ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ
ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ...
ਸੰਸਕ੍ਰਿਤ ਦੇ ਦੋ ਸ਼ਬਦ ‘ਦੀਪ’ ਤੇ ‘ਆਂਵਲੀ’ ਤੋਂ ਬਣਿਆ ਹੈ, ‘ਦੀਪਾਵਲੀ’ ਜਾਂ ‘ਦੀਵਾਲੀ’। ਇਹ ਰੋਸ਼ਨੀਆਂ ਦਾ ਤਿਉਹਾਰ ਹੈ। ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਗਲੀਆਂ, ਬਾਜ਼ਾਰਾਂ, ਘਰਾਂ ਤੇ ਦੁਕਾਨਾਂ ਆਦਿ ਨੂੰ ਸਫ਼ਾਈ, ਰੰਗ-ਰੋਗਨ ਤੇ ਕਲੀਆਂ ਕਰਾ ਕੇ ਸਜਾਇਆ ਸੰਵਾਰਿਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਵੀ ਬੜੀ ਧੂਮ-ਧਾਮ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ।
ਬੇਸ਼ੱਕ ਸਾਰੀ ਦੁਨੀਆ ਵਿੱਚ ਦੀਵਾਲੀ ਮਨਾਈ ਜਾਂਦੀ ਹੈ, ਪਰ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ। ਦੂਰ-ਦੁਰਾਡਿਓਂ ਲੋਕ ਦਰਬਾਰ ਸਾਹਿਬ ਵਾਲੀ ਦੇਖਣ ਪਹੁੰਚਦੇ ਹਨ। ਖ਼ੂਬ ਰੌਣਕਾਂ ਲੱਗਦੀਆਂ ਹਨ। ਦੀਵਾਲੀ ਵਾਲੀ ਰਾਤ ਦਰਬਾਰ ਸਾਹਿਬ ’ਤੇ ਜੋ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਉਹ ਕਮਾਲ ਦੀ ਹੁੰਦੀ ਹੈ। ਦਰਬਾਰ ਸਾਹਿਬ ਦੇ ਆਸ-ਪਾਸ ਦੇ ਬਾਜ਼ਾਰ ਖ਼ੂਬ ਸਜਾਏ ਜਾਂਦੇ ਹਨ। ਸੌ ਗੱਲਾਂ ਦੀ ਇੱਕੋ ਗੱਲ ਕਿ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।’
ਦੀਵਾਲੀ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੇਕਾਂ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਜਿਵੇਂ ਉੜੀਆ ਵਿੱਚ ਦੀਪਾਵਲੀ, ਬੰਗਾਲੀ ਵਿੱਚ ਦੀਪਾਬਾਲੀ, ਅਸਾਮੀ, ਕੰਨੜ, ਮਲਿਆਲਮ ਤੇ ਤੇਲਗੂ ਵਿੱਚ ਦੀਪਾਵਲੀ, ਗੁਜਰਾਤੀ, ਹਿੰਦੀ, ਮਰਾਠੀ ਤੇ ਪੰਜਾਬੀ ਵਿੱਚ ਦੀਵਾਲੀ, ਸਿੰਧੀ ਵਿੱਚ ਦਿਆਰੀ ਤੇ ਨੇਪਾਲੀ ਵਿੱਚ ਤਿਹਾਰ ਜਾਂ ਸਵਾਂਤੀ ਆਦਿ ਪ੍ਰਮੁੱਖ ਨਾਂ ਹਨ। ਦੀਵਾਲੀ ਬੁਰਾਈ ’ਤੇ ਅੱਛਾਈ, ਅੰਧਕਾਰ ’ਤੇ ਪ੍ਰਕਾਸ਼, ਅਗਿਆਨ ’ਤੇ ਗਿਆਨ ਤੇ ਨਿਰਾਸ਼ਾ ’ਤੇ ਆਸ਼ਾ ਦੀ ਜਿੱਤ ਨੂੰ ਦਰਸਾਉਂਦਾ ਤਿਉਹਾਰ ਹੈ।
ਨੇਪਾਲ ਵਿੱਚ ਦੀਵਾਲੀ ਨੂੰ ‘ਤਿਹਾਰ’ ਜਾਂ ‘ਸਵਾਂਤੀ’ ਕਿਹਾ ਜਾਂਦਾ ਹੈ। ਇਹ ਦੀਵਾਲੀ ਤੋਂ ਪੰਜ ਦਿਨ ਅਗਾਂਹ ਤੱਕ ਮਨਾਇਆ ਜਾਂਦਾ ਹੈ ਤੇ ਵੱਖਰੀ ਤਰ੍ਹਾਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਪਹਿਲੇ ਦਿਨ ‘ਕਾਗ ਤਿਹਾਰ’ ’ਤੇ ਕਾਵਾਂ ਨੂੰ ਭੋਜਨ ਖਵਾਇਆ ਜਾਂਦਾ ਹੈ। ਦੂਸਰੇ ਦਿਨ ‘ਕੂਕਰ ਤਿਹਾਰ’ ’ਤੇ ਕੁੱਤੇ ਨੂੰ ਇਨਸਾਨ ਦਾ ਵਫ਼ਾਦਾਰ ਸਾਥੀ ਸਮਝ ਕੇ ਖਾਣ ਪੀਣ ਲਈ ਖਾਣਾ ਦਿੱਤਾ ਜਾਂਦਾ ਹੈ। ‘ਗਾਯ ਤਿਹਾਰ’ ਅਤੇ ‘ਗੋਰੂ ਤਿਹਾਰ’ ’ਤੇ ਗਾਂ ਤੇ ਬੈਲ ਨੂੰ ਨਹਾ ਕੇ ਚੰਗੀ ਤਰ੍ਹਾਂ ਸਜਾਇਆ ਤੇ ਖ਼ੂਬ ਖਵਾਇਆ ਜਾਂਦਾ ਹੈ। ਤੀਜੇ ਦਿਨ ਲੱਛਮੀ ਪੂਜਾ ਕੀਤੀ ਜਾਂਦੀ ਹੈ। ਨੇਪਾਲ ਵਿੱਚ ਦੀਵਾਲੀ ਤੋਂ ਅੱਗੇ ਤੀਜਾ ਦਿਨ ਸਾਲ ਦਾ ਆਖਰੀ ਦਿਨ ਹੁੰਦਾ ਹੈ। ਵਪਾਰੀ ਇਸ ਦਿਨ ਪੁਰਾਣੇ ਖਾਤੇ ਖ਼ਤਮ ਕਰ ਦਿੰਦੇ ਹਨ ਤੇ ਨਵੇਂ ਸ਼ੁਰੂ ਕਰ ਲੈਂਦੇ ਹਨ। ਇਸ ਦਿਨ ਤੇਲ ਦੇ ਦੀਵੇ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਕੋਲ ਜਗਾਏ ਜਾਦੇ ਹਨ। ਚੌਥੇ ਦਿਨ ਨੂੰ ਨਵੇਂ ਸਾਲ ਦੀ ਆਮਦ ਵਜੋਂ ਮਨਾਇਆ ਜਾਂਦਾ ਹੈ। ਪੰਜਵਾਂ ਤੇ ਆਖਰੀ ਦਿਨ ਭਾਈ ਟਿੱਕਾ ਕਰਕੇ ਮਨਾਇਆ ਜਾਂਦਾ ਹੈ। ਇਸ ਦਿਨ ਭੈਣ ਭਾਈ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਮਾਲਾ ਪਹਿਨਾਉਂਦੇ ਹਨ ਤੇ ਚੰਗੇ ਕੰਮਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਤੇ ਮੱਥੇ ’ਤੇ ਟਿੱਕਾ ਲਗਾਇਆ ਜਾਂਦਾ ਹੈ। ਭਰਾ ਆਪਣੀਆਂ ਭੈਣਾ ਨੂੰ ਤੋਹਫ਼ੇ ਦਿੰਦੇ ਹਨ ਤੇ ਭੈਣਾਂ ਆਪਣੇ ਭਰਾਵਾਂ ਨੂੰ ਲਜ਼ੀਜ਼ ਖਾਣੇ ਖਵਾਉਂਦੀਆਂ ਹਨ।
ਮਲੇਸ਼ੀਆ ਵਿੱਚ ਇਹ ਤਿਉਹਾਰ ਭਾਰਤੀ ਪਰੰਪਰਾ ਅਨੁਸਾਰ ਹੀ ਮਨਾਇਆ ਜਾਂਦਾ ਹੈ। ‘ਓਪਨ ਹਾਊਸਿਸ’ ਮਲੇਸ਼ੀਆਈ ਕਰਦੇ ਹਨ। ਇਸ ਦਿਨ ਵੱਖ-ਵੱਖ ਜਾਤੀਆਂ ਤੇ ਧਰਮਾਂ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਹੈ। ਮਲੇਸ਼ੀਆ ਦੀ ਦੀਵਾਲੀ ਦਾ ਤਿਉਹਾਰ ਧਾਰਮਿਕ ਸਦਭਾਵਨਾ, ਮਲੇਸ਼ੀਆ ਦੇ ਧਾਰਮਿਕ ਤੇ ਜਾਤੀ ਸਮੂਹਾਂ ਵਿੱਚ ਮਹੱਤਵਪੂਰਨ ਸਬੰਧਾਂ ਲਈ ਵਧੀਆ ਮੌਕਾ ਬਣ ਗਿਆ ਹੈ। ਇਸ ਦਿਨ ਮਲੇਸ਼ੀਆ ਵਿੱਚ ਛੁੱਟੀ ਹੁੰਦੀ ਹੈ।
ਸਿੰਗਾਪੁਰ ਵਿੱਚ ਦੀਵਾਲੀ ਦਾ ਤਿਉਹਾਰ ਭਾਰਤੀਆਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਿੰਗਾਪੁਰ ਵਿੱਚ ਸਰਕਾਰੀ ਛੁੱਟੀ ਹੁੰਦੀ ਹੈ। ਭਾਰਤੀ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਪ੍ਰਦਰਸ਼ਨੀਆਂ, ਪਰੇਡਾਂ, ਸੰਗੀਤ ਤੇ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੌਰਾਨ ‘ਲਿਟਲ ਇੰਡੀਆ’ ਨਾਂ ਦੇ ਇਲਾਕੇ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਸਿੰਗਾਪੁਰ ਦੀ ਸਰਕਾਰ ਦੇ ਨਾਲ-ਨਾਲ ਉੱਥੋਂ ਦੇ ‘ਬੰਦੋਬਸਤੀ ਬੋਰਡ’ ਇਸ ਉਤਸਵ ਦੌਰਾਨ ਕਈ ਪ੍ਰੋਗਰਾਮ ਕਰਦੇ ਹਨ।
ਸ਼੍ਰੀ ਲੰਕਾ ਵਿੱਚ ਇਹ ਤਿਉਹਾਰ ਤਮਿਲ ਲੋਕਾਂ ਵੱਲੋਂ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਲੋਕ ਸਵੇਰ ਸਮੇਂ ਤੇਲ ਨਾਲ ਇਸ਼ਨਾਨ ਕਰਦੇ ਹਨ ਤੇ ਨਵੇਂ ਕੱਪੜੇ ਪਾਉਂਦੇ ਹਨ। ਇੱਕ ਦੂਜੇ ਨੂੰ ਉਪਹਾਰ ਦਿੰਦੇ ਹਨ। ਮੰਦਿਰਾਂ ਵਿੱਚ ਪੂਜਾ ਕਰਦੇ ਹਨ। ਸ਼ਾਮ ਨੂੰ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਘਰ ਵਿੱਚੋਂ ਸਭ ਬੁਰਾਈਆਂ ਦਾ ਅੰਤ ਕਰਨ ਲਈ ਤੇਲ ਦੇ ਦੀਵੇ ਜਗ੍ਹਾ ਕੇ ਲੱਛਮੀ ਨੂੰ ਘਰ ਆਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਸ਼੍ਰੀ ਲੰਕਾ ਵਿੱਚ ਖੇਡ, ਆਤਿਸ਼ਬਾਜ਼ੀ, ਗਾਉਣ, ਨ੍ਰਿਤ ਤੇ ਭੋਜਨ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸ਼੍ਰੀ ਲੰਕਾ ਵਿੱਚ ਵੀ ਇਸ ਦਿਨ ’ਤੇ ਛੁੱਟੀ ਹੁੰਦੀ ਹੈ।
ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਭਾਰਤੀ ਲੋਕਾਂ ਵੱਲੋਂ ਬੜੀ ਸ਼ਾਨੋ-ਸ਼ੌਕਤ ਨਾਲ ਦੀਵਾਲੀ ਮਨਾਈ ਜਾਂਦੀ ਹੈ। 2006 ਵਿੱਚ ਮੈਲਬੋਰਨ ਵਿੱਚ ਇਸ ਤਿਉਹਾਰ ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਮੈਲਬੋਰਨ ਦੇ ਕੈਲੰਡਰ ਦਾ ਹਿੱਸਾ ਬਣ ਗਿਆ ਹੈ। ਉੱਥੇ ਇਹ ਤਿਉਹਾਰ ਇੱਕ ਹਫ਼ਤੇ ਤੱਕ ਮਨਾਇਆ ਜਾਂਦਾ ਹੈ। ਇਸ ਦਿਨ ਮੈਲਬੋਰਨ ਵਿੱਚ ਵਿਕਟੋਰੀਆ ਸੰਸਦ, ਮੈਲਬੋਰਨ ਅਜਾਇਬ ਘਰ, ਫੈਡਰੇਸ਼ਨ ਸਕਵਾਇਰ, ਮੈਲਬੋਰਨ ਹਵਾਈ ਅੱਡੇ, ਦੂਤਾਵਾਸ ਤੇ ਇਤਿਹਾਸਕ ਇਮਾਰਤਾਂ ਨੂੰ ਇੱਕ ਹਫ਼ਤੇ ਤੱਕ ਸਜਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਨਿਯਮਤ ਰੂਪ ਨਾਲ ਰਾਸ਼ਟਰੀ ਸੰਗਠਨ ਏ.ਐੱਫ.ਐੱਲ., ਕ੍ਰਿਕੇਟ ਆਸਟਰੇਲੀਆ, ਵ੍ਹਾਈਟ ਰਿਬਨ, ਮੈਲਬੋਰਨ ਹਵਾਈ ਅੱਡੇ, ਸੰਗਠਨ ਤੇ ਕਲਾਕਾਰਾਂ ਨੂੰ ਆਕਰਸ਼ਿਤ ਕਰਦਾ ਹੈ। ਦੀਵਾਲੀ ਦੇ ਤਿਉਹਾਰ ਨੂੰ ਆਸਟਰੇਲੀਆ ਵਿੱਚ ਸਭ ਤੋਂ ਵੱਡੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਅਮਰੀਕਾ ਵਿੱਚ ਇਹ ਤਿਉਹਾਰ 2003 ਵਿੱਚ ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਮਨਾਇਆ ਗਿਆ ਸੀ, ਪਰ ਇਸ ਤਿਉਹਾਰ ਨੂੰ 2007 ਵਿੱਚ ਅਧਿਕਾਰਤ ਦਰਜਾ ਦਿੱਤਾ ਗਿਆ ਸੀ। ਫਿਰ 2009 ਵਿੱਚ ਰਾਸ਼ਟਰਪਤੀ ਬਰਾਕ ਉਬਾਮਾ ਵ੍ਹਾਈਟ ਹਾਊਸ ਵਿੱਚ ਨਿੱਜੀ ਰੂਪ ਵਿੱਚ ਦੀਵਾਲੀ ਵਿੱਚ ਭਾਗ ਲੈਣ ਵਾਲਾ ਪਹਿਲਾ ਰਾਸ਼ਟਰਪਤੀ ਬਣਿਆ। 2009 ਵਿੱਚ ਕਾਊਬਾਏ ਸਟੇਡੀਅਮ ਵਿੱਚ ਦੀਵਾਲੀ ਮੇਲੇ ’ਤੇ ਇੱਕ ਲੱਖ ਲੋਕਾਂ ਦੀ ਆਮਦ ਦਾ ਦਾਅਵਾ ਕੀਤਾ ਗਿਆ ਸੀ। 2009 ਵਿੱਚ ‘ਸੈਨ ਐਨਟੋਨੀਓ’ ਆਤਿਸ਼ਬਾਜ਼ੀ ਪ੍ਰਦਰਸ਼ਨ ਸਹਿਤ ਇੱਕ ਅਧਿਕਾਰਕ ਦੀਵਾਲੀ ਉਤਸਵ ਸਪਾਂਸਰ ਕਰਨ ਵਾਲਾ ਅਮਰੀਕੀ ਸ਼ਹਿਰ ਬਣ ਗਿਆ। 2011 ਵਿੱਚ ਨਿਊਯਾਰਕ ਦੇ ਸ਼ਹਿਰ ‘ਪਿਰੇ’ ਵਿੱਚ ਪਹਿਲਾ ਦੀਵਾਲੀ ਉਤਸਵ ਮਨਾਇਆ।
ਬ੍ਰਿਟੇਨ ਵਿੱਚ ਵੀ ਭਾਰਤੀ ਲੋਕ ਬੜੇ ਉਤਸ਼ਾਹ ਨਾਲ ਦੀਵਾਲੀ ਮਨਾਉਂਦੇ ਹਨ। ਇਸ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ, ਮੋਮਬੱਤੀਆਂ ਜਗਾਉਂਦੇ ਹਨ। ਇੱਕ ਦੂਜੇ ਨੂੰ ਤੋਹਫੇ ਦੇ ਰੂਪ ਵਿੱਚ ਮਠਿਆਈਆਂ ਦਿੰਦੇ ਹਨ। ਧਾਰਮਿਕ ਸਮਾਰੋਹਾਂ ਵਿੱਚ ਇਕੱਠੇ ਹੋ ਕੇ ਭਾਗ ਲੈਂਦੇ ਹਨ। ਪਿਛਲੇ ਸਾਲਾਂ ਦੌਰਾਨ ਪ੍ਰਿੰਸ ਚਾਰਲਸ ਨੇ ਵੀ ਦੀਵਾਲੀ ਸਮਾਰੋਹ ਵਿੱਚ ਹਿੱਸਾ ਲਿਆ ਸੀ। 2009 ਤੋਂ ਬਾਅਦ ਦੀਵਾਲੀ ਹਰ ਸਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ’ਤੇ ਮਨਾਈ ਜਾਂਦੀ ਹੈ।
ਨਿਊਜ਼ੀਲੈਂਡ ਵਿੱਚ ਵੀ ਦੀਵਾਲੀ ਸਮੇਂ ਖ਼ੂਬ ਰੌਣਕਾਂ ਹੁੰਦੀਆ ਹਨ। 2003 ਵਿੱਚ ਨਿਊਜ਼ੀਲੈਂਡ ਦੀ ਸੰਸਦ ਵਿੱਚ ਦੀਵਾਲੀ ਮਨਾਈ ਗਈ ਸੀ। ਇਸ ਦਿਨ ਪੂਜਾ ਅਰਚਨਾ ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਇੱਕ ਦੂਜੇ ਨੂੰ ਤੋਹਫੇ ਦਿੱਤੇ ਜਾਂਦੇ ਹਨ। ਪਿਛਲੇ ਸਾਲਾਂ ਦੌਰਾਨ ਕਰੋਨਾ ਕਰਕੇ ਨਿਊਜ਼ੀਲੈਂਡ ਵਿੱਚ ਹਾਲਾਤ ਠੀਕ ਨਹੀਂ ਸਨ। ਕਈ ਥਾਈਂ ਤਾਂ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਸੀ। ਉਸ ਸਮੇਂ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ ਸੀ, ਪਰ ਇਸ ਵਾਰ ਹਾਲਾਤ ਬਿਲਕੁਲ ਠੀਕ ਹਨ ਤੇ ਪੂਰੇ ਜੋਸ਼ੋ-ਖਰੋਸ਼ ਨਾਲ ਦੀਵਾਲੀ ਮਨਾਈ ਜਾਏਗੀ।
ਫਿਜ਼ੀ ਵਿੱਚ ਇਹ ਤਿਉਹਾਰ 19ਵੀਂ ਸਦੀ ਦੌਰਾਨ ਬ੍ਰਿਟਿਸ਼ ਸ਼ਾਸਨ ਦੌਰਾਨ ਗਿਰਮਿਟੀਆਂ ਮਜ਼ਦੂਰਾਂ ਵੱਲੋਂ ਮਨਾਇਆ ਗਿਆ ਸੀ। ਫਿਜ਼ੀ ਵਿੱਚ ਹਿੰਦੂ, ਸਿੱਖ, ਈਸਾਈਆਂ ਤੋਂ ਇਲਾਵਾ ਮੁਸਲਮਾਨ ਵੀ ਇਹ ਤਿਉਹਾਰ ਦੋਸਤਾਂ ਤੇ ਪਰਿਵਾਰਾਂ ਸਮੇਤ ਛੁੱਟੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਸੰਕੇਤ ਦੇ ਰੂਪ ਵਿੱਚ ਮਨਾਉਂਦੇ ਹਨ। ਦੀਵਾਲੀ ਸਮਾਰੋਹ ਸਮੇਂ ਨਵੇਂ-ਨਵੇਂ ਕੱਪੜੇ, ਹੋਰ ਖ਼ਰੀਦੋ ਫਰੋਖ਼ਤ ਕਰਨ ਦੇ ਨਾਲ-ਨਾਲ ਘਰਾਂ ਦੀ ਸਾਫ਼-ਸਫ਼ਾਈ ਦਾ ਵੀ ਬਾਖ਼ੂਬੀ ਖ਼ਿਆਲ ਰੱਖਿਆ ਜਾਂਦਾ ਹੈ। ਘਰਾਂ ਵਿੱਚ ਤੇਲ ਦੇ ਦੀਵੇ ਤੇ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਮਠਿਆਈਆਂ ਤੇ ਵਧੀਆ ਪਕਵਾਨ ਬਣਾਏ ਜਾਂਦੇ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਤੇ ਦੋ ਦਿਨ ਬਾਅਦ ਤੱਕ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਫਿਜ਼ੀ ਵਿੱਚ ਦੀਵਾਲੀ ਵਾਲੇ ਦਿਨ ਛੁੱਟੀ ਹੁੰਦੀ ਹੈ।
ਈ-ਮੇਲ: dharmindersinghchabba@gmail.com