DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਪਨਾ

ਨੇਹਾ ਤੀਜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਇੱਕ ਦਿਨ ਸਕੂਲ ਵਿੱਚ ਪੀ.ਟੀ.ਏ. ਦੀ ਮੀਟਿੰਗ ਹੋਈ। ਕਿਸੇ ਕਾਰਨ ਨੇਹਾ ਦੇ ਮੰਮੀ ਸਕੂਲ ਨਾ ਆ ਸਕੇ। ਨੇਹਾ ਨੂੰ ਮਨ ਹੀ ਮਨ ਮੰਮੀ ਉੱਪਰ ਗੁੱਸਾ ਆ ਰਿਹਾ ਸੀ। ਆਖ਼ਿਰ ਸਕੂਲੋਂ ਛੁੱਟੀ ਹੋਈ ਤਾਂ ਉਹ...
  • fb
  • twitter
  • whatsapp
  • whatsapp
Advertisement

ਨੇਹਾ ਤੀਜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਇੱਕ ਦਿਨ ਸਕੂਲ ਵਿੱਚ ਪੀ.ਟੀ.ਏ. ਦੀ ਮੀਟਿੰਗ ਹੋਈ। ਕਿਸੇ ਕਾਰਨ ਨੇਹਾ ਦੇ ਮੰਮੀ ਸਕੂਲ ਨਾ ਆ ਸਕੇ। ਨੇਹਾ ਨੂੰ ਮਨ ਹੀ ਮਨ ਮੰਮੀ ਉੱਪਰ ਗੁੱਸਾ ਆ ਰਿਹਾ ਸੀ। ਆਖ਼ਿਰ ਸਕੂਲੋਂ ਛੁੱਟੀ ਹੋਈ ਤਾਂ ਉਹ ਸਿੱਧੀ ਘਰ ਆਈ। ਜਦੋਂ ਉਹ ਇੱਕ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਉਸ ਦੇ ਮੰਮੀ ਬੈੱਡ ਉੱਪਰ ਪਏ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਪੱਟੀ ਬੰਨ੍ਹੀ ਹੋਈ ਸੀ। ਨਾਲ ਹੀ ਨੇਹਾ ਦੇ ਚਾਚੀ ਜੀ ਵੀ ਬੈਠੇ ਹੋਏ ਸਨ।

ਨੇੇਹਾ ਇਕਦਮ ਘਾਬਰ ਗਈ, ਪਰ ਚਾਚੀ ਜੀ ਅਤੇ ਮੰਮੀ ਜੀ ਨੇ ਉਸ ਨੂੰ ਹੌਸਲਾ ਦਿੱਤਾ। ਉਸ ਨੂੰ ਪਤਾ ਲੱਗਾ ਕਿ ਜਦੋਂ ਉਸ ਦੇ ਮੰਮੀ ਸਕੂਲ ਆ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। ਹੁਣ ਨੇਹਾ ਨੂੰ ਆਪਣੇ ਉੱਪਰ ਗੁੱਸਾ ਆਉਣ ਲੱਗਾ ਕਿ ਉਹ ਘਰ ਜਾ ਕੇ ਮੰਮੀ ਨਾਲ ਖ਼ਾਹਮਖ਼ਾਹ ਲੜਨ ਦੀ ਸੋਚ ਰਹੀ ਸੀ। ਜਦੋਂ ਚਾਚੀ ਜੀ ਚਲੇ ਗਏ ਤਾਂ ਨੇਹਾ ਮੰਮੀ ਨੂੰ ਪੁੱਛਣ ਲੱਗੀ, ‘‘ਮੰਮੀ, ਪਾਪਾ ਘਰ ਕਿਉਂ ਨਹੀਂ ਰਹਿੰਦੇ? ਜੇ ਉੁਹ ਘਰ ਹੁੰਦੇ ਤਾਂ ਤੁਹਾਡੀ ਜਗ੍ਹਾ ’ਤੇ ਉਹ ਪੀ.ਟੀ.ਏ. ਦੀ ਮੀਟਿੰਗ ਵਿੱਚ ਆ ਸਕਦੇ ਸਨ। ਤੁਹਾਨੂੰ ਐਵੇਂ ਈ...।’’

Advertisement

ਇਹ ਸੁਣ ਕੇ ਨੇਹਾ ਦੇ ਮੰਮੀ ਕਹਿਣ ਲੱਗੇ, ‘‘ਬੇਟੀ, ਤੇਰੇ ਪਾਪਾ ਸੈਨਿਕ ਨੇ। ਸੈਨਿਕਾਂ ਨੂੰ ਘੱਟ ਈ ਛੁੱਟੀ ਮਿਲਦੀ ਏ।’’

‘‘ਪਰ ਮੰਮੀ...।’’ ਨੇਹਾ ਦੀ ਗੱਲ ਅਧੂਰੀ ਹੀ ਸੀ ਕਿ ਮੰਮੀ ਮੁਸਕਰਾ ਕੇ ਕਹਿਣ ਲੱਗੇ, ‘‘ਬੇਟੀ ਤੂੰ ਅਜੇ ਬਹੁਤ ਛੋਟੀ ਏਂ। ਜਦੋਂ ਵੱਡੀ ਹੋ ਜਾਵੇਂਗੀ ਤਾਂ ਤੈਨੂੰ ਸਭ ਕੁਝ ਪਤਾ ਲੱਗ ਜਾਏਗਾ।’’

ਨੇਹਾ ਕੁਝ ਵੱਡੀ ਹੋਈ। ਉਸ ਦੀ ਸਮਝ ਵਿੱਚ ਆਇਆ ਕਿ ਉਸ ਦੇ ਪਿਤਾ ਜੀ ਸਿਆਚਿਨ ਗਲੇਸ਼ੀਅਰ ਵਿੱਚ ਡਿਊਟੀ ਕਰਦੇ ਹਨ।

ਇੱਕ ਦਿਨ ਨੇਹਾ ਸਕੂਲ ਤੋਂ ਸਿੱਧਾ ਘਰ ਆ ਗਈ। ਮੰਮੀ ਨੂੰ ਕਹਿਣ ਲੱਗੀ, ‘‘ਮੰਮੀ, ਸਾਡੀ ਜਮਾਤ ਵਿੱਚ ਇੱਕ ਲੜਕੀ ਰਮਾ ਦਾਖਲ ਹੋਈ ਏ। ਉੁਹ ਕਹਿੰਦੀ ਏ ਕਿ ਉਸ ਦੇ ਪਿਤਾ ਜੀ ਵੀ ਫੌਜ ਵਿੱਚ ਪਾਇਲਟ ਹਨ। ਕੀ ਉਹ ਵੀ ਸੈਨਿਕ ਹਨ?’’

ਮੰਮੀ ਕਹਿਣ ਲੱਗੇ, ‘‘ਹਾਂ, ਬਿਲਕੁੁਲ। ਉਹ ਵੀ ਸੈਨਿਕ ਹਨ। ਉਹ ਵੀ ਤਾਂ ਸਾਡੇ ਦੇਸ਼ ਦੀ ਰੱਖਿਆ ਲਈ ਚੁਣੌਤੀ ਭਰੀ ਉੁਡਾਣ ਭਰਦੇ ਨੇ।’’

ਨੇਹਾ ਸਵਾਲ ’ਤੇ ਸਵਾਲ ਕਰ ਰਹੀ ਸੀ, ‘‘ਮੰਮੀ, ਉਨ੍ਹਾਂ ਦਾ ਉੱਥੇ ਕੀ ਕੰਮ ਹੁੁੰਦਾ ਏ? ਕੀ ਉਨ੍ਹਾਂ ਕੋਲ ਵੀ ਬੰੰਦੂਕ ਹੁੰਦੀ ਏ ਤੇ ਉਹ ਵੀ ਸਾਡੇ ਦੇਸ਼ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ?’’

ਨੇਹਾ ਨੂੰ ਫੌਜ ਬਾਰੇ ਗੱਲਾਂ ਕਰਦਿਆਂ ਦੇਖ ਕੇ ਉਹ ਖ਼ੁਸ਼ ਹੋ ਗਏ। ਕਹਿਣ ਲੱਗੇ, ‘‘ਲੱਗਦਾ ਏ, ਤੂੰ ਵੀ ਵੱਡੀ ਹੋ ਕੇ ਪਾਪਾ ਵਾਂਗ ਸੈਨਿਕ ਬਣੇਂਗੀ? ਇੰਨੇ ਸਵਾਲ ਪੁੱਛ ਰਹੀਂ ਏ...।’’

ਨੇਹਾ ਮੰਮੀ ਨਾਲ ਅਜੇ ਗੱਲਾਂ ਕਰ ਹੀ ਰਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ। ਨੇਹਾ ਨੇ ਝੱਟ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ, ਉਸ ਦੀ ਸਹੇਲੀ ਸਵੀਟੀ ਸੀ। ਉਸ ਨੂੰ ਯਾਦ ਆਇਆ ਕਿ ਉਨ੍ਹਾਂ ਨੇ ਤਾਂ ਅਜੇ ਆਪਣੀ ਇੱਕ ਹੋਰ ਸਹੇਲੀ ਰੂਬਲ ਦੇ ਘਰ ਉਸ ਦਾ ਜਨਮ ਦਿਨ ਮਨਾਉਣ ਵੀ ਜਾਣਾ ਹੈ। ਉਹ ਝੱਟ ਤਿਆਰ ਹੋ ਗਈ ਅਤੇ ਸਵੀਟੀ ਨਾਲ ਰੂਬਲ ਦੇ ਘਰ ਵੱਲ ਰਵਾਨਾ ਹੋ ਗਈ।

ਕੁਝ ਦਿਨਾਂ ਪਿੱਛੋਂ ਜਦੋਂ ਨੇਹਾ ਦੇ ਪਾਪਾ ਛੁੱਟੀ ਲੈ ਕੇ ਘਰ ਆਏ ਤਾਂ ਉਨ੍ਹਾਂ ਦੇ ਗਲ ਨਾਲ ਲਿਪਟ ਗਈ ਅਤੇ ਬੋਲੀ, ‘‘ਪਾਪਾ, ਮੇਰੀਆਂ ਸਹੇਲੀਆਂ ਦੇ ਪਾਪਾ ਤਾਂ ਆਮ ਤੌਰ ’ਤੇ ਘਰ ਹੀ ਰਹਿੰਦੇ ਨੇ ਜਾਂ ਦਫ਼ਤਰ ਚਲੇ ਜਾਂਦੇ ਨੇ ਤੇ ਸ਼ਾਮ ਨੂੰ ਘਰ ਮੁੜ ਆਉਂਦੇ ਨੇ, ਪਰ ਤੁਸੀਂ ਇੰਨਾ ਸਮਾਂ ਕਿਉਂ ਲਗਾ ਦਿੰਦੇ ਹੋਏ? ਪਾਪਾ ਤੁਸੀਂ ਇਹ ਨੌਕਰੀ ਛੱਡ ਦੇੇਵੋ।’’

ਨੇਹਾ ਦੀ ਇਹ ਗੱਲ ਸੁਣ ਕੇ ਉਸ ਦੇ ਪਾਪਾ ਨੇ ਉਸ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੇ, ‘‘ਜੇ ਮੈਂ ਅਤੇ ਮੇਰੇ ਮਿੱਤਰ ਸੈਨਿਕ ਫੌਜ ਦੀ ਨੌਕਰੀ ਛੱਡ ਕੇ ਘਰ ਬਹਿ ਜਾਈਏ ਤਾਂ ਦੁਸ਼ਮਣ ਸਾਡੇ ਦੇਸ਼ ਉੱਪਰ ਕਬਜ਼ਾ ਕਰ ਸਕਦੇ ਨੇ। ਅਸੀਂ ਸਰਹੱਦ ’ਤੇ ਜਾ ਕੇ ਉਨ੍ਹਾਂ ਦੇ ਦੰਦ ਖੱਟੇ ਕਰਦੇ ਹਾਂ।’’ ਛੁੱਟੀ ਕੱਟ ਕੇ ਨੇਹਾ ਦੇ ਪਾਪਾ ਫਿਰ ਸਰਹੱਦ ’ਤੇ ਮੁੜ ਗਏ।

ਇੱਕ ਦਿਨ ਨੇਹਾ ਦੇ ਪਾਪਾ ਦਾ ਫੋਨ ਆਇਆ ਕਿ ਉਨ੍ਹਾਂ ਦੀ ਡਿਊਟੀ ਵਾਲੀ ਸਰਹੱਦ ’ਤੇ ਹੁਣ ਜੰਗ ਛਿੜ ਗਈ ਹੈ। ਟੈਲੀਵਿਜ਼ਨ ਅਤੇ ਰੇਡੀਓ ਉੱਪਰ ਲਗਾਤਾਰ ਖ਼ਬਰਾਂ ਆ ਰਹੀਆਂ ਸਨ। ਨੇਹਾ ਸਕੂਲ ਜਾਂਦੀ ਤਾਂ ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ। ਆਪਣੇ ਪਿਤਾ ਜੀ ਵੱਲ ਹੀ ਰਹਿੰਦਾ। ਫਿਰ ਕਿਸੇ ਜਾਣ ਪਛਾਣ ਵਾਲੇ ਤੋਂ ਪਤਾ ਲੱਗਾ ਕਿ ਨੇਹਾ ਦੇ ਪਾਪਾ ਅਤੇ ਉਨ੍ਹਾਂ ਦੇ ਦੂਜੇ ਸਾਥੀ ਸੈਨਿਕ ਪੂਰੀ ਸਾਵਧਾਨੀ ਨਾਲ ਸਰਹੱਦ ਉੱਪਰ ਡਟੇ ਹੋਏ ਹਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਜਦੋਂ ਉਸ ਦੇ ਪਾਪਾ ਆਪਣੇ ਸਾਥੀ ਮਿੱਤਰਾਂ ਨਾਲ ਹਾਂਡੀ ਵਿੱਚ ਦਾਲ ਪਕਾ ਰਹੇ ਸਨ ਤਾਂ ਚਾਣਚੱਕ ਬੰਬ ਫਟਿਆ ਅਤੇ ਸਾਰੀ ਦਾਲ ਵਿੱਚ ਮਿੱਟੀ ਘੱਟਾ ਪੈ ਗਿਆ, ਪ੍ਰੰਤੂ ਉਹ ਫਿਰ ਹਿੰਮਤ ਨਾਲ ਡਟ ਗਏ ਅਤੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ। ਬਾਅਦ ਵਿੱਚ ਉਸੇ ਧੂੜ ਮਿੱਟੀ ਵਾਲੀ ਦਾਲ ਖਾ ਕੇ ਉਹ ਫਿਰ ਡਟ ਗਏ।

ਲੜਾਈ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਜਿਉਂ ਜਿਉਂ ਨੇਹਾ ਦੇ ਜਨਮ ਦਿਨ ਦੀ ਮਿਤੀ ਨੇੜੇ ਆ ਰਹੀ ਸੀ, ਉਸ ਨੂੰ ਮਨ ਹੀ ਮਨ ਖ਼ੁਸ਼ੀ ਹੋ ਰਹੀ ਸੀ। ਉਸ ਨੇ ਆਪਣੀਆਂ ਕਈ ਸਹੇਲੀਆਂ ਨੂੰ ਪਹਿਲਾਂ ਹੀ ਆਉਣ ਦਾ ਸੱਦਾ ਦੇ ਰੱਖਿਆ ਸੀ। ਉਹ ਇਹ ਵੀ ਦੱਸ ਰਹੀ ਸੀ ਕਿ ਉਸ ਦੇ ਪਿਤਾ ਜੀ ਉਸ ਦੇ ਜਨਮ ਦਿਨ ’ਤੇ ਖ਼ਾਸ ਛੁੱਟੀ ਲੈ ਕੇ ਆ ਰਹੇ ਹਨ।

ਇੱਕ ਰਾਤ ਨੂੰ ਨੇਹਾ ਦੇ ਮੰਮੀ ਦੇ ਮੋਬਾਈਲ ’ਤੇ ਘੰਟੀ ਵੱਜੀ ਤਾਂ ਉਸ ਦੇ ਮੰਮੀ ਦੇ ਦਿਲ ਦੀ ਧੜਕਣ ਵਧ ਗਈ। ਉਹ ਹੌਸਲੇ ਨਾਲ ਬੋਲੀ, ‘‘ਹੈਲੋ...।’’

ਮੋਬਾਈਲ ’ਤੇ ਸੈਨਾ ਦਾ ਅਧਿਕਾਰੀ ਬੋਲ ਰਿਹਾ ਸੀ। ਜਦੋਂ ਨੇਹਾ ਦੀ ਮੰਮੀ ਨੇ ਅਣਹੋਣੀ ਗੱਲ ਸੁਣੀ ਤਾਂ ਉਸ ਦੀ ਚੀਕ ਨਿਕਲ ਗਈ, ਪਰ ਉਸ ਨੇ ਆਪਣੇ ਦਰਦ ਨੂੰ ਸੀਨੇ ਵਿੱਚ ਹੀ ਛੁਪਾ ਲਿਆ। ਉਸ ਨੇ ਪੂਰੀ ਹਿੰਮਤ ਨਾਲ ਨੇਹਾ ਨੂੰ ਇਸ ਬਾਰੇ ਦੱਸ ਦਿੱਤਾ। ਨੇਹਾ ਵੀ ਰੋਣ ਲੱਗ ਪਈ।

ਯੁੱਧ ਵਿੱਚ ਜਦੋਂ ਨੇਹਾ ਦੇ ਪਾਪਾ ਦੁਸ਼ਮਣਾਂ ਨੂੰ ਅੰਨ੍ਹੇਵਾਹ ਫਾਇਰਿੰਗ ਕਰਕੇ ਅੱਗੇ ਵਧਣ ਤੋਂ ਰੋਕ ਰਹੇ ਸਨ ਤਾਂ ਚਾਣਚੱਕ ਇੱਕ ਇੱਕ ਕਰਕੇ ਦੋ ਗੋਲੀਆਂ ਉਨ੍ਹਾਂ ਦੀ ਇੱਕ ਲੱਤ ਵਿੱਚ ਵੱਜੀਆਂ। ਉਨ੍ਹਾਂ ਨੂੰ ਝੱਟ ਸੈਨਿਕ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਟੰਗ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ ਜਿਸ ਕਰਕੇ ਉਹ ਕੱਟਣੀ ਪਏਗੀ ਨਹੀਂ ਤਾਂ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਅਪਰੇਸ਼ਨ ਦਾ ਦਿਨ ਮਿੱਥਿਆ ਗਿਆ। ਉਸੇ ਦਿਨ ਨੇਹਾ ਦਾ ਜਨਮ ਦਿਨ ਵੀ ਸੀ। ਅਪਰੇਸ਼ਨ ਹੋਣ ਤੋਂ ਬਾਅਦ ਨੇਹਾ ਦੇ ਪਾਪਾ ਹੋਸ਼ ਵਿੱਚ ਆ ਗਏ, ਪ੍ਰੰਤੂ ਉਨ੍ਹਾਂ ਦੇ ਚਿਹਰੇ ’ਤੇ ਜੇਤੂ ਮੁਸਕਾਨ ਸੀ। ਉਹ ਬੜੇ ਮਾਣ ਨਾਲ ਦੱਸ ਰਹੇ ਸਨ ਕਿ ਉਨ੍ਹਾਂ ਨੇ ਕਿਵੇਂ ਆਪਣੇ ਦੇਸ਼ ਦੇ ਦੁਸ਼ਮਣਾਂ ਨੂੰ ਅੱਗੇ ਵਧਣ ਤੋਂ ਰੋਕ ਕੇ ਰੱਖਿਆ ਅਤੇ ਕਿਵੇਂ ਉਨ੍ਹਾਂ ਨੂੰ ਮੂੰਹ ਦੀ ਖੁਆ ਕੇ ਪਿਛਾਂਹ ਭੱਜਣ ਨੂੰ ਮਜਬੂਰ ਕਰ ਦਿੱਤਾ ਸੀ।

ਹੌਲੀ ਹੌਲੀ ਮਾਹੌਲ ਬਦਲਣ ਲੱਗਾ। ਨੇਹਾ ਦੇ ਪਾਪਾ ਜੀ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਮੁਸਕਰਾ ਰਹੇ ਸਨ। ਨਾਲ ਕਹਿ ਰਹੇ ਸਨ, ‘‘ਬਹਾਦਰ ਪਿਤਾ ਦੀ ਬੇਟੀ ਦੀਆਂ ਅੱਖਾਂ ਵਿੱਚ ਹੰਝੂ?’’

ਫਿਰ ਉਨ੍ਹਾਂ ਨੇ ਨੇਹਾ ਦੇ ਹੰਝੂ ਪੂੰਝਦੇ ਹੋਏ ਕਿਹਾ, ‘‘ਨੇਹਾ, ਮੈਂ ਤਾਂ ਭੁੱਲ ਹੀ ਗਿਆ ਸੀ। ਅੱਜ ਤਾਂ ਤੇਰਾ ਜਨਮ ਦਿਨ ਹੈ। ਬੋਲ ਕੀ ਚਾਹੀਦਾ ਹੈ?’’

ਨੇਹਾ ਪਹਿਲਾਂ ਕੁਝ ਪਲ ਸੋਚਦੀ ਰਹੀ। ਫਿਰ ਬੋਲੀ, ‘‘ਜੋ ਕੁਝ ਮੰਗਾਂਗੀ, ਪੂਰਾ ਕਰੋਗੇ? ਵਾਅਦਾ ਕਰੋ।’’

‘‘ਆਪਣੀ ਧੀ ਦੀ ਹਰ ਇੱਛਾ ਪੂਰੀ ਕਰਾਂਗਾ।’’ ਪਾਪਾ ਬੋਲੇ।

‘‘ਜਦੋਂ ਮੈਂ ਵੱਡੀ ਹੋ ਜਾਵਾਂਗੀ ਤਾਂ ਤੁਸੀਂ ਮੈਨੂੰ ਵੀ ਸੈਨਿਕ ਬਣਾਓਗੇ, ਬੋਲੋ?’’

‘‘ਇਹ ਹੋਈ ਨਾ ਬਹਾਦਰ ਪਿਤਾ ਦੀ ਬਹਾਦਰ ਬੇਟੀ ਵਾਲੀ ਗੱਲ।’’ ਇੰਨਾ ਆਖ ਕੇ ਪਾਪਾ ਨੇ ਉਸ ਨੂੰ ਗਲ ਨਾਲ ਲਗਾ ਲਿਆ। ਉਹਦਾ ਮੱਥਾ ਚੁੰਮਦੇ ਹੋਏ ਕਹਿਣ ਲੱਗੇ, ‘‘ਧੀਏ, ਤੇਰਾ ਸੁਪਨਾ ਪੂਰਾ ਹੋਵੇਗਾ। ਮੇਰੇ ਵਿੱਚ ਦੁੱਗਣੀ ਤਾਕਤ ਆ ਗਈ ਏ।’’

ਨੇਹਾ ਪਾਪਾ ਨਾਲ ਲਿਪਟ ਗਈ। ਕੋਲ ਖੜ੍ਹੇ ਇੱਕ ਸੈਨਿਕ ਨੇ ਨੇਹਾ ਨੂੰ ਸਲੂਟ ਮਾਰਿਆ। ਨੇਹਾ ਨੇ ਵੀ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ।

ਨੇਹਾ ਨੇ ਵੇਖਿਆ, ਮੰਮੀ-ਪਾਪਾ ਦੇ ਚਿਹਰਿਆਂ ’ਤੇ ਮੁਸਕਾਨ ਸੀ।

ਸੰਪਰਕ: 98144-23703

Advertisement
×