ਬੌਲੀਵੁੱਡ ਸਿਤਾਰੇ ਤੇ ਪੰਜਾਬੀ ਸਿਨੇਮਾ
ਸੰਨ 1932 ਵਿੱਚ ਰਿਲੀਜ਼ ਹੋਈ ਫਿਲਮ ‘ਹੀਰ ਰਾਂਝਾ’ ਦੇ ਨਿਰਮਾਤਾ ਹਕੀਮ ਰਾਮ ਪ੍ਰਸਾਦ ਅਤੇ ਨਿਰਦੇਸ਼ਕ ਏ.ਆਰ. ਕਾਰਦਾਰ ਸਨ। ਇਸ ਤੋਂ ਬਾਅਦ 1935 ਵਿੱਚ ਬਣੀ ਬਹੁਚਰਚਿਤ ਫਿਲਮ ‘ਪਿੰਡ ਦੀ ਕੁੜੀ’ ਦਾ ਨਿਰਦੇਸ਼ਨ ਕੇ.ਡੀ. ਮਹਿਰਾ ਨੇ ਕੀਤਾ ਸੀ ਤੇ ਇਸ ਫਿਲਮ ਵਿੱਚ ਉੱਘੀ ਗਾਇਕਾ ਨੂਰਜਹਾਂ ਨੇ ਗੀਤ ਵੀ ਗਾਏ ਸਨ ਤੇ ਅਦਾਕਾਰੀ ਦੇ ਜੌਹਰ ਵੀ ਵਿਖਾਏ ਸਨ।
ਸੰਨ 1947 ਵਿੱਚ ਮੁਲਕ ਦੀ ਵੰਡ ਤੋਂ ਬਾਅਦ ਜਿਹੜੀ ਪਹਿਲੀ ਪੰਜਾਬੀ ਫਿਲਮ ਰਿਲੀਜ਼ ਹੋਈ ਸੀ ਉਸ ਦਾ ਨਿਰਦੇਸ਼ਕ ਆਰ. ਕੇ. ਸ਼ੋਰੀ ਸੀ। ਸੰਨ 1948 ਤੋਂ ਲੈ ਕੇ ਸੰਨ 1964 ਤੱਕ ਸੁਪਰਹਿੱਟ ਰਹੀਆਂ ਪੰਜਾਬੀ ਫਿਲਮਾਂ ਵਿੱਚ ‘ਲੱਛੀ’, ‘ਮੁੰਦਰੀ’, ‘ਫੇਰੇ’, ‘ਪੋਸਤੀ’ ਅਤੇ ‘ਭੰਗੜਾ’ ਆਦਿ ਦੇ ਨਾਂ ਪ੍ਰਮੁੱਖ ਹਨ। 1964 ਵਿੱਚ ਬਣੀ ਫਿਲਮ ‘ਸਤਲੁਜ ਦੇ ਕੰਢੇ’ ਪੰਜਾਬੀ ਦੀ ਪਹਿਲੀ ਮਲਟੀਸਟਾਰਰ ਫਿਲਮ ਸੀ ਜਿਸ ਵਿੱਚ ਬਲਰਾਜ ਸਾਹਨੀ, ਨਿਸ਼ੀ, ਵਾਸਤੀ, ਮਿਰਜ਼ਾ ਮੁਸ਼ੱਰਫ਼ ਸਣੇ ਕਈ ਵੱਡੇ ਸਿਤਾਰਿਆਂ ਨੇ ਕੰਮ ਕੀਤਾ ਸੀ। ਇਹ ਫਿਲਮ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤੀ ਗਈ ਸੀ। 1969 ਵਿੱਚ ਆਈ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਨੇ ਤਾਂ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਪ੍ਰਿਥਵੀ ਰਾਜ ਕਪੂਰ, ਵਿੰਮੀ, ਆਈ.ਐੱਸ. ਜੌਹਰ, ਸੋਮ ਦੱਤ, ਨਿਸ਼ੀ ਅਤੇ ਡੇਵਿਡ ਜਿਹੇ ਅਦਾਕਾਰਾਂ ਨਾਲ ਸਜੀ ਇਹ ਫਿਲਮ ਪੰਜਾਬੀ ਸਿਨੇਮਾ ਦੀ ਪਹਿਲੀ ‘ਬਲਾਕਬਸਟਰ’ ਫਿਲਮ ਹੋਣ ਦਾ ਸ਼ਰਫ਼ ਰੱਖਦੀ ਹੈ।
ਇਸ ਤੋਂ ਬਾਅਦ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀਆਂ ਤੇ ਫਿਰ 1980 ਦੇ ਨੇੜੇ ਤੇੜੇ ‘ਜੱਟ’ ਸ਼ਬਦ ਨੂੰ ਕਲਾਵੇ ਵਿੱਚ ਲੈਂਦੀਆਂ ਬੇਸ਼ੁਮਾਰ ਫਿਲਮਾਂ ਬਣੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਤਾਂ ਅਸਫਲ ਰਹੀਆਂ, ਪਰ ਅਦਾਕਾਰ-ਨਿਰਦੇਸ਼ਕ ਵਰਿੰਦਰ ਕਈ ਸਫਲ ਫਿਲਮਾਂ ਦੇਣ ਵਿੱਚ ਕਾਮਯਾਬ ਰਿਹਾ। ਉਪਰੰਤ ‘ਮੜ੍ਹੀ ਦਾ ਦੀਵਾ’, ‘ਕਚਹਿਰੀ’ ਅਤੇ ਇੱਕਾ ਦੁੱਕਾ ਹੋਰ ਫਿਲਮਾਂ ਤੋਂ ਇਲਾਵਾ ਜ਼ਿਆਦਾਤਰ ਫਿਲਮਾਂ ਫਲਾਪ ਰਹੀਆਂ ਤੇ ਫਿਰ 1999 ਵਿੱਚ ਆਈ ‘ਮਾਹੌਲ ਠੀਕ ਹੈ’ ਅਤੇ 2001 ਵਿੱਚ ਆਈ ਫਿਲਮ ‘ਜੀ ਆਇਆਂ ਨੂੰ’ ਨੇ ਪੰਜਾਬੀ ਸਿਨੇਮਾ ਨੂੰ ਮੁੜ ਕਾਮਯਾਬੀ ਦੇ ਸਫ਼ਰ ’ਤੇ ਪਾ ਦਿੱਤਾ ਜਿੱਥੇ ਹੁਣ ਇਹ ਆਪਣੀ ਭਰ ਜਵਾਨੀ ਹੰਢਾਅ ਰਿਹਾ ਹੈ ਤੇ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ।
ਤਾਜ਼ਾ ਰਿਲੀਜ਼ ‘ਕੈਰੀ ਆਨ ਜੱਟਾ 3’ ਦੇ ਸੌ ਕਰੋੜੀ ਕਲੱਬ ਵਿੱਚ ਸ਼ਾਮਿਲ ਹੋ ਜਾਣ ਨਾਲ ਪੰਜਾਬੀ ਸਿਨੇਮਾ ਨੇ ਇੱਕ ਨਵਾਂ ਮਾਅਰਕਾ ਮਾਰਿਆ ਹੈ ਤੇ ਇਸ ਨੂੰ ਇੱਕ ਫਖ਼ਰਯੋਗ ਪ੍ਰਾਪਤੀ ਕਿਹਾ ਜਾ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਅੱਜ ਪੰਜਾਬੀ ਫਿਲਮਾਂ ਦੇ ਅਦਾਕਾਰਾਂ ਦੀ ਬੌਲੀਵੁੱਡ ਤੇ ਹੌਲੀਵੁੱਡ ਵਿੱਚ ਮੰਗ ਵੀ ਹੈ ਤੇ ਵੁੱਕਤ ਵੀ। ਪੰਜਾਬੀ ਫਿਲਮ ਜਗਤ ਦੇ ਨਾਮਵਰ ਸਿਤਾਰੇ ਦਿਲਜੀਤ ਸਿੰਘ, ਨੀਰੂ ਬਾਜਵਾ, ਸੋਨਮ ਬਾਜਵਾ, ਐਮੀ ਵਿਰਕ ਅਤੇ ਗੈਵੀ ਚਾਹਲ ਆਦਿ ਤਾਂ ਬੌਲੀਵੁੱਡ ਵਿੱਚ ਵੀ ਚੋਖਾ ਨਾਮਣਾ ਖੱਟ ਚੁੱਕੇ ਹਨ, ਪਰ ਪੰਜਾਬੀ ਸਿਨੇਮਾ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬੀ ਸਿਨੇਮਾ ਵੱਲ ਦਰਸ਼ਕਾਂ ਦੀ ਭੀੜ ਇਕੱਠੀ ਕਰਨ ਲਈ ਬੌਲੀਵੁੱਡ ਸਟਾਰਾਂ ਨੂੰ ਪੰਜਾਬੀ ਫਿਲਮਾਂ ਵਿੱਚ ਮੁੱਖ ਜਾਂ ਮਹਿਮਾਨ ਭੂਮਿਕਾਵਾਂ ਵਿੱਚ ਲਿਆਂਦਾ ਜਾਂਦਾ ਸੀ। ਹੁਣ ਤੱਕ ਬੌਲੀਵੁੱਡ ਦੇ ਕਿਹੜੇ ਕਿਹੜੇ ਸਿਤਾਰੇ ਪੌਲੀਵੁੱਡ ਨੂੰ ਭਾਗ ਲਗਾ ਚੁੱਕੇ ਹਨ, ਆਓ ਇਸ ਬਾਰੇ ਗੱਲ ਕਰਦੇ ਹਾਂ।
ਬਹੁਤ ਘੱਟ ਦਰਸ਼ਕ ਤੇ ਪਾਠਕ ਜਾਣਦੇ ਹਨ ਕਿ 1981 ਵਿੱਚ ਬਣੀ ਫਿਲਮ ‘ਵਲਾਇਤੀ ਬਾਬੂ’ ਵਿੱਚ ਬੌਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਅਤੇ ਅਦਾਕਾਰਾ ਰੀਨਾ ਰਾਏ ਨੇ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਸਨ। ਇਸੇ ਤਰ੍ਹਾਂ ਬੌਲੀਵੁੱਡ ਦੇ ਹੀਮੈਨ ਅਖਵਾਉਂਦੇ ਧਰਮਿੰਦਰ ਨੇ ‘ਗਿੱਧਾ’, ‘ਕਣਕਾਂ ਦੇ ਓਹਲੇ’, ‘ਦੋ ਸ਼ੇਰ’, ‘ਪੁੱਤ ਜੱਟਾਂ ਦੇ’, ‘ਕੁਰਬਾਨੀ ਜੱਟ ਦੀ’, ‘ਡਬਲ ਦੀ ਟ੍ਰਬਲ’, ‘ਸੰਤੋ ਬੰਤੋ’, ‘ਰਾਂਝਣ ਮੇਰਾ ਯਾਰ’, ‘ਤੇਰੀ ਮੇਰੀ ਇੱਕ ਜਿੰਦੜੀ’ ਆਦਿ ਸਮੇਤ ਕੁਝ ਹੋਰ ਪੰਜਾਬੀ ਫਿਲਮਾਂ ਨੂੰ ਭਾਗ ਲਾਏ ਹਨ। ਬੌਲੀਵੁੱਡ ਦੇ ‘ਜੁਬਲੀ ਸਟਾਰ’ ਕਹੇ ਜਾਂਦੇ ਰਜਿੰਦਰ ਕੁਮਾਰ ਨੇ ਫਿਲਮ ‘ਦੋ ਸ਼ੇਰ’ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਸੀ ਜਦੋਂ ਕਿ ਬੌਲੀਵੁੱਡ ਦੇ ਪਹਿਲੇ ਸੁਪਰ ਸਟਾਰ ਅਖਵਾਉਣ ਵਾਲੇ ਰਾਜੇਸ਼ ਖੰਨਾ ਨੇ ‘ਤਿਲ ਤਿਲ ਦਾ ਲੇਖਾ’ ਅਤੇ ‘ਸਵਾ ਲਾਖ ਸੇ ਏਕ ਲੜਾਊਂ’ ਨਾਮਕ ਫਿਲਮਾਂ ਰਾਹੀਂ ਪੌਲੀਵੁੱਡ ਵਿੱਚ ਆਪਣੀ ਹਾਜ਼ਰੀ ਦਰਜ ਕੀਤੀ ਸੀ।
ਸ਼ਤਰੂਘਨ ਸਿਨਹਾ ਨੇ ਫਿਲਮ ‘ਪੁੱਤ ਜੱਟਾਂ ਦੇ’ ਅਤੇ ‘ਮੇਰਾ ਪੰਜਾਬ’, ਵਿਨੋਦ ਖੰਨਾ ਨੇ ‘ਚੂੜੀਆਂ’, ਮਨੋਜ ਕੁਮਾਰ ਨੇ ‘ਜੱਟ ਪੰਜਾਬੀ’, ਬਲਰਾਜ ਸਾਹਨੀ ਨੇ ‘ਸਤਲੁਜ ਦੇ ਕੰਢੇ’ ਅਤੇ ‘ਨਾਨਕ ਦੁਖੀਆ ਸਭ ਸੰਸਾਰ’, ਪ੍ਰਿਥਵੀ ਰਾਜ ਕਪੂਰ ਨੇ ‘ਨਾਨਕ ਨਾਮ ਜਹਾਜ਼ ਹੈ’, ‘ਨਾਨਕ ਦੁਖੀਆ ਸਭ ਸੰਸਾਰ’ ਅਤੇ ‘ਮੇਲੇ ਮਿੱਤਰਾਂ ਦੇ’, ਸੰਜੀਵ ਕੁਮਾਰ ਨੇ ‘ਉਡੀਕਾਂ’, ਆਈ. ਐੱਸ. ਜੌਹਰ ਨੇ ‘ਛੜਿਆਂ ਦੀ ਡੋਲੀ’, ‘ਨਾਨਕ ਨਾਮ ਜਹਾਜ਼ ਹੈ’ ਅਤੇ ‘ਯਮਲਾ ਜੱਟ’ ਅਤੇ ਅਦਾਕਾਰ ਨਵੀਨ ਨਿਸ਼ਚਲ ਨੇ ‘ਤੇਰੇ ਰੰਗ ਨਿਆਰੇ’, ‘ਮਿੱਤਰ ਪਿਆਰੇ ਨੂੰ’, ‘ਮਾਹੌਲ ਠੀਕ ਹੈ’ ਅਤੇ ‘ਸਵਾ ਲਾਖ ਸੇ ਏਕ ਲੜਾਊਂ’ ਨਾਮਕ ਪੰਜਾਬੀ ਫਿਲਮਾਂ ਵਿੱਚ ਆਪਣੀ ਅਭਿਨੈ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਸੀ। ਅਦਾਕਾਰ ਭਾਰਤ ਭੂਸ਼ਨ, ਫ਼ਿਰੋਜ਼ ਖ਼ਾਨ, ਯੋਗਿਤਾ ਬਾਲੀ, ਅਭੀ ਭੱਟਾਚਾਰੀਆ, ਰਣਧੀਰ ਕਪੂਰ, ਮੋਹਨ ਚੋਟੀ ਅਤੇ ਜੈ ਸ੍ਰੀ ਗਡਕਰ ਜਿਹੇ ਨਾਮੀ ਬੌਲੀਵੁੱਡ ਕਲਾਕਾਰਾਂ ਨੂੰ ਅਦਾਕਾਰ ਤੇ ਨਿਰਦੇਸ਼ਕ ਦਾਰਾ ਸਿੰਘ ਨੇ ਆਪਣੀਆਂ ਫਿਲਮਾਂ ‘ਭਗਤ ਧੰਨਾ ਜੱਟ’ ਅਤੇ ‘ਧਿਆਨੂੰ ਭਗਤ’ ਰਾਹੀਂ ਪੰਜਾਬੀ ਸਿਨੇ ਪ੍ਰੇਮੀਆਂ ਦੇ ਸਨਮੁੱਖ ਪੇਸ਼ ਕੀਤਾ ਸੀ।
ਬੌਲੀਵੁੱਡ ਵਿੱਚ ਗੱਬਰ ਸਿੰਘ ਦੇ ਨਾਂ ਨਾਲ ਮਸ਼ਹੂਰ ਖ਼ਲਨਾਇਕ ਅਮਜ਼ਦ ਖ਼ਾਨ ਨੇ ‘ਸਾਲੀ ਅੱਧੀ ਘਰਵਾਲੀ’ ਅਤੇ ਖ਼ਲਨਾਇਕ ਵਜੋਂ ਜਾਣੇ ਜਾਂਦੇ ਅਦਾਕਾਰ ਜੀਵਨ ਨੇ ਫਿਲਮ ‘ਮੈਂ ਜੱਟੀ ਪੰਜਾਬ ਦੀ’ ਆਦਿ ਫਿਲਮਾਂ ਰਾਹੀਂ ਪੌਲੀਵੁੱਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ ਸੀ। ਇੱਥੇ ਹੀ ਬਸ ਨਹੀਂ ਕੁਝ ਹੋਰ ਬੌਲੀਵੁੱਡ ਖ਼ਲਨਾਇਕਾਂ ਜਿਵੇਂ ਕਿ ਰਣਜੀਤ ਨੇ ‘ਮਨ ਜੀਤੇ ਜਗ ਜੀਤ’, ‘ਸੱਚਾ ਮੇਰਾ ਰੂਪ ਹੈ’ ਅਤੇ ‘ਸ਼ਹੀਦ ਊਧਮ ਸਿੰਘ’ ਅਤੇ ਗੁਲਸ਼ਨ ਗਰੋਵਰ ਨੇ ‘ਦੁਸ਼ਮਣ’, ‘ਵਾਪਸੀ’, ‘ਕਿਲਰ ਪੰਜਾਬੀ’, ‘ਯਰਾਨਾ’, ‘ਛੇਵਾਂ ਦਰਿਆ’, ‘ਵਿਰਸਾ’ ਅਤੇ ‘ਯਾਰੀਆਂ’ ਆਦਿ ਜਿਹੀਆਂ ਫਿਲਮਾਂ ਕੀਤੀਆਂ ਹਨ। ਅਦਾਕਾਰ ਪ੍ਰੇਮ ਚੋਪੜਾ ਨੇ ‘ਚੌਧਰੀ ਕਰਨੈਲ ਸਿੰਘ’, ‘ਆਹ ਧਰਤੀ ਪੰਜਾਬ ਦੀ’, ‘ਸੱਪਣੀ’, ‘ਪਰਦੇਸਣ’ ਅਤੇ ‘ਧਰਤੀ’ ਅਤੇ ਪ੍ਰੇਮਨਾਥ ਨੇ ‘ਮੈਂ ਜੱਟੀ ਪੰਜਾਬ ਦੀ’, ‘ਸਤਿ ਸ੍ਰੀ ਅਕਾਲ’ ਅਤੇ ‘ਗਿਆਨੀ ਜੀ’ ਆਦਿ ਫਿਲਮਾਂ ਵਿੱਚ ਨਾ ਕੇਵਲ ਅਦਾਕਾਰੀ ਹੀ ਕੀਤੀ ਸੀ ਸਗੋਂ ਫਿਲਮ ‘ਗਿਆਨੀ ਜੀ’ ਦਾ ਤਾਂ ਨਿਰਮਾਤਾ ਵੀ ਪ੍ਰੇਮਨਾਥ ਹੀ ਸੀ। ਪੁਰੀ ਪਰਿਵਾਰ ਦੇ ਮੋਹਰੀ ਚਮਨ ਪੁਰੀ ਨੇ ‘ਵੰਗਾਰ’, ‘ਸਾਲ ਸੋਲ੍ਹਵਾਂ ਚੜ੍ਹਿਆ’, ‘ਪਰਦੇਸੀ ਢੋਲਾ’, ਮਦਨ ਪੁਰੀ ਨੇ ‘ਚੌਧਰੀ ਕਰਨੈਲ ਸਿੰਘ’, ‘ਲੱਛੀ’, ‘ਦਾਜ’ ਅਤੇ ਅਮਰੀਸ਼ ਪੁਰੀ ਨੇ ‘ਚੰਨ ਪ੍ਰਦੇਸੀ’, ‘ਲੌਂਗ ਦਾ ਲਿਸ਼ਕਾਰਾ’, ‘ਸਤਿ ਸ੍ਰੀ ਅਕਾਲ’ ਅਤੇ ‘ਸ਼ਹੀਦ ਊਧਮ ਸਿੰਘ’ ਆਦਿ ਪੰਜਾਬੀ ਫਿਲਮਾਂ ਰਾਹੀਂ ਪੰਜਾਬੀ ਸਿਨੇਮਾ ਦੀ ਸੇਵਾ ਕੀਤੀ ਸੀ।
ਅਦਾਕਾਰ ਰਜ਼ਾ ਮੁਰਾਦ ਦੀਆਂ ਚਰਚਿਤ ਫਿਲਮਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ ‘ਧਰਮਜੀਤ’, ‘ਯਾਰ ਯਾਰਾਂ ਦੇ’, ‘ਲੱਛੀ’, ‘ਟਾਕਰਾ’, ‘ਜੱਟ ਦੁਬਈ ਦਾ’, ‘ਡਾਕੂ ਜਗਤ ਸਿੰਘ’, ‘ਤੂਫ਼ਾਨ ਸਿੰਘ’ ਆਦਿ ਵਿੱਚ ਉਸ ਵੱਲੋਂ ਵਿਖਾਈ ਗਈ ਜ਼ਬਰਦਸਤ ਅਦਾਕਾਰੀ ਅਭੁੱਲ ਹੈ। ਬੌਲੀਵੁੱਡ ਦੇ ਵਿਲੱਖਣ ਅਦਾਕਾਰ ਪ੍ਰਾਣ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਪੰਜਾਬੀ ਫਿਲਮ ‘ਯਮਲਾ ਜੱਟ’ ਰਾਹੀਂ 1940 ਵਿੱਚ ਕੀਤੀ ਸੀ ਤੇ ਫਿਰ ਉਸ ਨੇ ‘ਛਾਈ’, ‘ਚੌਧਰੀ ਕਰਨੈਲ ਸਿੰਘ’ ਅਤੇ ‘ਨਾਨਕ ਦੁਖੀਆ ਸਭ ਸੰਸਾਰ’ ਜਿਹੀਆਂ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ ਸਨ। ਓਮ ਪੁਰੀ ਨੇ ਤਾਂ ‘ਚੰਨ ਪ੍ਰਦੇਸੀ’, ‘ਲੌਂਗ ਦਾ ਲਿਸ਼ਕਾਰਾ’, ‘ਯਾਰੀਆਂ’, ‘ਆ ਗਏ ਮੁੰਡੇ ਯੂ.ਕੇ. ਦੇ’, ‘ਭਾਜੀ ਇਨ ਪ੍ਰਾਬਲਮ’ ਅਤੇ ‘ਚਾਰ ਸਾਹਿਬਜ਼ਾਦੇ’ ਜਿਹੀਆਂ ਫਿਲਮਾਂ ਕਰਕੇ ਕਮਾਲ ਹੀ ਕਰ ਦਿੱਤੀ ਸੀ।
ਅਦਾਕਾਰ ਓਮ ਸ਼ਿਵਪੁਰੀ ਨੂੰ ਵੀ ਦਰਸ਼ਕਾਂ ਨੇ ‘ਅੱਜ ਦੀ ਹੀਰ’, ‘ਲੌਂਗ ਦਾ ਲਿਸ਼ਕਾਰਾ’ ਅਤੇ ‘ਧਿਆਨੂੰ ਭਗਤ’ ਆਦਿ ਫਿਲਮਾਂ ਵਿੱਚ ਬਹੁਤ ਸਲਾਹਿਆ ਸੀ। ਅਦਾਕਾਰ ਕਿਰਨ ਕੁਮਾਰ ਦੀ ‘ਲਾਡਲੀ’, ਕੁਲਭੂਸ਼ਨ ਖਰਬੰਦਾ ਦੀਆਂ ‘ਉੱਚਾ ਦਰ ਬਾਬੇ ਨਾਨਕ ਦਾ’, ‘ਮਾਹੌਲ ਠੀਕ ਹੈ’, ‘ਖ਼ੁਸ਼ੀਆਂ’, ‘ਦਿਲਦਾਰਾ’, ‘ਕਿਰਪਾਨ’, ‘ਚੰਨ ਪ੍ਰਦੇਸੀ’ ਅਤੇ ‘ਸਾਡੀ ਲਵ ਸਟੋਰੀ’, ਮੁਕੇਸ਼ ਰਿਸ਼ੀ ਦੀਆਂ ‘ਮਿੱਤਰ ਪਿਆਰੇ ਨੂੰ’, ‘ਨਿਡਰ’, ‘ਵਾਰਿਸ ਸ਼ਾਹ’, ‘ਜੱਟ ਜੇਮਸ ਬਾਂਡ’, ‘ਟੌਹਰ ਮਿੱਤਰਾਂ ਦੀ’ ਅਤੇ ‘ਸਿੱਕਾ’ ਆਦਿ ਫਿਲਮਾਂ ਹਨ।
ਅਦਾਕਾਰ ਅਸ਼ੋਕ ਕੁਮਾਰ ਅਤੇ ਪਰਦੀਪ ਕੁਮਾਰ ਜਿਹੇ ਮੰਨੇ ਪ੍ਰਮੰਨੇ ਅਦਾਕਾਰਾਂ ਵੀ ਨੇ ਫਿਲਮ ‘ਬੰਤੋ’ ਵਿੱਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਸੀ। ਜਾਨਕੀ ਦਾਸ ਨੇ ‘ਧੰਨਾ ਜੱਟ’, ‘ਮਨ ਜੀਤੇ ਜਗ ਜੀਤ’, ‘ਰਾਂਝਣ ਮੇਰਾ ਯਾਰ’ ਅਤੇ ਹੀਰਾ ਲਾਲ ਨੇ ‘ਮੇਰਾ ਪੰਜਾਬ’, ‘ਧਿਆਨੂੰ ਭਗਤ’, ‘ਮੁਟਿਆਰ’, ‘ਸੱਪਣੀ’ ਅਤੇ ‘ਸਵਾ ਲਾਖ ਸੇ ਏਕ ਲੜਾਊਂ’ ਅਤੇ ਜਗਦੀਸ਼ ਰਾਜ ਨੇ ‘ਪਵਿੱਤਰ ਪਾਪੀ’, ‘ਧਰਮਜੀਤ’, ‘ਸਵਾ ਲਾਖ ਸੇ ਏਕ ਲੜਾਊਂ’, ਹਾਸ ਅਦਾਕਾਰ ਓਮ ਪ੍ਰਕਾਸ਼ ਨੇ ‘ਚਮਨ’, ‘ਲੱਛੀ’, ‘ਮਦਾਰੀ’, ‘ਮਨ ਜੀਤੇ ਜਗ ਜੀਤ’, ‘ਪਾਪੀ ਤੇਰੇ ਅਨੇਕ’ ਅਤੇ ‘ਸੁਖੀ ਪਰਿਵਾਰ’, ਅਦਾਕਾਰ ਜਾਨੀ ਵਾਕਰ ਨੇ ‘ਤੇਰੀ ਮੇਰੀ ਇੱਕ ਜਿੰਦੜੀ’, ‘ਦੁੱਖ ਭੰਜਨ ਤੇਰਾ ਨਾਮ’ ਅਤੇ ‘ਵਲਾਇਤ ਪਾਸ’, ਸੁੰਦਰ ਨੇ ‘ਵਲਾਇਤੀ ਬਾਬੂ’, ‘ਚੰਨ ਪ੍ਰਦੇਸੀ’, ‘ਚੋਰਾਂ ਨੂੰ ਮੋਰ’, ‘ਟਾਕਰਾ’, ‘ਭਗਤੀ ਮੇਂ ਸ਼ਕਤੀ’, ‘ਯਮਲਾ ਜੱਟ’, ‘ਦੁੱਲਾ ਭੱਟੀ’, ‘ਭੰਗੜਾ’, ‘ਜੀਜਾ ਜੀ’, ‘ਮਦਾਰੀ’, ‘ਜੁਗਨੀ’, ‘ਛਾਈ’, ‘ਸੱਸੀ ਪੁੰਨੂੰ’, ‘ਲਾਰਾ ਲੱਪਾ’, ‘ਬੰਤੋ’ ਅਤੇ ਮਨਮੋਹਨ ਕ੍ਰਿਸ਼ਨ ਜਿਹੇ ਸੀਨੀਅਰ ਬੌਲੀਵੁੱਡ ਅਦਾਕਾਰ ਨੇ ‘ਦੁੱਖ ਭੰਜਨ ਤੇਰਾ ਨਾਮ’, ‘ਗੁਰੂ ਮਾਨਿਓ ਗ੍ਰੰਥ’, ‘ਮੈਂ ਜੱਟੀ ਪੰਜਾਬ ਦੀ’ ਅਤੇ ‘ਛੜਿਆਂ ਦੀ ਡੋਲੀ’ ਆਦਿ ਪੰਜਾਬੀ ਫਿਲਮਾਂ ਕਰਕੇ ਪੰਜਾਬੀ ਸਿਨੇਮਾ ਦੀ ਸ਼ੋਭਾ ਵਧਾਈ ਸੀ।
ਇਨ੍ਹਾਂ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਬੌਲੀਵੁੱਡ ਅਦਾਕਾਰਾਂ ਵਿੱਚੋਂ ਅਕਸ਼ੇ ਕੁਮਾਰ ਨੇ ‘ਦਿਲ ਪਰਦੇਸੀ ਹੋ ਗਿਆ’, ‘ਭਾਜੀ ਇਨ ਪ੍ਰਾਬਲਮ’ ਅਤੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’, ਜੈਕੀ ਸ਼ਰਾਫ਼ ਨੇ ‘ਸਰਦਾਰ ਸਾਬ੍ਹ’, ਅਦਾਕਾਰ ਸ਼ਕਤੀ ਕਪੂਰ ਨੇ ‘ਰਹੇ ਚੜ੍ਹਦੀ ਕਲਾ ਪੰਜਾਬ ਦੀ’, ‘ਛੜੇ ਮਲੰਗ’ ਅਤੇ ‘ਮੈਰਿਜ ਦਾ ਗੈਰਿਜ’, ਰਾਜ ਬੱਬਰ ਨੇ ‘ਲੌਂਗ ਦਾ ਲਿਸ਼ਕਾਰਾ’, ‘ਮੜ੍ਹੀ ਦਾ ਦੀਵਾ’, ‘ਯਾਰਾਂ ਨਾਲ ਬਹਾਰਾਂ’, ‘ਨਸੀਬੋ’, ‘ਮਾਹੌਲ ਠੀਕ ਹੈ’, ‘ਇੱਕ ਜਿੰਦ ਇੱਕ ਜਾਨ’, ‘ਸ਼ਹੀਦ ਊਧਮ ਸਿੰਘ’, ‘ਕੁਰਬਾਨੀ ਜੱਟ ਦੀ’, ‘ਤੇਰਾ ਮੇਰਾ ਕੀ ਰਿਸ਼ਤਾ’, ‘ਆਪਣੀ ਬੋਲੀ ਆਪਣਾ ਦੇਸ਼’ ਅਤੇ ‘ਆਸਰਾ ਪਿਆਰ ਦਾ’, ਜੂਹੀ ਚਾਵਲਾ ਨੇ ‘ਵਾਰਿਸ ਸ਼ਾਹ’, ‘ਦੇਸ ਹੋਇਆ ਪਰਦੇਸ’, ‘ਸੁਖਮਨੀ’, ਗ੍ਰੇਸੀ ਸਿੰਘ ਨੇ ‘ਲੱਖ ਪਰਦੇਸੀ ਹੋਈਏ’, ‘ਆਪਾਂ ਫੇਰ ਮਿਲਾਂਗੇ’, ‘ਚੂੜੀਆਂ’, ਕਵਿਤਾ ਕੌਸ਼ਿਕ ਨੇ ‘ਨਨਕਾਣਾ’, ‘ਵਧਾਈਆਂ ਜੀ ਵਧਾਈਆਂ’, ‘ਵੇਖ ਬਰਾਤਾਂ ਚੱਲੀਆਂ’, ‘ਮਿੰਦੋ ਤਹਿਸੀਲਦਾਰਨੀ’ ਅਤੇ ‘ਕੈਰੀ ਆਨ ਜੱਟਾ 3’, ਰਾਜਪਾਲ ਯਾਦਵ ਨੇ ‘ਆਰ.ਐੱਸ.ਵੀ.ਪੀ.’ ਅਤੇ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’, ਬੌਲੀਵੁੱਡ ਦੇ ਚਰਚਿਤ ਖ਼ਲਨਾਇਕ ਰਾਹੁਲ ਦੇਵ ਨੇ ‘ਮਿਰਜ਼ਾ’, ‘ਧਰਤੀ’, ‘ਯੋਧਾ’, ‘ਜੀ ਕਰਦਾ’, ‘ਰਮਤਾ ਜੋਗੀ’, ‘ਯਾਰਾਂ ਦਾ ਰੁਤਬਾ’, ‘ਬੰਬ ਜਿਗਰਾ’ ਅਤੇ ਮੁਕੁਲ ਦੇਵ ਨੇ ‘ਹਵਾਏਂ’, ‘ਬੁੱਰਰਾ...’, ‘ਹੀਰ ਐਂਡ ਹੀਰੋ’, ‘ਬਾਜ਼’, ‘ਸ਼ਰੀਕ’, ‘ਹੀਰੋ ਨਾਮ ਯਾਦ ਰੱਖੀਂ’, ‘ਜ਼ੋਰਾਵਰ’, ‘ਡਾਕਾ’, ‘ਜ਼ੋਰਾ 10 ਨੰਬਰੀਆ’ ਅਤੇ ‘ਮੁੰਡਾ ਫ਼ਰੀਦਕੋਟੀਆ’ ਸਣੇ ਕੁਝ ਹੋਰ ਫਿਲਮਾਂ ਵਿੱਚ ਆਪਣੀ ਜਾਨਦਾਰ ਤੇ ਸ਼ਾਨਦਾਰ ਅਦਾਕਾਰੀ ਵਿਖਾ ਕੇ ਦਰਸ਼ਕਾਂ ਦੇ ਮਨ ਮੋਹੇ ਹਨ। ਇਨ੍ਹਾਂ ਤੋਂ ਇਲਾਵਾ ਅਦਾਕਾਰ ਮਨੋਜ ਪਾਹਵਾ ਨੇ ‘ਡਿਸਕੋ ਸਿੰਘ’, ਮੁਕੇਸ਼ ਤਿਵਾੜੀ ਨੇ ‘ਜ਼ੋਰਾ 10 ਨੰਬਰੀਆ’, ‘ਜ਼ੋਰਾ ਦਿ ਸੈਕਿੰਡ ਚੈਪਟਰ’, ਹਾਸ ਅਭਿਨੇਤਾ ਰਜ਼ਾਕ ਖ਼ਾਨ ਨੇ ‘ਮੈਰਿਜ ਦਾ ਗੈਰਿਜ’, ਅਦਾਕਾਰ ਪਵਨ ਮਲਹੋਤਰਾ ਨੇ ‘ਸੁਪਰ ਸਿੰਘ’, ‘ਪੰਜਾਬ 1984’, ‘ਇੱਕ ਸੰਧੂ ਹੁੰਦਾ ਸੀ’, ‘ਵੰਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ’, ‘ਏਹੁ ਹਮਾਰਾ ਜੀਵਣਾ’ ਅਤੇ ‘ਗੇਲੋ’, ਪ੍ਰਮੋਦ ਮਾਊਥੋ ਨੇ ‘ਜਿੰਦੜੀ’, ‘ਸਾਡਾ ਹੱਕ’, ‘ਹਾਏ ਓ ਰੱਬਾ ਇਸ਼ਕ ਨਾ ਹੋਵੇ’, ‘ਮਿੰਨੀ ਪੰਜਾਬ’, ਗੋਵਿੰਦ ਨਾਮਦੇਵ ਨੇ ‘ਵੇਖ ਬਰਾਤਾਂ ਚੱਲੀਆਂ’, ਪੁਨੀਤ ਇਸਰ ਨੇ ‘ਫ਼ਤਿਹ’, ‘ਬੈਸਟ ਆਫ਼ ਲੱਕ’, ‘ਰੱਬ ਨੇ ਬਣਾਈਆਂ ਜੋੜੀਆਂ’, ‘ਤੇਰੀ ਮੇਰੀ ਗੱਲ ਬਣ ਗਈ’ ਅਤੇ ‘ਜੱਗ ਜਿਊਂਦਿਆਂ ਦੇ ਮੇਲੇ’, ਸ਼ਾਹਬਾਜ਼ ਖ਼ਾਨ ਨੇ ‘ਜੱਟ ਜੇਮਸ ਬਾਂਡ’, ਬਿੱਕਰ ਬਾਈ ਸੈਂਟੀਮੈਂਟਲ’ ਅਤੇ ‘ਦਾਸਤਾਨ ਏ ਸਰਹਿੰਦ’ ਅਤੇ ਪੰਕਜ ਤ੍ਰਿਪਾਠੀ ਜਿਹੇ ਅਦਾਕਾਰਾਂ ਨੇ ‘ਹਰਜੀਤਾ’ ਆਦਿ ਫਿਲਮਾਂ ਵਿੱਚ ਦਮਦਾਰ ਕਿਰਦਾਰ ਨਿਭਾਅ ਕੇ ਪੰਜਾਬੀ ਸਿਨੇਮਾ ਦੀ ਸਾਖ ਵਧਾਈ ਹੈ।
ਬੌਲੀਵੁੱਡ ਦੇ ਕਈ ਹੋਰ ਵੱਡੇ ਅਤੇ ਨਾਮਵਰ ਅਦਾਕਾਰ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਚਾਰ ਚੰਨ ਲਗਾਏ ਹਨ, ਉਨ੍ਹਾਂ ਵਿੱਚ ਕਬੀਰ ਬੇਦੀ ਨੇ ‘ਯਾਰਾ ਓ ਦਿਲਦਾਰਾ’ ਅਤੇ ‘ਯਾਰੀ ਤੇ ਸਰਦਾਰੀ’, ਰਜਿੰਦਰ ਨਾਥ ਨੇ ‘ਦੋ ਪੋਸਤੀ ਅਤੇ ਸੱਚਾ ਮੇਰਾ ਰੂਪ ਹੈ’, ਮੁਕੇਸ਼ ਖੰਨਾ ਨੇ ‘ਮਾਵਾਂ ਠੰਢੀਆਂ ਛਾਵਾਂ’, ਰਾਕੇਸ਼ ਬੇਦੀ ਨੇ ‘ਮੈਂ ਤੂੰ ਅਸੀਂ ਤੁਸੀਂ’, ਗਿਰਜਾ ਸ਼ੰਕਰ ਨੇ ‘ਉੱਚਾ ਦਰ ਬਾਬੇ ਨਾਨਕ ਦਾ’, ‘ਬਾਗ਼ੀ’, ‘ਗ਼ੱਦਾਰ’, ‘ਫਰਾਰ’ ਅਤੇ ‘ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ’, ਪੰਕਜ ਧੀਰ ਨੇ ‘ਚੂੜੀਆਂ’, ‘ਕਪਤਾਨ’ ਅਤੇ ‘ਸਰਦਾਰ ਜੀ’, ਗਜੇਂਦਰ ਚੌਹਾਨ ਨੇ ‘ਇੱਕ ਉਂਕਾਰ’, ਗੋਗਾ ਕਪੂਰ ਨੇ ‘ਖੇਲ ਤਕਦੀਰਾਂ ਦੇ’, ਪੰਕਜ ਬੇਰੀ ਨੇ ‘ਸੂਬੇਦਾਰ’, ‘ਸੀਤੋ ਮਰਜਾਣੀ’, ‘ਦਿਲ ਦੀਆਂ ਗੱਲਾਂ’ ਅਤੇ ‘ਜੰਗ 1984’, ਅਵਤਾਰ ਗਿੱਲ ਨੇ ‘ਉਡੀਕਾਂ’, ‘ਰੱਬ ਦਾ ਰੇਡੀਓ 2’, ‘ਮੁੰਡੇ ਕਮਾਲ ਦੇ’, ‘ਡਬਲ ਦੀ ਟ੍ਰਬਲ’, ‘ਮਿੱਤਰ ਪਿਆਰੇ ਨੂੰ’, ‘ਸਿੰਘ ਵਰਸਿਜ਼ ਕੌਰ’, ਜੱਟ ਜੇਮਸ ਬਾਂਡ’, ‘ਤੂਫ਼ਾਨ ਸਿੰਘ’, ‘ਭਾਜੀ ਇਨ ਪ੍ਰਾਬਲਮ’, ‘ਐੱਮ.ਐੱਲ. ਏ. ਨੱਥਾ ਸਿੰਘ’, ‘ਲੱਖ ਪਰਦੇਸੀ ਹੋਈਏ’, ਭਰਤ ਕਪੂਰ ਨੇ ‘ਦਰਬਾਰ’, ‘ਭਾਬੋ’, ‘ਮਾਤਾ ਦਾ ਦਰਬਾਰ’, ‘ਸੁਹਾਗ ਚੂੜਾ’, ‘ਖੇਡ ਪ੍ਰੀਤਾਂ ਦੀ’, ਅਰੁਣ ਬਖ਼ਸੀ ਨੇ ‘ਵਤਨਾਂ ਤੋਂ ਦੂਰ’, ‘ਇੱਕ ਜਿੰਦ ਇੱਕ ਜਾਨ’ ਅਤੇ ‘ਜੱਟ ਜੁਗਾੜੀ’, ਅਰੁਣ ਬਾਲੀ ਨੇ ‘ਕਾਕੇ ਦਾ ਵਿਆਹ’, ‘ਪੰਜਾਬ 1984’, ‘ਪੰਜਾਬ ਸਿੰਘ’, ‘ਮੁੰਡੇ ਯੂ.ਕੇ. ਦੇ’, ‘ਸਤਿ ਸ੍ਰੀ ਅਕਾਲ’, ਅਦਾਕਾਰ ਬ੍ਰਹਮਚਾਰੀ ਨੇ ‘ਯਮਲਾ ਜੱਟ’, ‘ਸਵਾ ਲਾਖ ਸੇ ਏਕ ਲੜਾਊਂ’, ‘ਤੇਰੀ ਮੇਰੀ ਇੱਕ ਜਿੰਦੜੀ’ ਅਤੇ ‘ਧਰਮਜੀਤ’, ਪੇਂਟਲ ਨੇ ‘ਸਾਲ ਸੋਲ੍ਹਵਾਂ ਚੜ੍ਹਿਆ’ ਅਤੇ ਗੂਫ਼ੀ ਪੇਂਟਲ ਨੇ ‘ਸਰਬੰਸਦਾਨੀ ਗੁਰੂ ਗੋਬਿੰਦ ਸਿੰਘ’ ਆਦਿ ਜਿਹੀਆਂ ਬਿਹਤਰੀਨ ਫਿਲਮਾਂ ਸਦਕਾ ਪੌਲੀਵੁੱਡ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਘਾਲਣਾ ਘਾਲੀ ਹੈ।
ਬੌਲੀਵੁੱਡ ਜਿਹੀ ਵੱਡੀ ਫਿਲਮ ਇੰਡਸਟਰੀ ’ਚੋਂ ਵਕਤ ਕੱਢ ਕੇ ਪੰਜਾਬੀ ਸਿਨੇਮਾ ਜਿਹੇ ਖੇਤਰੀ ਸਿਨੇਮਾ ਨੂੰ ਵੱਡਾ ਕੈਨਵਸ ਪ੍ਰਦਾਨ ਕਰਨ ਲਈ ਕੁਝ ਹੋਰ ਅਹਿਮ ਸਿਤਾਰਿਆਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ ਜਿਸ ਵਾਸਤੇ ਸਮੁੱਚਾ ਪੌਲੀਵੁੱਡ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ। ਆਇਸ਼ਾ ਜ਼ੁਲਕਾ ਤੇ ਅਵਿਨਾਸ਼ ਵਧਾਵਨ ਨੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’, ਯਾਮੀ ਗੌਤਮ ਨੇ ‘ਏਕ ਨੂਰ’, ਰਜਤ ਬੇਦੀ ਨੇ ‘ਗੋਲ ਗੱਪੇ’, ਜ਼ਹੀਰਾ ਨੇ ‘ਲਾਡਲੀ’ ਅਤੇ ‘ਸਾਲ ਸੋਲ੍ਹਵਾਂ ਚੜ੍ਹਿਆ’, ਤਨੂਜਾ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ‘ਦਿਲਦਾਰਾ’, ਵੱਡੇ ਅਦਾਕਾਰ ਵਿਨੋਦ ਮਹਿਰਾ ਨੇ ‘ਮੌਜਾਂ ਦੁਬਈ ਦੀਆਂ’, ਪੂਨਮ ਢਿੱਲੋਂ ਨੇ ‘ਡਬਲ ਦੀ ਟ੍ਰਬਲ’ ਅਤੇ ‘ਉਮਰਾਂ ’ਚ ਕੀ ਰੱਖਿਆ’, ਵਿੱਦਿਆ ਸਿਨਹਾ ਅਤੇ ਸਿੰਮੀ ਗਰੇਵਾਲ ਨੇ ‘ਉਡੀਕਾਂ’, ਰੇਖਾ ਨੇ ‘ਸਾਲ ਸੋਲ੍ਹਵਾਂ ਚੜ੍ਹਿਆ’, ਮਧੂਮਤੀ ਨੇ ‘ਸੱਪਣੀ’, ‘ਚੰਬੇ ਦੀ ਕਲੀ’, ‘ਮਨ ਜੀਤੇ ਜਗ ਜੀਤ’, ਹੈਲਨ ਨੇ ‘ਯਮਲਾ ਜੱਟ’ ਅਤੇ ‘ਸੁਖੀ ਪਰਿਵਾਰ’, ਅਰੁਣਾ ਈਰਾਨੀ ਨੇ ‘ਉੱਚਾ ਦਰ ਬਾਬੇ ਨਾਨਕ ਦਾ’, ‘ਲੰਬੜਦਾਰਨੀ’ ਅਤੇ ‘ਜੱਟ ਦੁਬਈ ਦਾ’, ਉਮਾ ਦੇਵੀ ਉਰਫ਼ ਟੁਨਟੁਨ ਨੇ ‘ਪਰਦੇਸਣ’, ‘ਸੱਪਣੀ’, ‘ਗੋਰੀ ਦੀਆਂ ਝਾਂਜਰਾਂ’, ‘ਮੇਲੇ ਮਿੱਤਰਾਂ ਦੇ’, ‘ਪਿੰਡ ਦੀ ਕੁੜੀ’, ‘ਮੈਂ ਜੱਟੀ ਪੰਜਾਬ ਦੀ’, ਅਦਾਕਾਰਾ ਮਨੋਰਮਾ ਨੇ ‘ਖ਼ਜ਼ਾਨਚੀ’, ‘ਸਹਿਤੀ ਤੇ ਮੁਰਾਦ’, ‘ਮੇਰਾ ਮਾਹੀ’, ‘ਕੋਇਲ’, ‘ਲੱਛੀ’, ‘ਪੋਸਤੀ’, ‘ਜੁਗਨੀ’, ਪਦਮਾ ਖੰਨਾ ਨਾਮਕ ਅਦਾਕਾਰਾ ਨੇ ‘ਧੰਨਾ ਜੱਟ’, ‘ਜਿੰਦੜੀ ਯਾਰ ਦੀ’ ਅਤੇ ‘ਸ਼ੇਰ ਪੁੱਤਰ’, ਨਸ਼ੀਲੇ ਨੈਣਾਂ ਵਾਲੀ ਨਿਸ਼ੀ ਨੇ ‘ਡੰਕਾ’, ‘ਨਾਨਕ ਨਾਮ ਜਹਾਜ਼ ਹੈ’, ‘ਲਾਈਏ ਤੇ ਤੋੜ ਨਿਭਾਈਏ’, ‘ਧਰਤੀ ਵੀਰਾਂ ਦੀ’, ‘ਸਤਲੁਜ ਦੇ ਕੰਢੇ’, ‘ਲਾਜੋ’, ‘ਲਾਡੋ ਰਾਣੀ’, ‘ਸੱਪਣੀ’, ‘ਪਿੰਡ ਦੀ ਕੁੜੀ’, ‘ਬੰਤੋ’, ‘ਢੋਲ ਜਾਨੀ’, ‘ਗੁੱਡੀ’, ‘ਭੰਗੜਾ’, ‘ਜੀਜਾ ਜੀ’ ਅਤੇ ‘ਮੈਂ ਜੱਟੀ ਪੰਜਾਬ ਦੀ’ ਅਤੇ ਅਭਿਨੇਤਰੀ ਵਿੰਮੀ ਨੇ ‘ਨਾਨਕ ਨਾਮ ਜਹਾਜ਼ ਹੈ’ ਜਿਹੀ ਕੌਮੀ ਪੁਰਸਕਾਰ ਜੇਤੂ ਫਿਲਮ ਵਿੱਚ ਅਦਾਕਾਰੀ ਕਰਕੇ ਪੰਜਾਬੀ ਸਿਨੇਮਾ ਦੀ ਪੱਗ ਦਾ ਸ਼ਮਲਾ ਹੋਰ ਉੱਚਾ ਕਰ ਦਿੱਤਾ ਸੀ।
ਸੰਪਰਕ: 97816-46008