DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚੇ ਹੁਣ ਨਹੀਂ ਖੇਡਦੇ ਪਿੱਠੂ ਗਰਮ

ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫੋਨ, ਟੈਬਲਟ ਤੇ ਲੈਪਟਾਪ ਆ ਗਏ ਹਨ, ਉੱਥੇ ਛੋਟੀਆਂ ਵਿਰਾਸਤੀ ਖੇਡਾਂ ਜੋ ਕਦੇ ਗਲੀਆਂ ਵਿੱਚ ਖੇਡੀਆਂ ਜਾਂਦੀਆਂ ਸਨ, ਹੁਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈਆਂ ਹਨ। ਸਾਡੀਆਂ ਵਿਰਾਸਤੀ...
  • fb
  • twitter
  • whatsapp
  • whatsapp
Advertisement

ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫੋਨ, ਟੈਬਲਟ ਤੇ ਲੈਪਟਾਪ ਆ ਗਏ ਹਨ, ਉੱਥੇ ਛੋਟੀਆਂ ਵਿਰਾਸਤੀ ਖੇਡਾਂ ਜੋ ਕਦੇ ਗਲੀਆਂ ਵਿੱਚ ਖੇਡੀਆਂ ਜਾਂਦੀਆਂ ਸਨ, ਹੁਣ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈਆਂ ਹਨ। ਸਾਡੀਆਂ ਵਿਰਾਸਤੀ ਖੇਡਾਂ ਵਿੱਚ ਪਿੱਠੂ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕਰਦੀ ਸੀ, ਸਗੋਂ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਸਰੋਤ ਵੀ ਸੀ। ਇਹ ਖੇਡ ਖ਼ਾਸ ਕਰਕੇ 12-14 ਸਾਲ ਦੇ ਬੱਚਿਆਂ ਦੀ ਪਸੰਦੀਦਾ ਖੇਡ ਹੁੰਦੀ ਸੀ, ਪਰ ਕਈ ਨੌਜਵਾਨ ਵੀ ਇਸ ਵਿੱਚ ਭਰਪੂਰ ਰੁਚੀ ਲੈਂਦੇ ਸਨ। ਪਿੰਡਾਂ ਦੀਆਂ ਗਲੀਆਂ, ਸਕੂਲਾਂ ਦੀਆਂ ਗਰਾਊਂਡਾਂ ਜਾਂ ਬੋਹੜ ਦੀ ਛਾਂ ਹੇਠ ਇਹ ਪ੍ਰਚੱਲਿਤ ਖੇਡ ਆਪਣੀ ਅਮਿੱਟ ਛਾਪ ਛੱਡਦੀ ਸੀ, ਪਰ ਅੱਜ ਇਸ ਦਿਲਚਸਪ ਖੇਡ ਦੇ ਨਜ਼ਾਰੇ ਲੋਪ ਹੋ ਗਏ ਹਨ।

ਪਿੱਠੂ ਖੇਡਣ ਲਈ ਕਿਸੇ ਮਹਿੰਗੇ ਸਾਜੋ-ਸਾਮਾਨ ਦੀ ਲੋੜ ਨਹੀਂ ਹੁੰਦੀ। ਸਿਰਫ਼ ਪੰਜ-ਛੇ ਠੀਕਰੀਆਂ ਅਤੇ ਇੱਕ ਰਬੜ ਦੀ ਗੇਂਦ (ਖਿੱਦੋ) ਹੀ ਕਾਫ਼ੀ ਹੁੰਦੀ ਹੈ। ਪਿੱਠੂ ਖੇਡ ਨੂੰ ਖੇਡਣ ਲਈ ਗੋਲ ਜਾਂ ਚੌਰਸ ਬਿਸਕੁਟ ਦੇ ਆਕਾਰ ਵਰਗੀਆ ਪੰਜ ਛੇ ਠੀਕਰੀਆਂ ਲਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇੱਕ ਦੂਜੇ ’ਤੇ ਕਤਾਰ ਬਣਾ ਕੇ ਟਿਕਾ ਦਿੱਤਾ ਜਾਂਦਾ ਹੈ। ਇਨ੍ਹਾਂ ਠੀਕਰੀਆਂ ਤੋਂ ਕਰੀਬ ਪੰਜ ਫੁੱਟ ਦਾ ਫ਼ਾਸਲਾ ਰੱਖ ਕੇ ਇੱਕ ਲਾਈਨ ਲਾ ਦਿੱਤੀ ਜਾਂਦੀ ਹੈ। ਇਸ ਤੋਂ ਉਪਰੰਤ ਟਿਕਾਈਆਂ ਗਈਆਂ ਠੀਕਰੀਆਂ ਨੂੰ ਗੇਂਦ (ਖਿੱਦੋ) ਨਾਲ ਨਿਸ਼ਾਨਾ ਲਾ ਕੇ ਡੇਗਣ ਵਾਸਤੇ ਹੱਦ ਮੰਨੀ ਜਾਂਦੀ ਹੈ ਤੇ ਫਿਰ ਵਾਰੀ ਲੈਣ ਵਾਲਾ ਖਿਡਾਰੀ ਇਸ ਲਾਈਨ ਦੇ ਮਗਰ ਖੜ੍ਹਾ ਹੋ ਕੇ ਗੇਂਦ ਨਾਲ ਟਿਕਾਈਆਂ ਹੋਈਆਂ ਠੀਕਰੀਆਂ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੈ ਅਤੇ ਵਿਰੋਧੀ ਧਿਰ ਦੇ ਖਿਡਾਰੀਆਂ ਨੂੰ ਦੂਰ ਜਾਣ ਤੋਂ ਰੋਕਣ ਲਈ ਲਾਈਨ ਦੇ ਪਿੱਛੇ ਕੁਝ ਫਾਸਲੇ ਉੱਤੇ ਖੜ੍ਹਾ ਹੋ ਜਾਂਦਾ ਹੈ।

Advertisement

ਜੇਕਰ ਉਹ ਗੇਂਦ ਠੀਕਰੀਆਂ ਨੂੰ ਨਾ ਵੱਜੇ ਤਾਂ ਵਿਰੋਧੀ ਖਿਡਾਰੀ ਗੇਂਦ ਟੱਪਾ ਪੈਣ ਮਗਰੋਂ ਕੈਚ ਨਾ ਕਰ ਸਕੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਫਿਰ ਗੇਂਦ ਨਾਲ ਟਿਕਾਈਆਂ ਠੀਕਰੀਆਂ ’ਤੇ ਨਿਸ਼ਾਨਾ ਲਗਾਉਂਦਾ ਹੈ। ਫਿਰ ਜੇਕਰ ਠੀਕਰੀਆਂ ਡਿੱਗ ਜਾਣ ਤਾਂ ਗੇਂਦ ਮਾਰਨ ਵਾਲੇ ਖਿਡਾਰੀ ਠੀਕਰੀਆਂ ਨੂੰ ਮੁੜ ਇੱਕ ਦੂਜੇ ’ਤੇ ਰੱਖਣ ਤੋਂ ਪਹਿਲਾਂ ਪਹਿਲਾਂ ਗੇਂਦ ਨਾਲ ਠੀਕਰੀਆਂ ’ਤੇ ਨਿਸ਼ਾਨਾ ਲਗਾਉਂਦਾ ਹੈ ਤੇ ਜੇਕਰ ਵਿਰੋਧੀ ਖਿਡਾਰੀ ਬਾਲ ਲੱਗਣ ਤੋਂ ਪਹਿਲਾਂ ਪਹਿਲਾਂ ਠੀਕਰੀਆਂ ਖੜ੍ਹੀਆਂ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਸਮਝੋ ਕਿ ਉਸ ਦੀ ਇੱਕ ਵਾਰੀ ਵਿੱਚ ਹੀ ਖੇਡ ਖਤਮ ਹੋ ਜਾਂਦੀ ਹੈ। ਜੇਕਰ ਵਿਰੋਧੀ ਖਿਡਾਰੀ ਠੀਕਰੀਆਂ ਇੱਕ ਦੂਜੇ ’ਤੇ ਰੱਖਣ ਵੇਲੇ ਖਿਡਾਰੀ ’ਤੇ ਨਿਸ਼ਾਨਾ ਸਾਧ ਦੇਵੇ ਤਾਂ ਉਹ ਵਾਰੀ ਲੈਣ ਦਾ ਹੱਕਦਾਰ ਹੋ ਗਿਆ। ਫਿਰ ਗੇਂਦ ਦਾ ਟੱਪਾ ਪੈਣ ਪਿੱਛੋਂ ਉਸ ਦੇ ਕੈਚ ਕਰਨ ’ਤੇ ਵੀ ਗੇਂਦ ਮਾਰਨ ਵਾਲੇ ਦੀ ਵਾਰੀ ਖ਼ਤਮ ਹੋ ਜਾਂਦੀ ਹੈ। ਇਸ ਤਰ੍ਹਾਂ ਖਿਡਾਰੀਆਂ ਦੀਆਂ ਵਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਖੇਡ ਨਿਰੰਤਰ ਚੱਲਦੀ ਰਹਿੰਦੀ ਹੈ।

ਕਿਵੇਂ ਤਿਆਰ ਕੀਤਾ ਜਾਂਦਾ ਸੀ ਖਿੱਦੋ: ਇੱਕ ਪੁਰਾਣਾ ਕੱਪੜਾ ਲੈ ਕੇ, ਉਸ ਵਿੱਚ ਪੁਰਾਣੀਆਂ ਲੀਰਾਂ ਜਾਂ ਰੂੰ ਭਰੀ ਜਾਂਦੀ ਹੈ। ਫਿਰ ਇਸ ਨੂੰ ਹੌਲੀ-ਹੌਲੀ ਗੇਂਦ ਦੇ ਆਕਾਰ ਵਿੱਚ ਗੋਲ ਕਰਦੇ ਹੋਏ ਇਸ ਤਰ੍ਹਾਂ ਸੂਈ-ਧਾਗੇ ਨਾਲ ਸਿਲਾਈ ਕੀਤੀ ਜਾਂਦੀ ਹੈ ਕਿ ਅੰਦਰ ਭਰੀ ਹੋਈ ਗੁੱਦਾ ਕਦੇ ਵੀ ਬਾਹਰ ਨਾ ਨਿਕਲ ਸਕੇ। ਇਹ ਸਿਲਾਈ ਮਜ਼ਬੂਤ ਤੇ ਚੁਸਤ ਹੋਣੀ ਚਾਹੀਦੀ ਹੈ। ਜਦੋਂ ਗੇਂਦ ਦਾ ਆਕਾਰ ਸਹੀ ਬਣ ਜਾਵੇ, ਤਾਂ ਉਸ ਦੇ ਬਾਹਰੀ ਹਿੱਸੇ ’ਤੇ ਰਬੜ ਦੀ ਬਾਰੀਕ ਰੱਸੀ ਜਾਂ ਰੰਗੀਨ ਧਾਗਿਆਂ ਦੇ ਲਪੇਟੇ ਪਾ ਕੇ ਉਸ ਨੂੰ ਹੋਰ ਵੀ ਆਕਰਸ਼ਕ ਬਣਾ ਦਿਓ। ਤੁਸੀਂ ਚਾਹੋ ਤਾਂ ਉੱਤੇ ਤਾਰੇ ਜਾਂ ਹੋਰ ਰਚਨਾਤਮਕ ਡਿਜ਼ਾਈਨ ਬਣਾ ਕੇ ਇਸ ਨੂੰ ਖ਼ਾਸ ਦਿੱਖ ਦੇ ਸਕਦੇ ਹੋ, ਤਾਂ ਜੋ ਜਦੋਂ ਵੀ ਕੋਈ ਬੱਚਾ ਇਹ ਖਿੱਦੋ ਵੇਖੇ, ਉਹਦੀਆਂ ਅੱਖਾਂ ਖਿੜ ਜਾਣ। ਇਸ ਤਰ੍ਹਾਂ ਬਣਾਇਆ ਗਿਆ ਖਿੱਦੋ ਨਾ ਸਿਰਫ਼ ਖੇਡਣ ਲਈ ਸੁਰੱਖਿਅਤ ਹੁੰਦਾ ਹੈ, ਸਗੋਂ ਘਰ ਵਿੱਚ ਉਪਲੱਬਧ ਸਾਮਾਨ ਨਾਲ ਬਣ ਕੇ ਬੱਚਿਆਂ ਨੂੰ ਆਪਣੇ ਹੱਥੀਂ ਬਣਾਉਣ ਦੀ ਰਚਨਾਤਮਕ ਖ਼ੁਸ਼ੀ ਵੀ ਦਿੰਦਾ ਹੈ। ਵੈਸੇ ਵੀ ਬਹੁਤੇ ਬੱਚੇ ਖਿੱਦੋ ਦੀ ਖੇਡ ਨੂੰ ਰਬੜ ਦੇ ਬਾਲ ਨਾਲ ਵੀ ਖੇਡ ਕੇ ਆਪਣਾ ਮਨਪਸੰਦ ਖੇਡ-ਰਸ ਲੈ ਲੈਂਦੇ ਹਨ, ਪਰ ਆਪਣੇ ਬਣਾਏ ਹੋਏ ਖਿੱਦੋ ਨਾਲ ਖੇਡਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ।

ਇਹ ਖੇਡ ਨਾ ਸਿਰਫ਼ ਦੌੜ ਭੱਜ, ਤੰਦਰੁਸਤੀ ਅਤੇ ਚੁਸਤੀ ਵਧਾਉਂਦੀ ਹੈ, ਸਗੋਂ ਇਹ ਰਣਨੀਤੀ, ਸਹਿਯੋਗ, ਲੀਡਰਸ਼ਿਪ, ਧੀਰਜ ਅਤੇ ਹਾਰ-ਜਿੱਤ ਨੂੰ ਸਹਿਣ ਦੀ ਸਮਰੱਥਾ ਵੀ ਬੱਚਿਆਂ ਵਿੱਚ ਵਿਕਸਤ ਕਰਦੀ ਹੈ। ਗੇਂਦ ਦੇ ਵੱਜਣ ’ਤੇ ਪੈਦਾ ਹੋਣ ਵਾਲੀ ਖ਼ੁਸ਼ੀ, ਪਿੱਠੂ ਬਣਾਉਣ ਦਾ ਉਤਸ਼ਾਹ ਅਤੇ ਜਿੱਤ ਦੀਆਂ ਚੀਕਾਂ, ਇਹ ਉਹ ਖ਼ੁਸ਼ੀਆਂ ਹਨ ਜੋ ਕਦੇ ਵੀ ਕਿਸੇ ਵੀ ਡਿਜੀਟਲ ਸਕਰੀਨ ਤੋਂ ਨਹੀਂ ਮਿਲ ਸਕਦੀਆਂ।

ਅੱਜ ਜਦੋਂ ਬੱਚੇ ਘਰਾਂ ਵਿੱਚ ਕੈਦ ਹੋ ਕੇ ਸਕਰੀਨਾਂ ਦੇ ਗ਼ੁਲਾਮ ਬਣ ਗਏ ਹਨ ਤਾਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਮੈਦਾਨਾਂ ਵਿੱਚ ਲੈ ਕੇ ਆਈਏ। ਅਸੀਂ ਜੇ ਚਾਹੀਏ ਤਾਂ ਸਕੂਲਾਂ, ਕਾਲਜਾਂ ਅਤੇ ਕਸਬਿਆਂ ਦੇ ਮੈਦਾਨਾਂ ਵਿੱਚ ਇਹ ਖੇਡ ਮੁੜ ਸ਼ੁਰੂ ਕਰ ਸਕਦੇ ਹਾਂ। ਖੇਡ ਮੇਲੇ, ਸਮਾਗਮ ਅਤੇ ਸੈਮੀਨਾਰਾਂ ਰਾਹੀਂ ਇਹ ਖੇਡ ਨਵੀਂ ਪੀੜ੍ਹੀ ਨੂੰ ਸਿਖਾਈ ਜਾ ਸਕਦੀ ਹੈ। ਪਿੱਠੂ ਖੇਡ ਦਾ ਮੁੱਖ ਮੰਤਵ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ, ਸਗੋਂ ਇਹ ਬੱਚਿਆਂ ਦੇ ਭਾਵਨਾਤਮਕ, ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਹੀ ਸੌਖਾ, ਪਰ ਬਹੁਤ ਪ੍ਰਭਾਵਸ਼ਾਲੀ ਮਾਧਿਅਮ ਹੈ।

ਇਹ ਖੇਡ ਜਿੱਥੇ ਤੰਦਰੁਸਤੀ ਅਤੇ ਫੁਰਤੀ ਵਧਾਉਂਦੀ ਹੈ, ਉੱਥੇ ਹੀ ਸੋਚ ਦੀ ਤੀਖਣਤਾ, ਚੁਸਤੀ ਅਤੇ ਚਤੁਰਾਈ ਨੂੰ ਵੀ ਨਿਖਾਰਦੀ ਹੈ। ਪਿੱਠੂ ਖੇਡ ਰਾਹੀਂ ਬੱਚੇ ਸਹਿਯੋਗ, ਟੀਮਵਰਕ ਅਤੇ ਰਣਨੀਤਕ ਸੋਚ ਨੂੰ ਅਪਣਾਉਂਦੇ ਹਨ। ਜਦ ਗੇਂਦ ਵੱਜਦੀ ਹੈ, ਠੀਕਰੀਆਂ ਉੱਡਦੀਆਂ ਹਨ ਤਾਂ ਸਾਰੇ ਖਿਡਾਰੀ ਉਨ੍ਹਾਂ ਨੂੰ ਮੁੜ ਜੋੜਨ ਵਿੱਚ ਲੱਗ ਜਾਂਦੇ ਹਨ ਤਾਂ ਉਸ ਸਮੇਂ ਪੈਦਾ ਹੁੰਦਾ ਸਾਂਝਾ ਉਤਸ਼ਾਹ ਅਤੇ ਸਾਂਝੀ ਜਿੱਤ ਦੀ ਖ਼ੁਸ਼ੀ ਬੱਚਿਆਂ ਦੇ ਮਨ ਵਿੱਚ ਇੱਕ ਵੱਖਰੀ ਲਹਿਰ ਛੱਡ ਜਾਂਦੀ ਹੈ। ਇਹ ਖੇਡ ਬੱਚਿਆਂ ਨੂੰ ਹਾਰ ਤੇ ਜਿੱਤ ਦੋਵਾਂ ਨੂੰ ਸਹਿਣ ਦੀ ਸਮਰੱਥਾ, ਧੀਰਜ ਸਿਖਾਉਂਦੀ ਹੈ। ਇਸ ਦੇ ਨਾਲ ਨਾਲ ਪਿੱਠੂ ਸਾਂਝੀ ਵਿਰਾਸਤ ਨਾਲ ਜੁੜਾਅ ਦਾ ਇੱਕ ਮਜ਼ਬੂਤ ਪੁਲ ਹੈ ਜੋ ਬੱਚਿਆਂ ਨੂੰ ਆਪਣੇ ਰੀਤੀ-ਰਿਵਾਜਾਂ, ਕਦਰਾਂ-ਕੀਮਤਾਂ ਅਤੇ ਮਿੱਟੀ ਦੀ ਮਹਿਕ ਨਾਲ ਜੋੜਦਾ ਹੈ।

ਪਿੱਠੂ ਖੇਡ ਖਿਡਾਰੀਆਂ ਨੂੰ ਹੁਸ਼ਿਆਰ, ਮਜ਼ਬੂਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੀ ਬੜੀ ਭੂਮਿਕਾ ਨਿਭਾਉਂਦੀ ਹੈ। ਪਠਾਨਕੋਟ ਦੇ ਨਾਲ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਜੰਗਲ ਵਿੱਚ ਖਿੱਦੋ ਖੇਡ ਨੂੰ ਜਿੰਦਾ ਰੱਖਣ ਲਈ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸੈਣੀ ਅਤੇ ਲੈਕਚਰਾਰ ਸਿਧਾਰਥ ਚੰਦਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਇਹ ਖੇਡ ਖਿਡਾਈ ਜਾਂਦੀ ਹੈ। ਇਸ ਸਮਰਪਿਤ ਯਤਨ ਨਾਲ ਨਾ ਸਿਰਫ਼ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਨੂੰ ਨਿਖਾਰ ਮਿਲ ਰਿਹਾ ਹੈ, ਸਗੋਂ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮਵਰਕ ਅਤੇ ਜ਼ਿੰਮੇਵਾਰੀ ਜਿਹੇ ਗੁਣਾਂ ਦਾ ਵੀ ਵਿਕਾਸ ਹੋ ਰਿਹਾ ਹੈ।

ਸੰਪਰਕ: 94174-27656

Advertisement
×