ਕੈਪਸ ਕੈਫੇ ਗੋਲੀਬਾਰੀ: ਹਰ ਘਟਨਾ ਤੋਂ ਬਾਅਦ ਸਾਨੂੰ ਵੱਡੀ ਓਪਨਿੰਗ ਮਿਲੀ: ਕਪਿਲ ਸ਼ਰਮਾ
ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੇ ਸਰੀ ਵਿੱਚ ਉਨ੍ਹਾਂ ਦੇ ਕੈਫੇ ’ਤੇ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਅਜਿਹੇ ਹਮਲਿਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ। ਸ਼ਰਮਾ ਦੇ 'ਕੈਪਸ ਕੈਫੇ', ਜੋ...
ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੇ ਸਰੀ ਵਿੱਚ ਉਨ੍ਹਾਂ ਦੇ ਕੈਫੇ ’ਤੇ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਨੇ ਅਧਿਕਾਰੀਆਂ ਨੂੰ ਦੇਸ਼ ਵਿੱਚ ਅਜਿਹੇ ਹਮਲਿਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ।
ਸ਼ਰਮਾ ਦੇ 'ਕੈਪਸ ਕੈਫੇ', ਜੋ ਜੁਲਾਈ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਖੁੱਲ੍ਹਿਆ ਸੀ, ਨੂੰ ਪਹਿਲੀ ਵਾਰ 10 ਜੁਲਾਈ ਨੂੰ ਅਣਪਛਾਤੇ ਲੋਕਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਇਸ ਤੋਂ ਬਾਅਦ 7 ਅਗਸਤ ਅਤੇ 16 ਅਕਤੂਬਰ ਨੂੰ ਦੋ ਹੋਰ ਹਮਲੇ ਹੋਏ। ਇਨ੍ਹਾਂ ਘਟਨਾਵਾਂ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਵੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਆਪਣੀ ਨਵੀਨਤਮ ਫਿਲਮ ‘‘ਕਿਸ ਕਿਸਕੋ ਪਿਆਰ ਕਰੂੰ 2’’ ਦੇ ਟਰੇਲਰ ਲਾਂਚ ਸਮਾਗਮ ਵਿੱਚ ਅਦਾਕਾਰ-ਕਾਮੇਡੀਅਨ ਨੂੰ ਗੋਲੀਬਾਰੀ ਬਾਰੇ ਪੁੱਛਿਆ ਗਿਆ।
ਸ਼ਰਮਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉੱਥੋਂ ਦੇ ਨਿਯਮਾਂ ਅਤੇ ਪੁਲੀਸ ਕੋਲ ਸ਼ਾਇਦ (ਅਜਿਹੀ ਘਟਨਾ ਨੂੰ) ਕੰਟਰੋਲ ਕਰਨ ਦੀ ਸ਼ਕਤੀ ਨਹੀਂ ਹੈ। ਪਰ ਜਦੋਂ ਸਾਡਾ ਕੇਸ ਹੋਇਆ ਤਾਂ ਇਹ ਫੈਡਰਲ ਸਰਕਾਰ ਕੋਲ ਗਿਆ ਅਤੇ ਕੈਨੇਡੀਅਨ ਸੰਸਦ ਵਿੱਚ ਇਸ ਬਾਰੇ ਚਰਚਾ ਹੋਈ।" ਉਨ੍ਹਾਂ ਅੱਗੇ ਕਿਹਾ, "ਅਸਲ ਵਿੱਚ, ਗੋਲੀਬਾਰੀ ਦੀ ਹਰ ਘਟਨਾ ਤੋਂ ਬਾਅਦ, ਸਾਨੂੰ ਕੈਫੇ 'ਤੇ ਇੱਕ ਵੱਡੀ ਓਪਨਿੰਗ ਮਿਲੀ। ਇਸ ਲਈ ਜੇ ਰੱਬ ਮੇਰੇ ਨਾਲ ਹੈ ਤਾਂ ਸਭ ਠੀਕ ਹੈ।’’
ਸ਼ਰਮਾ ਨੇ ਕਿਹਾ ਕਿ ਹਮਲਿਆਂ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਰੱਬ ਜੋ ਵੀ ਕਰਦਾ ਹੈ, ਸਾਨੂੰ ਉਸ ਦੇ ਪਿੱਛੇ ਦੀ ਕਹਾਣੀ ਪਤਾ ਨਹੀਂ ਲੱਗਦੀ... ਮੈਨੂੰ ਉੱਥੋਂ ਦੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਨ ਪਰ ਮੇਰੇ ਕੈਫੇ ’ਤੇ ਗੋਲੀਬਾਰੀ ਤੋਂ ਬਾਅਦ, ਇਹ ਇੱਕ ਖ਼ਬਰ ਬਣ ਗਈ ਅਤੇ ਹੁਣ ਉੱਥੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਸੁਧਾਰਨ ਲਈ ਕਦਮ ਚੁੱਕੇ ਜਾ ਰਹੇ ਹਨ।’’
43 ਸਾਲਾ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਮੁੰਬਈ ਜਾਂ ਭਾਰਤ ਵਿੱਚ ਕਿਤੇ ਵੀ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ, ‘‘ਮੈਂ ਮੁੰਬਈ ਜਾਂ ਸਾਡੇ ਦੇਸ਼ ਵਿੱਚ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ। ਮੁੰਬਈ ਵਰਗਾ ਕੋਈ ਹੋਰ ਸ਼ਹਿਰ ਨਹੀਂ ਹੈ।’’

