‘ਉੱਡਣੀ ਸੁਆਣੀ’ ਫੈਨੀ ਬਲੈਂਕਰਸ ਕੋਇਨ
ਨੀਦਰਲੈਂਡਜ਼ ਦੀ ‘ਡੱਚ ਸੁਆਣੀ’ ਫੈਨੀ ਨੇ 16 ਵਿਸ਼ਵ ਰਿਕਾਰਡ ਤੋੜੇ। ਉਹ ਅਥਲੈਟਿਕਸ ਦੇ 8 ਈਵੈਂਟ ਕਰਦੀ ਸੀ ਤੇ ਅੱਠਾਂ ਵਿੱਚ ਹੀ ਉਹਦੇ ਵਿਸ਼ਵ ਰਿਕਾਰਡ ਸਨ। ਉਹ ਇੱਕੋ ਓਲੰਪਿਕਸ ਵਿੱਚੋਂ 4 ਗੋਲਡ ਮੈਡਲ ਜਿੱਤਣ ਵਾਲੀ ਵਿਸ਼ਵ ਦੀ ਪਹਿਲੀ ਔਰਤ ਦੌੜਾਕ ਸੀ।...
ਨੀਦਰਲੈਂਡਜ਼ ਦੀ ‘ਡੱਚ ਸੁਆਣੀ’ ਫੈਨੀ ਨੇ 16 ਵਿਸ਼ਵ ਰਿਕਾਰਡ ਤੋੜੇ। ਉਹ ਅਥਲੈਟਿਕਸ ਦੇ 8 ਈਵੈਂਟ ਕਰਦੀ ਸੀ ਤੇ ਅੱਠਾਂ ਵਿੱਚ ਹੀ ਉਹਦੇ ਵਿਸ਼ਵ ਰਿਕਾਰਡ ਸਨ। ਉਹ ਇੱਕੋ ਓਲੰਪਿਕਸ ਵਿੱਚੋਂ 4 ਗੋਲਡ ਮੈਡਲ ਜਿੱਤਣ ਵਾਲੀ ਵਿਸ਼ਵ ਦੀ ਪਹਿਲੀ ਔਰਤ ਦੌੜਾਕ ਸੀ। ਇਹ ਜਲਵਾ ਉਸ ਨੇ 30 ਸਾਲਾਂ ਦੀ ਉਮਰੇ ਉਦੋਂ ਵਿਖਾਇਆ ਜਦੋਂ ਉਹ ਦੋ ਬੱਚਿਆਂ ਦੀ ਮਾਂ ਸੀ। ਪਿੱਛੋਂ ਪਤਾ ਲੱਗਾ ਸੀ ਕਿ ਓਲੰਪਿਕ ਖੇਡਾਂ ਦੌਰਾਨ ਉਹ ਗਰਭਵਤੀ ਸੀ। ਔਰਤਾਂ ਦੀ ਸਿਹਤ ਸਬੰਧੀ ਉਸ ਨੇ ਕਈ ਭਰਮ ਭੁਲੇਖੇ ਦੂਰ ਕੀਤੇ। ਉਹ 6 ਈਵੈਂਟਾਂ ’ਚ ਭਾਗ ਲੈਣਾ ਚਾਹੁੰਦੀ ਸੀ, ਪਰ ਉਦੋਂ ਦੇ ਓਲੰਪਿਕ ਨਿਯਮਾਂ ਅਨੁਸਾਰ ਔਰਤ ਅਥਲੀਟਾਂ ਨੂੰ ਵੱਧ ਤੋਂ ਵੱਧ 4 ਈਵੈਂਟਾਂ ’ਚ ਹੀ ਭਾਗ ਲੈਣ ਦੀ ਖੁੱਲ੍ਹ ਸੀ। ਜੇਕਰ 1940 ਤੇ 1944 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਨਾ ਚੜ੍ਹਦੀਆਂ ਤਾਂ ਉਸ ਦੇ ਗੋਲਡ ਮੈਡਲਾਂ ਦੀ ਗਿਣਤੀ ਦਰਜਨ ਤੋਂ ਵੀ ਵੱਧ ਹੁੰਦੀ।
ਲੰਡਨ-1948 ਦੀਆਂ ਓਲੰਪਿਕ ਖੇਡਾਂ ‘ਫੈਨੀ’ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਉੱਥੇ ਉਸ ਨੇ 4 ਗੋਲਡ ਮੈਡਲ ਜਿੱਤੇ। ਜੇ ਉਦੋਂ 6 ਈਵੈਂਟਾਂ ਵਿੱਚ ਭਾਗ ਲੈਣ ਦੀ ਖੁੱਲ੍ਹ ਹੁੰਦੀ ਤਾਂ ਉਹ 6 ਗੋਲਡ ਮੈਡਲ ਵੀ ਜਿੱਤ ਸਕਦੀ ਸੀ। ਉਹ ਔਰਤ ਦੇ ਰੂਪ ਵਿੱਚ ਅਥਲੈਟਿਕਸ ਦੀ ਸ਼ੀਹਣੀ ਸੀ। ਵਿਸ਼ਵ ਦੀ ਉਹ ਪ੍ਰਥਮ ਔਰਤ ਸੀ ਜਿਸ ਨੇ ਇੱਕੋ ਓਲੰਪਿਕਸ ਵਿੱਚੋਂ 4 ਸੋਨ ਤਗ਼ਮੇ ਜਿੱਤ ਕੇ ਦੁਨੀਆ ਵਿੱਚ ਬਹਿਜਾ ਬਹਿਜਾ ਕਰਵਾ ਦਿੱਤੀ। ਜਦੋਂ ਉਹ ਦੌੜਦੀ ਤਾਂ ਉਸ ਦਾ ਪਤੀ ਤੇ ਦੋਵੇਂ ਬੱਚੇ ਉਸ ਨੂੰ ਹੱਲਾਸ਼ੇਰੀ ਦੇਣ ਲਈ ਸਟੇਡੀਅਮ ਵਿੱਚ ਹਾਜ਼ਰ ਹੁੰਦੇ। ਦੌੜ ਜਿੱਤ ਕੇ ਉਹ ਬੱਚਿਆਂ ਕੋਲ ਆਉਂਦੀ ਤੇ ਉਨ੍ਹਾਂ ਨੂੰ ਪਿਆਰਦੀ ਪੁਚਕਾਰਦੀ।
ਫੈਨੀ ਦਾ ਜਨਮ 26 ਅਪਰੈਲ 1918 ਨੂੰ ਬਾਰਨ ਨੇੜੇ ਲੈਗ ਵੂਰਚੇ, ਨੀਦਰਲੈਂਡਜ਼ ਵਿੱਚ ਹੋਇਆ ਸੀ ਤੇ ਮੌਤ 25 ਜਨਵਰੀ 2004 ਨੂੰ ਐਮਸਟਰਡਮ ਨੇੜੇ ਹੂਫਡੋਰਪ ਵਿੱਚ ਹੋਈ। ਉਹ ਆਲਰਾਊਂਡਰ ਖਿਡਾਰਨ ਸੀ ਅਤੇ 1935 ਤੋਂ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈਣ ਲੱਗ ਪਈ ਸੀ। 18 ਸਾਲ ਦੀ ਉਮਰੇ ਉਹ ਬਰਲਿਨ ਦੀਆਂ ਓਲੰਪਿਕ ਖੇਡਾਂ-1936 ’ਚ ਭਾਗ ਲੈਣ ਲਈ ਨੀਦਰਲੈਂਡਜ਼ ਦੀ ਟੀਮ ਵਿੱਚ ਚੁਣੀ ਗਈ ਸੀ, ਪਰ ਕੋਈ ਮੈਡਲ ਨਹੀਂ ਸੀ ਜਿੱਤ ਸਕੀ। 1940 ਦੀਆਂ ਓਲੰਪਿਕ ਖੇਡਾਂ ’ਚ ਜਦੋਂ ਉਹ 6 ਮੈਡਲ ਜਿੱਤਣ ਦੀਆਂ ਤਿਆਰੀਆਂ ’ਚ ਜੁਟੀ ਹੋਈ ਸੀ ਤਦ ਦੂਜੀ ਵਿਸ਼ਵ ਜੰਗ ਲੱਗਣ ਕਾਰਨ ਓਲੰਪਿਕ ਖੇਡਾਂ ਮਨਸੂਖ਼ ਹੋ ਗਈਆਂ ਸਨ।
1940 ਦੀਆਂ ਓਲੰਪਿਕ ਖੇਡਾਂ ਟੋਕੀਓ ਨੇ ਕਰਵਾਉਣੀਆਂ ਸਨ, ਪਰ ਦੂਜੇ ਵਿਸ਼ਵ ਯੁੱਧ ਦੇ ਆਸਾਰ ਵੇਖਦਿਆਂ 1938 ਵਿੱਚ ਹੀ ਜਪਾਨ ਨੇ ਆਪਣੀ ਅਸਮਰੱਥਾ ਪਰਗਟਾ ਦਿੱਤੀ ਸੀ। ਫਿਰ ਖੜ੍ਹੇ ਪੈਰ ਉਹ ਖੇਡਾਂ ਹੈਲਸਿੰਕੀ ਦੇ ਹਵਾਲੇ ਕਰ ਦਿੱਤੀਆਂ ਸਨ। ਹੈਲਸਿੰਕੀ ਓਲੰਪਿਕ ਖੇਡਾਂ ਕਰਾਉਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ 1939 ਵਿੱਚ ਦੂਜੀ ਵਿਸ਼ਵ ਜੰਗ ਛਿੜ ਪਈ ਜਿਸ ਕਰਕੇ ਓਲੰਪਿਕ ਖੇਡਾਂ ਖੂਹ ਖਾਤੇ ਪੈ ਗਈਆਂ। 1944 ਦੀਆਂ ਓਲੰਪਿਕ ਖੇਡਾਂ ਲੰਡਨ ਨੂੰ ਸੌਂਪੀਆਂ ਗਈਆਂ, ਪਰ ਜੰਗ ਉਦੋਂ ਤੱਕ ਵੀ ਨਾ ਮੁੱਕੀ ਜਿਸ ਕਰਕੇ ਉਹ ਖੇਡਾਂ ਵੀ ਨਾ ਹੋ ਸਕੀਆਂ। ਇਹ ਉਹ ਸਮਾਂ ਸੀ ਜਦੋਂ ਫੈਨੀ ਆਪਣੇ ਭਰ ਜੋਬਨ ’ਤੇ ਸੀ ਤੇ ਬਿਹਤਰ ਕਾਰਗੁਜ਼ਾਰੀ ਵਿਖਾ ਸਕਦੀ ਸੀ।
1945 ਵਿੱਚ ਜੰਗ ਹਟੀ ਤਾਂ 1948 ਦੀਆਂ 14ਵੀਆਂ ਓਲੰਪਿਕ ਖੇਡਾਂ ਬਾਰਾਂ ਸਾਲ ਬਾਅਦ ਲੰਡਨ ਵਿਖੇ ਹੋਈਆਂ। ਉੱਥੇ ਭਾਰਤ ਤੇ ਪਾਕਿਸਤਾਨ ਪਹਿਲੀ ਵਾਰ ਆਜ਼ਾਦ ਮੁਲਕਾਂ ਵਜੋਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਏ। ਖੇਡਾਂ ਦਾ ਉਦਘਾਟਨ ਕਿੰਗ ਜਾਰਜ ਛੇਵੇਂ ਨੇ ਕੀਤਾ। ਉਦਘਾਟਨ ਸਮੇਂ 83 ਹਜ਼ਾਰ ਦਰਸ਼ਕ ਵੈਂਬਲੇ ਸਟੇਡੀਅਮ ਵਿੱਚ ਮੌਜੂਦ ਸਨ, ਪਰ ਜਰਮਨੀ ਤੇ ਜਪਾਨ ਦੇ ਖਿਡਾਰੀ ਉਨ੍ਹਾਂ ਖੇਡਾਂ ਵਿੱਚ ਸ਼ਾਮਲ ਨਾ ਹੋਏ। ਉਦੋਂ ਲੱਖਾਂ ਜੁਆਨ ਜੰਗ ਦੀ ਭੇਟ ਚੜ੍ਹ ਚੁੱਕੇ ਸਨ, ਇਸ ਲਈ ਖੇਡਾਂ ਦੀਆਂ ਤਿਆਰੀਆਂ ਦਾ ਢੁੱਕਵਾਂ ਮਾਹੌਲ ਨਹੀਂ ਸੀ ਬਣਿਆ। ਸਾਰਾ ਯੂਰਪ ਦੂਜੀ ਵਿਸਵ ਜੰਗ ਨੇ ਉਜਾੜ ਦਿੱਤਾ ਸੀ। ਬਾਰਾਂ ਸਾਲਾਂ ਤੋਂ ਓਲੰਪਿਕ ਖੇਡਾਂ ਉਡੀਕਦੀ ਫੈਨੀ ਲਈ ਮਸੀਂ ਓਲੰਪਿਕ ਖੇਡਾਂ ਆਈਆਂ ਸਨ।
ਫੈਨੀ 18ਵੇਂ ਸਾਲ ’ਚ ਸੀ ਜਦੋਂ ਬਰਲਿਨ ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਈ ਸੀ। ਲੰਡਨ ਦੀਆਂ ਓਲੰਪਿਕ ਖੇਡਾਂ ਵੇਲੇ ਉਹ 30 ਸਾਲਾਂ ਦੀ ਘਰੇਲੂ ਸੁਆਣੀ ਤੇ ਦੋ ਬੱਚਿਆਂ ਮਾਂ ਬਣ ਚੁੱਕੀ ਸੀ। ਅਜਿਹੀ ਅਵਸਥਾ ਵਿੱਚ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਣੇ ਬੇਸ਼ੱਕ ਔਖੇ ਸਨ, ਪਰ ਉਸ ਨੇ 100 ਮੀਟਰ ਦੀ ਦੌੜ 11.9 ਸੈਕੰਡ, 80 ਮੀਟਰ ਹਰਡਲਜ਼ ਦੌੜ 12.02 ਸੈਕੰਡ, 200 ਮੀਟਰ ਦੌੜ 24.3 ਸੈਕੰਡ ਤੇ 4+100 ਰਿਲੇਅ ਦੌੜ 47.6 ਸੈਕੰਡ ਵਿੱਚ ਦੌੜ ਕੇ 4 ਸੋਨ ਤਗ਼ਮੇ ਜਿੱਤੇ ਜੋ ਸਭ ਤੋਂ ਵਧ ਸਨ। ਇਸੇ ਲਈ ਲੰਡਨ ਦੀਆਂ ਓਲੰਪਿਕ ਖੇਡਾਂ ਫੈਨੀ ਬਲੈਂਕਰਸ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ।
ਫੈਨੀ ਦਾ ਪਿਤਾ ਅਰਨੋਲਡਸ ਖ਼ੁਦ ਅਥਲੀਟ ਸੀ। ਉਹ ਗੋਲਾ ਤੇ ਡਿਸਕਸ ਸੁੱਟਿਆ ਕਰਦਾ ਸੀ। ਫੈਨੀ ਦੀ ਮਾਤਾ ਹੈਲੇਨਾ ਵੀ ਖੇਡਾਂ ’ਚ ਦਿਲਚਸਪੀ ਰੱਖਦੀ ਸੀ। ਉਨ੍ਹਾਂ ਦੇ ਪੰਜ ਪੁੱਤਰ ਤੇ ਇੱਕੋ ਧੀ ਸੀ। ਫੈਨੀ ਪਹਿਲਾਂ ਟੈਨਿਸ ’ਚ ਦਿਲਚਸਪੀ ਲੈਣ ਲੱਗੀ ਸੀ, ਫਿਰ ਤੈਰਾਕੀ ਤੇ ਜਿਮਨਾਸਟਿਕ ਵਿੱਚ। ਉਹ ਦੁਚਿੱਤੀ ਵਿੱਚ ਸੀ ਕਿ ਕਿਹੜੀ ਖੇਡ ਅਪਣਾਵੇ? ਫੈਨੀ ਨੂੰ ਅਥਲੀਟ ਬਣਨ ਦੀ ਸਲਾਹ ਉਹਦੇ ਤੈਰਾਕੀ ਦੇ ਕੋਚ ਨੇ ਹੀ ਦਿੱਤੀ ਸੀ। ਅੱਲ੍ਹੜ ਅਵਸਥਾ ਵਿੱਚ ਉਹ ਵੇਲ ਵਾਂਗ ਵਧ ਰਹੀ ਸੀ ਤੇ ਉਹਦਾ ਕੱਦ 5 ਫੁੱਟ 9 ਇੰਚ ਹੋ ਗਿਆ ਸੀ। ਸਾਫ਼ ਦਿਸਣ ਲੱਗ ਪਿਆ ਸੀ ਕਿ ਉਹ ਚੋਟੀ ਦੀ ਅਥਲੀਟ ਬਣੇਗੀ। ਫੈਨੀ 17 ਸਾਲਾਂ ਦੀ ਸੀ ਜਦੋਂ ਪਹਿਲੀ ਵਾਰ ਦੌੜ ਮੁਕਾਬਲਿਆਂ ਵਿੱਚ ਸ਼ਾਮਲ ਹੋਈ। ਉਸ ਨੇ ਪੈਂਦੀ ਸੱਟੇ 800 ਮੀਟਰ ਦੌੜ ਦਾ ਨਵਾਂ ਨੈਸ਼ਨਲ ਰਿਕਾਰਡ ਰੱਖ ਦਿੱਤਾ। ਉਦੋਂ ਔਰਤਾਂ ਲਈ ਇਹ ਸਭ ਤੋਂ ਲੰਮੀ ਦੌੜ ਹੁੰਦੀ ਸੀ, ਪਰ 1928 ਦੀਆਂ ਓਲੰਪਿਕ ਖੇਡਾਂ ਸਮੇਂ 800 ਮੀਟਰ ਦੀ ਦੌੜ ’ਚ ਕੁਝ ਬੀਬੀਆਂ ਦੇ ਬੇਹੋਸ਼ ਹੋ ਕੇ ਡਿੱਗਣ ਕਾਰਨ 1932 ਦੀਆਂ ਓਲੰਪਿਕ ਖੇਡਾਂ ’ਚੋਂ 800 ਮੀਟਰ ਦੀ ਦੌੜ ਹਟਾ ਲਈ ਗਈ ਸੀ।
1928 ਦੀਆਂ ਓਲੰਪਿਕ ਖੇਡਾਂ ਵਿੱਚ ਜਾਨ ਬਲੈਂਕਰਸ ਨੇ ਤੀਹਰੀ ਛਾਲ ਲਾਉਣ ’ਚ ਭਾਗ ਲਿਆ ਸੀ। 1936 ਤੋਂ ਪਹਿਲਾਂ ਉਹ ਫੈਨੀ ਦਾ ਦੋਸਤ ਬਣ ਗਿਆ ਸੀ। ਉਸ ਨੇ ਫੈਨੀ ਨੂੰ ਸਲਾਹ ਦਿੱਤੀ ਕਿ ਉਹ ਉੱਚੀ ਛਾਲ ਤੇ 4+100 ਮੀਟਰ ਰਿਲੇਅ ਦੌੜ ਦੇ ਹੀ ਟ੍ਰਾਇਲ ਦੇਵੇ। ਉਸ ਨੇ ਉਵੇਂ ਹੀ ਕੀਤਾ ਤੇ ਬਰਲਿਨ ਦੀਆਂ ਓਲੰਪਿਕ ਖੇਡਾਂ ਲਈ ਨੀਦਰਲੈਂਡਜ਼ ਦੀ ਅਥਲੈਟਿਕ ਟੀਮ ਵਿੱਚ ਚੁਣੀ ਗਈ, ਪਰ ਕੋਈ ਮੈਡਲ ਨਾ ਜਿੱਤ ਸਕੀ। 1938 ਦਾ ਸਾਲ ਉਹਦੇ ਲਈ ਏਨਾ ਭਾਗਾਂ ਵਾਲਾ ਰਿਹਾ ਕਿ ਉਸ ਨੇ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ 100 ਗਜ਼ ਦੀ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ। ਭਵਿੱਖ ਬਾਣੀਆਂ ਹੋਣ ਲੱਗ ਪਈਆਂ ਕਿ 1940 ਦੀਆਂ ਓਲੰਪਿਕ ਖੇਡਾਂ ਫੈਨੀ ਦੀਆਂ ਖੇਡਾਂ ਹੋਣਗੀਆਂ, ਪਰ 1939 ’ਚ ਲੱਗੀ ਵਿਸ਼ਵ ਜੰਗ ਨੇ 1940 ਦੀਆਂ ਓਲੰਪਿਕ ਖੇਡਾਂ ਹੋਣ ਹੀ ਨਾ ਦਿੱਤੀਆਂ।
ਓਲੰਪਿਕ ਖੇਡਾਂ ਦੀ ਝਾਕ ਮੁੱਕ ਜਾਣ ਨਾਲ 1940 ਵਿੱਚ ਫੈਨੀ ਦਾ ਵਿਆਹ ਉਹਦੇ ਅਥਲੈਟਿਕਸ ਦੇ ਕੋਚ ਬਣੇ ਜਾਨ ਬਲੈਂਕਰਸ ਨਾਲ ਹੋ ਗਿਆ ਜੋ ਉਸ ਤੋਂ ਕਾਫ਼ੀ ਵੱਡਾ ਸੀ। ਜਾਨ ਉਦੋਂ ਨੀਦਰਲੈਂਡਜ਼ ਦੀਆਂ ਅਥਲੀਟ ਕੁੜੀਆਂ ਦਾ ਕੋਚ ਤੇ ਖੇਡ ਪੱਤਰਕਾਰ ਸੀ। ਵਿਆਹ ਪਿੱਛੋਂ ਫੈਨੀ ਦਾ ਨਾਂ ਫੈਨੀ ਬਲੈਂਕਰਸ ਕੋਇਨ ਵੱਜਣ ਲੱਗਾ। ਉਹੀ ਕੋਚ ਜੋ 800 ਮੀਟਰ ਦੀ ਦੌੜ ਔਰਤਾਂ ਲਈ ਘਾਤਕ ਸਮਝਦਾ ਸੀ, ਫੈਨੀ ਨਾਲ ਵਿਆਹ ਕਰਵਾਉਣ ਪਿੱਛੋਂ ਕਹਿਣ ਲੱਗ ਪਿਆ ਕਿ ਔਰਤਾਂ ਲਈ 800 ਮੀਟਰ ਦੌੜ ਸੁਰੱਖਿਅਤ ਹੈ। ਬਾਅਦ ਵਿੱਚ ਤਾਂ ਔਰਤਾਂ 42 ਕਿਲੋਮੀਟਰ ਦੀ ਮੈਰਾਥਨ ਦੌੜ ਵੀ ਲਾਉਣ ਲੱਗ ਪਈਆਂ। ਹੁਣ ਔਰਤਾਂ ਉਹ ਸਾਰੇ ਈਵੈਂਟ ਕਰਦੀਆਂ ਹਨ ਜੋ ਮਰਦ ਕਰਦੇ ਹਨ।
ਵਿਆਹ ਉਪਰੰਤ ਫੈਨੀ ਨੇ 1942 ਵਿੱਚ ਪਲੇਠੇ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਜਾਨ ਜੂਨੀਅਰ ਰੱਖਿਆ ਗਿਆ। ਬੱਚੇ ਦੇ ਜਨਮ ਤੋਂ ਕੁਝ ਹਫ਼ਤਿਆਂ ਬਾਅਦ ਹੀ ਫੈਨੀ ਮੁੜ ਟਰੈਕ ’ਤੇ ਦੌੜਨ ਅਤੇ ਪਿੱਚ ’ਚ ਛਾਲਾਂ ਲਾਉਣ ਲੱਗੀ ਜੋ ਉਹਨੀਂ ਦਿਨੀਂ ਅਲੋਕਾਰ ਗੱਲ ਸੀ। ਮਾਂ ਬਣ ਕੇ ਉਸ ਨੇ 1942-44 ਦੌਰਾਨ 6 ਨਵੇਂ ਵਿਸ਼ਵ ਰਿਕਾਰਡ ਰੱਖੇ ਜਿਨ੍ਹਾਂ ’ਚੋਂ ਇੱਕ ਰਿਕਾਰਡ 1954 ਤੱਕ ਅਟੁੱਟ ਰਿਹਾ।
1945 ਵਿੱਚ ਜਦੋਂ ਜੰਗ ਕਾਰਨ ਨੀਦਰਲੈਂਡਜ਼ ਵਿੱਚ ਕਾਲ ਪਿਆ ਹੋਇਆ ਸੀ ਉਦੋਂ ਫੈਨੀ ਨੇ ਧੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਫੈਨਕ ਰੱਖਿਆ ਗਿਆ। ਦੂਜੇ ਬੱਚੇ ਦੇ ਜਨਮ ਤੋਂ 7 ਮਹੀਨਿਆਂ ਬਾਅਦ ਉਹ ਮਸੀਂ ਟਰੇਨਿੰਗ ਕਰਨ ਜੋਗੀ ਹੋਈ। ਫੈਨੀ ਫਿਰ 1946-47 ਦੀ ਸਰਬੋਤਮ ਅਥਲੀਟ ਮੰਨੀ ਜਾਣ ਲੱਗੀ ਤੇ ਉਸ ਦਾ ਨਾਂ ‘ਫਲਾਈਂਗ ਡੱਚ ਸੁਆਣੀ’ ਗੂੰਜਣ ਲੱਗਾ। 1947 ਵਿੱਚ ਉਸ ਨੇ ਨੀਦਰਲੈਂਡਜ਼ ਦੇ 6 ਕੌਮੀ ਟਾਈਟਲ ਜਿੱਤੇ। ਉਦੋਂ ਉਹ 1948 ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਸੀ।
ਉਂਜ ਤਾਂ ਉਹ 2 ਛਾਲਾਂ ਤੇ 4 ਦੌੜਾਂ ਦੇ ਕੁੱਲ 6 ਈਵੈਟਾਂ ਵਿੱਚ ਭਾਗ ਲੈਣਾ ਚਾਹੁੰਦੀ ਸੀ, ਪਰ ਆਗਿਆ ਚਾਰ ਦੌੜਾਂ ਦੀ ਹੀ ਸੀ। ਉਨ੍ਹਾਂ ਵਿੱਚ 3 ਵਿਅਕਤੀਗਤ ਸਨ ਤੇ ਇੱਕ ਰਿਲੇਅ ਰੇਸ ਸੀ। ਉਸ ਵੇਲੇ 6 ਵਿਸ਼ਵ ਰਿਕਾਰਡ ਉਹਦੇ ਨਾਂ ਸਨ। ਕੁਝ ਖੇਡ ਪੱਤਰਕਾਰ ਤੇ ਕੋਚ ਸਲਾਹਾਂ ਦੇ ਰਹੇ ਸਨ ਕਿ ਦੋ ਬੱਚਿਆਂ ਦੀ ਮਾਂ ਤੇ ਗਰਭਵਤੀ ਔਰਤ ਖੇਡ ਮੁਕਾਬਲਿਆਂ ਵਿੱਚ ਭਾਗ ਨਾ ਲਵੇ। ਬ੍ਰਿਟਿਸ਼ ਟੀਮਾਂ ਦੇ ਮੈਨੇਜਰ ਰਹੇ ਜੈਕ ਕਰੰਪ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਫੈਨੀ ਹੁਣ ਬਾਲ ਬੱਚੇ ਪਾਲੇ ਤੇ ਪਰਿਵਾਰ ਵੱਲ ਧਿਆਨ ਦੇਵੇ, ਪਰ ਉਸ ਨੂੰ 12 ਸਾਲਾਂ ਦੀ ਉਡੀਕ ਪਿੱਛੋਂ ਮਸੀਂ ਓਲੰਪਿਕ ਖੇਡਾਂ ’ਚ ਭਾਗ ਲੈਣ ਦਾ ਮੌਕਾ ਮਿਲਿਆ ਸੀ।
ਲੰਡਨ ਦੀਆਂ ਓਲੰਪਿਕ ਖੇਡਾਂ ਵਿੱਚ ਉਹ 100 ਮੀਟਰ ਦੌੜ ਦੇ ਫਾਈਨਲ ਵਿੱਚ ਪਹੁੰਚ ਗਈ। ਫਾਈਨਲ ਦੌੜ ਕਣੀਆਂ ਨਾਲ ਗਿੱਲੇ ਹੋਏ ਟਰੈਕ ਉਤੇ ਹੋਈ। ਮੌਰੀਨ ਗਾਰਡਨਰ ਨਾਲ ਖਹਿਵੇਂ ਮੁਕਾਬਲੇ ਵਿੱਚ ਉਹ ਦੌੜ ਫੈਨੀ ਨੇ 11.2 ਸੈਕੰਡ ਵਿੱਚ ਮਸੀਂ ਜਿੱਤੀ। ਫੈਨੀ ਪਹਿਲੀ ਡੱਚ ਅਥਲੀਟ ਸੀ ਜੋ ਓਲੰਪਿਕ ਖੇਡਾਂ ਵਿੱਚ 100 ਮੀਟਰ ਦੀ ਦੌੜ ’ਚ ਏਡਾ ਵੱਡਾ ਮਾਅਰਕਾ ਮਾਰ ਸਕੀ। ਉਸ ਪਿੱਛੋਂ ਫੈਨੀ ਨੇ 80 ਮੀਟਰ ਹਰਡਲਜ਼ ਦੌੜ ਵੀ ਜਿੱਤ ਲਈ। 200 ਮੀਟਰ ਦੀ ਦੌੜ ਉਹਦੇ ਲਈ ਜਿਉਣ ਮਰਨ ਦਾ ਸਵਾਲ ਸੀ। ਬੱਚਿਆਂ ਖ਼ਾਤਰ ਉਹ ਦੌੜ ਛੱਡਣਾ ਚਾਹੁੰਦੀ, ਪਰ ਉਹਦੇ ਕੋਚ ਪਤੀ ਨੇ ਦੌੜ ਲਵਾ ਹੀ ਦਿੱਤੀ। ਉਸ ਵਿੱਚ ਵੀ ਉਹ ਜੇਤੂ ਰਹੀ। 4+100 ਮੀਟਰ ਰਿਲੇਅ ਦੌੜ ਜਿੱਤਣ ਨਾਲ ਫੈਨੀ ਦੇ 4 ਗੋਲਡ ਮੈਡਲ ਹੋ ਗਏ। 30 ਸਾਲ ਦੀ ਉਮਰੇ ਫੈਨੀ ਦੀ ਐਡੀ ਵੱਡੀ ਪ੍ਰਾਪਤੀ ਨਾਲ ਉਹਦੇ ਚਰਚੇ ਕੁਲ ਦੁਨੀਆ ਵਿੱਚ ਹੋਣ ਲੱਗੇ। ਜੇ 1940 ਤੇ 1944 ਦੀਆਂ ਓਲੰਪਿਕ ਖੇਡਾਂ ਹੋ ਜਾਂਦੀਆਂ ਤਾਂ ਫੈਨੀ ਦੇ ਗੋਲਡ ਮੈਡਲ ਦਰਜਨ ਤੋਂ ਵੀ ਟੱਪ ਜਾਂਦੇ।
1948 ਦੀਆਂ ਓਲੰਪਿਕ ਖੇਡਾਂ ਵਿੱਚ ਔਰਤਾਂ ਦੀ ਅਥਲੈਟਿਕਸ ਦੇ ਕੁੱਲ 9 ਈਵੈਂਟ ਸਨ ਜਿਨ੍ਹਾਂ ’ਚੋਂ 4 ਈਵੈਂਟ ਫੈਨੀ ਨੇ ਜਿੱਤੇ। ਇਹ ਸਾਰਾ ਕੁਝ 8 ਦਿਨਾਂ ’ਚ ਹੋਇਆ। ਜਦੋਂ ਉਹ ਲੰਡਨ ਓਲੰਪਿਕਸ ਤੋਂ ਵਾਪਸ ਆਪਣੇ ਘਰ ਮੁੜੀ ਤਾਂ ਉਹਦੇ ਦੇਸ਼ਵਾਸੀਆਂ ਨੇ ‘ਨੀਦਰਲੈਂਡਜ਼ ਦੀ ਸ਼ਾਨ’ ਬਣੀ ਫੈਨੀ ਦਾ ਭਰਵਾਂ ਸਵਾਗਤ ਕੀਤਾ। ਉਸ ਨੂੰ ਚਾਰ ਚਿੱਟੇ ਘੋੜਿਆਂ ਵਾਲੀ ਬੱਘੀ ’ਤੇ ਬਿਠਾ ਕੇ ਸ਼ਹਿਰ ਵਿੱਚ ਲਿਜਾਇਆ ਗਿਆ। ਸ਼ਹਿਰ ਦੇ ਲੋਕਾਂ ਵੱਲੋਂ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ। ਮਹਾਰਾਣੀ ਜੁਲਿਆਨਾ ਨੇ ਫੈਨੀ ਬਲੈਂਕਰਸ ਕੋਇਨ ਨੂੰ ‘ਆਰਡਰ ਆਫ ਓਰੈਂਜ ਨਸੌਅ’ ਨਾਲ ਸਨਮਾਨਿਆ। ਫਿਰ ਫੈਨੀ ਨੇ 5 ਯੂਰਪੀ ਟਾਈਟਲ ਵੀ ਜਿੱਤੇ ਤੇ 33 ਸਾਲ ਦੀ ਉਮਰੇ ਪੈਂਟੈਥਲੋਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਕੇ 1955 ਵਿੱਚ ਉਹ ਸਰਗਰਮ ਖੇਡ ਮੁਕਾਬਲਿਆਂ ਤੋਂ ਰਿਟਾਇਰ ਹੋਈ। ਉਸ ਨੇ ਸਿੱਧ ਕੀਤਾ ਕਿ ਔਰਤਾਂ ਮਾਵਾਂ ਬਣ ਕੇ ਵੀ ਮਰਦਾਂ ਵਾਂਗ ਸਖ਼ਤ ਤੋਂ ਸਖ਼ਤ ਖੇਡ ਮੁਕਾਬਲੇ ਜਿੱਤ ਸਕਦੀਆਂ ਹਨ।
1999 ਵਿੱਚ ਫੈਨੀ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨਜ਼ ਵੱਲੋਂ ‘ਫੀਮੇਲ ਅਥਲੀਟ ਆਫ ਦਿ ਸੈਂਚਰੀ’ ਦਾ ਸਨਮਾਨ ਦਿੱਤਾ ਗਿਆ। ਲੰਡਨ ਦੀਆਂ ਓਲੰਪਿਕ ਖੇਡਾਂ ਪਿੱਛੋਂ ਫੈਨੀ ਨੂੰ ਕੰਪਨੀਆਂ ਵੱਲੋਂ ਐਡ ਕਰਨ ਦੀਆਂ ਬੜੀਆਂ ਪੇਸ਼ਕਸ਼ਾਂ ਹੋਈਆਂ, ਪਰ ਸ਼ੌਕੀਆ ਖੇਡਾਂ ਦੇ ਨਿਯਮਾਂ ਅਨੁਸਾਰ ਉਸ ਨੇ ਕਿਸੇ ਕੰਪਨੀ ਨਾਲ ਵੀ ਸੌਦਾ ਨਾ ਕੀਤਾ। 1949 ਵਿੱਚ ਉਹ ਔਰਤਾਂ ਦੀ ਅਥਲੈਟਿਕਸ ਨੂੰ ਪ੍ਰਮੋਟ ਕਰਨ ਲਈ ਆਸਟਰੇਲੀਆ ਤੇ ਅਮਰੀਕਾ ਗਈ। ਉਸੇ ਸਾਲ ਬ੍ਰੱਸਲਜ਼ ਵਿੱਚ ਹੋਈ ਯੂਰਪੀ ਚੈਂਪੀਅਨਸ਼ਿਪ ਵਿੱਚ ਫੈਨੀ ਨੇ 100 ਮੀਟਰ, 200 ਮੀਟਰ ਤੇ 80 ਮੀਟਰ ਹਰਡਲਜ਼ ਦੇ ਟਾਈਟਲ ਜਿੱਤੇ।
34 ਸਾਲ ਦੀ ਉਮਰੇ ਉਸ ਨੇ ਹੈਲਸਿੰਕੀ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ, ਪਰ ਕੋਈ ਤਗ਼ਮਾ ਨਾ ਜਿੱਤ ਸਕੀ। 7 ਅਗਸਤ 1955 ਨੂੰ ਉਸ ਨੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਨੀਦਰਲੈਂਡਜ਼ ਦਾ 58ਵਾਂ ਕੌਮੀ ਟਾਈਟਲ ਜਿੱਤ ਕੇ ਰਿਟਾਇਰਮੈਂਟ ਲੈ ਲਈ। ਫਿਰ ਉਹ 1958 ਦੀ ਯੂਰਪੀ ਚੈਂਪੀਅਨਸ਼ਿਪ ਤੋਂ ਲੈ ਕੇ 1968 ਦੀਆਂ ਓਲੰਪਿਕ ਖੇਡਾਂ ਤੱਕ ਡੱਚ ਅਥਲੈਟਿਕਸ ਟੀਮ ਦੀ ਅਗਵਾਈ ਕਰਦੀ ਰਹੀ। 1977 ਵਿੱਚ ਉਸ ਦਾ ਪਤੀ ਜਾਨ ਬਲੈਂਕਰਸ ਗੁਜ਼ਰ ਗਿਆ ਅਤੇ ਉਹ ਆਪਣੇ ਪੁਰਾਣੇ ਘਰ ਹੂਪਡੋਰਪ ਚਲੀ ਗਈ। 1981 ਤੋਂ ਫੈਨੀ ਬਲੈਂਕਰਸ-ਕੋਇਨ ਖੇਡਾਂ ਸ਼ੁਰੂ ਕੀਤੀਆਂ ਗਈਆਂ ਜੋ ਹਰ ਸਾਲ ਹੋ ਰਹੀਆਂ ਹਨ। 1999 ਵਿੱਚ ਮੋਨਾਕੋ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨਜ਼ ਨੇ ਫੈਨੀ ਨੂੰ ‘ਫੀਮੇਲ ਅਥਲੀਟ ਆਫ ਦਿ ਸੈਂਚਰੀ’ ਦਾ ਸਨਮਾਨ ਦਿੱਤਾ।
ਆਖ਼ਰੀ ਉਮਰੇ ਉਹ ਭੁੱਲਣ ਰੋਗ ਦੀ ਸ਼ਿਕਾਰ ਹੋ ਗਈ ਸੀ ਅਤੇ ਸੁਣਨ ਵੀ ਉੱਚਾ ਲੱਗ ਪਿਆ ਸੀ। ਆਖ਼ਰ 25 ਜਨਵਰੀ 2004 ਨੂੰ ਉਹ ਚਲਾਣਾ ਕਰ ਗਈ। 1949 ਵਿੱਚ ਫੈਨੀ ਨੇ ਆਪਣੇ ਪਤੀ ਜਾਨ ਬਲੈਂਕਰਸ ਦੀ ਮਦਦ ਨਾਲ ਆਪਣੀ ਸਵੈਜੀਵਨੀ ਲਿਖੀ ਸੀ। ਮੌਤ ਤੋਂ ਇੱਕ ਸਾਲ ਪਹਿਲਾਂ ਪੱਤਰਕਾਰ ਕੀਸ ਕੂਮਨ ਨੇ ਉਹਦੀ ਜੀਵਨੀ ‘ਕੁਈਨ ਵਿਦ ਮੈੱਨਜ਼ ਲੈੱਗਜ਼’ ਲਿਖੀ। 1968 ਵਿੱਚ ਮੰਗੋਲੀਆ ਨੇ ਫੈਨੀ ਦੀ ਤਸਵੀਰ ਵਾਲੀਆਂ ਡਾਕ ਟਿਕਟਾਂ ਜਾਰੀ ਕੀਤੀਆਂ। ਬੜਾ ਮਾਣ ਸਨਮਾਨ ਮਿਲਿਆ ਨੀਦਰਲੈਂਡਜ਼ ਦੀ ‘ਫਲਾਈਂਗ ਸੁਆਣੀ’ ਨੂੰ, ਪਰ ਫੈਨੀ ਅਖ਼ੀਰਲੇ ਦਮ ਤੱਕ ਝੂਰਦੀ ਰਹੀ ਕਿ ਦੂਜੀ ਵਿਸ਼ਵ ਜੰਗ ਨੇ ਉਹਤੋਂ ਦੋ ਓਲੰਪਿਕ ਖੇਡਾਂ ਖੋਹ ਲਈਆਂ ਜਿਨ੍ਹਾਂ ’ਚੋਂ ਪਤਾ ਨਹੀਂ ਉਸ ਨੇ ਕਿੰਨੇ ਗੋਲਡ ਮੈਡਲ ਜਿੱਤਣੇ ਸਨ?
ਈ-ਮੇਲ: principalsarwansingh@gmail.com