ਹਮਦਰਦੀ ਦੇ ਪਾਤਰ ਨਾ ਬਣੋ
ਹਰ ਮਨੁੱਖ ਦੀਆਂ ਵੱਖ-ਵੱਖ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਆਦਤਾਂ ਨੂੰ ਚੰਗਾ ਗਿਣਿਆ ਜਾਂਦਾ ਹੈ ਤੇ ਕੁਝ ਨੂੰ ਮਾੜਾ। ਵਾਰਿਸ ਸ਼ਾਹ ਨੇ ਲਿਖਿਆ ਹੈ; ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਇਵੇਂ ਹੀ ਜੋ...
ਹਰ ਮਨੁੱਖ ਦੀਆਂ ਵੱਖ-ਵੱਖ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਆਦਤਾਂ ਨੂੰ ਚੰਗਾ ਗਿਣਿਆ ਜਾਂਦਾ ਹੈ ਤੇ ਕੁਝ ਨੂੰ ਮਾੜਾ। ਵਾਰਿਸ ਸ਼ਾਹ ਨੇ ਲਿਖਿਆ ਹੈ;
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਇਵੇਂ ਹੀ ਜੋ ਆਦਤਾਂ ਸਾਡੀਆਂ ਬਣ ਜਾਂਦੀਆਂ ਹਨ ਜਾਂ ਅਸੀਂ ਬਣਾ ਲੈਂਦੇ ਹਾਂ, ਲਗਪਗ ਸਾਰੀ ਉਮਰ ਹੀ ਸਾਡੇ ਨਾਲ ਨਿਭਦੀਆਂ ਹਨ। ਅੱਜ ਸਮਾਜਿਕ ਵਰਤਾਰੇ ਵਿੱਚ ਇੱਕ ਗੱਲ ਜੋ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਹਮਦਰਦੀ ਲੈਣ ਦੀ ਭਾਲ ਕਰਦੇ ਰਹਿਣਾ। ਸਾਡੇ ਪੰਜਾਬ ਵਿੱਚ ਅਨੇਕਾਂ ਐੱਨਜੀਓ ਚੱਲ ਰਹੀਆਂ ਹਨ ਜੋ ਵੱਖ-ਵੱਖ ਲੋੜਵੰਦਾਂ ਦੀਆਂ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੀਆਂ ਹਨ। ਕੁਝ ਬਿਰਧ ਆਸ਼ਰਮ ਚਲਾਉਂਦੀਆਂ ਹਨ, ਕੁਝ ਦਵਾਈਆਂ ਆਦਿ ਵੰਡ ਕੇ, ਕੁਝ ਸਮਾਜ ਤੋਂ ਠੁਕਰਾਏ ਹੋਏ ਲੋਕਾਂ ਦੀ ਸਾਂਭ ਸੰਭਾਲ ਕਰਕੇ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਹਰ ਛੋਟੀ ਤੋਂ ਛੋਟੀ ਗੱਲ ਨੂੰ ਵੀ ਸੋਸ਼ਲ ਪਲੈਟਫਾਰਮ ’ਤੇ ਦੱਸਿਆ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਲੋਕ ਤਾਂ ਪਰਿਵਾਰਕ ਲੜਾਈਆਂ ਵੀ ਸਭ ਨੂੰ ਦੱਸ ਰਹੇ ਹੁੰਦੇ ਹਨ। ਕੁਝ ਖਾਣ ਪੀਣ, ਪਹਿਨਣ ਤੋਂ ਲੈ ਕੇ ਹਰ ਨਿੱਕੀ ਨਿੱਕੀ ਗੱਲ ਸਮਾਜ ਨਾਲ ਸਾਂਝੀ ਕਰਦੇ ਹਨ। ਆਏ ਦਿਨ ਕੁਝ ਲੋਕ ਸਮਾਜ ਸੇਵੀਆਂ ਦੇ ਹੱਕ ਵਿੱਚ ਹੁੰਦੇ ਹਨ ਤੇ ਕੁਝ ਉਨ੍ਹਾਂ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਾਰੇ ਚਾਨਣਾ ਪਾ ਰਹੇ ਹੁੰਦੇ ਹਨ ਜਿਸ ਵਿੱਚ ਉਹ ਆਪਣੇ ਵੱਲੋਂ ਕੀਤੀਆਂ ਹੇਰਾਫੇਰੀਆਂ ਬਾਰੇ ਵੀ ਦੱਸ ਰਹੇ ਹੁੰਦੇ ਹਨ। ਖੈਰ! ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਜੋ ਮੁੱਖ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਲੋਕਾਂ ਵਿੱਚ ਆਪਣੇ ਰੋਣੇ ਧੋਣੇ ਰੋ ਕੇ ਜਾਂ ਦੁੱਖ ਦੱਸ ਕੇ ਹਮਦਰਦੀ ਲੈਣ ਦੀ ਭਾਵਨਾ ਬਹੁਤ ਪ੍ਰਬਲ ਹੈ। ਕੁਝ ਤਾਂ ਸੱਚਮੁੱਚ ਲੋੜਵੰਦ ਹੁੰਦੇ ਹਨ, ਪਰ ਕੁਝ ਕਿਰਤ ਵਿਹੂਣੇ ਲੋਕ ਜੋ ਕੰਮ ਜਾਂ ਮਿਹਨਤ ਕਰਨ ਤੋਂ ਭੱਜਦੇ ਹਨ ਤੇ ਆਪਣੀਆਂ ਖਾਹਿਸ਼ਾਂ ਪੂਰੀਆਂ ਨਾ ਹੋਣ ਦੇ ਦੋਸ਼ ਦੂਜਿਆਂ ਸਿਰ ਜਾਂ ਰੱਬ ਸਿਰ ਮੜ੍ਹ ਕੇ ਹਮਦਰਦੀ ਦੀ ਝਾਕ ਰੱਖਦੇ ਹਨ।
ਉਹ ਹਮੇਸ਼ਾਂ ਇਹੀ ਦੱਸਦੇ ਹਨ ਕਿ ਉਹ ਆਪਣੀ ਗਰੀਬੀ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਰੱਬ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਜੇ ਉਹ ਇੰਜ ਕਰ ਲੈਂਦੇ ਤਾਂ ਇੰਜ ਹੋ ਜਾਂਦਾ, ਜੇ ਇੰਜ ਹੁੰਦਾ ਤਾਂ ਉਹ ਇਹ ਕਰ ਲੈਂਦੇ, ਪਰ ਸੱਚ ਇਹ ਹੈ ਕਿ ਕੁਦਰਤ ਹਰ ਇਨਸਾਨ ਨੂੰ ਮੌਕਾ ਦਿੰਦੀ ਹੈ। ਕੁਝ ਨਿਰੰਤਰ ਸੰਘਰਸ਼ ਕਰਦੇ ਰਹਿੰਦੇ ਹਨ ਤੇ ਕੁਝ ਸ਼ਿਕਾਇਤਾਂ ਦੀ ਪੰਡ ਸਿਰ ’ਤੇ ਚੁੱਕ ਕੇ ਦੁਨੀਆ ਸਾਹਮਣੇ ਵਿਚਾਰੇ ਬਣਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਇਹ ਲੋਕ ਕੁਦਰਤ ਵੱਲੋਂ ਦਿੱਤੇ ਅਨੇਕਾਂ ਮੌਕੇ ਗਵਾ ਕੇ ਦੂਜਿਆਂ ਨੂੰ ਕੋਸਦੇ ਹਨ। ਇਹ ਦੁਖੀ ਹੋਣ ਦਾ ਢਿੰਡੋਰਾ ਪਿੱਟ ਕੇ ਹਮਦਰਦੀ ਹਾਸਲ ਕਰਨ ਦੀ ਆਸ ਵਿੱਚ ਲੱਗੇ ਰਹਿੰਦੇ ਹਨ ਤੇ ਅਸਲ ਲੋੜਵੰਦ ਵਿਚਾਰੇ ਕਿਤੇ ਪਿੱਛੇ ਸਬਰ ਕਰਕੇ ਬੈਠੇ ਰਹਿੰਦੇ ਹਨ। ਅਨੇਕਾਂ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੇਕਿਆਂ, ਸਹੁਰਿਆਂ ਤੋਂ ਕੋਈ ਸਹਿਯੋਗ ਨਹੀਂ ਮਿਲਦਾ, ਪਰ ਉਹ ਆਪਣੀ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਉਨ੍ਹਾਂ ਦੀ ਹਰ ਲੋੜ ਪੂਰੀ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਕੁਝ ਅਜਿਹੀਆਂ ਵੀ ਹਨ ਜੋ ਹਰ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਕੁਝ ਨਹੀਂ ਕਰਦੀਆਂ।
ਇਹ ਆਦਤਾਂ ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਤੱਕ ਸੀਮਤ ਨਾ ਰਹਿ ਕੇ ਹਰ ਵਰਗ, ਲਿੰਗ, ਉਮਰ, ਖਿੱਤੇ ਵਿੱਚ ਮਿਲਦੀਆਂ ਹਨ ਤੇ ਸਾਨੂੰ ਹਰ ਥਾਂ ਹੀ ਅਜਿਹੇ ਲੋਕ ਮਿਲ ਜਾਂਦੇ ਹਨ, ਜੋ ਆਪਣੀਆਂ ਹਾਰਾਂ ਲਈ ਕਿਸਮਤ ਜਾਂ ਸਮੇਂ ਨੂੰ ਦੋਸ਼ੀ ਠਹਿਰਾ ਦਿੰਦੇ ਹਨ। ਇਹ ਆਦਤਾਂ ਤੇ ਵਿਚਾਰ ਉਨ੍ਹਾਂ ਤੱਕ ਹੀ ਸੀਮਤ ਨਹੀਂ ਰਹਿੰਦੇ ਸਗੋਂ ਹੌਲੀ ਹੌਲੀ ਉਨ੍ਹਾਂ ਦੇ ਨਾਲ ਰਹਿਣ ਵਾਲਿਆਂ, ਉਨ੍ਹਾਂ ਦੇ ਬੱਚਿਆਂ ’ਤੇ ਵੀ ਇਹ ਅਸਰ ਦਿਖਾਈ ਦੇਣ ਲੱਗਦਾ ਹੈ। ਕੰਮ ਨਾ ਕਰਨ ਵਾਲੇ ਲੋਕਾਂ ਦੇ ਬੱਚੇ ਕਦੇ ਵੀ ਮਿਹਨਤੀ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਮਾਤਾ-ਪਿਤਾ ਨੂੰ ਕਿਸਮਤ ਆਸਰੇ ਬੈਠ ਕੇ ਰੋਂਦਿਆਂ ਹੀ ਵੇਖਿਆ ਹੁੰਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਅਗਲੀ ਪੀੜ੍ਹੀ ਵੀ ਆਪਣੀ ਪਿਛਲੀ ਪੀੜ੍ਹੀ ਵਾਂਗ ਮਿਹਨਤ ਤੋਂ ਭੱਜਣ ਵਾਲੀ ਤੇ ਤਰਸ ਦੇ ਆਧਾਰ ’ਤੇ ਲੋਕਾਂ ਤੋਂ ਹਮਦਰਦੀ ਕਬੂਲਣ ਵਾਲੀ ਬਣ ਜਾਂਦੀ ਹੈ। ਅਜਿਹੀ ਬਿਰਤੀ ਕਿਸੇ ਵੀ ਇਨਸਾਨ ਨੂੰ ਜੀਵਨ ਵਿੱਚ ਅੱਗੇ ਵਧਣ ਨਹੀਂ ਦਿੰਦੀ, ਸਗੋਂ ਅਜਿਹੀ ਬਿਰਤੀ ਵਾਲੇ ਲੋਕ ਅੱਜ ਦਾ ਕੰਮ ਸਦਾ ਕੱਲ੍ਹ ’ਤੇ ਟਾਲਣ ਦੀ ਆਦਤ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਸਖ਼ਤ ਮਿਹਨਤ ਨਾਲ ਇਨਸਾਨ ਆਪਣੇ ਹਰ ਸੰਘਰਸ਼ ਵਿੱਚ ਫ਼ਤਹਿ ਹਾਸਲ ਕਰ ਸਕਦਾ ਹੈ ਤੇ ਆਪਣੇ ਜੀਵਨ ਪੱਧਰ ਨੂੰ ਉੱਪਰ ਚੁੱਕ ਸਕਦਾ ਹੈ।
ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਸੀ ਤਾਂ ਵੱਡੀ ਗਿਣਤੀ ਅਜਿਹੇ ਲੋਕ ਸਾਹਮਣੇ ਆਏ ਜੋ ਆਪਣਾ ਸਭ ਕੁਝ ਰੁੜ੍ਹ ਜਾਣ ਦੇ ਬਾਵਜੂਦ ਸਬਰ, ਸਿਦਕ ਤੇ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਦ੍ਰਿੜ ਇਰਾਦੇ ਨਾਲ ਜਿਉਂ ਰਹੇ ਸਨ। ਹਾਲਾਂਕਿ ਕੁਝ ਅਜਿਹੇ ਵੀ ਸਨ, ਜੋ ਇਸ ਬਿਪਤਾ ਮੌਕੇ ਵੀ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਤੇ ਹਮਦਰਦੀਆਂ ਹਾਸਲ ਕਰਨ ਵਿੱਚ ਲੱਗੇ ਹੋਏ ਸਨ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕਾਂ ਨੇ ਸਦਾ ਸਬਰ ਤੇ ਹਿੰਮਤ ਨਾਲ ਜ਼ਿੰਦਗੀ ਦੇ ਪੰਧ ਨੂੰ ਮੁਕਾਇਆ ਹੈ, ਕਿਸੇ ਤੋਂ ਹਮਦਰਦੀ ਨਹੀਂ ਮੰਗੀ। ਅਜਿਹੇ ਲੋਕ ਦੁਨੀਆ ਲਈ ਚਾਨਣ ਮੁਨਾਰਾ ਬਣੇ ਹਨ। ਕਿਸੇ ਦੁਖੀ ਨਾਲ ਹਮਦਰਦੀ ਕਰਨਾ ਮਨੁੱਖੀ ਸੁਭਾਅ ਹੈ, ਪਰ ਆਪਣੇ ਆਪ ਨੂੰ ਹਮਦਰਦੀ ਦਾ ਪਾਤਰ ਬਣਾ ਲੈਣਾ ਚੰਗੀ ਗੱਲ ਨਹੀਂ।
ਸੰਪਰਕ: 90233-62958

