ਦਿਲਜੀਤ ਦੋਸਾਂਝ ਨੇ ਪਹਿਲਗਾਮ ਹਮਲੇ ਬਾਰੇ ਚੁੱਪੀ ਤੋੜੀ; ਭਾਰਤ-ਪਾਕਿ ਕ੍ਰਿਕਟ ਮੁਕਾਬਲਿਆਂ ’ਤੇ ਸਵਾਲ ਉਠਾਏ
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਆਪਣੀ ਫ਼ਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਬਾਰੇ ਚੁੱਪੀ ਤੋੜੀ ਹੈ। ਦੋਸਾਂਝ ਨੇ ਕਿਹਾ ਕਿ ਸਿੱਖ ਕਦੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਗਾਇਕ ਨੇ ਪਿਛਲੇ ਕੁਝ...
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਆਪਣੀ ਫ਼ਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਬਾਰੇ ਚੁੱਪੀ ਤੋੜੀ ਹੈ। ਦੋਸਾਂਝ ਨੇ ਕਿਹਾ ਕਿ ਸਿੱਖ ਕਦੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਗਾਇਕ ਨੇ ਪਿਛਲੇ ਕੁਝ ਮਹੀਨਿਆਂ ਤੋਂ ਧਾਰੀ ਚੁੱਪੀ ਦਾ ਵੀ ਕਾਰਨ ਦੱਸਿਆ।
ਦਿਲਜੀਤ ਦੋਸਾਂਝ ਨੇ ਮਲੇਸ਼ੀਆ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਪਹਿਲਗਾਮ ਦਹਿਸ਼ਤੀ ਹਮਲੇ, ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਨਾਲ ਉਨ੍ਹਾਂ ਦੀ ਫਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਅਤੇ ਹਾਲ ਹੀ ਵਿਚ ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਗੱਲ ਕੀਤੀ। ਦੋਸਾਂਝ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਹਮਲੇ ਤੋਂ ਪਹਿਲਾਂ ਹੋਈ ਸੀ, ਜਦੋਂ ਕਿ ਮੈਚ ਉਸ ਤੋਂ ਬਾਅਦ ਖੇਡਿਆ ਗਿਆ ਹੈ।
ਸੰਗੀਤਕ ਸ਼ੋਅ ਦੀ ਵਾਇਰਲ ਵੀਡੀਓ ਵਿੱਚ ਦਿਲਜੀਤ ਨੇ ਕਿਹਾ ਭਾਵੇਂ ਉਸ ਕੋਲ ਦੇਣ ਲਈ ਬਹੁਤ ਸਾਰੇ ਜਵਾਬ ਹਨ, ਪਰ ਉਸ ਨੇ ਹੁਣ ਤੱਕ ਖਾਮੋਸ਼ ਰਹਿਣ ਦੀ ਚੋਣ ਕੀਤੀ। ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹੋਏ ਉਸ ਨੇ ਕਿਹਾ, ‘‘ਇਹ ਮੇਰੇ ਦੇਸ਼ ਦਾ ਝੰਡਾ ਹੈ। ਹਮੇਸ਼ਾ ਇੱਜ਼ਤ ਕਰੋ।’’ ਅਦਾਕਾਰ ਨੇ ਕਿਹਾ , ‘‘ਜਦੋਂ ਮੇਰੀ ਫਿਲਮ ‘ਸਰਦਾਰਜੀ 3’ ਦੀ ਸ਼ੂਟਿੰਗ ਫਰਵਰੀ ਵਿੱਚ ਹੋਈ ਸੀ ਤਾਂ ਉਦੋਂ (ਚੈਂਪੀਅਨਜ਼ ਟਰਾਫ਼ੀ ਦੇ) ਮੈਚ ਚੱਲ ਰਹੇ ਸਨ।’’
ਦਿਲਜੀਤ ਨੇ ਪਹਿਲਗਾਮ ਦਹਿਸ਼ਤੀ ਹਮਲੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ, ‘‘ਉਸ ਸਮੇਂ ਅਤੇ ਹੁਣ ਵੀ, ਅਸੀਂ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਦਹਿਸ਼ਤਗਰਦਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਫਰਕ ਸਿਰਫ ਇੰਨਾ ਹੈ ਕਿ ਮੇਰੀ ਫਿਲਮ ਦੀ ਸ਼ੂਟਿੰਗ ਹਮਲੇ ਤੋਂ ਪਹਿਲਾਂ ਹੋਈ ਸੀ ਅਤੇ ਮੈਚ ਹਮਲੇ ਤੋਂ ਬਾਅਦ ਖੇਡਿਆ ਗਿਆ ਸੀ।’’
ਚੁੱਪ ਰਹਿਣ ਦਾ ਕਾਰਨ
ਦਿਲਜੀਤ ਨੇ ਲੰਬੇ ਸਮੇਂ ਤੱਕ ਧਾਰੀ ਚੁੱਪੀ ਦਾ ਵੀ ਕਾਰਨ ਦੱਸਿਆ ਅਤੇ ਕਿਹਾ, ‘‘ਮੇਰੇ ਕੋਲ ਬਹੁਤ ਸਾਰੇ ਜਵਾਬ ਹਨ, ਪਰ ਮੈਂ ਚੁੱਪ ਰਿਹਾ, ਸਭ ਕੁਝ ਆਪਣੇ ਅੰਦਰ ਰੱਖਿਆ। ਮੈਂ ਬੋਲਿਆ ਨਹੀਂ। ਮੇਰੇ ਕੋਲ ਬਹੁਤ ਸਾਰੇ ਜਵਾਬ ਹਨ। ਕੋਈ ਤੁਹਾਨੂੰ ਕੁਝ ਵੀ ਕਹੇ, ਤੁਹਾਨੂੰ ਉਹ ਜ਼ਹਿਰ ਆਪਣੇ ਅੰਦਰ ਨਹੀਂ ਲੈਣਾ ਚਾਹੀਦਾ। ਮੈਂ ਇਹ ਜ਼ਿੰਦਗੀ ਤੋਂ ਸਿੱਖਿਆ ਹੈ। ਇਸ ਲਈ ਮੈਂ ਕੁਝ ਨਹੀਂ ਕਿਹਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਕਹਿਣ ਲਈ, ਪਰ ਮੈਂ ਉਹ ਨਹੀਂ ਕਰਨਾ ਚਾਹੁੰਦਾ।’’
ਸਰਦਾਰਜੀ 3 ਨੂੰ ਲੈ ਕੇ ਹੋਇਆ ਵਿਵਾਦ
ਦਿਲਜੀਤ ਨੂੰ ਇਸ ਸਾਲ ਦੇ ਸ਼ੁਰੂ ਵਿੱਚ ‘ਸਰਦਾਰਜੀ 3’ ਦੀ ਕਾਸਟ ਨੂੰ ਲੈ ਕੇ ਵੱਡੇ ਪੱਧਰ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਸ਼ਾਮਲ ਸੀ। ਫਿਲਮ ਭਾਰਤ ਵਿਚ ਛੱਡ ਕੇ ਦੁਨੀਆ ਭਰ ਵਿਚ ਰਿਲੀਜ਼ ਕੀਤੇ ਜਾਣ ਦੇ ਫੈਸਲੇ ਲਈ ਵੀ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਗਈ ਸੀ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ (FWICE) ਨੇ ਦਿਲਜੀਤ ਨੂੰ ਫਿਲਮ ਇੰਡਸਟਰੀ ਤੋਂ ਬਲੈਕਲਿਸਟ ਕਰਨ ਅਤੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਆਦੇਸ਼ ਹਾਲਾਂਕਿ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ।