ਦਿੱਲੀ: ਪਾਰਕਿੰਗ ਵਿਵਾਦ ਕਾਰਨ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦੀ ਹੱਤਿਆ, ਦੋ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦੱਖਣ-ਪੂਰਬੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਭੋਗਲ ਦੇ ਚਰਚ ਲੇਨ ਦਾ ਰਹਿਣ ਵਾਲਾ ਆਸਿਫ ਕੁਰੈਸ਼ੀ ’ਤੇ ਇੱਕ ਤਿੱਖੀ ਚੀਜ਼ ਨਾਲ ਹਮਲਾ ਹੋਣ ਕਾਰਨ ਉਸ ਦੀ ਛਾਤੀ 'ਤੇ ਗੰਭੀਰ ਸੱਟ ਲੱਗੀ। ਪੁਲੀਸ ਮੁਤਾਬਕ ਇਹ ਘਟਨਾ ਰਾਤ ਕਰੀਬ 10.30 ਵਜੇ ਵਾਪਰੀ, ਜਦੋਂ ਆਸਿਫ ਨੇ ਆਪਣੇ ਘਰ ਦੇ ਸਾਹਮਣੇ ਸਕੂਟਰ ਪਾਰਕ ਕਰਨ ’ਤੇ ਇਕ ਵਿਅਕਤੀ ਦਾ ਵਿਰੋਧ ਕੀਤਾ।
ਇਸ ਦੌਰਾਨ ਬਹਿਸ ਵਧ ਗਈ ਅਤੇ ਕਥਿਤ ਤੌਰ ’ਤੇ ਆਸਿਫ ’ਤੇ ਤਿੱਖੇ ‘ਪੋਕਰ-ਟਾਈਪ’ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਸਦੀ ਛਾਤੀ 'ਤੇ ਡੂੰਘਾ ਜ਼ਖ਼ਮ ਹੋ ਗਿਆ। ਪੁਲੀਸ ਨੇ ਦੱਸਿਆ ਕਿ ਪੀੜਤ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਉੱਜਵਲ (19) ਅਤੇ ਗੌਤਮ (18) ਵਜੋਂ ਹੋਈ ਹੈ, ਦੋਵੇਂ ਉਸੇ ਇਲਾਕੇ ਦੇ ਰਹਿਣ ਵਾਲੇ ਹਨ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।