ਗਿਆਰਾਂ ਓਲੰਪਿਕ ਮੈਡਲਾਂ ਦੀ ਜੇਤੂ ਫੇਲਿਕਸ
ਅਮਰੀਕਾ ਦੀ ਤੇਜ਼ਤਰਾਰ ਦੌੜਾਕ ਐਲੀਸਨ ਫੇਲਿਕਸ ਨੇ ਓਲੰਪਿਕ ਖੇਡਾਂ ਦੇ 11 ਮੈਡਲ ਜਿੱਤੇ ਹਨ। ਉਨ੍ਹਾਂ ਵਿੱਚ 7 ਗੋਲਡ, 1 ਕਾਂਸੀ ਤੇ 3 ਸਿਲਵਰ ਮੈਡਲ ਹਨ। ਉਹਨੇ 2004 ਤੋਂ 2021 ਤੱਕ ਪੰਜ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਉਸ ਨੇ ਵਿਸ਼ਵ ਅਥਲੈਟਿਕਸ...
ਅਮਰੀਕਾ ਦੀ ਤੇਜ਼ਤਰਾਰ ਦੌੜਾਕ ਐਲੀਸਨ ਫੇਲਿਕਸ ਨੇ ਓਲੰਪਿਕ ਖੇਡਾਂ ਦੇ 11 ਮੈਡਲ ਜਿੱਤੇ ਹਨ। ਉਨ੍ਹਾਂ ਵਿੱਚ 7 ਗੋਲਡ, 1 ਕਾਂਸੀ ਤੇ 3 ਸਿਲਵਰ ਮੈਡਲ ਹਨ। ਉਹਨੇ 2004 ਤੋਂ 2021 ਤੱਕ ਪੰਜ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਉਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ’ਚੋਂ ਵੀ 20 ਮੈਡਲ ਜਿੱਤੇ। 31 ਮੈਡਲ ਕਹਿ ਦੇਣੀ ਗੱਲ ਹੈ! ਵਿਸ਼ਵ ਪੱਧਰ ’ਤੇ ਇੱਕ ਮੈਡਲ ਜਿੱਤਣਾ ਹੀ ਮਾਣ ਨਹੀਂ ਹੁੰਦਾ। ਸਿਆਣੇ ਸੱਚ ਕਹਿੰਦੇ ਹਨ ਕਿ ਦੁਨੀਆ ਪਰੇ ਤੋਂ ਪਰੇ ਪਈ ਹੈ। ਬੰਦੇ ਦੇ ਜ਼ੋਰ ਤੇ ਜੁਗਤ ਦਾ ਕੋਈ ਸਿਰਾ ਨਹੀਂ। ਮਨੁੱਖ ਅੰਦਰ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ। ਉਹ ਜੋ ਨਹੀਂ ਸੋ ਕਰ ਸਕਦਾ ਹੈ। ਐਲੀਸਨ ਫੇਲਿਕਸ ਨੇ ਅਜਿਹਾ ਹੀ ਕੀਤਾ। 31 ਵਾਰ ਵਿਸ਼ਵ ਦੇ ਜਿੱਤ-ਮੰਚ ’ਤੇ ਚੜ੍ਹੀ।
ਅਮਰੀਕਾ ਦੀ ਟਰੈਕ ਐਂਡ ਫੀਲਡ ਸੰਸਥਾ ਹਰ ਸਾਲ ਅਮਰੀਕਾ ਦੇ ਸਰਬੋਤਮ ਅਥਲੀਟ ਨੂੰ ‘ਅਥਲੀਟ ਆਫ ਦਿ ਯੀਅਰ’ ਦੇ ‘ਜੈਸੀ ਓਵੇਂਜ਼/ਜੈਕੀ ਜੋਇਨਰ ਕਰਸੀ ਐਵਾਰਡ’ ਨਾਲ ਸਨਮਾਨਿਤ ਕਰਦੀ ਹੈ। ਫੇਲਿਕਸ ਨੂੰ ਉਹ ਐਵਾਰਡ ਪਹਿਲੀ ਵਾਰ 2005 ’ਚ ਮਿਲਿਆ ਜਦੋਂ ਉਸ ਦੀ ਉਮਰ ਕੇਵਲ 20 ਸਾਲ ਦੀ ਸੀ। ਉਸ ਨੂੰ ਟਰੈਕ ਐਂਡ ਫੀਲਡ ਸੰਸਥਾ ਦਾ ਇਹ ਐਵਾਰਡ 2007, 2010, 2012 ਤੇ 2015 ਵਿੱਚ ਵੀ ਮਿਲਿਆ। ਲੰਡਨ-2012 ਦੀਆਂ ਓਲੰਪਿਕ ਖੇਡਾਂ ਵਿੱਚ ਉਹਦੀ 3 ਗੋਲਡ ਮੈਡਲ ਜਿੱਤਣ ਦੀ ਅਦੁੱਤੀ ਪ੍ਰਾਪਤੀ ’ਤੇ ਉਸ ਨੂੰ ਵਿਸ਼ਵ ਦਾ ‘ਆਈ.ਏ.ਏ.ਐੱਫ. ਫੀਮੇਲ ਅਥਲੀਟ ਆਫ ਦਿ ਯੀਅਰ’ ਐਵਾਰਡ ਵੀ ਦਿੱਤਾ ਗਿਆ। 2022 ਵਿੱਚ ਅਮੈਰੀਕਨ ਅਕੈਡਮੀ ਆਫ ਅਚੀਵਮੈਂਟ ਨੇ ਫੇਲਿਕਸ ਨੂੰ ਗੋਲਡਨ ਪਲੇਟ ਐਵਾਰਡ ਨਾਲ ਸਨਮਾਨਿਆ।
ਫੇਲਿਕਸ ਨੇ ਕੁਆਰੀ, ਪਤਨੀ, ਗਰਭਪਤੀ ਤੇ ਮਾਂ ਬਣ ਕੇ ਹਰੇਕ ਹਾਲਤ ਵਿੱਚ ਦੌੜ ਮੁਕਾਬਲਿਆਂ ’ਚ ਭਾਗ ਲਿਆ ਤੇ ਵਿਸ਼ਵ ਪੱਧਰੀ ਜਿੱਤਾਂ ਜਿੱਤੀਆਂ। ਉਹ ਕਾਰੋਬਾਰੀ ਵੀ ਬਣੀ ਅਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਕੌਂਸਲ ਆਫ ਫਿਟਨੈੱਸ ਦੀ ਮੈਂਬਰ ਵੀ ਰਹੀ। 2020-21 ਵਿੱਚ ਟਾਈਮ ਮੈਗਜ਼ੀਨ ਨੇ ਉਸ ਨੂੰ ਵਿਸ਼ਵ ਦੇ 100 ਵਿਸ਼ੇਸ਼ ਵਿਅਕਤੀਆਂ ਵਿੱਚ ਸ਼ਾਮਲ ਕੀਤਾ। 2022 ਵਿੱਚ ਉਸ ਨੂੰ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਨੇ ਡਾਕਟਰ ਆਫ ਹਿਊਮਨ ਲੈਟਰਜ਼ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਆ। ਨਵੰਬਰ 2024 ’ਚ ਉਹ ਸਪੋਰਟਸ ਨੂੰ ਪ੍ਰੋਤਸਾਹਨ ਦੇਣ ਲਈ ਬ੍ਰਾਜ਼ੀਲ ਵੀ ਗਈ ਤੇ ਹਰ ਕਾਰਜ ਬਾਖ਼ੂਬੀ ਨੇਪਰੇ ਚਾੜ੍ਹਿਆ।
ਉਸ ਦਾ ਜਨਮ 18 ਨਵੰਬਰ 1985 ਨੂੰ ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿਖੇ ਹੋਇਆ। ਉਦੋਂ ਉਸ ਦਾ ਪਿਤਾ ਪਾਲ ਫੇਲਿਕਸ, ਸਨ ਵੈੱਲੀ ਦੇ ਗਿਰਜਾ ਘਰ ਵਿੱਚ ਪਾਦਰੀ ਤੇ ਨਿਊ ਟੈਸਟਾਮੈਂਟ ਦਾ ਪ੍ਰੋਫੈਸਰ ਸੀ। ਉਸ ਦੀ ਮਾਂ ਮਾਰਲੀਨ ਫੇਲਿਕਸ, ਬਲਬੋਆ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾ ਸੀ। ਉਹਦਾ ਇੱਕ ਵੱਡਾ ਭਰਾ ਵੇਸ ਫੇਲਿਕਸ ਹੈ। ਉਹ ਵੀ ਤੇਜ਼ਤਰਾਰ ਦੌੜਾਕ ਬਣਿਆ। 2002 ਵਿੱਚ ਉਹ ਯੂਐੱਸਏ ਜੂਨੀਅਰ ਚੈਂਪੀਅਨਸ਼ਿਪਸ ’ਚ 200 ਮੀਟਰ ਦੌੜ ਦਾ ਚੈਂਪੀਅਨ ਸੀ। ਫਿਰ ਉਹ 2003 ਤੇ 2004 ਵਿੱਚ ਕਾਲਜੀਏਟ ਵਜੋਂ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਲਈ 20ਪੈਕ-10 ਦੀ ਚੈਂਪੀਅਨਸ਼ਿਪ ਜਿੱਤਿਆ। ਉਹਦੀ ਰੀਸ ਨਾਲ ਐਲੀਸਨ ਵੀ ਸਪਰਿੰਟ ਦੌੜਾਂ ਵੱਲ ਖਿੱਚੀ ਗਈ ਜਦੋਂ ਕਿ ਪਹਿਲਾਂ ਉਹਦੀ ਦਿਲਚਸਪੀ ਬਾਸਕਟਬਾਲ ਖੇਡਣ ਵਿੱਚ ਸੀ। ਬਾਅਦ ਵਿੱਚ ਵੇਸ ਫੇਲਿਕਸ ਆਪਣੀ ਭੈਣ ਦੀਆਂ ਦੌੜਾਂ ਦਾ ਨਿਗਰਾਨ (ਏਜੰਟ) ਬਣਿਆ ਰਿਹਾ। ਐਲੀਸਨ ਦਾ ਮੰਨਣਾ ਹੈ ਕਿ ਦੌੜਾਂ ਉਸ ਨੂੰ ਰੱਬੀ ਸੌਗਾਤ ਵਜੋਂ ਮਿਲੀਆਂ ਜਿਸ ਨੂੰ ਉਹ ਸਿਦਕ ਨਾਲ ਪਾਲਦੀ ਰਹੀ। ਦੌੜਨਾ ਉਹਦੇ ਲਈ ਪ੍ਰਭੂ ਭਗਤੀ ਸਮਾਨ ਸੀ।
ਜਿਵੇਂ ਪ੍ਰਸਿੱਧ ਵੈਟਰਨ ਦੌੜਾਕ ਬਾਬਾ ਫੌਜਾ ਸਿੰਘ ਨੇ ਡੰਡਿਆਂ ਵਰਗੀਆਂ ਲੱਤਾਂ ਨਾਲ 89 ਸਾਲ ਤੋਂ 102 ਸਾਲ ਦੀ ਉਮਰ ਤੱਕ ਮੈਰਾਥਨ ਦੌੜਾਂ ਲਾ ਕੇ ਕੁਲ ਦੁਨੀਆ ’ਚ ਨਾਮਣਾ ਖੱਟਿਆ, ਉਵੇਂ ਹੋਰ ਵੀ ਕਈ ਪਤਲੀਆਂ ਲੱਤਾਂ ਵਾਲਿਆਂ ਨੇ ਬੜੀਆਂ ਤੇਜ਼ ਦੌੜਾਂ ਲਾਈਆਂ। ਐਲੀਸਨ ਜਦੋਂ ਨਾਰਥ ਹਿੱਲਜ਼ ਦੇ ਲਾਸ ਏਂਜਲਸ ਬੈਪਟਿਸਟ ਹਾਈ ਸਕੂਲ ਵਿੱਚ ਪੜ੍ਹਨ ਲੱਗੀ ਤਾਂ ਉਹਦੀਆਂ ਲੱਤਾਂ ਨਿਸਬਤਨ ਪਤਲੀਆਂ ਸਨ। ਉਹ ਬਾਸਕਟਬਾਲ ਦੀ ਪੁਸ਼ਾਕ ’ਚ ਖੇਡਣ ਲੱਗਦੀ ਤਾਂ ਸਹਿਕਰਮੀ ਉਸ ਨੂੰ ‘ਚੂਚੇ-ਲੱਤੀ’ ਕਹਿ ਕੇ ਮਜ਼ਾਕ ਕਰਦੇ। ਉਦੋਂ ਕਿਸੇ ਦੇ ਖ਼ੁਆਬ ਖ਼ਿਆਲ ’ਚ ਵੀ ਨਹੀਂ ਸੀ ਕਿ ਉਹ ‘ਚਿਕਨ ਲੈੱਗਜ਼ੀ’ ਕੁੜੀ ਤੇਜ਼ਤਰਾਰ ਦੌੜਾਂ ਦੀ ਮਲਕਾ ਬਣੇਗੀ। ਸਕੂਲੇ ਪੜ੍ਹਦਿਆਂ ਉਹਦਾ ਕੱਦ 5 ਫੁੱਟ 6 ਇੰਚ ਉੱਚਾ ਹੋ ਗਿਆ ਸੀ ਤੇ ਸਰੀਰਕ ਭਾਰ 125 ਪੌਂਡ। ਵੇਖਣ ਨੂੰ ਉਹ ਬੇਸ਼ੱਕ ਕਮਜ਼ੋਰ ਲੱਗਦੀ ਸੀ, ਪਰ ਆਪਣੇ ਵਜ਼ਨ ਨਾਲੋਂ ਕਿਤੇ ਵੱਧ 270 ਪੌਂਡ ਦੀ ਡੈੱਡਲਿਫਟ ਲਾ ਲੈਂਦੀ ਸੀ। ਜਿੰਨੀ ਉਹ ਖੇਡ ਮੈਦਾਨ ’ਚ ਵੇਖਣ ਨੂੰ ਕਮਜ਼ੋਰ ਲੱਗਦੀ ਸੀ ਓਨੀ ਹੀ ਜਿਮ ਵਿੱਚ ਕਸਰਤਾਂ ਕਰਦੀ ਵੱਧ ਤਕੜੀ ਲੱਗਦੀ ਸੀ। ਹਾਈ ਸਕੂਲ ਵਿਚਲੇ ਅਥਲੈਟਿਕਸ ਕੋਚ ਜੋਨਾਥਨ ਪੈਟੁਨ ਨੇ ਉਸ ਨੂੰ ਬਾਸਕਟਬਾਲ ਵੱਲੋਂ ਮੋੜ ਕੇ ਟਰੈਕ ’ਚ ਦੌੜਨ ਲਾ ਲਿਆ ਸੀ। ਇੰਜ ਜੋਨਾਥਨ ਉਸ ਦਾ ਪਹਿਲਾ ਅਥਲੈਟਿਕਸ ਕੋਚ ਬਣਿਆ ਜਿਸ ਦੀ ਉਹ ਸਦਾ ਕਦਰਦਾਨ ਰਹੀ।
ਫੈਲਿਸਕ ਨੌਂਵੀ ਜਮਾਤ ਵਿੱਚ ਸੀ ਕਿ ਉਹ ਦੌੜਾਂ ਜਿੱਤਣ ਲੱਗੀ। ਸਿਰਫ਼ ਦਸ ਹਫ਼ਤਿਆਂ ਦੀ ਕੋਚਿੰਗ ਨਾਲ ਉਹਦੀ 200 ਮੀਟਰ ਦੌੜ ਚੰਗੀ ਰਵਾਂ ਹੋ ਗਈ ਸੀ। ਉਹ ਪਹਿਲੀ ਕੋਸ਼ਿਸ਼ ’ਚ ਹੀ ਜੂਨੀਅਰ ਅਥਲੀਟਾਂ ਦੀ ਸੀਆਈਐੱਫ ਕੈਲੀਫੋਰਨੀਆ ਸਟੇਟ ਮੀਟ ਵਿੱਚ 7ਵੇਂ ਸਥਾਨ ’ਤੇ ਆ ਗਈ। ਉਸ ਪਿੱਛੋਂ ਪੰਜ ਵਾਰ ਜੂਨੀਅਰ ਅਥਲੀਟਾਂ ਦੀ 200 ਮੀਟਰ ਦੌੜ ਜਿੱਤੀ। 2001 ਵਿੱਚ ਸੋਲ੍ਹਾਂ ਸਾਲਾਂ ਦੀ ਉਮਰੇ ਡੇਬਰਕਨ ਵਰਲਡ ਯੂਥ ਚੈਂਪੀਅਨਸ਼ਿਪ ਦੀ 100 ਮੀਟਰ ਦੌੜ ’ਚੋਂ ਅੰਤਰਰਾਸ਼ਟਰੀ ਟਾਈਟਲ ਜਿੱਤਿਆ ਤਾਂ ਉਹਦੀ ਗੁੱਡੀ ਅਸਮਾਨੀ ਚੜ੍ਹਨੀ ਸ਼ੁਰੂ ਹੋ ਗਈ। 2003 ਵਿੱਚ ਉਸ ਨੂੰ ਟਰੈਕ ਐਂਡ ਨਿਊਜ਼ ਵੱਲੋਂ ‘ਹਾਈ ਸਕੂਲ ਅਥਲੀਟ ਆਫ ਦਿ ਯੀਅਰ’ ਐਲਾਨਿਆ ਗਿਆ।
ਸੀਨੀਅਰ ਅਥਲੀਟ ਵਜੋਂ ਉਸ ਨੇ ਯੂਐੱਸ ਇਨਡੋਰ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਤੇ 200 ਮੀਟਰ ਦੌੜ ’ਚ ਦੂਜਾ ਸਥਾਨ ਹਾਸਲ ਕੀਤਾ। ਕੁਝ ਮਹੀਨੇ ਬਾਅਦ ਮੈਕਸਿਕੋ ਸਿਟੀ ਦੇ 50000 ਦਰਸ਼ਕਾਂ ਸਾਹਵੇਂ ਉਸ ਨੇ 200 ਮੀਟਰ ਦੀ ਦੌੜ 22.11 ਸਕਿੰਟ ਵਿੱਚ ਲਾਈ ਜੋ ਉਦੋਂ ਤੱਕ ਹਾਈ ਸਕੂਲ ਦੀਆਂ ਕੁੜੀਆਂ ਦਾ ਬਿਹਤਰੀਨ ਰਿਕਾਰਡ ਸੀ। 2003 ਵਿੱਚ ਉਸ ਨੇ ਸਕੂਲ ਦੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਮਾਨਤਾ ਪ੍ਰਾਪਤ ਖਿਡਾਰੀ ਵਜੋਂ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਵਿੱਚ ਦਾਖਲਾ ਲੈ ਲਿਆ। ਉੱਥੋਂ ਉਸ ਨੇ ਐਲੀਮੈਂਟਰੀ ਐਜੂਕੇਸ਼ਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।
2003 ਵਿੱਚ ਯੂਐੱਸਏ ਦੀ ਨੈਸ਼ਨਲ ਚੈਂਪੀਅਨਸ਼ਿਪ ਸਮੇਂ ਫੇਲਿਕਸ 200 ਮੀਟਰ ਦੌੜ 22.59 ਸਕਿੰਟ ’ਚ ਲਾ ਕੇ 2003 ਦੀ ਪੈਰਿਸ ਵਰਲਡ ਚੈਂਪੀਅਨਸ਼ਿਪਸ ਲਈ ਕੁਆਲਫਾਈ ਕਰ ਗਈ, ਪਰ ਪੈਰਿਸ ਵਿੱਚ ਉਹ 23.33 ਸਕਿੰਟ ਦੇ ਟਾਈਮ ਨਾਲ ਛੇਵੇਂ ਸਥਾਨ ’ਤੇ ਹੀ ਆ ਸਕੀ। ਉਹ 18 ਸਾਲਾਂ ਦੀ ਸੀ ਜਦੋਂ ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਗਈ। ਉਸ ਨੇ 200 ਮੀਟਰ ਦੀ ਦੌੜ ’ਚ ਭਾਗ ਲਿਆ ਤੇ ਚਾਂਦੀ ਦਾ ਤਗ਼ਮਾ ਜਿੱਤੀ। ਉੱਥੇ ਉਹਦਾ ਕੋਚ ਪੈਟ ਕਨੋਲੀ ਸੀ। ਫਿਰ ਪੈਟ ਕਨੋਲੀ ਵਾਪਸ ਵਰਜੀਨੀਆ ਚਲਾ ਗਿਆ ਤੇ ਫੈਲਿਕਸ ਨੂੰ ਸਹੀ ਕੋਚਿੰਗ ਲੈਣ ’ਚ ਮੁਸ਼ਕਲ ਆਉਣ ਲੱਗੀ। ਆਖ਼ਰ ਅਮਰੀਕਾ ਦਾ ਨਾਮਵਰ ਕੋਚ ਬੌਬ ਕਰਸੀ ਫੇਲਿਕਸ ਨੂੰ ਕੋਚਿੰਗ ਦੇਣ ਲੱਗਾ ਤੇ ਅਗਲੇ 18 ਸਾਲ ਉਸ ਦਾ ਕੋਚ ਰਿਹਾ।
2005 ਵਿੱਚ ਹੈੱਲਸਿੰਕੀ ਦੀ ਵਿਸ਼ਵ ਚੈਂਪੀਅਨਸ਼ਿਪ ’ਚ ਫੇਲਿਕਸ 200 ਮੀਟਰ ਦੌੜ ’ਚ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣੀ। 2007 ਦੀ ਓਸਾਕਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਫੇਲਿਕਸ ਫਿਰ 200 ਮੀਟਰ ਦੌੜ ਦਾ ਟਾਈਟਲ ਜਿੱਤੀ। ਉੱਥੇ ਉਸ ਨੇ 21.81 ਸਕਿੰਟ ਵਿੱਚ ਦੌੜ ਪੂਰੀ ਕੀਤੀ। ਇੰਟਰਵਿਊ ਦਿੰਦਿਆਂ ਉਸ ਨੇ ਹੁੱਬ ਕੇ ਕਿਹਾ ਕਿ 22 ਸਕਿੰਟ ਤੋਂ ਘੱਟ ਸਮੇਂ ’ਚ 200 ਮੀਟਰ ਦੌੜਨਾ ਮੇਰਾ ਸੁਫ਼ਨਾ ਸੀ ਜੋ ਅੱਜ ਪੂਰਾ ਹੋ ਗਿਆ। ਹੁਣ ਮੇਰਾ ਅਗਲਾ ਗੋਲ ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ’ਚੋਂ 200 ਮੀਟਰ ਦਾ ਗੋਲਡ ਮੈਡਲ ਜਿੱਤਣਾ ਹੈ। ਨਾਲ ਇਹ ਵੀ ਕਿਹਾ ਕਿ ਮੇਰਾ ਨਿਸ਼ਾਨਾ ਨਵਾਂ ਵਿਸ਼ਵ ਰਿਕਾਰਡ ਰੱਖਣਾ ਨਹੀਂ, ਗੋਲਡ ਮੈਡਲ ਹਾਸਲ ਕਰਨਾ ਹੈ ਕਿਉਂਕਿ ਰਿਕਾਰਡ ਕਦੇ ਸਦੀਵੀ ਨਹੀਂ ਹੁੰਦੇ।
ਇੰਜ ਫੇਲਿਕਸ ਕਦਮ ਬਾ ਕਦਮ ਅੱਗੇ ਵਧਦੀ ਗਈ। ਉਸ ਨੇ ਇਹ ਵੀ ਕਿਹਾ ਕਿ ਉਹ 4+100 ਮੀਟਰ ਰਿਲੇਅ ਦੌੜ ਦੇ ਨਾਲ 4+400 ਮੀਟਰ ਰਿਲੇਅ ਦੌੜ ਵੀ ਲਾਵੇਗੀ ਤਾਂ ਜੋ ਹੋਰਨਾਂ ਨਾਲੋਂ ਵਧ ਮੈਡਲ ਜਿੱਤ ਸਕੇ। ਉਸ ਨੇ 2008 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਟਰਾਇਲਾਂ ਵਿੱਚ 200 ਮੀਟਰ ਦੌੜ 21.82 ਸਕਿੰਟ ’ਚ ਲਾਈ, ਪਰ 100 ਮੀਟਰ ਦੀ ਦੌੜ ਲਈ ਕੁਆਲੀਫਾਈ ਨਾ ਕਰ ਸਕੀ। 4+400 ਮੀਟਰ ਰਿਲੇਅ ਦੌੜ ਦਾ ਉਹਦਾ ਸਪਲਿਟ ਟਾਈਮ 48.01 ਸਕਿੰਟ ਰਿਹਾ। ਬੀਜਿੰਗ ਵਿਖੇ 200 ਮੀਟਰ ਦੌੜ ਦੇ ਫਾਈਨਲ ਵਿੱਚ ਫੇਲਿਕਸ ਦਾ ਟਾਈਮ 21.93 ਸਕਿੰਟ ਰਿਹਾ ਜਿਸ ਨਾਲ ਸਿਲਵਰ ਮੈਡਲ ਉਸ ਦੇ ਪੱਲੇ ਪਿਆ, ਪਰ 4+400 ਮੀਟਰ ਰਿਲੇਅ ਦੌੜ ਵਿੱਚ ਫੇਲਿਕਸ ਦੇ 48.52 ਸਕਿੰਟ ਦੇ ਟਾਈਮ ਨਾਲ ਅਮਰੀਕਾ ਦੀ ਟੀਮ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤ ਗਈ। ਫੇਲਿਕਸ ਨੇ ਬਰਲਿਨ ਵਿਖੇ 2009 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 4+100 ਮੀਟਰ ਰਿਲੇਅ ਰੇਸ ’ਚ ਜਿੱਤਣ ਵਿੱਚ ਵੱਡਾ ਯੋਗਦਾਨ ਪਾਇਆ। ਉੱਥੇ ਉਸ ਨੇ 200 ਮੀਟਰ ਦੌੜ 22.02 ਸਕਿੰਟ ਵਿੱਚ ਜਿੱਤੀ।
ਅਥਲੈਟਿਕਸ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਉਨ੍ਹਾਂ ਵਿੱਚ ਫੇਲਿਕਸ ਨੇ 20 ਮੈਡਲ ਜਿੱਤੇ। ਉਹਦੇ ਸਾਹਮਣੇ ਟੀਚਾ ਸੀ ਕਿ ਉਹ ਜੈਸੀ ਓਵੇਂਜ ਤੇ ਕਾਰਲ ਲੇਵਿਸ ਦੀਆਂ ਜਿੱਤਾਂ ਨੂੰ ਮਾਤ ਪਾ ਸਕੇ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਹ ਸਫਲ ਹੋਈ, ਪਰ ਹਲੀਮੀ ਨਾਲ ਉਨ੍ਹਾਂ ਨੂੰ ਬਹੁਤ ਵੱਡੇ ਅਥਲੀਟ ਮੰਨਦੀ ਰਹੀ। ਇਹ ਉਸ ਦਾ ਵਡੱਪਣ ਸੀ। 2011 ਦੀ ਡਿਆਗੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ 200 ਮੀਟਰ, 400 ਮੀਟਰ, 4+100 ਮੀਟਰ ਰਿਲੇਅ ਤੇ 4+400 ਮੀਟਰ ਰਿਲੇਅ ਦੌੜਾਂ ਦੌੜੀਆਂ ਅਤੇ ਉਨ੍ਹਾਂ ’ਚੋਂ ਉਹ ਇੱਕੋ ਇੱਕ ਅਮਰੀਕਨ ਅਥਲੀਟ ਸੀ ਜੋ 4 ਮੈਡਲ ਜਿੱਤ ਕੇ ਮੁੜੀ।
2012 ਉਹਦਾ ਸੁਫ਼ਨੇ ਸਾਕਾਰ ਕਰਨ ਦਾ ਸਾਲ ਸੀ। ਉਸ ਸਾਲ ਲੰਡਨ ਦੀਆਂ ਓਲੰਪਿਕ ਖੇਡਾਂ ਹੋ ਰਹੀਆਂ ਸਨ। ਓਲੰਪਿਕ ਖੇਡਾਂ ਲਈ ਟਰਾਇਲ ਹੋਏ ਤਾਂ ਫੇਲਿਕਸ 100 ਮੀਟਰ, 400 ਮੀਟਰ, 4+100 ਮੀਟਰ ਰਿਲੇਅ ਤੇ 4+400 ਮੀਟਰ ਰਿਲੇਅ ਰੇਸਾਂ ਲਈ ਅਮਰੀਕਾ ਦੀ ਟੀਮ ਵਿੱਚ ਚੁਣੀ ਗਈ। ਜਿਵੇਂ ਸਿਓਲ-1988 ਦੀਆਂ ਓਲੰਪਿਕ ਖੇਡਾਂ ਸਮੇਂ ਅਮਰੀਕਾ ਦੀ ਫਲੋਰੈਂਸ ਗ੍ਰਿਫਥ ਜੋਏਨਰ ਦੀ ਗੁੱਡੀ ਚੜ੍ਹੀ ਸੀ, ਉਵੇਂ ਲੱਗਦਾ ਸੀ ਕਿ ਲੰਡਨ ਵਿੱਚ ਐਲੀਸਨ ਫੇਲਿਕਸ ਦੀ ਗੁੱਡੀ ਚੜ੍ਹੇਗੀ। ਬੇਸ਼ੱਕ 100 ਮੀਟਰ ਦੀ ਦੌੜ ਵਿੱਚ ਉਹ ਆਪਣੇ ਕਰੀਅਰ ਦਾ ਬੈਸਟ ਟਾਈਮ 10.89 ਸਕਿੰਟ ਕੱਢਣ ਦੇ ਬਾਵਜੂਦ ਕੋਈ ਮੈਡਲ ਨਾ ਜਿੱਤ ਸਕੀ, ਪਰ ਬਾਕੀ ਦੇ ਤਿੰਨੇ ਈਵੈਂਟ ਜਿੱਤ ਕੇ ਉਹ 3 ਗੋਲਡ ਮੈਡਲ ਜਿੱਤਣ ਦਾ ਨਵਾਂ ਰਿਕਾਰਡ ਰੱਖ ਗਈ!
ਖੇਡਾਂ ਦੀਆਂ ਸੱਟਾਂ ਫੇਟਾਂ ਕਿਸੇ ਵੀ ਖਿਡਾਰੀ ਦਾ ਅੱਗਾ ਮਾਰ ਦਿੰਦੀਆਂ ਹਨ। ਇਸ ਮਾਮਲੇ ’ਚ ਫੇਲਿਕਸ ਵੀ ਨਹੀਂ ਬਚ ਸਕੀ। 2013 ਵਿੱਚ ਮਾਸਕੋ ਦੀ ਵਿਸ਼ਵ ਚੈਂਪੀਅਨਸ਼ਿਪ ਸਮੇਂ ਫੇਲਿਕਸ ਨੇ 200 ਮੀਟਰ ਦੀ ਸਪਾਟ ਦੌੜ ਲਾਉਣ ਪਿੱਛੋਂ ਰਿਲੇਅ ਰੇਸਾਂ ਲਾਉਣੀਆਂ ਸਨ। ਲੰਡਨ ਤੋਂ ਹੀ ਉਹਦੀ ਬੜੀ ਚੜ੍ਹਤ ਸੀ, ਪਰ ਹੋਇਆ ਇਹ ਕਿ 200 ਮੀਟਰ ਦੌੜ ਲਾਉਂਦਿਆਂ ਉਸ ਨੂੰ ਹੈਮਸਟਰਿੰਗ ਦੀ ਇੰਜਰੀ ਲੈ ਬੈਠੀ। ਉਹ ਟਰੈਕ ਵਿੱਚ ਡਿੱਗ ਪਈ ਜਿੱਥੋਂ ਉਸ ਦਾ ਭਰਾ ਉਸ ਨੂੰ ਚੁੱਕ ਕੇ ਬਾਹਰ ਲਿਆਇਆ। ਜਿਸ ਦੌੜ ’ਚ ਉਹ ਪ੍ਰਥਮ ਆ ਰਹੀ ਸੀ ਉਹਦਾ ਗੋਲਡ ਮੈਡਲ ਫ੍ਰੇਜਰ ਪ੍ਰੇਸ ਜਿੱਤ ਗਈ ਜੋ ਉਹਤੋਂ ਪਿੱਛੇ ਆ ਰਹੀ ਸੀ। ਹੈਮਸਟਰਿੰਗ ਦੇ ਇਲਾਜ ਨੇ ਫੇਲਿਕਸ ਦੇ ਨੌਂ ਮਹੀਨੇ ਖਾ ਲਏ।
2015 ਤੋਂ ਪਿੱਛੋਂ ਦੀਆਂ ਚੈਂਪੀਅਨਸ਼ਿਪਾਂ ’ਚ ਉਹ ਫਿਰ ਜਿੱਤ-ਮੰਚਾਂ ’ਤੇ ਚੜ੍ਹਨ ਲੱਗੀ। ਬੀਜਿੰਗ ਦੀ ਵਿਸ਼ਵ ਚੈਂਪੀਅਨਸ਼ਿਪ-2015 ’ਚ ਉਸ ਨੇ 200 ਮੀਟਰ ਤੇ 400 ਮੀਟਰ ਦੌੜਾਂ ਜਿੱਤਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। 400 ਮੀਟਰ ਦੌੜ ਉਸ ਨੇ ਪਹਿਲੀ ਵਾਰ 50 ਸਕਿੰਟ ਤੋਂ ਘੱਟ ਸਮੇਂ ਅਰਥਾਤ 49.26 ਸਕਿੰਟ ਵਿੱਚ ਲਾਈ। ਅੱਗੇ 2016 ਦੀਆਂ ਓਲੰਪਿਕ ਖੇਡਾਂ ਸਨ ਜੋ ਰੀਓ ਡੀ ਜਨੀਰੋ ਵਿੱਚ ਹੋ ਰਹੀਆਂ ਸਨ। ਰੀਓ ਵਿੱਚ ਫੇਲਿਕਸ ਨੇ 3 ਮੈਡਲ ਜਿੱਤ ਕੇ ਆਪਣੇ ਕੁੱਲ ਓਲੰਪਿਕ ਮੈਡਲਾਂ ਦੀ ਗਿਣਤੀ ਵਧਾ ਕੇ 9 ਕਰ ਦਿੱਤੀ।
2018 ਵਿੱਚ ਫੇਲਿਕਸ ਦਾ ਵਿਆਹ ਅਮਰੀਕਨ ਦੌੜਾਕ ਕੇਂਥ ਫਰਗੂਸਨ ਨਾਲ ਹੋ ਗਿਆ। ਉਹ 32 ਹਫ਼ਤਿਆਂ ਦੀ ਗਰਭਪਤੀ ਸੀ ਕਿ ਜਣਨ ਸਮੱਸਿਆ ਆ ਗਈ। ਬੱਚੀ ਦਾ ਅਗਾਊਂ ਜਣੇਪਾ ਕਰਨਾ ਪਿਆ। ਉੱਧਰ ਨੀਕ ਕੰਪਨੀ ਨੇ ਉਹਦੇ ਮਾਂ ਬਣਨ ਕਰਕੇ ਕੀਤੇ ਇਕਰਾਰਨਾਮੇ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਲਏ। ਅਦਾਲਤੀ ਕੇਸ ਚੱਲਿਆ। ਉਹਦੇ ਮਾੜੇ ਦਿਨ ਆ ਗਏ, ਪਰ ਫੇਲਿਕਸ ਨੇ ਹੌਸਲਾ ਨਾ ਹਾਰਿਆ। ਅੱਗੇ ਟੋਕੀਓ-2020 ਦੀਆਂ ਓਲੰਪਿਕ ਖੇਡਾਂ ਆ ਰਹੀਆਂ ਸਨ ਤੇ ਨਾਲ ਹੀ ਕੋਵਿਡ-19 ਦੀ ਮਹਾਮਾਰੀ ਵੀ ਆ ਗਈ। ਕੋਵਿਡ ਦੇ ਲੌਕਡਾਊਨ ਵਿੱਚ ਫੇਲਿਕਸ ਨੂੰ ਸੁੰਨੇ ਖੇਡ ਮੈਦਾਨਾਂ ਵਿੱਚ ਲੁਕ ਛਿਪ ਕੇ ਪ੍ਰੈਕਟਿਸ ਕਰਨੀ ਪਈ।
ਉਹ 2020 ਦੀਆਂ ਓਲੰਪਿਕ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੋਈ ਤਾਂ ਓਲੰਪਿਕ ਖੇਡਾਂ ਇੱਕ ਸਾਲ ਪਿੱਛੇ ਪਾ ਦਿੱਤੀਆਂ ਗਈਆਂ ਜੋ ਟੋਕੀਓ ’ਚ ਕੋਵਿਡ ਦੌਰਾਨ 2021 ਵਿੱਚ ਹੋਈਆਂ। 35 ਸਾਲ ਤੋਂ ਵਡੇਰੀ ਉਮਰ ਦੀ ਹੋ ਕੇ ਤੇ ਇੱਕ ਧੀ ਦੀ ਮਾਂ ਬਣ ਕੇ ਫੇਲਿਕਸ ਨੇ ਆਖ਼ਰੀ ਵਾਰ ਓਲੰਪਿਕ ਖੇਡਾਂ ’ਚ ਭਾਗ ਲਿਆ। ਉੱਥੇ ਉਸ ਨੇ 2 ਮੈਡਲ ਜਿੱਤੇ ਤੇ ਕੁਲ 11 ਓਲੰਪਿਕ ਮੈਡਲ ਜਿੱਤ ਕੇ ਬਸ ਕੀਤੀ। ਹੁਣ ਉਸ ਦੇ ਇੱਕ ਧੀ ਤੇ ਇੱਕ ਪੁੱਤ, ਦੋ ਬੱਚੇ ਹਨ ਜੋ ਪਰਿਵਾਰ ਸਮੇਤ ਲਾਸ ਏਂਜਲਜ ਵਿੱਚ ਰਹਿ ਰਹੇ ਹਨ।
ਫੇਲਿਕਸ ਦੇ ਜੀਵਨ ਵਿੱਚ ਸੁੱਖ ਵੀ ਆਏ ਤੇ ਦੁੱਖ ਵੀ ਆਏ। ਜਿੱਤਾਂ ਵੀ ਮਿਲੀਆਂ ਤੇ ਹਾਰਾਂ ਵੀ ਹੋਈਆਂ, ਪਰ ਉਹ ਹਰ ਹਾਲਤ ਵਿੱਚ ਅਡੋਲ ਰਹੀ। ਉਹ ਚੋਟੀ ਦੀ ਦੌੜਾਕ ਸੀ, ਪਤੀਵਰਤਾ ਪਤਨੀ, ਦੋ ਬੱਚਿਆਂ ਦੀ ਪਿਆਰੀ ਮਾਂ ਤੇ ਕਾਰਪੋਰੇਟਾਂ ਨਾਲ ਲੜਨ ਵਾਲੀ ਜੁਝਾਰੂ ਔਰਤ ਹੈ। ਉਹ ਸਿਆਹਫਾਮ ਔਰਤਾਂ ਦੇ ਹੱਕਾਂ ਲਈ ਲੜੀ ਅਤੇ ਨਾਰੀ ਸ਼ਕਤੀ ਦਾ ਪੱਖ ਪੂਰਿਆ। ਉਸ ਨੇ ਨੀਕ ਦੇ ਮੁਕਾਬਲੇ ਆਪਣਾ ਫੁਟਵੇਅਰ ਬਰਾਂਡ ਸੇਸ਼ ਸ਼ੁਰੂ ਕੀਤਾ ਤੇ ਉਸੇ ਦੇ ਬਣਾਏ ਸਪਾਈਕਸ ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਪਹਿਨੇ। ਉਸ ਦਾ ਜੀਵਨ ਦ੍ਰਿੜਤਾ, ਲਗਨ, ਸਮਰਥਨ, ਸੰਘਰਸ਼ ਤੇ ਸੰਤੁਲਨ ਦਾ ਸਰੂਪ ਹੈ।
ਜੂਨ 2021 ਦੀਆਂ ਓਲੰਪਿਕ ਖੇਡਾਂ ਸਮੇਂ ਉਹ 35 ਸਾਲਾਂ ਤੋਂ ਟੱਪ ਚੁੱਕੀ ਸੀ ਤੇ ਵੈਟਰਨ ਖਿਡਾਰਨ ਬਣ ਚੁੱਕੀ ਸੀ। ਸਪਰਿੰਟਰ ਬਹੁਤਾ ਲੰਮਾ ਸਮਾਂ ਦੌੜਦੇ ਨਹੀਂ ਰਹਿ ਸਕਦੇ, ਪਰ ਧੰਨ ਹੈ ਐਲੀਸਨ ਫੇਲਿਕਸ ਜੋ 1997 ਤੋਂ 2022 ਤੱਕ 25 ਸਾਲ ਸਰਗਰਮ ਦੌੜਾਕ ਬਣੀ ਰਹੀ। ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦੇ ਜ਼ੋਰ, ਜੇਰੇ ਤੇ ਜੁਗਤ ਦਾ ਕੋਈ ਸਿਰਾ ਨਹੀਂ।
ਈ-ਮੇਲ: principalsarwansingh@gmail.com

