ਦੁਸ਼ਟ ਕਾਂ
ਬਾਲ ਕਹਾਣੀ ਸੋਨੂ ਤੇ ਮੋਨੂ ਕਾਵਾਂ ਦੀ ਬਾਜ਼ ਅੱਖ ਰੋਟੀ ’ਤੇ ਸੀ। ਉਹ ਦੋਵੇਂ ਜਣੇ ਬਨੇਰੇ ’ਤੇ ਬੈਠੇ ਕਾਂ-ਕਾਂ ਕਰੀ ਜਾ ਰਹੇ ਸਨ। ਚੌਕੇ ਵਿੱਚ ਰੋਟੀ ਖਾ ਰਹੇ ਕਿਸਾਨ ਦਾ ਧਿਆਨ ਜ਼ਰਾ ਪਾਸੇ ਹੋਇਆ ਤਾਂ ਸੋਨੂ ਕਾਂ ਨੇ ਫੁਰਤੀ ਨਾਲ...
ਬਾਲ ਕਹਾਣੀ
ਸੋਨੂ ਤੇ ਮੋਨੂ ਕਾਵਾਂ ਦੀ ਬਾਜ਼ ਅੱਖ ਰੋਟੀ ’ਤੇ ਸੀ। ਉਹ ਦੋਵੇਂ ਜਣੇ ਬਨੇਰੇ ’ਤੇ ਬੈਠੇ ਕਾਂ-ਕਾਂ ਕਰੀ ਜਾ ਰਹੇ ਸਨ। ਚੌਕੇ ਵਿੱਚ ਰੋਟੀ ਖਾ ਰਹੇ ਕਿਸਾਨ ਦਾ ਧਿਆਨ ਜ਼ਰਾ ਪਾਸੇ ਹੋਇਆ ਤਾਂ ਸੋਨੂ ਕਾਂ ਨੇ ਫੁਰਤੀ ਨਾਲ ਉਸ ਦੀ ਥਾਲੀ ਵਿੱਚੋਂ ਰੋਟੀ ਚੁੱਕ ਲਈ ਤੇ ਮੋਨੂ ਕਾਂ, ਸੋਨੂ ਕਾਂ ਦੇ ਪਿੱਛੇ ਲੱਗ ਗਿਆ। ਉਹ ਸੋਨੂ ਕਾਂ ਤੋਂ ਰੋਟੀ ਖੋਹਣੀ ਚਾਹੁੰਦਾ ਸੀ।
ਸੋਨੂ ਕਾਂ, ਮੋਨੂ ਕਾਂ ਤੋਂ ਰੋਟੀ ਬਚਾਉਂਦਾ ਹੋਇਆ ਛੱਪੜ ਕੰਢੇ ਖੜ੍ਹੇ ਦਰੱਖਤ ਉੱਪਰ ਆਣ ਬੈਠਾ। ਉਸ ਦੇ ਪਿੱਛੇ ਪਿੱਛੇ ਮੋਨੂ ਕਾਂ ਵੀ ਪਹੁੰਚ ਗਿਆ। ਮੋਨੂ ਨੇ ਫਿਰ ਸੋਨੂ ਤੋਂ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ। ਇੱਕ ਦੂਜੇ ਤੋਂ ਰੋਟੀ ਖੋਹਣ ਲਈ ਉਹ ਦੋਵੇਂ ਜਣੇ ਹੱਥੋ-ਪਾਈ ਹੋਣ ਲੱਗ ਪਏ। ਸੋਨੂ ਤੇ ਮੋਨੂ ਦੇ ਹੱਥੋਪਾਈ ਹੁੰਦਿਆਂ ਰੋਟੀ ਹੇਠਾਂ ਪਾਣੀ ਵਿੱਚ ਡਿੱਗ ਪਈ।
ਉਹ ਦੋਵੇਂ ਦਰੱਖਤ ਤੋਂ ਹੇਠਾਂ ਉਤਰ ਕੇ ਛੱਪੜ ਉੱਪਰ ਘੁੰਮਣ ਲੱਗੇ। ਉਹ ਛੱਪੜ ਵਿੱਚੋਂ ਰੋਟੀ ਕੱਢਣੀ ਚਾਹੁੰਦੇ ਸਨ, ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ।
ਛੱਪੜ ਉੱਪਰ ਘੁੰਮਦਿਆਂ ਉਨ੍ਹਾਂ ਨੇ ਵੇਖਿਆ ਕਿ ਰੋਟੀ ਇੱਕ ਮੱਛੀ ਨੇ ਕਾਬੂ ਕਰ ਲਈ ਹੈ।
‘‘ਮੱਛੀਏ ਮੱਛੀਏ! ਸਾਡੀ ਰੋਟੀ ਪਾਣੀ ਤੋਂ ਬਾਹਰ ਸੁੱਟ ਦੇ। ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ।’’ ਸੋਨੂ ਕਾਂ ਨੇ ਕਾਂ-ਕਾਂ ਕਰਦਿਆਂ ਆਖਿਆ।
‘‘ਸੋਨੂ ਤੇ ਮੋਨੂ ਭਰਾਵੋ! ਤੁਹਾਡੀ ਰੋਟੀ ਗਿੱਲੀ ਹੋ ਗਈ ਏ। ਹੁਣ ਇਹ ਤੁਹਾਡੇ ਖਾਣ ਜੋਗੀ ਨਹੀਂ ਰਹੀ। ਹੁਣ ਇਹ ਰੋਟੀ ਮੈਂ ਖਾ ਲੈਂਦੀ ਹਾਂ। ਤੁਸੀਂ ਆਪਣੇ ਵਾਸਤੇ ਹੋਰ ਰੋਟੀ ਲੱਭ ਲਵੋ।’’ ਮੱਛੀ ਨੇ ਉਨ੍ਹਾਂ ਨੂੰ ਸਮਝਾਇਆ।
‘‘ਮੱਛੀਏ ਮੱਛੀਏ! ਤੂੰ ਕੌਣ ਹੁੰਦੀ ਏ ਸਾਡੀ ਰੋਟੀ ਖਾਣ ਵਾਲੀ। ਸਾਡੀ ਰੋਟੀ ਪਾਣੀ ਵਿੱਚੋਂ ਬਾਹਰ ਸੁੱਟ ਦੇ। ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ।’’ ਇਸ ਵਾਰ ਮੋਨੂ ਕਾਂ ਬੋਲਿਆ।
‘‘ਮੱਛੀਏ ਮੱਛੀਏ! ਸਾਡੀ ਰੋਟੀ ਫਟਾਫਟ ਪਾਣੀ ਵਿੱਚੋਂ ਬਾਹਰ ਸੁੱਟ ਦੇ। ਨਹੀਂ ਤਾਂ ਕਿਧਰੋਂ ਜ਼ਹਿਰ ਲਿਆ ਕੇ ਛੱਪੜ ਵਿੱਚ ਪਾ ਦੇਵਾਂਗਾ।’’ ਸੋਨੂ ਕਾਂ ਨੇ ਦੁਬਾਰਾ ਮੱਛੀ ਨੂੰ ਆਖਿਆ।
ਮੱਛੀ ਬੇਹੱਦ ਸਿਆਣੀ ਸੀ। ਉਹ ਛੱਪੜ ਵਿੱਚ ਰਹਿਣ ਵਾਲੇ ਤੇ ਛੱਪੜ ਦਾ ਪਾਣੀ ਵਰਤਣ ਵਾਲੇ ਹੋਰ ਜੀਵਾਂ ਦਾ ਨੁਕਸਾਨ ਨਹੀਂ ਕਰਵਾਉਣਾ ਚਾਹੁੰਦੀ ਸੀ। ਮੱਛੀ ਨੇ ਫਟਾਫਟ ਰੋਟੀ ਬਾਹਰ ਸੁੱਟ ਦਿੱਤੀ।
ਰੋਟੀ ਚੁੱਕਣ ਲਈ ਸੋਨੂ ਤੇ ਮੋਨੂ ਕਾਂ ਫਿਰ ਭੱਜੇ, ਪਰ ਰੋਟੀ ਪਾਣੀ ਨਾਲ ਗਲ਼ ਚੁੱਕੀ ਸੀ ਤੇ ਦੋਵਾਂ ਦੇ ਹੱਥ ਪੱਲੇ ਕੁਝ ਨਾ ਪਿਆ। ਦੋਵੇਂ ਜਣੇ ਇੱਕ-ਦੂਜੇ ਨੂੰ ਪਿੱਛੇ ਧੱਕਦੇ ਹੋਏ ਚੁੰਝ ਨਾਲ ਜ਼ਮੀਨ ਤੋਂ ਰੋਟੀ ਚੁੱਕਣ ਦੀ ਕੋਸ਼ਿਸ਼ ਕਰਦੇ ਸਨ, ਪਰ ਪਾਣੀ ਨਾਲ ਗਲ਼ੀ ਹੋਈ ਰੋਟੀ ਹੇਠਾਂ ਡਿੱਗ ਪੈਂਦੀ ਸੀ। ਉਂਝ ਵੀ ਰੋਟੀ ਗਿੱਲੀ ਹੋਣ ਕਰਕੇ ਮਿੱਟੀ ਨਾਲ ਲਥਪਥ ਹੋ ਗਈ ਸੀ ਜਿਸ ਕਾਰਨ ਉਹ ਖਾਣ ਵਾਲੀ ਨਹੀਂ ਰਹੀ ਸੀ।
ਸੋਨੂ ਤੇ ਮੋਨੂ ਕਾਂ ਰੋਟੀ ਛੱਡ ਕੇ ਇੱਕ ਦੂਸਰੇ ਵੱਲ ਘੂਰੀਆਂ ਵੱਟਦੇ ਹੋਏ ਦੁਬਾਰਾ ਦਰੱਖਤ ਉੱਪਰ ਆਣ ਬੈਠੇ। ਗੁੱਸੇ ਨਾਲ ਭਰੇ-ਪੀਤੇ ਉਹ ਦੋਵੇਂ ਜਣੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣ ਲੱਗ ਪਏ। ਦੋਵੇਂ ਜਣੇ ਝਗੜਦੇ ਹੋਏ ਛੱਪੜ ਵਿੱਚ ਰੋਟੀ ਡੇਗਣ ਲਈ ਇੱਕ-ਦੂਜੇ ਨੂੰ ਦੋਸ਼ੀ ਠਹਿਰਾਅ ਰਹੇ ਸਨ। ਉਸੇ ਦਰੱਖਤ ਉੱਪਰ ਇੱਕ ਤੋਤਾ ਬੈਠਾ ਸੀ। ਤੋਤਾ ਸਭ ਕੁਝ ਵੇਖ ਰਿਹਾ ਸੀ।
‘‘ਸੋਨੂ ਤੇ ਮੋਨੂ ਭਰਾਵੋ! ਪਹਿਲੀ ਗੱਲ ਤੁਹਾਨੂੰ ਰੋਟੀ ਚੋਰੀ ਕਰ ਕੇ ਨਹੀਂ ਕਮਾ ਕੇ ਖਾਣੀ ਚਾਹੀਦੀ ਹੈ। ਤੁਹਾਨੂੰ ਮਿੱਠਾ ਮਿੱਠਾ ਬੋਲ ਕੇ ਲੋਕਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ। ਮਨੋਰੰਜਨ ਕਰਨ ਬਦਲੇ ਤੁਹਾਨੂੰ ਲੋਕੀਂ ਆਪੇ ਰੋਟੀ ਦੇਣਗੇ। ਦੂਸਰੀ ਗੱਲ ਤੁਹਾਨੂੰ ਰੋਟੀ ਪਿੱਛੇ ਲੜਨਾ ਨਹੀਂ ਚਾਹੀਦਾ ਸੀ। ਰੋਟੀ ਅੱਧੀ ਅੱਧੀ ਵੰਡ ਕੇ ਖਾ ਲੈਣੀ ਚਾਹੀਦੀ ਸੀ ਜਾਂ ਫਿਰ ਆਪੋ ਆਪਣੀ ਰੋਟੀ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਸੀ। ਤੀਸਰੀ ਗੱਲ ਸਾਨੂੰ ਅੰਨ ਗਵਾਉਣਾ ਨਹੀਂ ਚਾਹੀਦਾ। ਜੇ ਰੋਟੀ ਪਾਣੀ ਵਿੱਚ ਡਿੱਗ ਹੀ ਪਈ ਸੀ, ਫਿਰ ਮੱਛੀ ਨੂੰ ਖਾ ਲੈਣ ਦੇਣੀ ਚਾਹੀਦੀ ਸੀ। ਪਾਣੀ ਵਿੱਚ ਡਿੱਗੀ ਰੋਟੀ ਤੁਹਾਡੇ ਕਿਸੇ ਕੰਮ ਦੀ ਨਹੀਂ ਸੀ।’’ ਤੋਤੇ ਨੇ ਸੋਨੂ ਤੇ ਮੋਨੂ ਕਾਂ ਨੂੰ ਸਮਝਾਉਂਦਿਆਂ ਆਖਿਆ, ਪਰ ਉਹ ਦੋਵੇਂ ਤੋਤੇ ਦੀ ਗੱਲ ਮੰਨਣ ਦੀ ਥਾਂ ਉਸ ਦੇ ਗਲ਼ ਪੈ ਗਏ।
‘‘ਆਇਆ ਵੱਡਾ ਸਿਆਣਾ, ਸਾਨੂੰ ਮੱਤਾਂ ਦੇਣ ਲਈ।’’ ਇਹ ਆਖਦਿਆਂ ਸੋਨੂ ਤੇ ਮੋਨੂ ਕਾਂ, ਤੋਤੇ ਦੇ ਖੰਭ ਖ਼ਰਾਬ ਕਰਨ ਲਈ ਉਨ੍ਹਾਂ ’ਤੇ ਚੁੰਜਾਂ ਮਾਰਨ ਲੱਗ ਪਏ। ਤੋਤੇ ਨੇ ਮਸ੍ਵਾਂ ਉਨ੍ਹਾਂ ਤੋਂ ਖਹਿੜਾ ਛੁਡਵਾਇਆ।
‘‘ਤੁਹਾਡੇ ਵਰਗੇ ਦੁਸ਼ਟਾਂ ਨੂੰ ਸਲਾਹ ਦੇਣੀ ਵੀ ਮੂਰਖਤਾ ਹੀ ਹੈ।’’ ਤੋਤੇ ਨੇ ਆਖਿਆ ਤੇ ਉਹ ਦਰੱਖਤ ਤੋਂ ਉੱਡ ਗਿਆ।
ਸੰਪਰਕ: 94165-92149

