ਨੰਗਲ ਵਿਚ ਹੋਈ ਸੀ ਧਰਮਿੰਦਰ ਦੀ ਫਿਲਮ ‘ਝੀਲ ਕੇ ਉਸ ਪਾਰ’ ਦੀ ਸ਼ੂਟਿੰਗ
ਧਰਮਿੰਦਰ ਦਾ ਨੰਗਲ ਨਾਲ ਸੀ ਡੂੰਘਾ ਤੇ ਪਿਆਰ ਭਰਿਆ ਰਿਸ਼ਤਾ
ਉੱਘੇ ਬੌਲੀਵੁੱਡ ਅਦਾਕਾਰ ਧਰਮਿੰਦਰ ਦਾ ਨੰਗਲ ਨਾਲ ਪਿਆਰ ਭਰਿਆ ਰਿਸ਼ਤਾ ਸੀ। ਧਰਮਿੰਦਰ ਦੇ ਪੁਰਖੇ ਹਿਮਾਚਲ ਪ੍ਰਦੇਸ਼ ਦੇ ਨੇੜਲੇ ਪਿੰਡ ਡੇਹਲਾਂ ਨਾਲ ਸਬੰਧਤ ਸਨ ਤੇ ਇਸ ਖੇਤਰ ਨੂੰ ਸਾਲ 1970 ਵਿੱਚ ਫਿਲਮਾਂ ਵਿਚ ਵੀ ਪਛਾਣ ਮਿਲੀ ਜਦੋਂ ਧਰਮਿੰਦਰ ਨੇ ਆਪਣੀ ਯਾਦਗਾਰੀ ਫਿਲਮ ‘ਝੀਲ ਕੇ ਉਸ ਪਾਰ’ ਲਈ ਸ਼ਾਂਤ ਚਿਤ ਨੰਗਲ ਡੈਮ ਦੀ ਝੀਲ ਅਤੇ ਸਤਲੁਜ ਸਦਨ ਨੂੰ ਮੁੱਖ ਸਥਾਨਾਂ ਵਜੋਂ ਚੁਣਿਆ ਸੀ।
ਇਸ ਫਿਲਮ ਵਿੱਚ ਧਰਮਿੰਦਰ ਨੇ ਇੱਕ ਜੋਸ਼ੀਲੇ ਚਿੱਤਰਕਾਰ ਦੀ ਭੂਮਿਕਾ ਨਿਭਾਈ ਸੀ। ਉਹ ਫਿਲਮ ਵਿਚ ਅਦਾਕਾਰ ਮੁਮਤਾਜ਼ ਦਾ ਚਿਤਰਣ ਕਰਦਾ ਸੀ ਤੇ ਇਸ ਫਿਲਮ ਦੇ ਕਈ ਦ੍ਰਿਸ਼ ਝੀਲ ਦੇ ਨਾਲ-ਨਾਲ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਸਤਲੁਜ ਸਦਨ ਰੈਸਟ ਹਾਊਸ ਦੇ ਨੇੜੇ ਫਿਲਮਾਏ ਗਏ ਸਨ। ਇੱਕ ਸਮੇਂ ਜਦੋਂ ਮਨੋਰੰਜਨ ਦੇ ਸਾਧਨ ਸੀਮਤ ਸਨ ਅਤੇ ਟੈਲੀਵਿਜ਼ਨ ਜ਼ਿਆਦਾਤਰ ਘਰਾਂ ਵਿੱਚ ਨਹੀਂ ਸੀ ਤਾਂ ਉਸ ਵੇਲੇ ਫਿਲਮੀ ਸਿਤਾਰਿਆਂ ਦੀ ਮੌਜੂਦਗੀ ਨੇ ਇੱਥੇ ਬੇਮਿਸਾਲ ਉਤਸ਼ਾਹ ਪੈਦਾ ਕੀਤਾ ਸੀ। ਉਸ ਵੇਲੇ ਹਜ਼ਾਰਾਂ ਲੋਕ ਝੀਲ ਦੇ ਕਿਨਾਰੇ ਸ਼ੂਟਿੰਗ ਦੇਖਣ ਲਈ ਇਕੱਠੇ ਹੋਏ ਸਨ।
ਸੇਵਾਮੁਕਤ ਬੀਬੀਐਮਬੀ ਇੰਜਨੀਅਰ ਚਰਨ ਦਾਸ ਪਰਦੇਸੀ ਪਿਆਰ ਨਾਲ ਯਾਦ ਕਰਦੇ ਹਨ ਕਿ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਸੀ ਤਾਂ ਉਹ ਫਿਲਮ ਦੇ ਸੈੱਟਾਂ ਵੱਲ ਦੌੜਦੇ ਸਨ, ਇੱਥੋਂ ਤੱਕ ਕਿ ਡਿਊਟੀ ਤੋਂ ਛੁੱਟੀ ਲੈ ਕੇ ਸਿਰਫ਼ ਸ਼ੂਟਿੰਗ ਦੇਖਣ ਲਈ ਵੀ ਜਾਂਦੇ ਸਨ। ਧਰਮਿੰਦਰ ਨੰਗਲ ਵਿੱਚ ਐਨਐਫਐਲ ਗੈਸਟ ਹਾਊਸ ਵਿੱਚ ਠਹਿਰਿਆ ਸੀ। ਉਸ ਵੇਲੇ ਉਨ੍ਹਾਂ ਨਾਲ ਮੁਮਤਾਜ਼ ਅਤੇ ਯੋਗਿਤਾ ਬਾਲੀ ਵੀ ਨਾਲ ਸੀ। ਤਲਵਾੜਾ ਦੇ ਸਾਬਕਾ ਸਰਪੰਚ ਗੁਰਬਖ਼ਸ਼ ਰਾਏ ਵਰਮਾ ਨੂੰ ਯਾਦ ਹੈ ਕਿ ਉਨ੍ਹਾਂ ਦੇ ਖੇਤਾਂ ਵਿੱਚ ਸਰ੍ਹੋਂ ਦੇ ਖੇਤ ਵੀ ਫਿਲਮ ਦੇ ਕਈ ਦ੍ਰਿਸ਼ ਫਿਲਮਾਏ ਗਏ ਸਨ।

