ਝੁਕ ਜਾ ਕਪਾਹ ਦੀਏ ਛਟੀਏ...
ਜੱਗਾ ਸਿੰਘ ਆਦਮਕੇ
ਕਿਸੇ ਖਿੱਤੇ ਦਾ ਸੱਭਿਆਚਾਰ ਸਬੰਧਤ ਲੋਕਾਂ ਵੱਲੋਂ ਸਿਰਜੀ ਜੀਵਨ ਜਾਚ ਹੈ ਜਿਸ ਵਿੱਚ ਸਬੰਧਤ ਖਿੱਤੇ ਦੇ ਲੋਕਾਂ ਦੇ ਸਾਰੇ ਪੱਖਾਂ ਦਾ ਸੁਮੇਲ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਪੰਜਾਬੀਆਂ ਦੇ ਵਿਸ਼ਵਾਸ, ਪਹਿਰਾਵੇ, ਵਿਆਹ, ਰੀਤੀ-ਰਿਵਾਜ, ਕਲਾਵਾਂ, ਹਾਰ ਸ਼ਿੰੰਗਾਰ, ਰਹਿਣ ਸਹਿਣ, ਫਸਲਾਂ, ਬਨਸਪਤੀ, ਰੁੱਤਾਂ, ਮੇਲੇ ਆਦਿ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਹਨ। ਪੰਜਾਬੀ ਜਨ ਜੀਵਨ ਦੀ ਆਰਥਿਕਤਾ ਲਈ ਖੇਤੀਬਾੜੀ ਦੀ ਮਹੱਤਵਪੂਰਨ ਭੂਮਿਕਾ ਹੈ। ਪੰਜਾਬੀ ਜਨ ਜੀਵਨ ਵਿੱਚ ਬਹੁਤ ਕੁੱਝ ਖੇਤੀਬਾੜੀ ਅਤੇ ਖੇਤੀਬਾੜੀ ਨਾਲ ਸਬੰਧਤ ਕੰਮਾਂ ਕਾਰਾਂ, ਫ਼ਸਲਾਂ ਆਦਿ ਦੇ ਇਰਦ ਗਿਰਦ ਘੁੰਮਦਾ ਹੈ। ਇਸ ਖਿੱਤੇ ਵਿੱਚ ਪੈਦਾ ਹੁੰਦੀਆਂ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਨਰਮਾ, ਗੁਆਰਾ, ਬਾਜਰਾ, ਤਿਲ, ਚਰ੍ਹੀ, ਮੂੰਗੀ ਆਦਿ ਦਾ ਇੱਥੋਂ ਦੇ ਲੋਕਗੀਤਾਂ, ਬਾਤਾਂ ਅਤੇ ਬੁਝਾਰਤਾਂ ਵਿੱਚ ਜ਼ਿਕਰ ਮਿਲਦਾ ਹੈ। ਪੰਜਾਬ ਦੀਆਂ ਸਾਉਣੀ ਦੀਆਂ ਫ਼ਸਲਾਂ ਵਿੱਚੋਂ ਸਭ ਤੋਂ ਪ੍ਰਮੁੱਖ ਵਪਾਰਕ ਫ਼ਸਲਾਂ ਵਿੱਚ ਨਰਮਾ ਤੇ ਕਪਾਹ ਵੀ ਸ਼ਾਮਲ ਹੈ। ਕਪਾਹ ‘ਰੂੰ’ ਪ੍ਰਦਾਨ ਕਰਨ ਵਾਲਾ ਪੌਦਾ ਹੈ। ਕਪਾਹ ਦੀ ਫ਼ਸਲ ਦਾ ਉਤਪਾਦਨ ਪੁਰਾਤਨ ਸਮੇਂ ਤੋਂ ਹੁੰਦਾ ਆ ਰਿਹਾ ਹੈ ਅਤੇ ਤਨ ਢੱਕਣ ਲਈ ਵੱਖ ਵੱਖ ਤਰ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ ਰਹੀ ਹੈ। ਅਜਿਹਾ ਹੋਣ ਕਾਰਨ ਗੁਰਬਾਣੀ ਸਮੇਤ ਪੁਰਾਤਨ ਸਾਹਿਤ ਵਿੱਚ ਵੀ ਇਸ ਦਾ ਵਰਣਨ ਮਿਲਦਾ ਹੈ।
ਕਪਾਹ ਦਾ ਪੁਰਾਤਨ ਸਮੇਂ ਤੋਂ ਉਤਪਾਦਨ ਹੋਣ ਕਾਰਨ ਲੋਕ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਇਸ ਸਬੰਧੀ ਜ਼ਿਕਰ ਮਿਲਦਾ ਹੈ। ਕਪਾਹ ਦਾ ਪੰਜਾਬੀ ਲੋਕਗੀਤਾਂ, ਟੱਪਿਆਂ, ਬੋਲੀਆਂ ਵਿੱਚ ਵੱਖ ਵੱਖ ਸੰਦਰਭਾਂ ਵਿੱਚ ਵਰਣਨ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਪਰ੍ਹੇ ਹਟ ਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਲੈਣ ਦੇ।
ਕਪਾਹ ਦੀਆਂ ਛਟੀਆਂ ਲੰਬੀਆਂ ਹੁੰਦੀਆਂ ਹਨ। ਜਿੱਥੇ ਫ਼ਲ ਦੇ ਵਜ਼ਨ ਕਾਰਨ ਕੁੱਝ ਟਾਹਣੀਆਂ ਹੇਠਾਂ ਲਮਕ ਜਾਂਦੀਆਂ ਹਨ, ਉੱਥੇ ਮਜ਼ਬੂਤ ਅਤੇ ਘੱਟ ਭਾਰ ਵਾਲੀਆਂ ਛਟੀਆਂ ਸਿੱਧੀਆਂ ਖੜ੍ਹੀਆਂ ਹੁੰਦੀਆਂ ਹਨ। ਅਜਿਹਾ ਹੋਣ ਕਾਰਨ ਕਪਾਹ ਦੀਆਂ ਸਿੱਧੀਆਂ ਛਟੀਆਂ ਨੂੰ ਕਪਾਹ ਚੁਗਦਿਆਂ ਪਤਲੋ ਦੀ ਬਾਂਹ ਥੱਕਣ ਕਾਰਨ ਸਬੰਧਤ ਦਾ ਫਿਕਰ ਕਰਨ ਵਾਲੇ ਵੱਲੋਂ ਝੁਕਣ ਲਈ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ :
ਝੁਕ ਜਾ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕ ਗੀ।
ਨਰਮੇ ਕਪਾਹ ਦੇ ਪੌਦਿਆਂ ਦਾ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਨ ਤੇ ਅਖੀਰ ’ਤੇ ਪੱਕੇ ਟੀਂਡੇ ਗਲ੍ਹਿਆਂ ਦੇ ਰੂਪ ਵਿੱਚ ਖਿੜ ਜਾਂਦੇ ਹਨ, ਪਰ ਕਿਸੇ ਵੱਲੋਂ ਕਿਸੇ ਆਪਣੇ ਦੇ ਹੱਸਣ ਨਾਲ ਹੀ ਟੀਂਡਿਆਂ ਦੇ ਖਿੜਨ ਦੀ ਕਲਪਨਾ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ:
ਤੂੰ ਕਾਹਦੀ ਹੱਸ ਕੇ ਖੇਤ ਵਿੱਚੋਂ ਲੰਘ ਗਈ
ਖੇਤ ਵਿੱਚ ਕਪਾਹ ਖਿੜ ਗਈ।
ਨਰਮੇ, ਕਪਾਹ ਦੇ ਖਿੜਣ ਤੇ ਇਸ ਨੂੰ ਚੁਗਣ ਦੇ ਦਿਨ ਕਿਸਾਨੀ ਤੇ ਇਸ ਨਾਲ ਜੁੜੇ ਲੋਕਾਂ ਲਈ ਬੇਹੱਦ ਰੁਝੇਵਿਆਂ ਭਰਪੂਰ ਹੁੰਦੇ ਹਨ। ਅਜਿਹਾ ਹੋਣ ਕਾਰਨ ਬਹੁਤ ਸਾਰੇ ਮਹੱਤਵਪੂਰਨ ਮੌਕੇ ਇਸ ਕੰਮ ਵਿੱਚ ਰੁੱਝੇ ਲੋਕਾਂ ਲਈ ਬਿਨਾਂ ਮਾਣਿਆਂ ਹੀ ਚਲੇ ਜਾਂਦੇ ਹਨ। ਕਿਸਾਨਾਂ ਅਤੇ ਨਰਮਾ ਚੁਗਣ ਵਾਲੀਆਂ ਚੋਣੀਆਂ, ਚੁਗਾਵਿਆਂ ਲਈ ਨਰਮਾ ਕਪਾਹ ਚੁਗਣ ਦੇ ਇਹ ਦਿਨ ਉਨ੍ਹਾਂ ਲਈ ਬੇਹੱਦ ਮਹੱਤਵਪੂਰਨ ਹੁੰਦੇ ਹਨ। ਪਹਿਲਾਂ ਨਰਮੇ ਦੀ ਦੇਸੀ ਕਿਸਮ ਕਪਾਹ ਪੰਜਾਬ ਵਿੱਚ ਵੱਡੇ ਪੱਧਰ ’ਤੇ ਉਗਾਈ ਜਾਂਦੀ ਸੀ। ਬਾਅਦ ਵਿੱਚ ਇਸ ਦੀ ਵੱਧ ਝਾੜ ਦੇਣ ਵਾਲੀ ਕਿਸਮ ਨਰਮਾ ਵਿਕਸਿਤ ਕੀਤੀ ਗਈ ਅਤੇ ਇਸ ਦਾ ਵੱਡੇ ਪੱੱਧਰ ’ਤੇ ਉਤਪਾਦਨ ਹੋਣ ਲੱਗਿਆ। ਨਰਮੇ ਦੇ ਭਰਪੂਰ ਉਤਪਾਦਨ ਹੋਣ ਸਬੰਧੀ ਬਾਬੂ ਰਜ਼ਬ ਅਲੀ ਦਾ ਕੁੱਝ ਇਸ ਤਰ੍ਹਾਂ ਵਰਣਨ ਮਿਲਦਾ ਹੈ :
ਤਿਹੁਣੇ, ਰਾਇਕੇ, ਮਹੂਆਣੇ।
ਬਾਦਲ, ਖੁੱਡੀਆਂ, ਅਬਲੂ ਖੁਰਾਣੇ।
ਕੁੱਲ ਸਰਦਾਰ ਨਵਾਬਾਂ ਵਰਗੇ।
ਕੋਠੇ ਨਰਮਿਆਂ ਦੇ ਨਾਲ ਭਰ ਗੇ।
ਨਰਮਾ/ਕਪਾਹ ਘੱਟ ਪਾਣੀ ਦੀ ਜ਼ਰੂਰਤ ਵਾਲੀ ਫ਼ਸਲ ਹੈ। ਅਜਿਹਾ ਹੋਣ ਕਾਰਨ ਇਸ ਦੀ ਖੇਤੀ ਘੱਟ ਨਹਿਰੀ ਪਾਣੀ ਵਾਲੇ ਅਤੇ ਕੁੱਝ ਰੇਤਲੇ ਖੇਤਰਾਂ ਵਿੱਚ ਵੀ ਕੀਤੀ ਜਾਂਦੀ ਰਹੀ ਹੈ। ਆਧੁੁਨਿਕ ਖੇਤੀ ਸਿੰਚਾਈ ਸਾਧਨਾਂ ਦੀ ਅਣਹੋਂਦ ਕਾਰਨ ਨਰਮੇ/ਕਪਾਹ ਦੀ ਊਠਾਂ, ਬਲਦਾਂ ਨਾਲ ਖੂਹਾਂ ਵਿੱਚੋਂ ਪਾਣੀ ਕੱਢ ਕੇ ਸਿੰਚਾਈ ਕੀਤੀ ਜਾਂਦੀ ਸੀ। ਅਜਿਹਾ ਹੋਣ ਕਾਰਨ ਵਿਆਹ ਸਮੇਂ ਗਾਈਆਂ ਜਾਂਦੀਆਂ ਸਿੱਠਣੀਆਂ/ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਨਰਮੇ ਦੀ ਸਿੰਚਾਈ ਕਰਨ ਦੀ ਕਲਪਨਾ ਕੀਤੀ ਮਿਲਦੀ ਹੈ:
ਚੁਟਕੀ ਵੇ ਮਾਰਾਂ ਜੀਜਾ ਰਾਖ ਦੀ
ਹਾਂ ਵੇ ਬੋਤਾ ਲਵਾਂ ਵੇ ਬਣਾ
ਬੰਨੇ ਵਾਲੇ ਖੂਹ ਜੋੜ ਕੇ
ਤੈਥੋਂ ਨਰਮਾ ਲਵਾਂ ਵੇ
ਵੇ, ਸੁਣਦਿਆ ਕੰਨ ਕਰੀਂ ਵੇ, ਰਮਾ।
ਬੁਝਾਰਤਾਂ ਲੋਕ ਸਾਹਿਤ ਦਾ ਅਹਿਮ ਹਿੱਸਾ ਹਨ। ਬੁਝਾਰਤਾਂ ਬੁੱਧੀ ਪਰਖ ਦਾ ਸਾਧਨ ਹਨ। ਇਨ੍ਹਾਂ ਵਿੱਚ ਵਿਸ਼ੇ ਦੇ ਪੱਖ ਤੋਂ ਵਿਸ਼ਾਲਤਾ ਹੈ। ਖੇਤੀਬਾੜੀ ਨਾਲ ਸਬੰਧਤ ਪੱਖ ਵੀ ਬੁਝਾਰਤਾਂ ਵਿੱਚ ਵਿਸ਼ੇ ਵਜੋਂ ਪfਰੋਏ ਮਿਲਦੇ ਹਨ। ਕੁਝ ਇਸ ਤਰ੍ਹਾਂ ਹੀ ਨਰਮੇ/ਕਪਾਹ ਸਬੰਧੀ ਬੁਝਾਰਤ ਕੁਝ ਇਸ ਤਰ੍ਹਾਂ ਮਿਲਦੀ ਹੈ:
ਬੀਜੇ ਸੀ ਰੋੜ, ਉੱਗੇ ਸੀ ਝਾੜ
ਲੱਗੇ ਸੀ ਨਿੰਬੂ ਖਿੜੇ ਸੀ ਅਨਾਰ।
ਨਰਮੇ ਕਪਾਹ ਦਾ ਰੰਗ ਸਫ਼ੈਦ ਹੁੰਦਾ ਹੈ। ਇਸ ਦੀਆਂ ਫੁੱਟੀਆਂ ਰਾਹੀਂ ਇੱਕ ਮੁਟਿਆਰ ਆਪਣੇ ਜਜ਼ਬਾਤਾਂ ਦੀ ਪੇਸ਼ਕਾਰੀ ਕੁਝ ਇਸ ਤਰ੍ਹਾਂ ਕਰਦੀ ਹੈ-
ਚਿੱਟੀਆਂ ਕਪਾਹ ਦੀਆਂ ਫੁੱਟੀਆਂ
ਹਾਏ ਨੀਂ ਪੱਤ ਹਰੇ ਹਰੇ
ਆਖ ਨੀਂ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੈੜਾ ਹੱਸਿਆ ਕਰੇ।
ਨਰਮੇ ਕਪਾਹ ਦੀ ਫ਼ਸਲ ਰੇਤਲੇ ਅਤੇ ਰੇਸਲੇ ਖੇਤਰਾਂ ਵਿੱਚ ਵੀ ਸਫਲਤਾ ਨਾਲ ਹੁੰਦੀ ਹੈ। ਇਸ ਫ਼ਸਲ ਨੂੰ ਪਾਣੀ ਦੀ ਵਧੇਰੇ ਜ਼ਰੂਰਤ ਨਹੀਂ ਹੁੰਦੀ। ਅਜਿਹਾ ਹੋਣ ਕਾਰਨ ਮਾਲਵੇ ਦੇ ਟਿੱਬਿਆਂ ’ਤੇ ਨਰਮੇ/ ਕਪਾਹ ਦੀ ਚੰਗੀ ਫ਼ਸਲ ਹੁੰਦੀ ਰਹੀ ਹੈ। ਅਜਿਹਾ ਹੋਣ ਕਾਰਨ ਹੀ ਲੋਕਗੀਤਾਂ, ਲੋਕ ਬੋਲੀਆਂ ਵਿੱਚ ਉੱਚੇ ਟਿੱਬੇ ਨਰਮਾ ਚੁਗਣ ਦਾ ਜ਼ਿਕਰ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਉੱਚੇ ਟਿੱੱਬੇ ਮੈਂ ਨਰਮਾ ਚੁਗਦੀ
ਚੁਗ ਚੁਗ ਲਾਵਾਂ ਢੇਰ
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ
ਤੀਆਂ ਤੀਜ...
ਕਪਾਹ ਦੇ ਬੜੇਵੇਂ ਪਸ਼ੂਆਂ ਲਈ ਸਿਹਤਮੰਦ ਪਦਾਰਥ ਹਨ। ਅਜਿਹਾ ਇਨ੍ਹਾਂ ਵਿਚਲੀ ਥੰਧਿਆਈ ਅਤੇ ਦੂਸਰੇ ਖੁਰਾਕੀ ਤੱਤਾਂ ਕਾਰਨ ਹੈ। ਇਸ ਤਰ੍ਹਾਂ ਬਹੁਪੱਖੀ ਮਹੱਤਵ ਵਾਲੀ ਕਪਾਹ ਕਿਸੇ ਲਈ ਕੁੱਝ ਇਸ ਤਰ੍ਹਾਂ ਵੀ ਉਪਯੋਗੀ ਹੋਣ ਸਬੰਧੀ ਟੱਪਿਆਂ ਬੋਲੀਆਂ ਵਿੱਚ ਜ਼ਿਕਰ ਮਿਲਦਾ ਹੈ:
ਮੇਰੀ ਕੱਲ੍ਹ ਨੂੰ ਕਪਾਹ ਦੀ ਵਾਰੀ
ਡੰਡੀ ’ਤੇ ਉਡੀਕੀਂ ਮਿੱਤਰਾ।
ਕਪਾਹ ਦੀ ਫ਼ਸਲ ਦੇ ਖਿੜਣਾ ਸ਼ੁਰੂ ਹੋਣ ਸਮੇਂ ਚੰਗੀ ਧੁੱਪ ਲੱਗਣਾ ਜ਼ਰੂਰੀ ਹੈ। ਖਿੜੇ ਦੁਪਹਿਰੇ ਖਿੜੀਆਂ ਕਪਾਹਾਂ ਵੀ ਆਪਣਾ ਰੰਗ ਬਿਖੇਰਦੀਆਂ ਹਨ। ਨਰਮੇ, ਕਪਾਹ ਦੇ ਅਜਿਹੇ ਪੱਖ ਨੂੰ ਬੋਲੀਆਂ ਤੇ ਟੱਪਿਆਂ ਵਿੱਚ ਬਿਆਨ ਕੀਤਾ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਖਿੜੀਆਂ ਦੁਪਹਿਰਾਂ ਦੇ ਵਿੱਚ ਹੱਸਣ ਕਪਾਹਾਂਂ
ਟੀਂਡੇ ਤੋਂ ਬਣੇ ਗਲ੍ਹਾ, ਜਿਸ ਨੂੰ ਹੱਥ ਲਾਵਾਂ
ਪੁਰਤਾਨ ਸਮੇਂ ਤੋਂ ਕਪਾਹ ਦੇ ਰੇਸ਼ੇ ਮਨੁੱਖੀ ਤਨ ਢੱਕਣ ਲਈ ਕੱਪੜੇ ਬਣਾਉਣ ਦੇ ਕੰਮ ਆਉਂਦੇ ਰਹੇ ਹਨ। ਇਸ ਦਾ ਪ੍ਰਮਾਣ ਪੁਰਾਤਨ ਸੱਭਿਆਤਾਵਾਂ ਦੇ ਮਿਲੇ ਅਵਸ਼ੇਸ਼ਾਂ ਵਿੱਚੋਂ ਮਿਲਦਾ ਹੈ। ਨਰਮੇ ਕਪਾਹ ਤੋਂ ਬਣੇ ਸੂਤ ਦੇ ਕੱਪੜੇ ਅਜੋਕੇ ਸਮੇਂ ਵੀ ਲੋਕ ਪਹਿਰਾਵੇ ਦਾ ਪ੍ਰਮੁੱਖ ਅੰਗ ਹਨ। ਅਜਿਹਾ ਹੋਣ ਕਾਰਨ ਨਰਮੇ ਤੋਂ ਤਿਆਰ ਬਸਤਰਾਂ ਦਾ ਵਰਣਨ ਲੋਕਗੀਤਾਂ, ਲੋਕ ਬੋਲੀਆਂ, ਟੱਪਿਆਂ ਵਿੱਚ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਗਲ ਕੁੜਤਾ ਨਰਮੇ ਦਾ
ਰੱਬ ਉਹਨੂੰ ਹੁਸਨ ਦਿੱਤਾ
ਪਤਾ ਦੱਸਿਆ ਨਾ ਗੱਲ ਕਰਨੇ ਦਾ
ਕਪਾਹ ਪੇਂਡੂ ਸੁਆਣੀਆਂ ਲਈ ਰੁੁਝੇਵੇਂ ਦਾ ਵੀ ਸਾਧਨ ਬਣਦੀ ਰਹੀ ਹੈ। ਕਪਾਹ ਚੁਗਣ, ਤੁੰਬਣ, ਕੱਤਣ ਅਤੇ ਖੇਸ ਆਦਿ ਬੁਣਨ ਦੀਆਂ ਗਤੀਵਿਧੀਆਂ ਵਿੱਚ ਲੰਬਾ ਸਮਾਂ ਲੱਗਦਾ। ਕਪਾਹ ਨਾਲੋਂ ਬੜੇਵੇਂ ਅਤੇ ਰੂੰ ਵੱਖ ਕਰਨ ਦੇ ਆਧੁਨਿਕ ਸਾਧਨਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਵੱਲੋਂ ਦੇਸੀ ਤਰੀਕਿਆਂ ਨਾਲ ਰੂੰ ਪਿੰਜੀ ਜਾਂਦੀ ਸੀ, ਜਿਹੜੀ ਥਕਾਉਣ ਅਤੇ ਕਾਫ਼ੀ ਸਮਾਂ ਲਗਾਉਣ ਵਾਲਾ ਤਰੀਕਾ ਕੁੱਝ ਇਸ ਤਰ੍ਹਾਂ ਹੁੰਦਾ ਸੀ:
ਕਰੀਰ ਦਾ ਵੇਲਣਾ, ਮੈਂ ਵੇਲ ਵੇਲ ਥੱਕੀ।
ਲੋਕ ਸਿਆਣਪਾਂ, ਕਹਾਵਤਾਂ, ਅਖਾਣ ਅਤੇ ਮੁਹਾਵਰੇ ਲੋਕਾਂ ਦੇ ਗੁੜ੍ਹ ਗਿਆਨ, ਵਿਚਾਰਾਂ, ਭਾਵਾਂ ਆਦਿ ਦਾ ਸੁਹਜਮਈ ਪ੍ਰਗਟਾਵਾ ਹੁੰਦੇ ਹਨ। ਵਿਸ਼ੇ ਦੇ ਪੱਖ ਤੋਂ ਇਨ੍ਹਾਂ ਵਿੱਚ ਵਿਸ਼ਾਲਤਾ ਹੈ। ਇਹ ਸਬੰਧਤ ਖਿੱਤੇ ਦੇ ਹਰ ਪੱਖ ਨੂੰ ਆਪਣੇ ਅੰਦਰ ਸਮੇਟਣ ਦੀ ਸਮਰੱਥਾ ਰੱਖਦੀਆਂ ਹਨ। ਕੁੱਝ ਅਜਿਹਾ ਹੋਣ ਕਾਰਨ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਇੱਥੇ ਹੁੰਦੀਆਂ ਕਪਾਹ ਵਰਗੀਆਂ ਫ਼ਸਲਾਂ ਦਾ ਜ਼ਿਕਰ ਕੁੱਝ ਇਸ ਤਰ੍ਹਾਂ ਮਿਲਦਾ ਹੈ:
ਹੱਟੀ ਵਿੱਚ ਕਪਾਹ ਤੇ ਮੇਰੀ ਤਾਣੀ ਦੇ ਲਾਹ
ਇਸ ਤਰ੍ਹਾਂ ਨਰਮਾ ਕਪਾਹ ਕੇਵਲ ਇੱਕ ਫ਼ਸਲ ਤੱਕ ਸੀਮਤ ਨਾ ਹੋ ਕੇ ਬਹੁਪਸਾਰੀ ਮਹੱੱਤਵ ਦੇ ਮਾਲਕ ਹਨ। ਆਪਣੇ ਵਿਸ਼ੇਸ਼ ਆਰਥਿਕ ਮਹੱਤਵ ਦੇ ਨਾਲ ਨਾਲ ਇਹ ਪੰਜਾਬੀ ਜਨ ਜੀਵਨ ਲਈ ਸੱਭਿਆਚਾਰਕ ਪੱਖ ਤੋਂ ਵੀ ਮਹੱਤਵ ਰੱਖਣ ਵਾਲੀ ਫ਼ਸਲ ਰਹੀ ਹੈ।
ਸੰਪਰਕ: 81469-24800