ਨਹਿਰ ਹਾਦਸਾ: ਰਾਜਾ ਵੜਿੰਗ ਤੇ ਬਾਜਵਾ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖ਼ਤਰ ਨੇ ਪਿਛਲੇ ਮਹੀਨੇ ਨੈਣਾ ਦੇਵੀ ਯਾਤਰਾ ਤੋਂ ਪਰਤਦਿਆਂ ਜਗੇੜਾ ਪੁਲ ਨੇੜੇ ਨਹਿਰ ਵਿੱਚ ਡੁੱਬੇ ਪਿੰਡ ਮਾਣਕਵਾਲ ਦੇ 10 ਦਲਿਤ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।
ਗੁਰਦੁਆਰਾ ਸਾਹਿਬ ’ਚ ਕਰਵਾਏ ਗਏ ਸੋਗ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੋਣ ਦੇ ਬਾਵਜੂਦ ਕਿਸੇ ਵੀ ਮੰਤਰੀ ਦਾ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਨਾ ਆਉਣਾ ਸਾਬਤ ਕਰਦਾ ਹੈ ਕਿ ਸੱਤਾ ਵਿੱਚ ਡੁੱਬੇ ਇਨ੍ਹਾਂ ਲੋਕਾਂ ਨੂੰ ਕਿਸੇ ਦਾ ਕੋਈ ਫਿਕਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵੱਲੋਂ ਲੋਕ ਸਭਾ ਮੈਂਬਰ ਮੀਤ ਹੇਅਰ ਨਾਲ ਬਾਕਾਇਦਾ ਫੋਨ ’ਤੇ ਇਨ੍ਹਾਂ ਗਰੀਬ ਲੋਕਾਂ ਦਾ ਦਰਦ ਸਾਂਝਾ ਕਰਨ ਦੇ ਬਾਵਜੂਦ ਸੰਸਦ ਮੈਂਬਰ ਕੋਲ ਵੀ ਇਨ੍ਹਾਂ ਗੁਰਬਤ ਮਾਰਿਆਂ ਨੂੰ ਮਿਲਣ ਦਾ ਵਕਤ ਨਹੀਂ ਲੱਗਿਆ। ਉਨ੍ਹਾਂ ਐਲਾਨ ਕੀਤਾ ਕਿ ਬੇਸ਼ੱਕ ਕਾਂਗਰਸ ਪਾਰਟੀ ਜਲਦੀ ਹੀ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਕੋਈ ਹੀਲਾ ਵਸੀਲਾ ਜ਼ਰੂਰ ਕਰੇਗੀ ਪਰ ਸਰਕਾਰ ਬਣਨ ’ਤੇ ਇਨ੍ਹਾਂ ਪਰਿਵਾਰਾਂ ਦੇ ਅੱਥਰੂ ਪੂੰਝਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਨਿਸ਼ਾਤ ਅਖਤਰ ਵੱਲੋਂ ਡੀਸੀ ਮਾਲੇਰਕੋਟਲਾ ਰਾਹੀਂ ਭੇਜੇ ਮੰਗ ਪੱਤਰ ਅਨੁਸਾਰ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਲਈ ਵੀ ਯੋਗਤਾ ਅਨੁਸਾਰ ਪੱਕੀਆਂ ਨੌਕਰੀਆਂ ਅਤੇ ਵਿੱਤੀ ਮਦਦ ਦਾ ਪ੍ਰਬੰਧ ਕਰੇ।
ਕਾਂਗਰਸੀ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਭਾਵੁਕ ਹੋ ਗਏ।
ਇਸ ਮੌਕੇ ਨਿਰਮਲ ਸਿੰਘ ਧਲੇਰ, ਸੁਭਾਸ਼ ਚੰਦਰ ਕੁਠਾਲਾ, ਹਰਿੰਦਰ ਸਿੰਘ ਐਹਨੋਂ, ਸੁੱਖਾ ਦਸੌਂਧਾ ਸਿੰਘ ਵਾਲਾ, ਜਸਵਿੰਦਰ ਸਿੰਘ ਕੁਠਾਲਾ ਤੇ ਗੁਰਪ੍ਰੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਕਾਂਗਰਸੀ ਮੌਜੂਦ ਸਨ।