DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

...ਸ਼ਹਿਰ ਸੁਣੀਂਦਾ ਪਟਿਆਲਾ

ਬਹਾਦਰ ਸਿੰਘ ਗੋਸਲ ਭਾਵੇਂ ਪੰਜਾਬੀਆਂ ਨੇ ਪੇਂਡੂ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਰੰਗ ਮਾਣੇ ਹਨ ਪਰ ਇਨ੍ਹਾਂ ਨਜ਼ਾਰਿਆਂ ਵਿੱਚ ਪੰਜਾਬ ਦੇ ਸ਼ਹਿਰ ਵੀ ਪਿੱਛੇ ਨਹੀਂ ਰਹੇ। ਕਈ ਸ਼ਹਿਰ ਤਾਂ ਪੰਜਾਬੀ ਸੱਭਿਆਚਾਰ ਦੀ ਜ਼ਿੰਦ ਜਾਨ ਰਹੇ ਹਨ ਜਿਨ੍ਹਾਂ ਵਿੱਚ ਨਾਭਾ, ਮਾਛੀਵਾੜਾ, ਕੁਰਾਲੀ,...
  • fb
  • twitter
  • whatsapp
  • whatsapp
featured-img featured-img
ਸ਼ੀਸ਼ ਮਹੱਲ
Advertisement

ਬਹਾਦਰ ਸਿੰਘ ਗੋਸਲ

ਭਾਵੇਂ ਪੰਜਾਬੀਆਂ ਨੇ ਪੇਂਡੂ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਰੰਗ ਮਾਣੇ ਹਨ ਪਰ ਇਨ੍ਹਾਂ ਨਜ਼ਾਰਿਆਂ ਵਿੱਚ ਪੰਜਾਬ ਦੇ ਸ਼ਹਿਰ ਵੀ ਪਿੱਛੇ ਨਹੀਂ ਰਹੇ। ਕਈ ਸ਼ਹਿਰ ਤਾਂ ਪੰਜਾਬੀ ਸੱਭਿਆਚਾਰ ਦੀ ਜ਼ਿੰਦ ਜਾਨ ਰਹੇ ਹਨ ਜਿਨ੍ਹਾਂ ਵਿੱਚ ਨਾਭਾ, ਮਾਛੀਵਾੜਾ, ਕੁਰਾਲੀ, ਸੰਗਰੂਰ, ਬਠਿੰਡਾ ਅਤੇ ਕਈ ਹੋਰ ਹਨ ਪਰ ਸੱਭਿਆਚਾਰਕ ਪੱਖੋ ਸ਼ਹਿਰ ਪਟਿਆਲਾ ਤਾਂ ਪੰਜਾਬੀ ਲੋਕਾਂ ਦੀ ਸ਼ਾਨ ਬਣ ਗਿਆ। ਪਟਿਆਲਾ ਪੰਜਾਬੀ ਸੱਭਿਆਚਾਰ ਦਾ ਮੁੱਖੜਾ ਬਣ ਕੇ ਉੱਭਰਿਆ ਅਤੇ ਹਰ ਪੰਜਾਬੀ ਦੇ ਦਿਲੋ-ਦਿਮਾਗ਼ ’ਤੇ ਛਾ ਗਿਆ। ਅਜਿਹਾ ਹੋਣਾ ਵੀ ਕੁਦਰਤੀ ਸੀ ਕਿਉਂਕਿ ਇੱਕ ਤਾਂ ਇਹ ਵਿਰਾਸਤੀ ਮਹਾਰਾਜਿਆਂ ਦਾ ਸ਼ਹਿਰ ਗਿਣਿਆ ਜਾਂਦਾ ਸੀ ਅਤੇ ਸੁਹੱਪਣ ਅਤੇ ਸਫ਼ਾਈ ਵਿੱਚ ਵੀ ਸ਼ਾਨਦਾਰ ਇਮਾਰਤਾਂ ਨਾਲ ਦੂਜਿਆਂ ਸ਼ਹਿਰਾਂ ਨਾਲੋਂ ਨੰਬਰ ਲੈ ਜਾਂਦਾ ਸੀ।

Advertisement

ਪਟਿਆਲਾ ਦਾ ਇਤਿਹਾਸ ਵੀ ਬੜਾ ਰੌਚਕ ਹੈ ਕਿਉਂਕਿ ਇਸ ਦੀ ਨੀਂਹ ਸੰਨ 1763 ਵਿੱਚ ਬਾਬਾ ਆਲਾ ਸਿੰਘ ਵੱਲੋਂ ਕਿਲ੍ਹਾ ਮੁਬਾਰਕ ਨਾਂ ਦਾ ਵੱਡਾ ਕਿਲ੍ਹਾ ਬਣਾ ਕੇ ਰੱਖੀ ਗਈ ਸੀ। ਜੋ ਅੱਜ ਦੇ ਪਟਿਆਲਾ ਦਾ ਰੂਪ ਲੈ ਚੁੱਕਿਆ ਹੈ। ਜਦੋਂ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਹੋਈ ਤਾਂ ਉਸ ਸਮੇਂ ਪੂਰੇ ਪੰਜਾਬ ਵਿੱਚ ਅਫ਼ਗਾਨੀਆਂ ਦਾ ਸਿੱਕਾ ਚੱਲਦਾ ਸੀ ਪਰ ਜਦੋਂ ਅਹਿਮਦਸ਼ਾਹ ਅਬਦਾਲੀ ਨੇ ਅਫ਼ਗਾਨਾਂ ਨਾਲ ਯੁੱਧ ਕੀਤੇ ਤਾਂ ਅਹਿਮਦਸ਼ਾਹ ਅਬਦਾਲੀ ਨੇ ਆਲਾ ਸਿੰਘ ਦੇ ਝੰਡੇ ਅੱਗੇ ਸਿਰ ਝੁਕਾਇਆ ਅਤੇ ਆਲਾ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੋਤਾ ਅਮਰ ਸਿੰਘ ਪਟਿਆਲਾ ਦਾ ਰਾਜਾ ਬਣਿਆ। ਉਸ ਨੂੰ ਰਾਜਾ-ਏ-ਰਾਜਗਣ ਦਾ ਖਿਤਾਬ ਮਿਲਿਆ ਤੇ ਲਗਾਤਾਰ 40 ਸਾਲ ਤੱਕ ਮੁਗ਼ਲਾਂ, ਅਫ਼ਗਾਨੀਆਂ ਅਤੇ ਮਰਾਠਿਆਂ ਨਾਲ ਜੰਗਾਂ ਲੜਦੇ ਹੋਏ ਉਸ ਦੇ ਰਾਜ ਦੀਆਂ ਹੱਦਾਂ ਪਟਿਆਲਾ ਦੇ ਰਾਜ ਤੱਕ ਅਤੇ ਪੂਰਬ ਵੱਲ ਅੰਗਰੇਜ਼ੀ ਰਾਜ ਤੱਕ ਫੈਲ ਗਈਆਂ। ਸੰਨ 1808 ਵਿੱਚ ਰਣਜੀਤ ਸਿੰਘ ਦਾ ਵਿਰੋਧ ਕਰਕੇ ਪਟਿਆਲਾ ਦੇ ਰਾਜੇ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਪਾ ਲਈ ਅਤੇ ਅੰਗਰੇਜ਼ਾਂ ਰਾਹੀਂ ਇੱਕ ਵਿਸ਼ਾਲ ਸਲਤਨਤ ਦੀ ਉਸਾਰੀ ਕਰ ਲਈ। ਅੰਗਰੇਜ਼ਾਂ ਨੇ ਪਟਿਆਲਾ ਦੇ ਹੁਕਮਰਾਨਾਂ ਕਰਮ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨਾਲ ਚੰਗੇ ਸਬੰਧ ਬਣਾ ਕੇ ਰੱਖੇ।

ਕਿਲ੍ਹਾ ਮੁਬਾਰਕ

ਪਟਿਆਲਾ ਨੇ ਜਿੱਥੇ ਇਮਾਰਤ ਕਲਾ ਵਿੱਚ ਖੂਬ ਤਰੱਕੀ ਕੀਤੀ ਉੱਥੇ ਹੀ ਪੰਜਾਬੀ ਸੱਭਿਆਚਾਰ ਅਤੇ ਕਲਾਕ੍ਰਿਤੀਆਂ ਨੂੰ ਉਤਸ਼ਾਹਿਤ ਕੀਤਾ। ਸੰਨ 1845-1862 ਦੇ ਵਿਚਕਾਰ ਰਾਜਾ ਨਰਿੰਦਰ ਸਿੰਘ ਨੇ ਸ਼ਹਿਰ ਦੇ ਆਲੇ-ਦੁਆਲੇ ਦੀਵਾਰਾਂ ਅਤੇ 10 ਗੇਟ ਬਣਾ ਕੇ ਪੂਰੇ ਸ਼ਹਿਰ ਦੀ ਕਿਲ੍ਹੇਬੰਦੀ ਕਰ ਦਿੱਤੀ। ਬਾਜ਼ਾਰ ਵਿੱਚ ਖ਼ਾਸ ਕਰਕੇ ਕਢਾਈਦਾਰ ਜੁੱਤੀ, ਫੁਲਕਾਰੀ, ਡੋਰੀਆ, ਪਰਾਂਦੇ ਅਤੇ ਨਾਲੇ ਵਰਗੀਆਂ ਕਲਾਤਮਕ ਵਸਤੂਆਂ ਦਾ ਮਿਲਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਪਟਿਆਲੇ ਦੀਆਂ ਇਨ੍ਹਾਂ ਵਸਤਾਂ ਲਈ ਲੋਕਾਂ ਦਾ ਮੋਹ ਵਧਦਾ ਗਿਆ। ਪਟਿਆਲਾ ਆਪਣੇ ਪੈੱਗ, ਪੱਗ, ਪਰਾਂਦਾ, ਮੌਜ-ਮਸਤੀ, ਪੰਜਾਬੀ ਜੁੱਤੀ, ਸ਼ਾਹੀ ਤਹਿਜ਼ੀਬ, ਮੁਟਿਆਰਾਂ ਦੀ ਖੂਬਸੂਰਤੀ ਅਤੇ ਰਈਸੀ ਲਈ ਜਾਣਿਆ ਜਾਣ ਲੱਗਾ। ਫਿਰ ਪਟਿਆਲਾ ਪੈਪਸੂ ਦੀ ਰਾਜਧਾਨੀ ਵੀ ਰਿਹਾ। ਭਾਵੇਂ ਇਸ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਪਰ ਇਸ ਨੇ ਆਪਣੇ ਸੱਭਿਆਚਾਰਕ ਹੁਲਾਰਿਆਂ ਨਾਲ ਪਟਿਆਲਾ ਨੂੰ ਸੰਸਾਰ ਪ੍ਰਸਿੱਧ ਬਣਾ ਦਿੱਤਾ। ਹੁਣ ਜੇ ਅਸੀਂ ਪਟਿਆਲਾ ਦੀ ਸੱਭਿਆਚਾਰਕ ਦੇਣ ਨੂੰ ਦੇਖੀਏ ਤਾਂ ਹਰ ਪੰਜਾਬੀ ਦਾ ਮਨ ਕਹਿ ਉੱਠਦਾ ਹੈ-ਵਾਹ ਪਟਿਆਲਾ! ਕਿਉਂਕਿ ਪੰਜਾਬ ਦੇ ਬਹੁਤ ਸਾਰੇ ਲੋਕ ਗੀਤਾਂ, ਕਵਿਤਾਵਾਂ, ਬੋਲੀਆਂ, ਗੀਤਾਂ ਅਤੇ ਗਿੱਧਿਆਂ ਵਿੱਚ ਪਟਿਆਲਾ ਦੀ ਗੱਲ ਕੀਤੀ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਹੈ:

ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀਂਦਾ

ਸ਼ਹਿਰ ਸੁਣੀਂਦਾ ਪਟਿਆਲਾ

ਜਿਸ ਬਾਬੇ ਨੇ ਇਹਦੀ ਨੀਂਹ ਸੀ ਰੱਖੀ

ਉਹਦਾ ਨਾਂ ਸੀ ਬਾਬਾ ਆਲਾ

ਜਿਸ ਚੌਕ ਵਿੱਚ ਗੱਡੀ ਮੋਹੜੀ

ਨਾਉਂ ਰੱਖਿਆ ਪਟਿਆਲਾ।

ਜੱਗ ਵਿੱਚ ਸਾਰੇ ਪਈਆਂ ਧੂਮਾਂ

ਪੀਓ ਪੈੱਗ ਪਟਿਆਲਾ।

ਇਸੇ ਤਰ੍ਹਾਂ ਜੇ ਅਸੀਂ ਪਟਿਆਲਾ ਦੇ ਸੁਹੱਪਣ, ਮੁਟਿਆਰਾਂ ਦੇ ਹੁਸਨ, ਸੈਰ ਸਪਾਟੇ ਅਤੇ ਸ਼ਹਿਰ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਵੀ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਆਪਣੇ ਆਪ ਹੀ ਸਭ ਕੁਝ ਦੱਸ ਦਿੰਦੀਆਂ ਹਨ। ਜਿਵੇਂ ਕਿਹਾ ਜਾਂਦਾ ਹੈ:

ਟਾਂਗਾ ਕਰਕੇ ਕੁਝ ਮੁਟਿਆਰਾਂ

ਵਿੱਚ ਸ਼ਹਿਰ ਪਟਿਆਲੇ ਵੜੀਆਂ

ਸੈਰ ਸਪਾਟਾ, ਘੁੰਮਣਾ ਫਿਰਨਾ

ਵਾਂਗ ਫ਼ੌਜੀਆਂ ਚੜ੍ਹੀਆਂ

ਬਾਣੀਏ ਦੇਖ ਕੇ ਮੋਹਿਤ ਹੋ ਗਏ

ਮੁਫ਼ਤ ਤੋਲਦੇ ਧੜ੍ਹੀਆਂ

ਬਈ ਬਾਣੀਏ ਹਾਕਾਂ ਮਾਰਦੇ

ਮੁਟਿਆਰਾਂ ਨਾ ਖੜ੍ਹੀਆਂ।

ਇਸੇ ਤਰ੍ਹਾਂ ਪੰਜਾਬੀ ਗਿੱਧੇ ਦੀਆਂ ਬੋਲੀਆਂ ਵਿੱਚ ਜਿੱਥੇ ਕਿਸੇ ਵੀ ਪੰਜਾਬੀ ਮੁਟਿਆਰ ਦੇ ਹੁਸਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਇਸ ਹੁਸਨ ਵਿੱਚ ਉਸ ਦੀਆਂ ਅੱਖਾਂ ਦੇ ਸੁਹੱਪਣ ਵਿਸ਼ੇਸ਼ ਤੌਰ ’ਤੇ ਜ਼ਿਕਰ ਵਿੱਚ ਆਉਂਦਾ ਹੈ ਤਾਂ ਇਸ ਬੋਲੀ ਵਿੱਚ ਕਿਹਾ ਜਾਂਦਾ ਹੈ:

ਜੱਟੀ ਪੰਜਾਬਣ ਦੇ ਨੈਣ ਸ਼ਰਾਬੀ

ਇਨ੍ਹਾਂ ਅੱਖਾਂ ਨੇ ਮੋਹ ਲਏ ਚਾਰੇ ਸ਼ਹਿਰ

ਨਾਭਾ, ਪਟਿਆਲਾ, ਜਲੰਧਰ, ਨਵਾਂਸ਼ਹਿਰ।

ਇਸੇ ਤਰ੍ਹਾਂ ਪੰਜਾਬੀ ਗੀਤਾਂ ਅਤੇ ਬੋਲੀਆਂ ਵਿੱਚ ਅਸੀਂ ਜੀਜਾ-ਸਾਲੀ ਦੀ ਨੋਕ-ਝੋਕ ਨੂੰ ਆਮ ਹੀ ਸੁਣਦੇ ਰਹਿੰਦੇ ਹਾਂ। ਖ਼ੁਸ਼ੀ ਦਾ ਕੋਈ ਵੀ ਮੌਕਾ ਹੋਵੇ, ਜੀਜੇ ਅਤੇ ਸਾਲੀ ਦੇ ਗਾਉਣ ਅਤੇ ਗਿੱਧੇ ਦੀਆਂ ਗੱਲਾਂ ਹੁੰਦੀਆਂ ਹਨ ਅਤੇ ਸਮਾਜ ਦੇ ਇਸ ਨਾਜ਼ੁਕ ਰਿਸ਼ਤੇ ਨੂੰ ਸੱਭਿਆਚਾਰ ਨਾਲ ਜੋੜ ਕੇ ਸਾਲੀਆਂ ਆਪਣੇ ਜੀਜਿਆਂ ਨੂੰ ਨਵੀਆਂ-ਨਵੀਆਂ ਬੋਲੀਆਂ ਪਾ ਕੇ ਸੁਣਾਉਂਦੀਆਂ ਹਨ ਅਤੇ ਹਰ ਗੱਲ ਵਿੱਚ ਕੋਈ ਨਾ ਕੋਈ ਟਕੋਰ ਕਰ ਦਿੰਦੀਆਂ ਹਨ। ਜਿਸ ਤਰ੍ਹਾਂ ਇਸ ਬੋਲੀ ਵਿੱਚ ਕਿਹਾ ਗਿਆ ਹੈ:

ਹੋਰਾਂ ਦੇ ਜੀਜੇ ਲੰਮੇ-ਸਲੰਮੇ, ਮੇਰਾ ਜੀਜਾ ਮੇਚਦਾ ਨੀਂ

ਮੈਂ ਮਰ ਗਈ ਲੋਕੋ, ਪਟਿਆਲੇ ਗੋਭੀ ਵੇਚਦਾ ਨੀਂ।

ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਪਟਿਆਲਾ ਦੀਆਂ ਦਸਤਕਾਰੀ, ਕਲਾਤਮਿਕ ਵਸਤਾਂ ਅਤੇ ਖ਼ਾਸ ਕਰਕੇ ਔਰਤਾਂ ਦੀਆਂ ਫੈਸ਼ਨ ਦੀਆਂ ਵਸਤਾਂ ਪਟਿਆਲਾ ਦੇ ਬਾਜ਼ਾਰਾਂ ਵਿੱਚ ਮਿਲਦੀਆਂ ਹਨ। ਇੱਥੋਂ ਦੇ ਬਾਜ਼ਾਰ ਰੇਸ਼ਮੀ ਨਾਲਿਆਂ, ਪਰਾਂਦੀਆਂ, ਰੰਗੀਨ ਚੁੰਨੀਆਂ, ਡੋਰੀਆਂ ਅਤੇ ਦੂਜੀਆਂ ਫੈਸ਼ਨ ਮਈ ਚੀਜ਼ਾਂ ਨਾਲ ਭਰੇ ਪਏ ਹੁੰਦੇ ਹਨ ਜਿਨ੍ਹਾਂ ਦੀ ਖ਼ਰੀਦ-ਫਰੋਖ਼ਤ ਪੰਜਾਬੀ ਮੁਟਿਆਰਾਂ ਬਹੁਤ ਹੀ ਚਾਅ ਨਾਲ ਕਰਦੀਆਂ ਹਨ। ਇੱਥੋਂ ਤੱਕ ਕਿ ਜੇ ਕੋਈ ਪਿੰਡਾਂ ਵਿੱਚ ਵਸਦੀ ਮੁਟਿਆਰ ਆਪ ਸ਼ਹਿਰ ਨਹੀਂ ਜਾ ਸਕਦੀ ਤਾਂ ਇਨ੍ਹਾਂ ਚੀਜ਼ਾਂ ਦੀ ਮੰਗ ਨੂੰ ਪ੍ਰਾਪਤ ਕਰਨ ਲਈ ਉਹ ਆਪਣੇ ਪਤੀ ਜਾਂ ਮਾਹੀਏ ਨੂੰ ਜ਼ਰੂਰ ਕਹਿੰਦੀ ਹੈ:

ਮਾਹੀਆ ਜੇ ਚੱਲਿਓਂ ਪਟਿਆਲੇ

ਉੱਥੋਂ ਲੈ ਆਈਂ ਰੇਸ਼ਮੀ ਨਾਲੇ

ਅੱਧੇ ਗੋਰੇ ਅਤੇ ਅੱਧੇ ਕਾਲੇ

ਨਾਲੇ ਪਰਾਂਦੇ ਸ਼ੀਸ਼ਿਆਂ ਵਾਲੇ...

ਪਰ ਕੁਝ ਸਾਲ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਹਰਦੀਪ ਸਿੰਘ ਨੇ ਪਟਿਆਲਾ ਬਾਰੇ ਗੀਤ ਗਾ ਕੇ ਸਾਰੇ ਪੰਜਾਬ ਨੂੰ ਹੀ ਝੂਮਣ ਲਾ ਦਿੱਤਾ ਸੀ। ਸ਼ਬਦਾਂ ਦੇ ਸੰਜੋਗ ਅਤੇ ਗਾਇਕੀ ਦੇ ਸੁਮੇਲ ਨੇ ਅਜਿਹਾ ਸੱਭਿਆਚਾਰਕ ਰੰਗ ਬੰਨ੍ਹਿਆ ਕਿ ਇਹ ਗੀਤ ਪੰਜਾਬ ਦੇ ਹਰ ਬੱਚੇ-ਬੱਚੇ ਦੀ ਜ਼ੁਬਾਨ ’ਤੇ ਆ ਗਿਆ:

ਸ਼ਹਿਰ ਪਟਿਆਲੇ ਦੇ

ਮੁੱਛ-ਫੁੱਟ ਗੱਭਰੂ ਛਬੀਲੇ

ਪੱਗਾਂ ਪੋਚਵੀਆਂ

ਯਾਰੋ ਦਿਲਾਂ ਵੱਟੇ ਦਿਲ ਨੇ ਵਟਾਉਂਦੇ...

ਸੱਭਿਆਚਾਰਕ ਰੰਗ ਹੀ ਨਹੀਂ, ਪਟਿਆਲਾ ਦੀ ਸੁੰਦਰਤਾ ਅਤੇ ਸੁਹੱਪਣ ਦੇ ਨਾਲ-ਨਾਲ ਇੱਥੋਂ ਦੀ ਬਹਾਦਰੀ, ਔਰਤਾਂ ਦੀ ਨਿਡਰਤਾ ਜੰਗਾਂ-ਯੁੱਧਾਂ ਵਿੱਚ ਜੋਸ਼ ਨਾਲ ਲੜਨਾ ਵੀ ਪਟਿਆਲਾ ਦੀ ਪਰੰਪਰਾ ਰਹੀਂ ਹੈ। ਮਹਾਰਾਜੇ ਪਟਿਆਲਾ ਦੀ ਭੈਣ ਸਾਹਿਬ ਕੌਰ ਨੂੰ ਜਦੋਂ ਮਰਹੱਟਿਆਂ ਵਿਰੁੱਧ ਲੜਨਾ ਪਿਆ ਤਾਂ ਉਸ ਨੇ ਭਰਾ ਦੀ ਮਦਦ ਲਈ ਮਰਹੱਟਿਆਂ ਨੂੰ ਵੰਗਾਰਿਆਂ ਅਤੇ ਪਟਿਆਲੇ ਦੀ ਆਨ ਅਤੇ ਸ਼ਾਨ ਲਈ ਜੰਗ ਵਿੱਚ ਉਹ ਜੌਹਰ ਦਿਖਾਏ ਕਿ ਕਿਸੇ ਕਵੀ ਨੂੰ ਇਹ ਸਤਰਾਂ ਕਲਮਬੱਧ ਕਰਨੀਆਂ ਪਈਆਂ:

ਲਿਖਿਆ ਸਾਹਿਬ ਕੌਰ ਨੇ

ਅੰਟਾ ਰਾਓ ਤਾਣੀ

ਮੈਂ ਕਰ ਕਰ ਸੁੱਟਾ ਡੱਕਰੇ

ਸਭ ਤੇਰੀ ਢਾਣੀ

ਮੈਂ ਨਾਗਣ ਦੇਸ਼ ਪੰਜਾਬ ਦੀ

ਮੇਰਾ ਡੰਗਿਆ, ਨਾ ਮੰਗੇ ਪਾਣੀ

ਮੈਂ ਸੀਂਹਣੀ ਪੰਜ ਦਰਿਆ ਦੀ

ਮੈਨੂੰ ’ਕੱਲੀ ਨਾ ਜਾਣੀ।

ਇਸੇ ਤਰ੍ਹਾਂ ਦੀ ਹੀ ਸੂਰਬੀਰਤਾ ਪਹਿਲਾ ਬਾਬਾ ਆਲਾ ਸਿੰਘ ਨੇ ਅਹਿਮਦਸ਼ਾਹ ਅਬਦਾਲੀ ਵਿਰੁੱਧ ਪਿੰਡ ਮਾਨੂੰਪੁਰ ਦੀ ਲੜਾਈ ਵਿੱਚ ਦਿਖਾਈ ਸੀ ਜਿਸ ਵਿੱਚ ਅਹਿਮਦਸ਼ਾਹ ਅਬਦਾਲੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਤਰ੍ਹਾਂ ਪਟਿਆਲਾ ਆਪਣੀ ਸੂਰਬੀਰਤਾ ਲਈ ਵੀ ਜਾਣਿਆ ਜਾਂਦਾ ਹੈ। ਪਟਿਆਲਾ ਦੇ ਜੇ ਅਸੀਂ ਧਾਰਮਿਕ ਪਿਛੋਕੜ ਦੀ ਗੱਲ ਕਰੀਏ ਤਾਂ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਵੀ ਹੋਇਆ ਜਿਨ੍ਹਾਂ ਦੀ ਯਾਦ ਵਿੱਚ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੁਸ਼ੋਭਿਤ ਹੈ। ਸ਼ਹਿਰ ਵਿੱਚ ਕਾਲੀ-ਮਾਤਾ ਦੇ ਮੰਦਿਰ ਸਮੇਤ ਹੋਰ ਵੀ ਕਈ ਸਥਾਨ ਪੂਜਣਯੋਗ ਹਨ। ਸਿੱਖਿਆ ਅਤੇ ਸਿਹਤ ਸਹੂਲਤਾਂ ਪੱਖੋ ਵੀ ਪਟਿਆਲਾ ਪਹਿਲਾਂ ਤੋਂ ਹੀ ਅਗਾਂਹਵਧੂ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਾਜੀਵ ਗਾਂਧੀ ਲਾਅ ਕਾਲਜ, ਮਹਿੰਦਰਾ ਕਾਲਜ ਵਰਗੀਆਂ ਆਧੁਨਿਕ ਸਿੱਖਿਆ ਸਹੂਲਤਾਂ ਮਿਲ ਰਹੀਆਂ ਹਨ। ਬਹੁਤ ਸਾਰੀਆਂ ਵਿਰਾਸਤੀ ਅਤੇ ਇਮਾਰਤੀ ਕਲਾ ਦੇ ਨਮੂਨੇ ਵਾਲੀਆਂ ਇਮਾਰਤਾਂ ਦੇਖਣਯੋਗ ਹਨ। ਇਸ ਤਰ੍ਹਾਂ ਅਜਿਹਾ ਸਭ ਕੁਝ ਹੋਣ ਦੇ ਨਾਲ ਪਟਿਆਲਾ ਦੇ ਆਪਣੇ ਹੀ ਸੱਭਿਆਚਾਰਕ ਰੰਗ ਅੱਜ ਵੀ ਦੇਖਣ ਨੂੰ ਮਿਲਦੇ ਹਨ।

ਸੰਪਰਕ: 98764-52223

Advertisement
×