DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਤਝੜ ਨੂੰ ਵੀ ਬਹਾਰ ਵਾਂਗ ਮਾਣੋ

ਡਾ. ਰਣਜੀਤ ਸਿੰਘ ਇੱਕ ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਵਿਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਨਿ ਵੇਖਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਲਈ ਹੋਰ ਕੀ ਕੀਤਾ ਜਾ ਸਕਦਾ ਹੈ।...
  • fb
  • twitter
  • whatsapp
  • whatsapp
Advertisement

ਡਾ. ਰਣਜੀਤ ਸਿੰਘ

ਇੱਕ ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਵਿਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਨਿ ਵੇਖਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਇਸ ਬਾਰੇ ਵੀ ਸੋਚ ਵਿਚਾਰ ਕੀਤੀ ਜਾਂਦੀ ਹੈ ਕਿ ਬਜ਼ੁਰਗਾਂ ਦੇ ਜੀਵਨ ਅਨੁਭਵ ਨੂੰ ਸਮਾਜ ਦੀ ਭਲਾਈ ਲਈ ਕਵਿੇਂ ਵਰਤਿਆ ਜਾ ਸਕਦਾ ਹੈ।

Advertisement

ਮਨੁੱਖ ਨੂੰ ਆਪ ਵੀ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪਿਛਲੀ ਉਮਰ ਨੂੰ ਸਾਰਥਿਕ ਢੰਗ ਨਾਲ ਜੀਵੇ ਤੇ ਜੀਵਨ ਦਾ ਪੂਰਾ ਆਨੰਦ ਮਾਣੇ। ਜਦੋਂ ਇਨਸਾਨ 60ਵਿਆਂ ਨੂੰ ਟੱਪਦਾ ਹੈ ਤਾਂ ਉਸ ਅੰਦਰ ਬੁਢਾਪੇ ਰੂਪੀ ਦੈਂਤ ਦਾ ਡਰ ਸਤਾਉਣ ਲੱਗਦਾ ਹੈ। ਸਮਾਂ ਤਾਂ ਆਪਣੀ ਤੋਰੇ ਤੁਰਦਾ ਹੀ ਹੈ, ਪਰ ਸਾਡੇ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰ ਦਿੱਤੀ ਗਈ ਹੈ ਜਵਿੇਂ ਬੁਢਾਪਾ ਕੋਈ ਸ਼ਰਾਪ ਹੋਵੇ। ਇਹ ਤਾਂ ਆਉਣਾ ਹੀ ਹੈ। ਲੋੜ ਇਸ ਪੱਤਝੜ ਦੀ ਰੁੱਤ ਦਾ ਆਨੰਦ ਮਾਣਨ ਦੀ ਜਾਚ ਸਿੱਖਣ ਦੀ ਹੈ। ਜਿੱਥੇ ਮਨੁੱਖ ਨੂੰ ਇਸ ਦਾ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ ਉੱਥੇ ਸਮਾਜ ਵਿੱਚ ਵੀ ਇਹ ਸੋਚ ਬਦਲੀ ਜਾਵੇ ਕਿ ਪਿਛਲੀ ਉਮਰ ਵਿੱਚ ਕੋਈ ਤਰਸ ਦਾ ਪਾਤਰ ਨਹੀਂ ਬਣ ਜਾਂਦਾ ਸਗੋਂ ਸਤਿਕਾਰ ਦਾ ਪਾਤਰ ਬਣਦਾ ਹੈ। ਇਸ ਦੇ ਉਲਟ ਜਦੋਂ ਸੋਲ੍ਹਵਾਂ ਸਾਲ ਚੜ੍ਹਦਾ ਹੈ ਤਾਂ ਇਹ ਜਵਾਨੀ ਦੀ ਦਹਿਲੀਜ਼ ਵਾਲੀ ਸਥਿਤੀ ਹੁੰਦੀ ਹੈ। ਸਰੀਰ ਮਹਿਕਾਂ ਖਿਲਾਰਨ ਲੱਗਦਾ ਹੈ। ਪਰ ਜਦੋਂ ਛੀਕੇ ਨਾਲ ਲੱਗਿਆਂ ਏਕਾ ਆਪਣੀ ਥਾਂ ਬਦਲਦਾ ਹੈ ਤਾਂ ਇਹੋ ਸਰੀਰ ਡੁੱਬਦੇ ਸੂਰਜ ਦਾ ਪ੍ਰਤੀਕ ਬਣ ਜਾਂਦਾ ਹੈ। ਰਾਤੋ ਰਾਤ ਬਦਲੀ ਇਸ ਸਥਿਤੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਨਾਂ ਬਜ਼ੁਰਗ ਸ਼੍ਰੇਣੀਆਂ ਦੀ ਸੂਚੀ ਵਿੱਚ ਆ ਜਾਂਦਾ ਹੈ।

ਜਿਸ ਤਰ੍ਹਾਂ ਚੜ੍ਹਦੀ ਜਵਾਨੀ ਦਾ ਅਹਿਸਾਸ ਸਰੀਰ ਨੂੰ ਨਸ਼ਿਆ ਜਾਂਦਾ ਹੈ, ਉਸੇ ਤਰ੍ਹਾਂ ਇਕਦਮ ਹੋਏ ਬੁਢਾਪੇ ਦਾ ਅਹਿਸਾਸ ਸਰੀਰ ਨੂੰ ਨਿਮੋਝੂਣਾ ਕਰ ਦਿੰਦਾ ਹੈ। ਨਾ ਚਾਹੁੰਦਿਆਂ ਵੀ ਤੁਹਾਨੂੰ ਆਪਣੇ ਆਪ ’ਤੇ ਬੰਧਨ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਘੁੰਮਣ ਫਿਰਨ ’ਤੇ ਰੋਕ ਲਗਾਉਣੀ ਪੈਂਦੀ ਹੈ। ਆਪਣੀ ਜ਼ੁਬਾਨ ਅਤੇ ਸਰੀਰ ਨੂੰ ਕਾਬੂ ਕਰਨਾ ਪੈਂਦਾ ਹੈ। ਪਤਝੜ ਦੇ ਇਸ ਮੌਸਮ ਦਾ ਆਨੰਦ ਮਾਣਨ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕਰਨ ਦੀ ਲੋੜ ਹੈ। ਜਿੱਥੇ ਸੋਲ੍ਹਵੇਂ ਸਾਲ ਦੇ ਚੜ੍ਹਦਿਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਇਕਾਠਵੇਂ ਸਾਲ ਪ੍ਰਾਪਤੀਆਂ ਦੇ ਨਿੱਘ ਨੂੰ ਮਾਣਨ ਦਾ ਮੌਕਾ ਮਿਲਦਾ ਹੈ। ਚੜ੍ਹਦੀ ਜਵਾਨੀ ਵਿੱਚ ਜੇਕਰ ਸਵੈ ਕਾਬੂ ਰੱਖਦਿਆਂ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਮੰਜ਼ਿਲ ਦੀ ਪ੍ਰਾਪਤੀ ਯਕੀਨੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬੁਢਾਪੇ ਦੀ ਸਹੀ ਸੰਭਾਲ ਆਖਰੀ ਸਮੇਂ ਨੂੰ ਆਨੰਦਮਈ ਬਣਾ ਸਕਦੀ ਹੈ। ਜੀਵਨ ਦੇ ਆਖਰੀ ਪੜਾਅ ਨੂੰ ਸੁੰਦਰ ਬਣਾਈ ਰੱਖਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਖਿੜੇ ਮੱਥੇ ਸਵਾਗਤ ਕਰੇ। ਬੁਢਾਪਾ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਆਪਣੀਆਂ ਦੱਬੀਆਂ ਕ੍ਰਿਆਤਮਕ ਤੇ ਕਲਾਤਮਕ ਖਾਹਿਸ਼ਾਂ ਦੀ ਪੂਰਤੀ ਵੱਲ ਧਿਆਨ ਦੇ ਸਕਦੇ ਹਾਂ। ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਪਤਝੜ ਦੀ ਰੁੱਤ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਰੁੁੱਤ ਲਈ ਤਿਆਰ ਕਰ ਲਈਏ। ਜੀਵਨ ਦੇ ਸਮਾਜਿਕ, ਮਾਇਕ ਅਤੇ ਘਰੋਗੀ ਮਸਲਿਆਂ ਅਤੇ ਵਸੀਲਿਆਂ ਦੀ ਵਿਉਂਤ ਇਸ ਢੰਗ ਨਾਲ ਕਰੀਏ ਕਿ ਇਨ੍ਹਾਂ ਬਾਰੇ ਚਿੰਤਾ ਤੋਂ ਮੁਕਤੀ ਮਿਲ ਸਕੇ।

ਨੌਕਰੀ ਕਰ ਰਹੇ ਲੋਕਾਂ ਦਾ ਇਹ ਪੜਾਅ ਸੇਵਾਮੁਕਤੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਕਾਰੋਬਾਰੀ ਇਨਸਾਨ ਹੌਲੀ ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅੱਡ ਕਰਦੇ ਜਾਂਦੇ ਹਨ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਹਰ ਇਨਸਾਨ ਨੂੰ ਬੁਢਾਪਾ ਆਉਣ ਤੋਂ ਪਹਿਲਾਂ ਹੀ ਇਨ੍ਹਾਂ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜੇਕਰ ਇਨ੍ਹਾਂ ਪਾਸੋਂ ਨਿਸ਼ਚਿੰਤਤਾ ਹੋਵੇਗੀ ਫਿਰ ਬੁਢਾਪੇ ਦਾ ਡਰ ਤੰਗ ਨਹੀਂ ਕਰੇਗਾ। ਸੇਵਾਮੁਕਤੀ ਤੋਂ ਪਹਿਲਾਂ ਹਰ ਇਨਸਾਨ ਨੂੰ ਆਪਣੇ ਰਹਿਣ ਲਈ ਮਕਾਨ ਦਾ ਜ਼ਰੂਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਮਾਇਕ ਵਸੀਲੇ ਵੀ ਇੰਨੇ ਕੁ ਕਰ ਲੈਣੇ ਚਾਹੀਦੇ ਹਨ ਕਿ ਬੁਢਾਪੇ ਵਿੱਚ ਰੋਟੀ ਤੇ ਕੱਪੜੇ ਦੀ ਲੋੜ ਪੂਰੀ ਹੁੰਦੀ ਰਹੇ। ਕਈ ਇਨਸਾਨ ਇਸ ਪਾਸਿਉਂ ਲਾਪਰਵਾਹੀ ਵਰਤ ਜਾਂਦੇ ਹਨ। ਕਈ ਲੋਕ ਵਧੇਰੇ ਭਾਵਨਾਤਮਕ ਹੁੰਦੇ ਹਨ। ਉਹ ਘਰ ਨੂੰ ਆਪਣੇ ਬੱਚਿਆਂ ਦੇ ਨਾਂ ਲੁਆ ਦਿੰਦੇ ਹਨ। ਪਿਆਰ ਆਪਣੀ ਥਾਂ ਹੈ, ਪਰ ਦੂਜਿਆਂ ਦੀ ਮੁਥਾਜੀ ਭੈੜੀ ਹੁੰਦੀ ਹੈ। ਆਪਣੇ ਕੋਲ ਘਰ ਦਾ ਹੋਣਾ ਆਤਮਿਕ ਵਿਸ਼ਵਾਸ ਪ੍ਰਦਾਨ ਕਰਦਾ ਹੈ। ਸੇਵਾਮੁਕਤੀ ਸਮੇਂ ਹਰ ਮੁਲਾਜ਼ਮ ਨੂੰ ਕੁਝ ਰਕਮ ਮਿਲਦੀ ਹੈ। ਇਸ ਰਕਮ ਦੀ ਇਸ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲਗਾਤਾਰ ਆਮਦਨ ਮਿਲਦੀ ਰਹੇ। ਕਈ ਵਾਰ ਅਸੀਂ ਇਹ ਰਕਮ ਬੱਚਿਆਂ ਦੇ ਕਾਰੋਬਾਰ ਵਿੱਚ ਜਾਂ ਘਰ ਵਿੱਚ ਖਰਚ ਕਰ ਦਿੰਦੇ ਹਾਂ, ਪਰ ਪਿੱਛੋਂ ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਜਦੋਂ ਤੁਹਾਨੂੰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਣ।

ਆਪਣੇ ਨਿੱਤ ਦੇ ਰੁਝੇਵੇਂ ਬਣਾਵੋ। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਹਨ ਜਿਹੜੀਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨ। ਆਪਣੀ ਰੁਚੀ ਅਨੁਸਾਰ ਉਨ੍ਹਾਂ ਵਿੱਚ ਸ਼ਾਮਿਲ ਹੋ ਕੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰੋ। ਸੇਵਾ ਕੀਤਿਆਂ ਜੋ ਆਨੰਦ ਮਿਲਦਾ ਹੈ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਜੇਕਰ ਪਰਿਵਾਰ ਨਾਲ ਰਹਿੰਦੇ ਹੋ ਤਾਂ ਪਰਿਵਾਰ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੋ। ਰੁਝੇਵੇਂ ਜੀਵਨ ਨੂੰ ਤਾਜ਼ਗੀ ਬਖ਼ਸ਼ਦੇ ਹਨ ਜਦੋਂ ਕਿ ਵਿਹਲ ਨਿਰਾਸ਼ਾ ਦਾ ਕਾਰਨ ਬਣਦੀ ਹੈ। ਪੜ੍ਹਨ ਦਾ ਸ਼ੌਕ ਪਾਲੋ। ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਵੋ। ਉਸਾਰੂ ਰੁਝੇਵਿਆਂ ਕਾਰਨ ਤੁਹਾਨੂੰ ਕਦੇ ਵੀ ਬੁਢਾਪੇ ਦਾ ਅਹਿਸਾਸ ਨਹੀਂ ਹੋਵੇਗਾ। ਸੂਝਵਾਨ ਲੋਕ ਪਤਝੜ ਦੇ ਮੌਸਮ ਦਾ ਵੀ ਬਹਾਰ ਦੇ ਮੌਸਮ ਵਾਂਗ ਆਨੰਦ ਮਾਣਦੇ ਹਨ। ਉਹ ਤਾਂ ਸਗੋਂ ਮਹਿਸੂਸ ਕਰਦੇ ਹਨ ਕਿ ਅਸਲੀ ਜੀਵਨ ਤਾਂ ਹੁਣ ਵੀ ਸ਼ੁਰੂ ਹੋਇਆ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਕਾਰਜ ਕਰ ਸਕਦੇ ਹੋ।

Advertisement
×