ਬਾਪੂ ’ਕੱਲਾ ਮੱਝਾਂ ਚਾਰਦਾ...
ਬਰਸਾਤਾਂ ਦੀ ਰੁੱਤੇ ਜਦੋਂ ਸਾਡੇ ਕਾਲਜਾਂ ਦੀਆਂ ਜਮਾਤਾਂ ਲੱਗਣੀਆਂ ਸ਼ੁਰੂ ਹੁੰਦੀਆਂ ਤਾਂ ਬਾਪੂ ਸਵੇਰੇ ਸ਼ਾਮੀਂ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਰੱਕੜ ਵਿੱਚ ਮੱਝਾਂ ਚਾਰ ਕੇ ਕਬੀਲਦਾਰੀ ਨਜਿੱਠਣ ਲਈ ਆਪਣੇ ਹਿੱਸੇ ਦੀਆਂ ਜਮਾਤਾਂ ਲਾ ਰਿਹਾ ਹੁੰਦਾ। ਇਹ ਰੱਕੜ ਪੰਚਾਇਤੀ ਜ਼ਮੀਨ ’ਚ ਪੈਂਦਾ ਸੀ ਤੇ ਬਰਸਾਤਾਂ ਸ਼ੁਰੂ ਹੁੰਦਿਆਂ ਹੀ ਇੱਥੇ ਜੇਠ ਹਾੜ੍ਹ ਦੀਆਂ ਧੁੱਪਾਂ ਨਾਲ ਲੂਹ ਹੋਇਆ ਜੰਗਲੀ ਘਾਹ ਤੇ ਹੋਰ ਖੜਕਾਨਾ ਕਿਸੇ ਹਰਿਆਵਲ ਨਾਲ ਭਰੇ ਟਾਪੂ ਵਿੱਚ ਤਬਦੀਲ ਹੋ ਜਾਂਦਾ ਜੋ ਪਸ਼ੂ ਚਾਰਨ ਵਾਲਿਆਂ ਨੂੰ ਵੱਡੀ ਕੁਦਰਤੀ ਰਹਿਮਤ ਲੱਗਿਆ ਕਰਦਾ ਸੀ। ਰੱਕੜ ਦੇ ਖੜਕਾਨੇ ਤੇ ਜੰਗਲੀ ਬਨਸਪਤੀ ਨੂੰ ਚੋਅ ਦੇ ਪਾਣੀ ਵੱਲੋਂ ਪਾੜ ਕੇ ਬਣਾਏ ਰਸਤੇ ਵਿੱਚੋਂ ਸਾਉਣ ਦੀਆਂ ਝੜੀਆਂ ਸ਼ੁਰੂ ਹੁੰਦਿਆਂ ਹੀ ਬਰਸਾਤੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ। ਚੋਅ ਦੇ ਪਾਣੀ ਨਾਲ ਰੱਕੜ ਵਿੱਚ ਪਏ ਡੁੰਮਾਂ ਵਿੱਚ ਜਮ੍ਹਾਂ ਹੁੰਦਾ ਨਿੱਤਰਿਆ ਪਾਣੀ ਗਰਮੀ ਤੇ ਹੁੱਸੜ ਦੇ ਸਤਾਏ ਪਸ਼ੂੁਆਂ ਤੇ ਪਸ਼ੂ ਚਰਾਉਣ ਵਾਲਿਆਂ ਲਈ ਵੱਡੀ ਨਿਆਮਤ ਹੁੰਦਾ ਸੀ।
ਦਰਅਸਲ, ਉਸ ਦੌਰ ਵਿੱਚ ਪੇਂਡੂ ਰਹਿਤਲ ਵਿੱਚ ਖੁੱਲ੍ਹੀਆਂ ਚਰਾਂਦਾਂ ਤੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਉੱਤੇ ਮੱਝਾਂ ਗਾਵਾਂ ਚਾਰਨ ਦਾ ਰਿਵਾਜ ਆਮ ਹੋਇਆ ਕਰਦਾ ਸੀ। ਪਿੰਡਾਂ ਵਿੱਚ ਹਰ ਔਖਾ ਸੌਖਾ ਪਰਿਵਾਰ ਜਿਹਨੇ ਘਰ ਦੇ ਦੁੱਧ ਵਾਸਤੇ ਲਵੇਰੇ ਰੱਖੇ ਹੁੰਦੇ, ਬਰਸਾਤਾਂ ਦੇ ਦਿਨਾਂ ’ਚ ਆਪਣੇ ਮਾਲ ਡੰਗਰ ਨੂੰ ਪਿੰਡਾਂ ਨੇੜੇ ਪੈਂਦੀਆਂ ਚਰਾਂਦਾਂ ਜਾਂ ਖੁੱਲ੍ਹੇ ਖੇਤਾਂ ਵਿੱਚ ਚਾਰਨ ਲਈ ਲੈ ਕੇ ਜ਼ਰੂਰ ਜਾਂਦਾ ਸੀ। ਇਨ੍ਹਾਂ ਦਿਨਾਂ ਵਿੱਚ ਪਸ਼ੂਆਂ ਨੂੰ ਘਰੋਂ ਬਾਹਰ ਚਾਰਨ ਜਾਂ ਘੁੰਮਾਉਣ ਫਿਰਾਉਣ ਲੈ ਕੇ ਜਾਣ ਦਾ ਇੱਕ ਮਕਸਦ ਇਹ ਵੀ ਹੁੰਦਾ ਕਿ ਪਸ਼ੂਆਂ ਦੇ ਬਾਹਰ ਚੁਗਣ ਜਾਣ ਨਾਲ ਬਰਸਾਤੀ ਮੌਸਮ ’ਚ ਪਸ਼ੂਆਂ ਵਾਲੀਆਂ ਖੁਰਲੀਆਂ ਤੇ ਹਵੇਲੀਆਂ ਚਿੱਕੜ ਗਾਰੇ ਤੋਂ ਬਚੀਆਂ ਰਹਿੰਦੀਆਂ, ਦੂਜਾ ਪਸ਼ੂਆਂ ਦੇ ਬਾਹਰ ਚਰ ਕੇ ਆਉਣ ਨਾਲ ਪਸ਼ੂ ਪਾਲਕ ਪਰਿਵਾਰਾਂ ਨੂੰ ਪਸ਼ੂਆਂ ਲਈ ਪੱਠੇ ਢੱਠੇ ਵੱਢਣ, ਕੁਤਰ ਕੇ ਖੁਰਲੀਆਂ ਵਿੱਚ ਪਾਉਣ ਦਾ ਆਹਰ ਘੱਟ ਕਰਨਾ ਪੈਂਦਾ ਸੀ।
ਪਰਿਵਾਰ ਦੇ ਇੱਕ ਜੀਅ ਵੱਲੋਂ ਪਸ਼ੂਆਂ ਨੂੰ ਬਾਹਰ ਚਰਾਉਣ ਲੈ ਕੇ ਜਾਣ ਨਾਲ ਟੱਬਰ ਦੇ ਬਾਕੀ ਜੀਆਂ ਨੂੰ ਦੁੱਧ ਦਹੀਂ ਵੀ ਖਾਣ ਨੂੰ ਵੀ ਮਿਲਦਾ ਰਹਿੰਦਾ ਤੇ ਪਸ਼ੂਆਂ ਦੀ ਸਾਂਭ ਸੰਭਾਲ ਦੀ ਖੇਚਲ ਤੋਂ ਵੀ ਛੁਟਕਾਰਾ ਮਿਲਿਆ ਰਹਿੰਦਾ। ਹਾਲਾਂਕਿ ਪਿੰਡ ਵਾਲੇ ਰੱਕੜ ਵਿੱਚ ਪਸ਼ੂ ਚਾਰਨ ਵਾਲੇ ਹੋਰ ਪਰਿਵਾਰਾਂ ਕੋਲ ਆਪਣੀਆਂ ਜ਼ਮੀਨਾਂ ਹੋਣ ਕਰਕੇ ਪੂਰਾ ਸਾਲ ਹਰੇ ਸੁੱਕੇ ਚਾਰੇ ਦੀ ਕਮੀ ਨਹੀਂ ਸੀ ਹੁੰਦੀ, ਪਰ ਬਾਪੂ ਕੋਲ ਪਿਤਾ ਪੁਰਖੀ ਜ਼ਮੀਨ ਨਾ ਹੋਣ ਨਾਲ ਸਾਲ ਵਿੱਚ ਜ਼ਿਆਦਾ ਸਮਾਂ ਰੱਕੜ ਵਿੱਚ ਪਸ਼ੂਆਂ ਨੂੰ ਚਾਰਨਾ ਪੈਂਦਾ। ਬਰਸਾਤੀ ਮੌਸਮ ਵਿੱਚ ਕੋਠੇ ਕੋਠੇ ਤੋਂ ਉਤਾਂਹ ਹੋੋਏ ਦਿੱਭ, ਸਲਵਾੜ ਤੇ ਹੋਰ ਜੰਗਲੀ ਹਰੀ ਘਾਹ ਬੂਟੀ ਵਿਚਕਾਰ ਖਾਲੀ ਥਾਵਾਂ ਵਿੱਚ ਭਾਰੀ ਹੁੰਮਸ ਤੇ ਸੱਪ ਨਿਉਲਿਆਂ ਵਰਗੇ ਵਿਸ਼ੈਲੇ ਜੰਤੂਆਂ ਨਾਲ ਅੱਖ ਮਚੋਲੀ ਖੇਡ ਕੇ ਪਸ਼ੁੂ ਚਾਰ ਕੇ ਰੋਜ਼ਾਨਾ ਆਥਣ ਵੇਲੇ ਸਹੀ ਸਲਾਮਤ ਘਰ ਪਰਤਣਾ ਕੋਈ ਸੌਖਾ ਕੰਮ ਨਹੀ ਹੁੰਦਾ ਸੀ। ਇਸ ਦੇ ਬਾਵਜੂਦ ਘਰ ਦੇ ਕਮਾਊ ਬੰਦੇ ਦੀ ਜ਼ਿੰਮੇਵਾਰੀ ਤੇ ਪਰਿਵਾਰ ਲਈ ਇਹ ਮਾਲ ਡੰਗਰਾਂ ਦੇ ਦੁੱਧ ਤੋਂ ਹੁੰਦੀ ਆਮਦਨ ਹੀ ਵੱਡਾ ਵਸੀਲਾ ਹੋਣ ਕਰਕੇ ਬਾਪੂ ਨੂੰ ਇਹ ਜਾਨ ਨੂੰ ਜੋਖਿਮ ਵਿੱਚ ਪਾਉਣ ਵਾਲੇ ਕੰਮ ਦਾ ਮਜਬੂਰੀ ਵੱਸ ਅੱਕ ਚੱਬਣਾ ਪੈਂਦਾ ਸੀ।
ਬਾਪੂ ਹੋਰੀਂ ਸਵੇਰੇ ਪਿੰਡ ਦੇ ਸ਼ਮਸ਼ਾਨਘਾਟ ਨੇੜਿਓ ਸ਼ੁਰੂ ਹੁੰਦੀ ਪੰਚਾਇਤੀ ਜ਼ਮੀਨ ਤੋਂ ਆਪਣੇ ਪਸ਼ੂ ਚਾਰਨੇ ਸ਼ੁਰੂ ਕਰਦੇ ਅਤੇ ਦੁਪਹਿਰ ਤੱਕ ਲਾਗਲੇ ਪਿੰਡ ਦੇ ਵਸੀਮੇਂ ਕੋਲ ਸੜਕ ’ਤੇ ਬਣੇ ਪੱਕੇ ਪੁਲ ਤੱਕ ਪਸ਼ੁੂ ਚਾਰਦੇ ਪਹੁੰਚ ਜਾਂਦੇ। ਮੀਹਾਂ ਵਾਲੀ ਰੁੱਤ ਵਿੱਚ ਕਈ ਵਾਰੀ ਸੂਰਜ ਦੀ ਤਿੱਖੀ ਧੁੱਪ ਤੇ ਹੁੰਮਸ ਨਾਲ ਰੱਕੜ ਵਿੱਚ ਚਰਨ ਆਏ ਪਸ਼ੂ ਬੁਰੀ ਤਰ੍ਹਾਂ ਬੋਂਦਲੇ ਹੁੰਦੇ ਅਤੇ ਰੱਕੜ ਵਿੱਚ ਟਿਕ ਕੇ ਨਾ ਚੁਗਦੇ ਤੇ ਵਾਰ ਵਾਰ ਪਾਣੀ ਵਾਲੇ ਡੁੰਮਾਂ ਵੱਲ ਨੂੰ ਤੁਰੇ ਹੁੰਦੇ। ਕਈ ਵਾਰੀ ਤਾਂ ਪਸ਼ੂਆਂ ਨੂੰ ਪਾਣੀ ਵਾਲੇ ਡੁੰਮਾਂ ਵਿੱਚੋਂ ਬਾਹਰ ਕੱਢਣ ਲਈ ਪਾਲੀਆਂ ਨੂੰ ਬਾਹਲੀ ਮੁਸ਼ੱਕਤ ਕਰਨੀ ਪੈਂਦੀ ਸੀ। ਇਨ੍ਹਾਂ ਦਿਨਾਂ ਵਿੱਚ ਜਦੋਂ ਸਾਰਾ ਦਿਨ ਮੀਂਹ ਵਰ੍ਹਨੋਂ ਨਾ ਹਟਦਾ ਤਾਂ ਬਾਪੂ ਹੋਰੀਂ ਦੁਪਹਿਰ ਨੂੰ ਵੀ ਖਾਦ ਵਾਲੇ ਬੋਰੇ ਦਾ ਝੁੰਭ ਮਾਰਕੇ ਪਸ਼ੂ ਚਾਰ ਰਹੇ ਹੁੰਦੇ। ਲੰਮੀ ਝੜੀ ਲੱਗਣ ਨਾਲ ਰੱਕੜ ’ਚ ਵਗਦੇ ਚੋਅ ਦਾ ਪਾਣੀ ਛਾਲੀਆਂ ਮਾਰਨ ਲੱਗ ਪੈਂਦਾ ਤੇ ਕਈ ਵਾਰ ਬਾਪੂ ਤੇ ਹੋਰ ਪਾਲੀ ਪਸ਼ੂ ਚਾਰਦੇ ਚਾਰਦੇ ਚੋਅ ਤੋਂ ਪਾਰ ਲੰਘ ਜਾਂਦੇ ਤੇ ਫਿਰ ਸਾਰੇ ਜਣੇ ਪਿੰਡ ਪਰਤਣ ਲਈ ਚੋਅ ਦੇ ਪਾਣੀ ਦੇ ਉਤਰਨ ਦਾ ਇੰਤਜ਼ਾਰ ਕਰਦੇ ਰਹਿੰਦੇ। ਸੂਰਜ ਢਲਣ ਨਾਲ ਜਦੋਂ ਚੋਅ ਦੇ ਕੰਢੇ ਸਾਧਾਂ ਦੇ ਡੇਰੇ ਤੋਂ ਆਥਣ ਵੇਲੇ ਦਾ ਸੰੰਖ ਗੁੂੰਜਣ ਲੱਗ ਪੈਂਦਾ ਤਾਂ ਪਿੰਡੋਂ ਬਾਹਰ ਚੁਗਣ ਗਏ ਪਸ਼ੂ ਘਰ ਪਰਤਣ ਲਈ ਉਤਾਵਲੇ ਹੋ ਜਾਂਦੇ। ਪਸ਼ੂ ਚੋਅ ਦੇ ਪਾਣੀ ਨੂੰ ਪਾਰ ਕਰਨ ਲਈ ਪਾਣੀ ਵਿੱਚ ਆਪਮੁਹਾਰੇ ਹੀ ਠਿਲ ਪੈਂਦੇ ਤੇ ਬਾਪੂ ਵੀ ਰੱਬ ਨੂੰ ਯਾਦ ਕਰਕੇ ਕਿਸੇ ਇੱਕ ਪਸ਼ੂ ਦੀ ਪੂਛ ਨੂੰ ਫੜ ਕੇ ਚੋਅ ਪਾਰ ਕਰਕੇ ਪਸ਼ੂਆਂ ਸਮੇਤ ਸਹੀ ਸਲਾਮਤ ਘਰ ਪਰਤ ਆਉਂਦਾ।
ਸਾਰਾ ਦਿਨ ਬਰਸਾਤੀ ਮੀਂਹ ਦੀਆਂ ਫੁਹਾਰਾਂ ਨਾਲ ਝੰਭ ਹੋਇਆ ਬਾਪੂ ਤੱਤੇ ਪਾਣੀ ਵਿੱਚ ਲੁੂਣ ਪਾ ਕੇ ਪੈਰਾਂ ਦੀ ਟਕੋਰ ਕਰਦਾ ਤੇ ਸਰ੍ਹੋਂ ਦਾ ਤੇਲ ਲਾ ਕੇ ਮੰਜੇ ’ਤੇ ਪੈਂਦਾ। ਬੇਬੇ ਰਾਤ ਨੂੰ ਕਾੜ੍ਹੇ ਹੋਏ ਦੁੱਧ ਵਿੱਚ ਦੇਸੀ ਘਿਓ ਪਾ ਕੇ ਬਾਪੂ ਨੂੰ ਪੀਣ ਲਈ ਦਿੰਦੀ ਤਾਂ ਜੋ ਬਰਸਾਤੀ ਮੀਂਹ ਤੇ ਸਾਰੇ ਦਿਨ ਦੇ ਥਕੇਵੇਂ ਨਾਲ ਆਕੜੇ ਸਰੀਰ ਨੂੰ ਰਾਹਤ ਮਿਲ ਸਕੇ। ਓਧਰ ਸਾਰਾ ਦਿਨ ਰੱਕੜ ਵਿੱਚੋਂ ਆਪਣੀ ਮਰਜ਼ੀ ਦਾ ਘਾਹ ਚੁਗ ਤੇ ਚੋਅ ਦੇ ਪਾਣੀ ਨਾਲ ਨਹਾ ਧੋ ਕੇ ਘਰ ਪਰਤਿਆ ਮਾਲ ਡੰਗਰ ਛੇਤੀ ਹੀ ਆਪਣੇ ਖੁੰਡਿਆਂ ’ਤੇ ਬੈਠ ਕੇ ਜੁਗਾਲੀ ਕਰਦਾ ਇੰਝ ਨਜ਼ਰ ਆਉਂਦਾ ਜਿਵੇਂ ਉਹ ਬਰਸਾਤਾਂ ਦੀ ਹਨੇਰੀ ਤੇ ਡਰਾਉਣੀ ਰਾਤ ਵਿੱਚ ਉੱਪਰ ਵਾਲੇ ਦੀ ਇਬਾਦਤ ਕਰ ਰਿਹਾ ਹੋਵੇ। ਕਈ ਵਾਰੀ ਜਦੋਂ ਮੀਂਹ ਨਾਲ ਹੋਏ ਠੰਢੇ ਦਿਨ ਨੂੰ ਬਾਪੂ ਦੁਪਹਿਰ ਨੂੰ ਪਸ਼ੂ ਲੈ ਕੇ ਘਰ ਨਾ ਆਉਂਦਾ ਤਾਂ ਦੁਪਹਿਰੋਂ ਬਾਅਦ ਉਸ ਨੂੰ ਚਾਹ ਤੇ ਰੋਟੀ ਚੋਅ ਵਿੱਚ ਹੀ ਪਹੁੰਚਾਉਣੀ ਹੁੰਦੀ ਤੇ ਪੁਲ ਵਾਲੀ ਉੱਚੀ ਜਗ੍ਹਾ ’ਤੇ ਖੜ੍ਹ ਬਾਪੂ ਤੇ ਉਸ ਦੇ ਵੱਗ ਦੀ ਦਿਸ਼ਾ ਤੇ ਦਸ਼ਾ ਦਾ ਅੰਦਾਜ਼ਾ ਲਾਉਣਾ ਪੈਂਦਾ। ਸਾਡੇ ਲਈ ਰੱਕੜ ਵਿੱਚ ਪਸ਼ੂ ਚਰਨ ਵਾਲੇ ਇਲਾਕਿਆਂ ਦੀਆਂ ਲੀਹਾਂ ਉਲੰਘ, ਸੱਪਾਂ, ਨਿਉਲਿਆਂ ਤੇ ਸੇਹਾਂ ਵਾਲੇ ਇਲਾਕਿਆਂ ’ਚ ਚੁਗਦੇ ਪਸ਼ੂਆਂ ਤੱਕ ਪਹੁੰਚਣਾ ਵੀ ਵੱਡੀ ਚਣੌਤੀ ਹੁੰਦੀ ਸੀ, ਪਰ ਬਾਪੂ ਦਾ ਅਜਿਹੇ ਖ਼ਤਰਿਆਂ ਨਾਲ ਰੋਜ਼ ਵਾਹ ਪੈਂਦਾ ਸੀ।
ਇਸ ਮੌਸਮ ਦੌਰਾਨ ਜਦੋਂ ਕਈ ਕਈ ਦਿਨ ਮੀਂਹ ਦੀਆਂ ਝੜੀਆਂ ਲੱਗ ਜਾਂਦੀਆਂ ਤਾਂ ਪੇਂਡੂ ਜ਼ਿੰਦਗੀ ਬੁਰੀ ਤਰ੍ਹਾਂ ਅਸਤ ਵਿਅਸਤ ਹੋ ਜਾਂਦੀ। ਪਸ਼ੂਆਂ ਨੂੰ ਬੰਨ੍ਹਣ ਵਾਲੇ ਕੱਚੇ ਪੱਕੇ ਢਾਰੇ ਮੀਂਹ ਵਿੱਚ ਡਿੱਗੂੰ ਡਿੱਗੂੰ ਕਰਦੇ ਮੋਹਲੇਧਾਰ ਵਰਖਾ ਦੇ ਪਾਣੀ ਵਿੱਚ ਰਲ ਕੇ ਆਪਣੀ ਹਸਤੀ ਮਿਟਾਉਣ ਨੂੰ ਕਾਹਲੇ ਪਏ ਨਜ਼ਰ ਆਉਂਦੇ। ਗਾਵਾਂ ਤੇ ਛੋਟੇ ਕੱਟੂਆਂ, ਬੱਛੜੂਆਂ ਨੂੰ ਜਿਹੜੇ ਢਾਰਿਆਂ ਦੀ ਛੱਤ ਥੱਲੇ ਮੀਂਹ ਤੋਂ ਬਚਾਉਣ ਲਈ ਬੰਨ੍ਹਿਆ ਹੋਇਆ ਹੁੰਦਾ, ਉਹ ਛੱਤਾਂ ਬੁਰੀ ਤਰ੍ਹਾਂ ਚੋਂਦੀਆਂ ਹੋਣ ਕਰਕੇ ਉਨ੍ਹਾਂ ਥੱਲੇ ਵੀ ਬਾਹਰ ਨਾਲੋਂ ਜ਼ਿਆਦਾ ਮੀਂਹ ਪੈਂਦਾ ਮਹਿਸੂਸ ਹੁੰਦਾ। ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਕੰਮਾਂ ’ਤੇ ਗਏ ਲੋਕ ਵੀ ਲੋਏ ਲੋਏ ਘਰਾਂ ਵੱਲ ਨੂੰ ਸ਼ੂਟ ਵੱਟੀ ਨਜ਼ਰ ਆਉਂਦੇ। ਪਸ਼ੂਆਂ ਲਈ ਮੀਂਹ ਵਰ੍ਹਦੇ ਵਿੱਚ ਹੀ ਪੱਠੇ ਦੱਥੇ ਦਾ ਜੁਗਾੜ ਕਰਨ ਵਾਲਿਆਂ ’ਤੇ ਸਾਉਣ ਦੀਆਂ ਠੰਢੀਆਂ ਕਣੀਆਂ ਪੈਣ ਨਾਲ ਦੰਦ ਵੱਜਦੇ ਰਹਿੰਦੇ ਸਨ। ਮੀਂਹ ਹਟਣ ਤੋਂ ਬਾਅਦ ਪਸ਼ੂਆਂ ਥੱਲਿਓਂ ਚਿੱਕੜ ਖ਼ਤਮ ਕਰਨ ਲਈ ਕਈ ਵਾਰੀ ਤਿੰਨ ਚਾਰ ਗੱਡੇ ਰੇਤ ਮਿੱਟੀ ਦੇ ਵੀ ਖੁਰਲੀਆਂ ਹੇਠ ਖਿਲਾਰਨੇ ਪੈਂਦੇ ਸਨ। ਘਰ ਦੀ ਕਾੜ੍ਹਨੀ ’ਚ ਕੜ੍ਹੇ ਗਾੜ੍ਹੇ ਦੁੱਧ ਅਤੇ ਦੇਸੀ ਘਿਓ ਨਾਲ ਚੰਡੇ ਸਰੀਰ ਨੂੰ ਅਤਿ ਦੇ ਭਾਰੇ ਕੰਮ ਕਰਕੇ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਥਕਾਵਟ ਜਾਂ ਸਰੀਰਕ ਕਮਜ਼ੋਰੀ ਕਿਸ ਬਲਾ ਦਾ ਨਾਂ ਹੁੰਦੈ? ਫਿਰ ਵੀ ਵਰ੍ਹਦੇ ਮੀਹਾਂ ਵਿੱਚ ਆਪਣੀ ਹੋਂਦ ਬਚਾਉਣ ਲਈ ਪੇਂਡੂ ਜ਼ਿੰਦਗੀ ਮੌਸਮਾਂ ਦੇ ਵੱਖੋ ਵੱਖਰੇ ਰੰਗਾਂ ਨਾਲ ਗੁਫ਼ਤਗੂ ਕਰਦੀ ਚੰਗੇ ਦਿਨਾਂ ਦੀ ਆਸ ਵਿੱਚ ਯਤਨਸ਼ੀਲ ਰਹਿੰਦੀ ਸੀ।
ਇੱਕ ਸਾਲ ਬਰਸਾਤੀ ਚੋਈ ਦਾ ਪਾਣੀ ਪਸ਼ੂਆਂ ਦੇ ਢਾਰੇ ਦੇ ਨਾਲ ਦੇ ਕਮਰੇ ਪਿੱਛਿਓਂ ਵਗਣ ਨਾਲ ਕਮਰੇ ਦੀ ਕੰਧ ਨੂੰ ਅਜਿਹਾ ਪਾੜ ਪਿਆ ਜੋ ਕਈ ਸਾਲ ਸਾਡੇ ਟੱਬਰ ਦੀ ਮਾਲੀ ਹਸਤੀ ਨੂੰ ਵੰਗਾਰਦਾ ਲਗਾਤਾਰ ਇਹੀ ਆਖਦਾ ਨਜ਼ਰ ਆਉਂਦਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਇਹ ਕੰਧ ਦਾ ਪਾੜ ਪੂਰ ਲਓ ਜਾਂ ਕੰਧ ਦੀ ਦੁਬਾਰਾ ਉਸਾਰੀ ਕਰਵਾ ਲਓ। ਫਿਰ ਇਸ ਕਮਰੇ ਦੀ ਛੱਤ ਵੀ ਦੋ ਤਿੰਨ ਸਾਲ ਡਿੱਗੀ ਰਹੀ ਤੇ ਡਿੱਗੀ ਛੱਤ ਵਾਲੇ ਕਮਰੇ ਦੇ ਦਰਵਾਜ਼ੇ ਨੂੰ ਵੀ ਕੁੰਡਾ ਮਾਰ ਕੇ ਰੱਖਣਾ ਪਰਿਵਾਰ ਲਈ ਵੱਡੀ ਨਮੋਸ਼ੀ ਬਣੀ ਰਹਿੰਦੀ ਸੀ। ਬਾਪੂ ਤੋਂ ਤਾਂ ਇੰਨੇ ਕੁ ਹੀ ਮਾਇਕ ਵਸੀਲੇ ਹੁੰਦੇ ਕਿ ਉਹ ਘਰ ਦੀ ਅਤਿ ਜ਼ਰੂਰੀ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਬੜੀ ਮੁਸ਼ਕਿਲ ਨਾਲ ਤਿੰਨ ਭੈਣ ਭਰਾਵਾਂ ਦੀਆਂ ਪੜ੍ਹਾਈਆਂ ਦੇ ਖ਼ਰਚੇ ਪੂਰੇ ਕਰਿਆ ਕਰਦਾ, ਪਰ ਉਸ ਸ਼ਖ਼ਸ ਨੇ ਕਦੇ ਇਹ ਨਹੀਂ ਸੀ ਕਿਹਾ ਕਿ ਮੈਥੋਂ ਤੁਹਾਡੀਆਂ ਪੜ੍ਹਾਈਆਂ ਦੇ ਖ਼ਰਚੇ ਨਹੀਂ ਝੱਲ ਹੁੰਦੇ। ਪਤਾ ਨਹੀ ਉਹ ਕੋਈ ਨਾ ਕੋਈ ਜੁਗਾੜ ਲਾ ਕੇ ਸਾਡੀਆਂ ਫੀਸਾਂ ਤੇ ਹੋਰ ਜ਼ਰੂਰਤਾਂ ਪੂਰੀਆਂ ਕਰ ਹੀ ਦਿੰਦਾ ਸੀ। ਉਹਨੇ ਤਾਂ ਪੀਐੱਚਡੀ ਦੀ ਇਨਰੋਲਮੈਟ ਕਰਾਉਣ ਵੇਲੇ ਵੀ ਸੀਅ ਤੱਕ ਨਹੀਂ ਸੀ ਕੀਤੀ। ਉਸ ਨੇ ਤਾਂ ਬਸ ਏਨਾ ਹੀ ਆਖਣਾ, ‘ਜਿੰਨਾ ਪੜ੍ਹ ਸਕਦੇ ਹੋ ਪੜ੍ਹ ਲਓ ਮੈਂ ਤੁਹਾਨੂੰ ਖ਼ਰਚਾ ਹੀ ਦੇ ਸਕਦਾਂ।’ ਹਾਲਾਂਕਿ, ਉਸ ਦੌਰ ਵਿੱਚ ਪਿੰਡ ਵਿੱਚ ਚੰਗੀਆਂ ਆਮਦਨਾਂ ਵਾਲੇ ਪਰਿਵਾਰਾਂ ਨੇ ਸਾਡੇ ਨਾਲ ਦੇ ਪੜ੍ਹਦੇ ਕਈ ਮੁੰਡੇ ਕੁੜੀਆਂ ਨੂੰ ਪੜ੍ਹਾਈ ਦੇ ਖ਼ਰਚਿਆਂ ਤੋਂ ਡਰਦਿਆਂ ਹੀ ਦਸਵੀ ਜਾਂ ਬਾਰ੍ਹਵੀਂ ਤੋਂ ਬਾਅਦ ਪੜ੍ਹਨੋਂ ਹਟਾ ਕੇ ਘਰਾਂ ਦੇ ਕੰਮ ਲਾ ਲਿਆ ਸੀ।
ਜ਼ਿੰਦਗੀ ਦੇ ਨਕਸ਼ਾਂ ਨੂੰ ਤਰਾਸ਼ਣ ਲਈ ਚੱਲ ਰਹੀ ਜੱਦੋਜਹਿਦ ਦੇ ਚੱਲਦਿਆਂ ਬਾਪੂ ਦੇ ਮਾਲ ਡੰਗਰ ਨੂੰ ਸੰਭਾਲਣ ਤੇ ਮਾੜੀ ਕਿਸਾਨੀ ਦੇ ਕਈ ਖ਼ਰਚੇ ਬਚਾਉਣ ਲਈ ਸਾਨੂੰ ਵੀ ਬਾਪੂ ਦੇ ਬਰਾਬਰ ਪੂਰੀ ਤਰ੍ਹਾਂ ਤੱਗਣਾ ਪੈਂਦਾ ਸੀ। ਉਸ ਸਮੇਂ ਬਾਪੂ ਦੀਆਂ ਮਾਲੀ ਥੋੜ੍ਹਾਂ ਨੂੰ ਦੇਖਦਿਆਂ ਕਾਲਜ ਦੀ ਰੰਗੀਨ ਤੇ ਨਿਰਾਲੀ ਜ਼ਿੰਦਗੀ ਦੇ ਕਈ ਹੁਸੀਨ ਸੁਪਨਿਆਂ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਕਰਕੇ ਪੜ੍ਹਾਈ ਜਾਰੀ ਰੱਖਣ ਦਾ ਆਹਰ ਕਰਨਾ ਪਿਆ ਸੀ। ਬੀਐੱਡ ਦੇ ਦਾਖਲੇ ਦੀ ਫੀਸ ਭਰਨ ਲਈ ਬਾਪੂ ਨੇ ਆਪਣੇ ਵੱਗ ਦੀਆਂ ਸਭ ਤੋਂ ਸੋਹਣੀਆਂ ਮੱਝਾਂ ਵੇਚ ਦਿੱਤੀਆਂ ਤੇ ਆਖਿਆ ਸੀ, ‘‘ਅਸੀਂ ਤਾਂ ਪੜ੍ਹਾਈਆਂ ਨਾ ਕਰਕੇ ਜ਼ਿੰਦਗੀ ਦਾ ਭੱਠ ਝੋਕ ਰਹੇ ਆਂ ਜੇ ਤੁਹਾਡੇ ਕੋਲੋਂ ਜ਼ਿੰਦਗੀ ਦਾ ਕੁਝ ਸੁਆਰ ਹੁੰਦਾ ਤਾਂ ਸੁਆਰ ਲਓ।’’ ਉਹ ਹਮੇਸ਼ਾਂ ਬੜੀ ਸੰਖੇਪ ਤੇ ਸਿੱਧੀ ਜਿਹੀ ਗੱਲ ਕਰਿਆ ਕਰਦਾ। ਪਿੰਡ ਦੇ ਬੰਦਿਆਂ ਦੀ ਕਿਸੇ ਢਾਣੀ ਵਿੱਚ ਬੈਠ ਕੇ ਗੱਪਾਂ ਛੱਡਣੀਆਂ ਜਾਂ ਪਿੰਡ ਦੀਆਂ ਮਿੱਠੀਆਂ ਸਲੁੂਣੀਆਂ ਕਰ ਤੇ ਸੁਣ ਕੇ ਦਿਲ ਪਰਚਾਵਾ ਕਰਨਾ, ਉਸ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਨਿੰਦਿਆਂ, ਚੁਗਲੀ ਤਾਂ ਆਪਣਾ ਉੱਲੂ ਸਿੱਧਾ ਕਰਨ ਲਈ ਲੂਤੀਆਂ ਲਾ ਕੇ ਕੰਮ ਚਲਾਉਣ ਦੀ ਕਲਾ ਤੋਂ ਉਹ ਹਮੇਸ਼ਾਂ ਅਣਜਾਣ ਰਿਹਾ। ਸ਼ਾਇਦ ਬਚਪਨ ਤੋਂ ਜਵਾਨੀ ਤੱਕ ਜ਼ਿੰਦਗੀ ਨੇ ਉਸ ਨੂੰ ਕਦੇ ਏਨੀ ਵਿਹਲ ਹੀ ਨਹੀਂ ਸੀ ਦਿੱਤੀ ਕਿ ਉਹ ਵਿਹਲਪੁਣੇ ਦਾ ਸ਼ਿਕਾਰ ਹੋ ਕੇ ਦੇਹੀ ਨੂੰ ਵਿਹਲੀ ਰੱਖਣ ਦਾ ਆਦੀ ਹੋ ਜਾਂਦਾ। ਕਦੇ ਪੰਚਾਇਤ ਵਿੱਚ ਵੀ ਜੇਕਰ ਉਸ ਨੂੰ ਬੋਲਣਾ ਪੈ ਜਾਂਦਾ ਤਾਂ ਉਹ ਮੀਸਣੀਆਂ, ਮੋਮੋਠਗਣੀਆਂ ਜਾਂ ਦੋਵੇਂ ਪੱਖ ਰੱਖਣ ਵਾਲੀਆਂ ਮਿੱਠੀਆਂ ਗੱਲਾਂ ਕਰਨ ਦੀ ਬਜਾਏ ਮੱਥੇ ’ਚ ਵੱਜਦੀ ਗੋਲੀ ਵਾਂਗ ਖਰੀ ਤੇ ਨਿਰਪੱਖ ਗੱਲ ਸਾਰਿਆਂ ਦੇ ਸਾਹਮਣੇ ਕਰ ਦਿੰਦਾ ਸੀ।
ਬਰਸਾਤੀ ਰੁੱਤ ਦੇ ਆਥਣ ਵੇਲੇ ਚੋਅ ’ਤੇ ਬਣੇ ਪੁਲ ਦੇ ਆਸ ਪਾਸ ਨੇੜਲੇ ਪਿੰਡਾਂ ਦੇ ਹੋਰ ਪਾਲੀ ਵੀ ਆਪਣੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਵਿੱਚ ਪਹੁੰਚੇ ਹੁੰਦੇ ਸਨ। ਅੱਗੇ ਕਈ ਪਿੰਡਾਂ ਨੂੰ ਜਾਣ ਵਾਲੇ ਰਾਹ ਉੱਤੇ ਬਣਿਆ ਇਹ ਪੱਕਾ ਪੁਲ ਵੀ ਉਦੋਂ ਦੋ ਦੇਸ਼ਾਂ ਨੂੰ ਜੋੜਨ ਵਾਲੀ ਸਾਂਝੀ ਜਗ੍ਹਾ ਪ੍ਰਤੀਤ ਹੋਇਆ ਕਰਦਾ ਸੀ, ਜਿਸ ਤੋਂ ਲੰਘ ਕੇ ਸੈਂਕੜੇ ਲੋਕ ਰੋਜ਼ਾਨਾ ਆਪਣੇ ਕੰਮਕਾਰ ਮੁਕਾ ਕੇ ਘਰਾਂ ਵੱਲ ਪਰਤਦੇ ਸਨ। ਦੋ ਤਿੰਨ ਪਿੰਡਾਂ ਦੇ ਕੇਂਦਰ ਵਿੱਚ ਬਣੇ ਪੁਲ ਦੇ ਆਸ ਪਾਸ ਪਸ਼ੂ ਚਾਰਨ ਆਏ ਪਾਲੀ ਉਸ ਥਾਂ ’ਤੇ ਕੁਝ ਚਿਰ ਲਈ ਹਾਸਾ ਠੱਠਾ ਕਰਿਆ ਕਰਦੇ ਤੇ ਪਿੰਡਾਂ ਵਿੱਚ ਵਾਪਰੀ ਕਿਸੇ ਘਟਨਾ ਦੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕਰ ਲਿਆ ਕਰਦੇ। ਰੇਡੀਓ ਸੁਣਨ ਦੇ ਸ਼ੌਕੀਨ ਆਲ ਇੰਡੀਆ ਰੇਡੀਓ ਅਤੇ ਵਿਵਧ ਭਾਰਤੀ ਰੇਡੀਓ ਸਟੇਸ਼ਨ ਤੋਂ ਚੱਲਦੇ ਗੀਤ ਸੁਣ ਕੇ ਰੱਕੜ ਵਿੱਚ ਆਪਣਾ ਦਿਲ ਲਾਈ ਰੱਖਦੇ ਅਤੇ ਰੇਡੀਓ ਤੋਂ ਖ਼ਬਰਾਂ ਤੇ ਤਬਸਰਾ ਸੁਣ ਕੇ ਦੇਸ਼ ਵਿੱਚ ਵਾਪਰਦੀਆਂ ਘਟਨਾਵਾਂ ਦੀ ਜਾਣਕਾਰੀ ਨਾਲ ਦੇ ਸਾਥੀਆਂ ਨੂੰ ਦਿੰਦੇ ਰਹਿੰਦੇ ਸਨ।
ਭਾਦੋਂ ਦੇ ਦਿਨਾਂ ਵਿੱਚ ਜਦੋਂ ਸਾਉਣ ਦੀਆਂ ਲੰਮੀਆਂ ਝੜੀਆਂ ਦਾ ਦੌਰ ਮੁੱਕ ਜਾਂਦਾ ਤਾਂ ਹੁੰਮਸ ਭਰੇ ਮੌਸਮ ਵਿੱਚ ਬਾਪੂ ਹੋਰੀਂ ਮੱਥੇ ਵੱਲੋਂ ਅੱਖਾਂ ਵੱਲ ਵਗਦੇ ਪਸੀਨੇ ਨਾਲ ਨਜ਼ਰ ਵਾਲੀ ਐਨਕ ਦੇ ਧੁੰਦਲੇਪਣ ਨੂੰ ਸਾਫ਼ ਕਰਨ ਲਈ ਆਪਣੇ ਕੁਰਤੇ ਦੀ ਉਤਲੀ ਜੇਬ ਵਿੱਚ ਛੋਟਾ ਜਿਹਾ ਰੁਮਾਲ ਰੱਖ ਲੈਂਦੇ ਸਨ। ਉਦੋਂ ਗਰਮੀ ਜਾਂ ਹੁੰਮਸ ਨਾਲ ਲੱਗਦੀ ਪਿਆਸ ਤੋਂ ਬਚਣ ਲਈ ਪਾਣੀ ਵਾਲੀਆਂ ਬੋਤਲਾਂ ਕੋਲ ਰੱਖਣ ਦਾ ਰਿਵਾਜ ਨਹੀਂ ਸੀ। ਕਿਸੇ ਸਖ਼ਤ ਗਰਮੀ ਵਾਲੇ ਦਿਨ ਪਿੰਡੋਂ ਕਿਸੇ ਘਰੋਂ ਪਸ਼ੂ ਚਾਰਨ ਵਾਲਿਆਂ ਲਈ ਭੇਜੇ ਪਾਣੀ ਵਾਲੇ ਡੋਲੂ ਵਿੱਚੋਂ ਹੀ ਸਾਰੇ ਜਣੇ ਘੁੱਟ ਘੁੱਟ ਪਾਣੀ ਪੀ ਕੇ ਆਪਣਾ ਕੰਮ ਸਾਰ ਲਿਆ ਕਰਦੇ ਜਾਂ ਫਿਰ ਕੋਈ ਇੱਕ ਜਣਾ ਰੱਕੜ ਵੱਲ ਸੜਕ ਦੇ ਕੰਢੇ ਕਿਸੇ ਲੱਗੇ ਨਲਕੇ ਤੋਂ ਪਾਣੀ ਭਰ ਲਿਆਉਂਦਾ ਤੇ ਨਾਲ ਦਿਆਂ ਨੂੰ ਘੁੱਟ ਘੁੱਟ ਪਾਣੀ ਪਿਲਾ ਦਿਆ ਕਰਦਾ ਸੀ। ਸ਼ਇਦ ਉਸ ਦੌਰ ਵਿੱਚ ਮਿਹਨਤ ਮੁਸ਼ੱਕਤ ਕਰਨ ਵਾਲੇ ਲੋਕਾਂ ਵਿੱਚ ਆਪਣੇ ਕੰਮਕਾਰ ਕਰਦਿਆਂ 5-6 ਘੰਟੇ ਭੁੱਖ ਪਿਆਸ ਬਰਦਾਸ਼ਤ ਕਰਨੀ ਆਮ ਗੱਲ ਹੁੰਦੀ ਸੀ। ਇਸ ਤਰ੍ਹਾਂ ਹਾੜ ਜੇਠ ਦੀਆਂ ਸੜਦੀਆਂ ਲੋਆਂ, ਸਾਉਣ ਦੀਆਂ ਝੜੀਆਂ ਤੇ ਭਾਦੋਂ ਦੇ ਚੁਮਾਸਿਆਂ ਨਾਲ ਗੁਫ਼ਤਗੂ ਕਰਦਿਆਂ ਸਾਡਾ ਬਾਪ ਜਦੋਂ ਅੱਸੂ ਮਾਹ ਦੀਆਂ ਲਾਲ ਭਾਅ ਮਾਰਦੀਆਂ ਢਲਦੀਆਂ ਸ਼ਾਮਾਂ ਨੂੰ ਪਿੰਡ ਵੱਲ ਨੂੰ ਆਪਣਾ ਵੱਗ ਲੈ ਕੇ ਪਰਤ ਰਿਹਾ ਤਾਂ ਸਾਫ਼ ਪਾਣੀ ਵਾਂਗ ਨਿੱਤਰੇ ਗੂੜ੍ਹੇ ਰੰਗ ਦੇ ਨੀਲੇ ਅਸਮਾਨ ਦੀ ਕਿਸੇ ਨੁੱਕਰ ਬਣਦੀਆਂ ਟੁੱਟਦੀਆਂ ਬਦਲੋਟੀਆਂ ਮੀਹਾਂ ਦੀ ਰੁੱਤ ਦੇ ਖ਼ਤਮ ਹੋਣ ਦਾ ਸੁਨੇਹਾ ਦੇ ਰਹੀਆਂ ਹੁੰਦੀਆਂ।
ਰੱਕੜ ਵਿੱਚ ਝੂਮਦੀ ਕਾਹੀ ਨੂੰ ਪਏ ਚਿੱਟੇ ਰੰਗ ਦੇ ਰੇਸ਼ਮੀ ਜਿਹੇ ਬੁੱਬਲ ਇਹ ਦੱਸਦੇ ਪ੍ਰਤੀਤ ਹੁੰਦੇ ਕਿ ਹੁੰਮਸ ਤੇ ਚੁਮਾਸਿਆਂ ਦਾ ਦੌਰ ਖ਼ਤਮ ਹੋ ਰਿਹਾ ਹੈ। ਪਿਛਲੇ ਦਿਨਾਂ ਵਿੱਚ ਸਾਰੀਆਂ ਹੱਦਾਂ ਤੋੜ ਕੇ ਵਗਣ ਵਾਲਾ ਚੋਅ ਆਪਣੀਆਂ ਹੱਦਾਂ ਮਿੱਥਦਾ ਇੱਕ ਨੀਲੀ ਜਲ ਦੀ ਸਾਫ਼ ਧਾਰਾ ਬਣ ਕੇ ਲਹਿੰਦੇ ਵੱਲ ਨੂੰ ਵਗਦਾ ਤੇ ਪਾਣੀ ਵਾਲੇ ਡੁੰਮਾਂ ਦੇ ਪਾਣੀ ਨੂੰ ਤਾਜ਼ਗੀ ਬਖ਼ਸ਼ ਰਿਹਾ ਹੁੰਦਾ। ਇਨ੍ਹਾਂ ਡੁੰਮਾਂ ’ਚੋਂ ਬਾਪੂ ਦਾ ਮਾਲ ਡੰਗਰ ਟੁੱਭੀਆਂ ਲਾ ਕੇ ਨਵਾਂ ਨਕੋਰ ਹੋ ਪਿੰਡ ਵੱਲ ਨੂੰ ਤੁਰਿਆ ਹੁੰਦਾ। ਕੱਤਕ ਮਹੀਨਾ ਚੜ੍ਹਨ ਤੱਕ ਗਰਮੀ ਦੀ ਰੁੱਤ ਵਿੱਚ ਤਪਣ ਵਾਲੀਆਂ ਰੇਤ ਦੀਆਂ ਬਰੇਤੀਆਂ ਹੁਣ ਤਪ ਤਪ ਕੇ ਬੰਦੇ ਨੂੰ ਦਾਣਿਆਂ ਵਾਂਗ ਭੁੰਨ ਦੇਣ ਦੀ ਬਜਾਏ ਸ਼ਾਂਤੀ, ਠੰਢਕ ਤੇ ਖਾਮੋਸ਼ੀਆਂ ਦੀਆਂ ਬਾਤਾਂ ਪਾਉਂਦੀਆਂ ਜ਼ਿੰਦਗੀ ਦੇ ਬਦਲਦੇ ਰੰਗਾਂ ਦੀਆਂ ਗਵਾਹ ਬਣਦੀਆਂ ਜਾਪਣ ਲੱਗਦੀਆਂ। ਇਨ੍ਹੀਂ ਦਿਨੀਂ ਪੁਸ਼ੂ ਚਾਰਨ ਆਏ ਪਾਲੀਆਂ ਵੱਲੋਂ ਪਿੰਡਾਂ ਵਿੱਚ ਭੱਠੀਆਂ ਤੋਂ ਭੁੰਨਾ ਕੇ ਲਿਆਂਦੇ ਮੱਕੀ ਦੇ ਮੁਰਮਰੇ ਤੇ ਖਿੱਲਾਂ ਚੱਬਣੀਆਂ ਮੁਸ਼ੱਕਤ ਭਰੀ ਜ਼ਿੰਦਗੀ ਦਾ ਚਿੱਤ ਕਰਾਰਾ ਕਰਨ ਦਾ ਸਬੱਬ ਬਣ ਜਾਇਆ ਕਰਦੇ ਸਨ।
ਕੱਤਕ ਮੱਘਰ ਵਿੱਚ ਦੁਸਹਿਰਾ ਅਤੇ ਦੀਵਾਲੀ ਮਨਾਉਣ ਤੋਂ ਬਾਅਦ ਸਰਦੀ ਦੀਆਂ ਛੁੱਟੀਆਂ ਵਿੱਚ ਪੰਚਾਇਤੀ ਰੱਕੜ ਵਿੱਚ ਖੜ੍ਹੇ ਕਾਨ੍ਹਿਆਂ ਤੇ ਦਿੱਭ ਨੂੰ ਵੱਢਣ ਲਈ ਪਿੰਡ ਦੇ ਸਾਂਝੀਦਾਰ ਇਕੱਠੇ ਹੋ ਕੇ ਸਾਂਝਾ ਹੰਭਲਾ ਮਾਰਦੇ। ਆਪਣੇ ਜੀਆਂ ਲਈ ਪਿੰਡ ਤੋਂ ਰੋਟੀਆਂ ਤੇ ਚਾਹਾਂ ਰੱਕੜ ਵਿੱਚ ਪਹੁੰਚਣ ਨਾਲ ਇਹ ਵਿਰਾਨ ਤੇ ਸੁੰਨਸਾਨ ਇਲਾਕੇ ਇੱਕ ਵਾਰ ਰੌਣਕਾਂ ਲੱਗ ਜਾਇਆ ਕਰਦੀਆਂ। ਪਿੰਡੋੋਂ ਘਰ ਦੇ ਵੱਡੇ ਜੀਆਂ ਨਾਲ ਰੱਕੜ ਵਿੱਚ ਪਹੁੰਚੇ ਨਿਆਣੇ ਚੋਅ ਵਿੱਚੋਂ ਲੰਘਦੇ ਠੰਢੇ ਪਾਣੀ ਵਿੱਚੋਂ ਘੋਗੇ ਤੇ ਸਿੱਪੀਆਂ ਲੱਭ ਲੱਭ ਚੋਅ ਦੇ ਕੰਢੇ ਆਪਣੀ ਹੀ ਕਿਸਮ ਦੀਆਂ ਖੇਡਾਂ ਰਚਾ ਕੇ ਖ਼ੁਸ਼ ਹੁੰਦੇ ਰਹਿੰਦੇ। ਰੱਕੜ ਵਿੱਚ ਕੰਮ ਕਰਨ ਗਏ ਕਾਮਿਆਂ ਨਾਲ ਚੋਅ ਵਾਲੇ ਪਾਣੀ ਨਾਲ ਧੋਤੇ ਹੱਥਾਂ ਤੇ ਭਾਂਡਿਆਂ ਵਿੱਚ ਜ਼ਮੀਨ ’ਤੇ ਹੀ ਚੌਕੜੀ ਮਾਰ ਕੇ ਖਾਧੇ ਮੱਕੀ ਦੇ ਢੋਡਿਆਂ ਤੇ ਗੁੜ ਵਾਲੀ ਚਾਹ ਹੀ ਪੇਂਡੂ ਨਿਆਣਿਆਂ ਲਈ ਪਿਕਨਿਕ ਸਪਾਟ ਦੀ ਸੈਰ ਹੋਇਆ ਕਰਦੀ ਸੀ। ਇਸ ਤਰ੍ਹਾਂ ਬਾਪੂ ਨੇ ਮੌਸਮਾਂ ਦੀਆਂ ਕਈ ਤਰ੍ਹਾਂ ਦੀਆਂ ਤਲਖੀਆਂ ਤੇ ਰੰਗੀਨੀਆਂ ਨੂੰ ਬਰਦਾਸ਼ਤ ਕਰ ਕੇ ਸਾਨੂੰ ਆਪਣਾ ਰੁਜ਼ਗਾਰ ਕਮਾਉਣ ਤੇ ਸਨਮਾਨ ਦੀ ਰੋਟੀ ਖਾਣ ਦੇ ਯੋਗ ਬਣਾ ਦਿੱਤਾ ਸੀ।
ਹੁਣ ਪਿੰਡ ਵਿੱਚ ਕੋਈ ਵੀ ਪਰਿਵਾਰ ਰੱਕੜ ਵਿੱਚ ਜਾ ਕੇ ਪਸ਼ੂ ਨਹੀਂ ਚਾਰਦਾ। ਹੁਣ ਤਾਂ ਚੰਗੇ ਭਲੇ ਜ਼ਮੀਨਾਂ ਜਾਇਦਾਦਾਂ ਵਾਲੇ ਪਰਿਵਾਰਾਂ ਦੇ ਘਰਾਂ ਤੋਂ ਦੁਧਾਰੂ ਪਸ਼ੂ ਰੁਖ਼ਸਤ ਹੋ ਗਏ ਹਨ। ਪਿੰਡ ਦੇ ਰੱਕੜ ਵਾਲੀ ਜ਼ਮੀਨ ਨੂੰ ਪੱਧਰੀ ਕਰਕੇ ਵਾਹੀਯੋਗ ਬਣਾ ਦਿੱਤਾ ਹੈ। ਪਹਾੜਾਂ ਵੱਲ ਡੈਮ ਬੱਝ ਜਾਣ ਕਰਕੇ ਸਾਲ ’ਚ ਅੱਠ ਨੌਂ ਮਹੀਨੇ ਵਗਣ ਵਾਲੇ ਬਰਸਾਤੀ ਚੋਅ ਬੀਤੇ ਸਮੇਂ ਦੀ ਬਾਤ ਬਣ ਗਏ ਹਨ। ਪਿੰਡ ਦੇ ਲਹਿੰਦੇ ਪਾਸੇ ਵਸੀਮੇਂ ਕੋਲ ਚੋਅ ਦੇ ਪਾਣੀ ਨਾਲ ਖਹਿਣ ਵਾਲਾ ਉੱਚਾ ਟਿੱਬਾ ਤੇ ਕਈ ਪਿੰਡਾਂ ਦੇ ਲੋਕਾਂ ਨੂੰ ਰਾਹ ਦੇਣ ਵਾਲੇ ਪੁਲ ਦੀਆ ਘਸਮੈਲੀਆਂ ਜਿਹੀਆਂ ਵਾਹੀਆਂ ਅਜੇ ਵੀ ਆਪਣੀ ਜਗ੍ਹਾ ’ਤੇ ਪਹਿਲਾਂ ਵਾਂਗ ਸਹੀ ਸਲਾਮਤ ਖੜ੍ਹੀਆਂ ਦਿੱਸਦੀਆਂ ਹਨ। ਇਹ ਉਹੀ ਥਾਵਾਂ ਹਨ ਜਿਨ੍ਹਾਂ ਦੁਆਲੇ ਘੁੰਮਦਿਆਂ ਤੇ ਮੱਝਾਂ ਚਾਰਦਿਆਂ ਬਾਪੂ ਨੇ ਕਦੇ ਸਾਡੀ ਜ਼ਿੰਦਗੀ ਦੇ ਸੁਖਾਲੇ ਰਾਹਾਂ ਦੇ ਨਕਸ਼ ਤਲਾਸ਼ੇ ਸਨ।