ਬੱਚੇ ਦੇ ਸਕੂਲ ਤੇ ਘਰ ਦਾ ਤਾਲਮੇਲ
ਪਰਵਿੰਦਰ ਸਿੰਘ ਢੀਂਡਸਾ ਬੱਚੇ ਦਾ ਪਹਿਲਾ ਸਕੂਲ ਉਸ ਦਾ ਘਰ ਹੁੰਦਾ ਹੈ। ਸਿੱਖਿਆ ਸਿਧਾਂਤ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਬੱਚੇ ਦੇ ਆਲੇ-ਦੁਆਲੇ ਦਾ ਅਹਿਮ ਰੋਲ ਹੁੰਦਾ ਹੈ। ਬੱਚਾ ਜਿਸ ਉਮਰ ਵਿੱਚ ਸਿੱਖਣ...
ਪਰਵਿੰਦਰ ਸਿੰਘ ਢੀਂਡਸਾ
ਬੱਚੇ ਦਾ ਪਹਿਲਾ ਸਕੂਲ ਉਸ ਦਾ ਘਰ ਹੁੰਦਾ ਹੈ। ਸਿੱਖਿਆ ਸਿਧਾਂਤ ਵੀ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਬੱਚੇ ਦੇ ਆਲੇ-ਦੁਆਲੇ ਦਾ ਅਹਿਮ ਰੋਲ ਹੁੰਦਾ ਹੈ। ਬੱਚਾ ਜਿਸ ਉਮਰ ਵਿੱਚ ਸਿੱਖਣ ਪ੍ਰਕਿਰਿਆ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਸਮੇਂ ਉਸ ਦੇ ਮਾਤਾ-ਪਿਤਾ ਉਸ ਦੇ ਪਹਿਲੇ ਅਧਿਆਪਕ ਹੁੰਦੇ ਹਨ। ਵੈਸੇ ਤਾਂ ਮਾਤ ਭਾਸ਼ਾ ਦੀ ਅਹਿਮੀਅਤ ਪੂਰੀ ਜ਼ਿੰਦਗੀ ਮਹੱਤਵ ਰੱਖਦੀ ਹੈ ਪਰ ਬਚਪਨ ਸਮੇਂ ਇਸ ਦੀ ਮਹੱਤਤਾ ਵਿਅਕਤੀ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਅਮਿੱਟ ਛਾਪ ਛੱਡਦੀ ਹੈ।
ਇਸ ਤੱਥ ਦੇ ਉਲਟ ਅੱਜਕੱਲ੍ਹ ਇਸ ਪੜਾਅ ਸਬੰਧੀ ਪੇਂਡੂ ਤੇ ਸ਼ਹਿਰੀ ਦੋਹਾਂ ਸਮਾਜਾਂ ਵਿੱਚ ਜੋ ਮਾਨਸਿਕਤਾ ਭਾਰੂ ਹੈ, ਉਹ ਕੋਈ ਸੰਤੁਸ਼ਟੀਜਨਕ ਤਸਵੀਰ ਪੇਸ਼ ਨਹੀਂ ਕਰਦੀ। ਅੱਜਕੱਲ੍ਹ ਸਮਾਜ ਦੇ ਹਰ ਇਨਸਾਨ ਦੀ ਕੋਸ਼ਿਸ਼ ਇਹੀ ਹੈ ਕਿ ਉਸ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਨ। ਅੰਗਰੇਜ਼ੀ ਭਾਸ਼ਾ ਬਿਨਾਂ ਸ਼ੱਕ ਅੰਤਰਰਾਸ਼ਟਰੀ ਪੱਧਰ ’ਤੇ ਆਦਾਨ-ਪ੍ਰਦਾਨ ਦੀ ਭਾਸ਼ਾ ਹੋਣ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇ ਵਿੱਚ ਰਹਿਣ ਲਈ ਜ਼ਰੂਰੀ ਹੈ ਪਰ ਇੱਥੇ ਇਸ ਸੰਦਰਭ ਵਿੱਚ ਦੋ ਅਹਿਮ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਇਹ ਕਿ ਆਲਾ-ਦੁਆਲਾ ਵਿਅਕਤੀ ਦੀ ਸ਼ਖ਼ਸੀਅਤ ਨਿਰਮਾਣ ’ਤੇ ਕਦੇ ਨਾ ਮਿਟਣ ਵਾਲੀ ਛਾਪ ਛੱਡਦਾ ਹੈ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਾ ਜਿਸ ਵੀ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰ ਰਿਹਾ ਹੋਵੇ, ਉਸ ਦਾ ਆਪਣੇ ਘਰ ਜਾਂ ਆਪਣੇ ਚੌਗਿਰਦੇ ਨਾਲੋਂ ਨਾਤਾ ਨਹੀਂ ਟੁੱਟਣਾ ਚਾਹੀਦਾ। ਇਸ ਕਥਨ ਦੀ ਪ੍ਰੋੜਤਾ ਲਈ ਅਸੀਂ ਇਤਿਹਾਸ ਵਿੱਚੋਂ ਇੱਕ ਉਦਾਹਰਨ ਲਵਾਂਗੇ। ਡਾਕਟਰ ਜੀ.ਡਬਲਿਊ. ਲੈਟਨਰ ਇੱਕ ਅੰਗਰੇਜ਼ ਭਾਸ਼ਾ ਵਿਗਿਆਨੀ ਹੋਏ ਹਨ। ਹੰਗਰੀ ਵਿੱਚ ਜਨਮੇ ਤੇ ਬ੍ਰਿਟਿਸ਼ ਨਾਗਰਿਕ ਡਾਕਟਰ ਲੈਟਨਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੋ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਮਾਹਿਰ ਸਨ। ਉਹ ਕਿੰਗਜ਼ ਕਾਲਜ ਲੰਡਨ ਵਿਖੇ ਅਰਬੀ ਭਾਸ਼ਾ ਦੇ ਪ੍ਰੋਫੈਸਰ ਵਜੋਂ ਵੀ ਕੰਮ ਕਰਦੇ ਰਹੇ। 1864 ਵਿੱਚ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਵਿੱਚ ਨੌਕਰੀ ਕਰਨ ਲਈ ਭੇਜਿਆ। ਡਾਕਟਰ ਲੈਟਨਰ ਸਰਕਾਰੀ ਕਾਲਜ ਲਾਹੌਰ ਦੇ ਪ੍ਰਿੰਸੀਪਲ ਵੀ ਰਹੇ ਤੇ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ। 1882 ਤੱਕ ਉਨ੍ਹਾਂ ਨੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਵਾਪਸ ਇੰਗਲੈਂਡ ਜਾ ਕੇ ਉਨ੍ਹਾਂ ਨੇ ‘ਪੰਜਾਬ ਵਿੱਚ ਪੁਰਾਤਨ ਸਿੱਖਿਆ ਪ੍ਰਣਾਲੀ ਦਾ ਇਤਿਹਾਸ’ (History of Indigenous Education in Panjab) ਨਾਂ ਦੀ ਕਿਤਾਬ ਲਿਖੀ। ਆਪਣੀ ਕਿਤਾਬ ਵਿੱਚ ਡਾ. ਲੈਟਨਰ ਇਮਾਨਦਾਰੀ ਨਾਲ ਪੁਰਾਤਨ ਪੰਜਾਬ ਦੇ ਸਥਾਪਿਤ ਸਿੱਖਿਆ ਢਾਂਚੇ ਦੀ ਤਾਰੀਫ਼ ਕੀਤੀ। ਉਹ ਕਹਿੰਦੇ ਸਨ ਕਿ ਚਰਿੱਤਰ ਨਿਰਮਾਣ ਤੇ ਰਾਸ਼ਟਰੀ ਏਕਤਾ ਵਿੱਚ ਪੁਰਾਤਨ ਸਿੱਖਿਆ ਢਾਂਚਾ ਸ਼ਾਨਦਾਰ ਤਰੀਕੇ ਨਾਲ ਕੰਮ ਕਰ ਰਿਹਾ ਸੀ।
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਤੋਂ ਪਹਿਲਾਂ ਲਾਹੌਰ ਦਰਬਾਰ ਦੀ ਰਾਜ ਭਾਸ਼ਾ ਫ਼ਾਰਸੀ ਸੀ ਤੇ ਫ਼ਾਰਸੀ ਹੀ ਸਿੱਖਿਆ ਦੇ ਮਾਧਿਅਮ ਵਜੋਂ ਚੱਲੀ ਆਉਂਦੀ ਸੀ ਪਰ ਅੰਗਰੇਜ਼ਾਂ ਨੇ ਆਪਣਾ ਸਿਸਟਮ ਸਥਾਪਤ ਕਰਿਆ ਤੇ ਫ਼ਾਰਸੀ ਦੀ ਥਾਂ ਉਰਦੂ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ। ਡਾਕਟਰ ਲੈਟਨਰ ਬੜੀ ਹਲੀਮੀ ਨਾਲ ਇਹ ਗੱਲ ਸਵੀਕਾਰ ਕਰਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਸਕੂਲ ਤੇ ਘਰ ਦਾ ਤਾਲਮੇਲ ਵਿਗੜ ਗਿਆ। ਬੱਚਾ ਕਈ ਵਾਰੀ ਸਕੂਲ ਦਾ ਕੰਮ ਘਰ ਜਾ ਕੇ ਦੁਹਰਾ ਨਹੀਂ ਸਕਦਾ ਸੀ ਕਿਉਂਕਿ ਉਰਦੂ ਦਿੱਲੀ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਉਪ-ਭਾਸ਼ਾ ਹੋਣ ਕਰ ਕੇ ਬੱਚੇ ਦੇ ਮਾਤਾ-ਪਿਤਾ ਘਰ ਵਿੱਚ ਇਸ ਭਾਸ਼ਾ ਵਿੱਚ ਬੱਚੇ ਦੀ ਮਦਦ ਕਰਨੋਂ ਅਸਮਰੱਥ ਸਨ। ਲੈਟਨਰ ਕਹਿੰਦੇ ਹਨ ਕਿ ਇਸ ਤਰ੍ਹਾਂ ਨਾਲ ਬੱਚੇ ਦੇ ਮਾਤਾ-ਪਿਤਾ ਤੋਂ ਬੱਚੇ ਦੇ ਸਹਾਇਕ ਬਣਨ ਦੀ ਸ਼ਕਤੀ ਖੋਹ ਲਈ ਗਈ ਤੇ ਬੱਚਾ ਜੋ ਕਈ ਵਾਰ ਸਕੂਲ ’ਚੋਂ ਦਿੱਤੇ ਕੰਮ ਸਬੰਧੀ ਕੁਝ ਹੋਰ ਜਾਣਕਾਰੀ ਦੀ ਆਪਣੇ ਮਾਤਾ-ਪਿਤਾ ਤੋਂ ਆਸ ਕਰਦਾ ਸੀ, ਉਹ ਸੰਭਾਵਨਾ ਹੀ ਖ਼ਤਮ ਹੋ ਗਈ। ਇਸ ਇਤਿਹਾਸਕ ਉਦਾਹਰਨ ਨੂੰ ਆਧੁਨਿਕ ਪਰਿਪੇਖ ਵਿੱਚ ਰੱਖ ਕੇ ਅਸੀਂ ਸਹਿਜੇ ਹੀ ਸਮਝ ਸਕਦੇ ਹਾਂ ਕਿ ਜੇਕਰ ਬੱਚੇ ਦੇ ਸਕੂਲ ਅਤੇ ਘਰ ਜਾਂ ਸਮਾਜ ਵਿੱਚ ਬਿਹਤਰ ਤਾਲਮੇਲ ਨਹੀਂ ਹੋਵੇਗਾ ਤਾਂ ਮੁਸ਼ਕਿਲਾਂ ਵਧਣ ਦੀ ਸੰਭਾਵਨਾ ਕਾਫ਼ੀ ਵਧ ਜਾਵੇਗੀ। ਅੱਜ ਅੰਗਰੇਜ਼ੀ ਨੂੰ ਲੈ ਕੇ ਪੰਜਾਬੀ ਸਮਾਜ ਵਿੱਚ ਬੇਸ਼ੱਕ ਉਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਜੋ ਉਸ ਸਮੇਂ ਉਰਦੂ ਨੂੰ ਲੈ ਕੇ ਸੀ ਪਰ ਫਿਰ ਵੀ ਕੋਈ ਵੀ ਇਨਸਾਨ ਇਮਾਨਦਾਰੀ ਨਾਲ ਆਪਣਾ ਅੰਤਰ-ਵਿਸ਼ਲੇਸ਼ਣ ਕਰਕੇ ਸਹਿਜੇ ਹੀ ਇਹ ਤੈਅ ਕਰ ਸਕਦਾ ਹੈ ਕਿ ਉਸ ਦੇ ਬੱਚੇ ਦਾ ਸਕੂਲ ਤੇ ਘਰ ਦਾ ਸੰਤੁਲਨ ਸਹੀ ਬੈਠ ਸਕਦਾ ਹੈ ਜਾਂ ਨਹੀਂ। ਇਸ ਮਾਮਲੇ ਵਿੱਚ ਕਿਸੇ ਅੰਧਾਧੁੰਦ ਦੌੜ ਵਿੱਚ ਪੈਣ ਦੀ ਬਜਾਏ ਇਸ ਮਾਨਸਿਕ ਸਥਿਤੀ ਵੱਲ ਜ਼ਰੂਰ ਧਿਆਨ ਮਾਰਨਾ ਚਾਹੀਦਾ ਹੈ।
ਉਮਰ ਦੇ ਜਿਸ ਪੜਾਅ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਉਸ ਉਮਰ ਵਿੱਚ ਬੱਚਾ ਅਣਭੋਲ ਹੁੰਦਾ ਹੈ। ਇਸ ਲਈ ਉਸ ਦੀ ਜ਼ਿੰਦਗੀ ਨਾਲ ਸਬੰਧਤ ਇਹ ਅਹਿਮ ਫ਼ੈਸਲਾ ਉਸ ਦੇ ਮਾਤਾ-ਪਿਤਾ ਜਾਂ ਕਿਸੇ ਰਿਸ਼ਤੇਦਾਰ ਦੀ ਸਲਾਹ ਨਾਲ ਹੁੰਦਾ ਹੈ। ਸੋ ਇਹ ਮਹੱਤਵਪੂਰਨ ਫ਼ੈਸਲਾ ਲੈਣ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਵਿਦੇਸ਼ੀ ਭਾਸ਼ਾ ਦੀ ਚਕਾਚੌਂਧ ਨਾਲੋਂ ਇਸ ਸਮੇਂ ਆਪਣੀ ਭਾਸ਼ਾ ’ਤੇ ਧਿਆਨ ਦੇਣਾ ਚਾਹੀਦਾ ਹੈ। ਜਾਪਾਨ ਅਤੇ ਚੀਨ ਵਰਗੇ ਦੇਸ਼ਾਂ ਨੇ ਆਪਣੀ ਮਾਤ ਭਾਸ਼ਾ ਜ਼ਰੀਏ ਹੀ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਰਸੂਲ ਹਮਜ਼ਾਤੋਵ ਵਰਗੀਆਂ ਸ਼ਖ਼ਸੀਅਤਾਂ ਨੇ ਆਪਣੀ ਮਾਂ-ਬੋਲੀ ਕਰਕੇ ਹੀ ਅੰਤਰਰਾਸ਼ਟਰੀ ਪੱਧਰ ਉੱਪਰ ਨਾਮਣਾ ਖੱਟਿਆ ਹੈ। ਆਪਣੇ ਸਮਾਜਿਕ ਚੌਗਿਰਦੇ ਵਿੱਚੋਂ ਵੀ ਅਨੇਕਾਂ ਅਜਿਹੀਆਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ ਜਿੱਥੇ ਆਮ ਇਨਸਾਨਾਂ ਨੇ ਆਪਣੀ ਮਾਤ ਭਾਸ਼ਾ ਵਿੱਚ ਸਿੱਖਿਆ ਹਾਸਲ ਕਰਕੇ ਬੁਲੰਦੀਆਂ ਨੂੰ ਛੋਹਿਆ ਹੈ। ਇਸ ਸਥਿਤੀ ਵਿੱਚ ਸਰਕਾਰ ਦੀ ਵੀ ਸਮਾਜ ਪ੍ਰਤੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀ ਮਾਨਸਿਕਤਾ ਦੇ ਨਾਲ-ਨਾਲ ਸਮਾਜ ਵਿੱਚ ਬਾਲਗ ਮਾਨਸਿਕਤਾ ਦਾ ਪ੍ਰਸਾਰ ਵੀ ਕਰੇ। ਇਸ ਪੜਾਅ ’ਤੇ ਭਾਵੁਕਤਾ ਵਿੱਚ ਲਿਆ ਫ਼ੈਸਲਾ ਪਰਛਾਵਾਂ ਬਣ ਕੇ ਪੂਰੀ ਜ਼ਿੰਦਗੀ ਬੱਚੇ ਦੇ ਨਾਲ ਚੱਲਦਾ ਹੈ। ਇਸ ਲਈ ਦੇਸ਼ ਦੇ ਭਵਿੱਖ ਦੇ ਨਿਰਮਾਤਾਵਾਂ ਦੇ ਚੰਗੇਰੇ ਭਵਿੱਖ ਲਈ ਸਰਕਾਰ ਨੂੰ ਆਪਣੀ ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਪੂਰੇ ਸਮਾਜ ਨੂੰ ਇਸ ਸਥਿਤੀ ਵਿੱਚ ਸ਼ਾਨਦਾਰ ਫ਼ੈਸਲੇ ਲੈ ਸਕਣ ਦੇ ਸਮਰੱਥ ਬਣਾਉਣ ਲਈ ਧਿਆਨ ਦੇਣਾ ਚਾਹੀਦਾ ਹੈ।
ਸੰਪਰਕ: 98148-29005