ਤਾਰੇ ਵੀ, ਸਿਤਾਰੇ ਵੀ
ਬਲਵਿੰਦਰ ਕੌਰ
ਆਮਿਰ ਖਾਨ ਇੱਕ ਵਾਰ ਫਿਰ ਸਮਾਜ ਨੂੰ ਝੰਜੋੜਨ ਅਤੇ ਭਾਵਨਾਵਾਂ ਨੂੰ ਛੂਹ ਲੈਣ ਵਾਲੀ ਕਹਾਣੀ ਲੈ ਕੇ ਆ ਰਿਹਾ ਹੈ। ਉਸ ਦੀ ਆਗਾਮੀ ਫਿਲਮ ‘ਸਿਤਾਰੇ ਜ਼ਮੀਨ ਪਰ’ ਸਬੰਧੀ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਹ ਫਿਲਮ ਆਮਿਰ ਦੀ 2007 ਵਿੱਚ ਆਈ ਫਿਲਮ ‘ਤਾਰੇ ਜ਼ਮੀਨ ਪਰ’ ਦਾ ਸੀਕੁਏਲ ਹੈ ਜੋ ਉਸ ਫਿਲਮ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਨਵੀਂ ਕਹਾਣੀ ਪੇਸ਼ ਕਰੇਗੀ। ਇਸ ਫਿਲਮ ਵਿੱਚ ਨਾਇਕ ਇੱਕ ਨਹੀਂ, ਬਲਕਿ ਉਸ ਦੇ ਨਾਲ ਦਸ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹਨ ਜਿਨ੍ਹਾਂ ’ਤੇ ਫਿਲਮ ਨੂੰ ਕੇਂਦਰਿਤ ਕੀਤਾ ਗਿਆ ਹੈ। 20 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਆਮਿਰ ਖਾਨ ਦੇ ਨਾਲ ਜੇਨੇਲੀਆ ਡਿਸੂਜ਼ਾ ਵੀ ਮੁੱਖ ਅਦਾਕਾਰ ਦੀ ਭੂਮਿਕਾ ਨਿਭਾਅ ਰਹੀ ਹੈ।
ਆਰ.ਐੱਸ. ਪ੍ਰਸੰਨਾ ਵੱਲੋਂ ਨਿਰਦੇਸ਼ਿਤ ‘ਸਿਤਾਰੇ ਜ਼ਮੀਨ ਪਰ’ ਸਪੋਰਟਸ ਕਾਮੇਡੀ-ਡਰਾਮਾ ਹੈ ਜੋ ਸਪੈਨਿਸ਼ ਫਿਲਮ ‘ਚੈਂਪੀਅਨਜ਼’ ਦਾ ਹਿੰਦੀ ਰੀਮੇਕ ਹੈ। ਫਿਲਮ ਇੱਕ ਅਜਿਹੇ ਬਾਸਕਟਬਾਲ ਕੋਚ ਦੀ ਕਹਾਣੀ ਹੈ ਜਿਸ ਨੂੰ ਅਦਾਲਤ ਦੇ ਆਦੇਸ਼ ਦੇ ਬਾਅਦ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਟੀਮ ਨੂੰ ਕੋਚਿੰਗ ਦੇਣੀ ਪੈਂਦੀ ਹੈ। ਆਮਿਰ ਇੱਕ ਕੋਚ ਦੀ ਭੂਮਿਕਾ ਵਿੱਚ ਹੈ ਜੋ ਵਿਸ਼ੇਸ਼ ਬੱਚਿਆਂ ਦੀ ਪ੍ਰਤਿਭਾ ਨੂੰ ਪਛਾਣਦਾ ਅਤੇ ਉਨ੍ਹਾਂ ਨੂੰ ਇੱਕ ਵੱਡੇ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਭੂਮਿਕਾ ਪ੍ਰੇਰਨਾਦਾਇਕ ਹੈ ਅਤੇ ਦਰਸ਼ਕਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹਰ ਬੱਚਾ ਅਨਮੋਲ ਹੈ, ਚਾਹੇ ਉਹ ਕਿਸੇ ਵੀ ਸਥਿਤੀ ਵਿੱਚ ਕਿਉਂ ਨਾ ਹੋਵੇ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੰਘਰਸ਼ ਅਤੇ ਆਤਮ ਖੋਜ ਦੀ ਯਾਤਰਾ ਵਿੱਚ ਫਿਲਮ ਕਈ ਮਾਨਵਤਾ ਭਰੇ ਭਾਵਨਾਤਮਕ ਪਹਿਲੂਆਂ ਨੂੰ ਛੂਹੰਦੀ ਹੈ ਜੋ ਇਨ੍ਹਾਂ ਬੱਚਿਆਂ ਦੀਆਂ ਸਮਰੱਥਾਵਾਂ, ਸੰਘਰਸ਼ ਅਤੇ ਸਮਾਜ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਇੱਕ ਨਵੇਂ ਨਜ਼ਰੀਏ ਨਾਲ ਦਿਖਾਉਂਦੀ ਹੈ। ਇਨ੍ਹਾਂ ਬੱਚਿਆਂ ਨੂੰ ਇੱਕ ਅਜਿਹੇ ਗਰੁੱਪ ਵਿੱਚ ਦਿਖਾਇਆ ਗਿਆ ਹੈ ਜੋ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਚੁਣੌਤੀਪੂਰਨ ਹੈ, ਪਰ ਆਪਣੇ ਸਵੈ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਜ਼ਰੀਏ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਹਨ।
ਇਹ ਫਿਲਮ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਵਿੱਚ ‘ਡਾਊਨ ਸਿੰਡਰੋਮ’, ‘ਆਟਿਜ਼ਮ’ ਅਤੇ ਹੋਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਾ ਸਿਰਫ਼ ਅਦਾਕਾਰੀ ਕਰਨ ਦਾ ਮੌਕਾ ਦਿੱਤਾ ਗਿਆ ਹੈ, ਬਲਕਿ ਉਨ੍ਹਾਂ ਦੀਆਂ ਕਹਾਣੀਆਂ ਨੂੰ ਸੱਚੇ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਦਰਸਾਇਆ ਗਿਆ ਹੈ। ਫਿਲਮ ਦੀ ਟੀਮ ਨੇ ਅਸਲ ਜ਼ਿੰਦਗੀ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਲ ਕਰਕੇ ਸਮਾਜ ਲਈ ਇੱਕ ਬਿਹਤਰੀਨ ਉਦਾਹਰਨ ਪੇਸ਼ ਕੀਤੀ ਹੈ।
ਫਿਲਮ ਦਾ ਮੁੱਖ ਉਦੇਸ਼ ਸਿਰਫ਼ ਮਨੋਰੰਜਨ ਨਹੀਂ, ਬਲਕਿ ਸਮਾਜ ਨੂੰ ਇਹ ਸੰਦੇਸ਼ ਦੇਣਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਤੋਂ ਘੱਟ ਨਹੀਂ ਹੁੰਦੇ। ਜੇਕਰ ਉਨ੍ਹਾਂ ਨੂੰ ਸਹੀ ਮੌਕੇ ਅਤੇ ਸਹਾਰਾ ਮਿਲੇ ਤਾਂ ਉਹ ਵੀ ਆਪਣੀ ਵੱਖਰੀ ਪਛਾਣ ਬਣਾ ਸਕਦੇ ਹਨ। ‘ਸਿਤਾਰੇ ਜ਼ਮੀਨ ਪਰ’ ਸਿਰਫ਼ ਇੱਕ ਫਿਲਮ ਨਹੀਂ, ਬਲਕਿ ਇੱਕ ਸੋਚ ਹੈ। ਇਹ ਸੋਚ ਕਿ ਹਰ ਬੱਚਾ ਸਿਤਾਰਾ ਹੈ, ਉਸ ਨੂੰ ਬਸ ਪਛਾਣਨ ਅਤੇ ਚਮਕਣ ਦਾ ਮੌਕਾ ਚਾਹੀਦਾ ਹੈ। ਇਹ ਫਿਲਮ ਅਜਿਹੇ ਬੱਚਿਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਮੰਨੀ ਜਾ ਰਹੀ ਹੈ। ਇਹ ਫਿਲਮ ਨਿਸ਼ਚਤ ਰੂਪ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗੀ ਅਤੇ ਸਮਾਜ ਵਿੱਚ ਬਦਲਾਅ ਦੀ ਇੱਕ ਨਵੀਂ ਲਹਿਰ ਲਿਆਵੇਗੀ।
ਆਮਿਰ ਖਾਨ ਨੇ ਫਿਲਮ ਦੇ ਡਾਇਰੈਕਟਰ ਨਾਲ ਮਿਲ ਕੇ ਮੁੰਬਈ ਦੇ ਕਾਂਦੀਵਲੀ ਸਥਿਤ ਊਰਜਾ ਸਪੈਸ਼ਲ ਸਕੂਲ ਸਮੇਤ ਅਜਿਹੇ ਹੋਰ ਸਕੂਲਾਂ ਵਿੱਚੋਂ ਦਸ ਅਜਿਹੇ ਬੱਚਿਆਂ ਦੀ ਚੋਣ ਕੀਤੀ। ਇਨ੍ਹਾਂ ਦਸ ਬੱਚਿਆਂ ਵਿੱਚ ਸ਼ਾਮਲ ਹਨ-ਆਰੂਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸਮਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੂਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ। ਫਿਲਮ ਲਈ ਬੱਚਿਆਂ ਨੂੰ ਸਪੈਸ਼ਲ ਐਕਟਿੰਗ ਕੋਚ, ਮਿਊਜ਼ਿਕ ਥੈਰੇਪਿਸਟ ਅਤੇ ਬਾਲ ਮਨੋਵਿਗਿਆਨੀਆਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਦੀ ਪ੍ਰਤਿਭਾ ਬਿਨਾਂ ਦਬਾਅ ਦੇ ਸਾਹਮਣੇ ਆ ਸਕੇ। ਇਨ੍ਹਾਂ ਬੱਚਿਆਂ ਨੂੰ ਸਿਰਫ਼ ‘ਸਾਈਡ ਰੋਲ’ ਲਈ ਨਹੀਂ ਚੁਣਿਆ ਗਿਆ, ਬਲਕਿ ਫਿਲਮ ਦਾ ਮੁੱਖ ਕੇਂਦਰ ਹੀ ਇਹ ਹਨ। ਇਨ੍ਹਾਂ ਬੱਚਿਆਂ ਦੀ ਆਪਣੀ ਆਵਾਜ਼, ਆਪਣੀ ਸਮਰੱਥਾ ਅਤੇ ਆਪਣੇ ਸੁਫ਼ਨੇ ਹਨ।
ਇਸ ਤੋਂ ਪਹਿਲਾਂ ਆਮਿਰ ਨੇ ਆਪਣੀ ਫਿਲਮ ‘ਤਾਰੇ ਜ਼ਮੀਨ ਪਰ’ ਵਿੱਚ ਮੁੱਖ ਕਿਰਦਾਰ ਈਸ਼ਾਨ ਅਵਸਥੀ (ਦਰਸ਼ੀਲ ਸਫ਼ਾਰੀ) ਰਾਹੀਂ ਡਿਸਲੈਕਸੀਆ (ਪੜ੍ਹਨ-ਲਿਖਣ ਵਿੱਚ ਮੁਸ਼ਕਿਲ) ਪੀੜਤ ਬੱਚੇ ਦੀ ਕਹਾਣੀ ਨੂੰ ਭਾਵਨਾਤਮਕ ਤੌਰ ’ਤੇ ਪੇਸ਼ ਕੀਤਾ ਸੀ। ਈਸ਼ਾਨ ਇੱਕ ਕਲਪਨਾਸ਼ੀਲ ਅਤੇ ਰਚਨਾਤਮਕ ਬੱਚਾ ਹੈ, ਪਰ ਪੜ੍ਹਾਈ ਵਿੱਚ ਕਮਜ਼ੋਰ ਹੋਣ ਕਾਰਨ ਉਹ ਅਧਿਆਪਕ ਅਤੇ ਮਾਤਾ-ਪਿਤਾ ਦੀਆਂ ਝਿੜਕਾਂ ਦਾ ਸ਼ਿਕਾਰ ਹੁੰਦਾ ਹੈ। ਜਦੋਂ ਉਸ ਨੂੰ ਬੋਰਡਿੰਗ ਸਕੂਲ ਭੇਜਿਆ ਦਿੱਤਾ ਜਾਂਦਾ ਹੈ, ਤਾਂ ਉੱਥੇ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਉਦੋਂ ਹੀ ਉਸ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਰਾਮ ਸ਼ੰਕਰ ਨਿਕੁੰਭ (ਆਮਿਰ ਖਾਨ) ਜੋ ਕਲਾ ਵਿਸ਼ਾ ਪੜ੍ਹਾਉਂਦਾ ਹੈ ਅਤੇ ਬੱਚਿਆਂ ਨੂੰ ਸਮਝਣ ਦਾ ਇੱਕ ਅਲੱਗ ਨਜ਼ਰੀਆ ਰੱਖਦਾ ਹੈ। ਈਸ਼ਾਨ ਦੀ ਸਮੱਸਿਆ ਨੂੰ ਸਮਝਦੇ ਹੋਏ ਨਿਕੁੰਭ ਆਤਮਵਿਸ਼ਵਾਸ, ਪਿਆਰ ਅਤੇ ਸਹੀ ਮਾਰਗਦਰਸ਼ਨ ਨਾਲ ਉਸ ਨੂੰ ਸਥਿਤੀ ਤੋਂ ਉਭਾਰਦਾ ਹੈ। ਇਹੀ ਉਹ ਮੋੜ ਹੈ ਜਦੋਂ ਫਿਲਮ ਵਿਸ਼ੇਸ਼ ਬੱਚੇ ਦੀ ਸਮਰੱਥਾ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਦੀ ਹੈ।
ਆਮਿਰ ਨੇ ਇਸ ਸਬੰਧੀ ਕਿਹਾ, ‘‘ਦਰਅਸਲ, ਮੈਂ ਇਨ੍ਹਾਂ ਫਿਲਮਾਂ ਬਾਰੇ ਸਭ ਤੋਂ ਵਧੀਆ ਤਰੀਕੇ ਨਾਲ ਇਹ ਸਮਝਾ ਸਕਦਾ ਹਾਂ ਕਿ ‘ਤਾਰੇ ਜ਼ਮੀਨ ਪਰ’ ਇੱਕ ਭਾਵਨਾਤਮਕ ਫਿਲਮ ਹੈ ਜੋ ਤੁਹਾਨੂੰ ਰੁਆਉਂਦੀ ਹੈ। ਜਦੋਂਕਿ ‘ਸਿਤਾਰੇ ਜ਼ਮੀਨ ਪਰ’ ਇੱਕ ਅਜਿਹੀ ਫਿਲਮ ਹੈ ਜੋ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਵੇਗੀ। ਵਿਸ਼ਾ ਇੱਕੋ ਜਿਹਾ ਹੈ, ਜਿਸ ਵਿੱਚ ਬੱਚਿਆਂ ਵਿੱਚ ਵੱਖ-ਵੱਖ ਯੋਗਤਾਵਾਂ ਹਨ, ਪਰ ਨਾਲ ਹੀ ਰੁਕਾਵਟਾਂ ਵੀ ਹਨ, ਪਰ ਇਸ ਵਿੱਚ ਭਾਵਨਾਵਾਂ ਦੀ ਬਜਾਏ ਹਾਸਾ-ਮਜ਼ਾਕ ਭਾਰੂ ਹੈ।’’
‘ਸਿਤਾਰੇ ਜ਼ਮੀਨ ਪਰ’ ਸਿਰਫ਼ ਇੱਕ ਫਿਲਮ ਨਹੀਂ, ਬਲਕਿ ਇੱਕ ਅੰਦੋਲਨ ਹੈ ਜੋ ਸਾਨੂੰ ਦੱਸਦੀ ਹੈ ਕਿ ਵਿਸ਼ੇਸ਼ ਬੱਚਿਆਂ ਨੂੰ ਤਰਸ ਨਹੀਂ, ਸਮਝਦਾਰੀ ਅਤੇ ਸਹਿਯੋਗ ਦੀ ਜ਼ਰੂਰਤ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਬੱਚਾ ਆਪਣੇ ਆਪ ਵਿੱਚ ਇੱਕ ਸਿਤਾਰਾ ਹੈ, ਜ਼ਰੂਰਤ ਹੈ ਤਾਂ ਸਿਰਫ਼ ਉਸ ਨੂੰ ਪਛਾਣਨ ਅਤੇ ਚਮਕਣ ਦਾ ਮੌਕਾ ਦੇਣ ਦੀ।
ਇਹ ਫਿਲਮ ਸਿਰਫ਼ ਹਮਦਰਦੀ ਨਹੀਂ ਬਲਕਿ ਸਨਮਾਨ ਅਤੇ ਸਵੀਕਾਰ ਕੀਤੇ ਜਾਣ ਦੀ ਭਾਵਨਾ ’ਤੇ ਆਧਾਰਿਤ ਹੈ। ਆਮਿਰ ਖਾਨ ਦਾ ਕਿਰਦਾਰ ਇਨ੍ਹਾਂ ਬੱਚਿਆਂ ਨੂੰ ‘ਸੁਧਾਰਨ’ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਉਨ੍ਹਾਂ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਦਾ ਹੈ ਜਿਵੇਂ ਦੇ ਉਹ ਹਨ। ਫਿਲਮ ਦਿਖਾਉਂਦੀ ਹੈ ਕਿ ਪ੍ਰਤਿਭਾ ਅਤੇ ਸੰਵੇਦਨਸ਼ੀਲਤਾ ਕਿਸੇ ਸੀਮਾ ਵਿੱਚ ਨਹੀਂ ਬੰਨ੍ਹੀ ਜਾ ਸਕਦੀ।
ਇਸ ਲਈ ਹੀ ਤਾਂ ਆਮਿਰ ਖਾਨ ਦਾ ਕਹਿਣਾ ਹੈ, ‘‘ਇਨ੍ਹਾਂ ਬੱਚਿਆਂ ਨੇ ਮੈਨੂੰ ਸਿਖਾਇਆ ਕਿ ਅਸਲੀ ਅਦਾਕਾਰੀ ਦਿਲ ਤੋਂ ਆਉਂਦੀ ਹੈ। ਇਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਸੁਭਾਗ ਸੀ।’’
ਭਾਰਤ ਦਾ ਪਹਿਲਾ ਡਾਊਨ ਸਿੰਡਰੋਮ ਅਦਾਕਾਰ
ਮਲਿਆਲਮ ਅਦਾਕਾਰ ਗੋਪੀ ਕ੍ਰਿਸ਼ਨ ਵਰਮਾ ਭਾਰਤ ਦਾ ਪਹਿਲਾ ਡਾਊਨ ਸਿੰਡਰੋਮ ਵਾਲਾ ਮੁੱਖ ਅਦਾਕਾਰ ਬਣ ਗਿਆ ਹੈ। ਇਸ ਪ੍ਰਾਪਤੀ ਸਬੰਧੀ ਉਸ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ।2021 ਵਿੱਚ ਆਈ ਮਲਿਆਲਮ ਫਿਲਮ ‘ਥਰੀਕੇ’ ਵਿੱਚ ਉਸ ਨੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹੁਣ ਉਸ ਨੇ ‘ਸਿਤਾਰੇ ਜ਼ਮੀਨ ਪਰ’ ਫਿਲਮ ਰਾਹੀਂ ਬੌਲੀਵੁੱਡ ਵਿੱਚ ਕਦਮ ਰੱਖਿਆ ਹੈ। ਗੋਪੀ ਕ੍ਰਿਸ਼ਨ ਵਰਮਾ ਦਾ ਜਨਮ 1998 ਵਿੱਚ ‘ਡਾਊਨ ਸਿੰਡਰੋਮ’ ਪੀੜਤ ਵਜੋਂ ਹੋਇਆ ਸੀ। ਉਸ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਡਾਕਟਰਾਂ ਨੇ ਉਸ ਦੇ ਮਾਪਿਆਂ ਨੂੰ ਉਸ ਦੇ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਪੇਚੀਦਗੀਆਂ ਤੋਂ ਜਾਣੂ ਕਰਵਾਇਆ ਸੀ। ਹਾਲਾਂਕਿ, ਪੇਚੀਦਗੀਆਂ ਦੇ ਬਾਵਜੂਦ, ਉਹ ਦੂਜੇ ਬੌਧਿਕ ਤੌਰ ’ਤੇ ਅਸਮਰੱਥ ਬੱਚਿਆਂ ਨਾਲੋਂ ਤੁਲਨਾਤਮਕ ਤੌਰ ’ਤੇ ਸਿਹਤਮੰਦ ਹੈ।