਲੋਂ ਇਹ ਪੜ੍ਹਾਈ ਕਰਨੀ ਈ ਪੈਣੀ ਹੈ।’’ ਖੁਸ਼ ਹੁੰਦਿਆਂ ਜਪਨੀਤ ਨੇ ਜਦੋਂ ਇਹ ਆਖਿਆ ਤਾਂ ਉਸ ਦੇ ਨਾਲ ਨਾਲ ਉਸ ਦੇ ਮੰਮੀ ਵੀ ਖਿੜ ਖਿੜ ਹੱਸ ਪਏ।
ਸੰਪਰਕ: 98550-24495

