ਰਾਮਲੀਲ੍ਹਾ ਨੂੰ ਪ੍ਰਣਾਇਆ ਕਲਾਕਾਰ ਗਿਆਨ ਚੰਦ ਸ਼ਰਮਾ
ਰਾਮਲੀਲ੍ਹਾ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੈ, ਜੋ ਸਿਰਫ਼ ਧਾਰਮਿਕ ਪੱਖ ਹੀ ਨਹੀਂ ਸਗੋਂ ਸਮਾਜਿਕ ਜੁੜਾਓ ਦਾ ਵੀ ਪ੍ਰਤੀਕ ਹੈ। ਇਸ ਪਵਿੱਤਰ ਮੰਚ ਨੂੰ ਆਪਣੇ ਜੀਵਨ ਦੇ 60 ਸਾਲ ਸਮਰਪਿਤ ਕਰਨ ਵਾਲੇ ਕਲਾਕਾਰ ਗਿਆਨ ਚੰਦ ਸ਼ਰਮਾ ਦਾ ਨਾਮ ਬੜੀ ਇੱਜ਼ਤ...
ਰਾਮਲੀਲ੍ਹਾ ਭਾਰਤੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੈ, ਜੋ ਸਿਰਫ਼ ਧਾਰਮਿਕ ਪੱਖ ਹੀ ਨਹੀਂ ਸਗੋਂ ਸਮਾਜਿਕ ਜੁੜਾਓ ਦਾ ਵੀ ਪ੍ਰਤੀਕ ਹੈ। ਇਸ ਪਵਿੱਤਰ ਮੰਚ ਨੂੰ ਆਪਣੇ ਜੀਵਨ ਦੇ 60 ਸਾਲ ਸਮਰਪਿਤ ਕਰਨ ਵਾਲੇ ਕਲਾਕਾਰ ਗਿਆਨ ਚੰਦ ਸ਼ਰਮਾ ਦਾ ਨਾਮ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਉਨ੍ਹਾਂ ਛੋਟੇ ਛੋਟੇ ਕਿਰਦਾਰ ਨਿਭਾਉਣ ਤੋਂ ਸ਼ੁਰੂਆਤ ਕੀਤੀ ਤੇ ਅੰਤ ਰਾਮਾਇਣ ਦੇ ਕੇਂਦਰੀ ਪਾਤਰਾਂ ਨੂੰ ਸਟੇਜ ’ਤੇ ਜਿਊਂਦਾ ਕਰਨ ਦਾ ਮਾਣ ਵੀ ਹਾਸਲ ਕੀਤਾ। ਗਿਆਨ ਚੰਦ ਸ਼ਰਮਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਰਾਵਣ ਦੀ ਭੂਮਿਕਾ ਨਿਭਾਉਣ ਨਾਲ ਮਿਲੀ।
ਅੱਜ ਤੋਂ ਲਗਪਗ 60 ਸਾਲ ਪਹਿਲਾਂ ਪ੍ਰਭਾਤ ਡਰਾਮੈਟਿਕ ਕਲੱਬ ਸਰਹਿੰਦ ਸ਼ਹਿਰ ਵਿੱਚ ਬਾਲ ਕਲਾਕਾਰ ਵਜੋਂ ਸਟੇਜ ’ਤੇ ਚੜ੍ਹੇ ਗਿਆਨ ਚੰਦ ਨੇ ਪਹਿਲੀ ਭੂਮਿਕਾ ਅੰਗਦ ਦੇ ਰੂਪ ਵਿੱਚ ਨਿਭਾਈ। ਸਮੇਂ ਦੇ ਨਾਲ ਨਾਲ ਉਨ੍ਹਾਂ ਦੀ ਆਵਾਜ਼, ਅਦਾ ਅਤੇ ਮੰਚ ’ਤੇ ਦਮਦਾਰ ਹਾਜ਼ਰੀ ਨੇ ਉਨ੍ਹਾਂ ਨੂੰ ਮੁੱਖ ਕਿਰਦਾਰਾਂ ਤੱਕ ਪਹੁੰਚਾਇਆ। ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਵੱਖ-ਵੱਖ ਸਟੇਜਾਂ ’ਤੇ ਪਰਸ਼ੂਰਾਮ ਬਾਲੀ, ਖੇਵਟ, ਸੁਗਰੀਵ, ਜਨਕ, ਦਸ਼ਰਥ, ਰਾਜਾ ਹਰੀਸ਼ਚੰਦਰ ਤੇ ਰਾਵਣ ਦੀਆਂ ਭੂਮਿਕਾਵਾਂ ਨਿਭਾਈਆਂ ਤੇ ਵਾਹ-ਵਾਹ ਖੱਟੀ। ਗਿਆਨ ਚੰਦ ਹਰ ਭੂਮਿਕਾ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਸਨ।
ਗਿਆਨ ਚੰਦ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦੇ ਗੁਰੂ ਮਰਹੂਮ ਓਮ ਪ੍ਰਕਾਸ਼ ਸ਼ਰਮਾ (ਪਟਵਾਰੀ) ਵੀ ਰਾਵਣ ਦੀ ਭੂਮਿਕਾ ਨਿਭਾਉਂਦੇ ਸਨ ਜਿਨ੍ਹਾਂ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਇਸ ਮਗਰੋਂ ਉਨ੍ਹਾਂ ਦੇ ਦਿਲ ਵਿੱਚ ਵੀ ਆਪਣੇ ਗੁਰੂ ਵਾਂਗ ਰਾਵਣ ਦੀ ਦਮਦਾਰ ਭੂਮਿਕਾ ਨਿਭਾਉਣ ਦੀ ਪ੍ਰਬਲ ਇੱਛਾ ਪੈਦਾ ਹੋ ਗਈ। ਸਾਲ ਦਰ ਸਾਲ ਕਈ ਭੂਮਿਕਾਵਾਂ ਨਿਭਾਉਣ ਮਗਰੋਂ ਅਖੀਰ ਗਿਆਨ ਚੰਦ ਦੀ ਸੰਤੁਸ਼ਟੀ ਸਿਰਫ਼ ਰਾਵਣ ਦੀ ਭੂਮਿਕਾ ਨਿਭਾਉਣ ਨਾਲ ਹੋਈ ਕਿਉਂਕਿ ਇਹ ਉਨ੍ਹਾਂ ਦਾ ਮੁੱਖ ਟੀਚਾ ਸੀ।
ਰਾਵਣ ਦੇ ਕਿਰਦਾਰ ਨੇ ਗਿਆਨ ਚੰਦ ਸ਼ਰਮਾ ਨੂੰ ਇੱਕ ਵੱਖਰੀ ਪਛਾਣ ਦਿੱਤੀ। ਉਨ੍ਹਾਂ ਦੀ ਗੱਜਣ ਵਾਲੀ ਆਵਾਜ਼, ਹਾਵ-ਭਾਵ ਤੇ ਅਦਾਕਾਰੀ ਇਸ ਕਿਰਦਾਰ ਨੂੰ ਜੀਵਤ ਕਰ ਦਿੰਦੇ ਸਨ। ਦਰਸ਼ਕ ਰਾਵਣ ਦੇ ਰੂਪ ਵਿਚ ਉਨ੍ਹਾਂ ਦੀ ਕਲਾ ਦੇ ਮੁਰੀਦ ਬਣ ਜਾਂਦੇ ਸਨ। ਉਨ੍ਹਾਂ ਇਸ ਨਕਾਰਾਤਮਕ ਪਾਤਰ ਨੂੰ ਇਸ ਕਦਰ ਯਾਦਗਾਰ ਬਣਾਇਆ ਕਿ ਲੋਕ ਹਰ ਸਾਲ ਉਨ੍ਹਾਂ ਦੇ ਰਾਵਣ ਰੂਪ ਨੂੰ ਦੇਖਣ ਦੀ ਉਡੀਕ ਕਰਦੇ।
ਸ਼ਰਮਾ ਦੱਸਦੇ ਹਨ ਕਿ ਆਦਰਸ਼ ਰਾਮਲੀਲ੍ਹਾ ਕਲੱਬ ਰਾਜਪੁਰਾ ਨਾਲ ਉਹ ਲਗਪਗ ਤਿੰਨ ਦਹਾਕੇ ਜੁੜੇ ਰਹੇ। ਇਸ ਤੋਂ ਬਾਅਦ ਉਨ੍ਹਾਂ ਜੈ ਸ਼ੰਕਰ ਸੇਵਾ ਸਮਿਤੀ ਰਾਜਪੁਰਾ ਵਿੱਚ ਰਾਵਣ ਦੀ ਭੂਮਿਕਾ ਅਦਾ ਕੀਤੀ ਤੇ ਫਿਰ ਉਹ ਜੈ ਸ਼ੰਕਰ ਰਾਮਲੀਲ੍ਹਾ ਕਲੱਬ ਰਾਜਪੁਰਾ ਵਿੱਚ ਅਦਾਕਾਰੀ ਦੇ ਨਾਲ ਨਾਲ ਨਿਰਦੇਸ਼ਕ ਤੇ ਮੁੱਖ ਨਿਰਦੇਸ਼ਕ ਵਜੋਂ ਵੀ ਸੇਵਾ ਨਿਭਾਉਂਦੇ ਰਹੇ। 1991 ਵਿਚ ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਣ ਕਾਰਨ ਡਾਕਟਰਾਂ ਦੀ ਸਲਾਹ ਮਗਰੋਂ ਉਨ੍ਹਾਂ ਨੂੰ ਆਰਾਮ ਕਰਨਾ ਪਿਆ ਤੇ ਅਦਾਕਾਰੀ ਛੱਡਣੀ ਪਈ। ਸ੍ਰੀ ਸ਼ਰਮਾ ਆਪਣੀ ਕਲਾ ਤੇ ਅਦਾਕਾਰੀ ਸਦਕਾ ਕਈ ਵਾਰ ਸਨਮਾਨਿਤ ਹੋ ਚੁੱਕੇ ਹਨ। ਗਿਆਨ ਚੰਦ ਸ਼ਰਮਾ ਲਈ ਰਾਮਲੀਲ੍ਹਾ ਸਿਰਫ਼ ਮਨੋਰੰਜਨ ਨਹੀਂ ਸੀ, ਸਗੋਂ ਧਰਮ ਪ੍ਰਚਾਰ ਤੇ ਸਮਾਜਿਕ ਸੁਧਾਰ ਦਾ ਇੱਕ ਮਾਧਿਅਮ ਵੀ ਸੀ। ਉਹ ਮੰਨਦੇ ਹਨ ਕਿ ਰਾਮਲੀਲ੍ਹਾ ਲੋਕਾਂ ਨੂੰ ਚੰਗੇ-ਮੰਦੇ ਵਿਚ ਫ਼ਰਕ ਕਰਨਾ ਸਮਝਾਉਂਦੀ ਹੈ ਤੇ ਸੱਚ ਦੀ ਹਮੇਸ਼ਾ ਜਿੱਤ ਹੋਣ ਦਾ ਸੰਦੇਸ਼ ਦਿੰਦੀ ਹੈ। ਗਿਆਨ ਚੰਦ ਸ਼ਰਮਾ ਐੱਫ਼.ਸੀ.ਆਈ. ਵਿੱਚੋਂ ਸੇਵਾ ਮੁਕਤ ਹੋਏ ਹਨ। ਗਿਆਨ ਚੰਦ ਸ਼ਰਮਾ ਦੀ ਜ਼ਿੰਦਗੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਜੇ ਕੋਈ ਕਲਾ ਜਾਂ ਸੰਸਕ੍ਰਿਤੀ ਪ੍ਰਤੀ ਸਮਰਪਿਤ ਹੋ ਜਾਵੇ ਤਾਂ ਉਹ ਸਿਰਫ਼ ਆਪਣਾ ਹੀ ਨਹੀਂ ਸਗੋਂ ਪੂਰੇ ਸਮਾਜ ਦਾ ਮਾਣ ਵਧਾਉਂਦਾ ਹੈ। ਛੇ ਦਹਾਕਿਆਂ ਤੱਕ ਰਾਮਲੀਲ੍ਹਾ ਨਾਲ ਜੁੜੇ ਰਹਿਣਾ ਉਨ੍ਹਾਂ ਦੀ ਕਲਾ ਪ੍ਰਤੀ ਪ੍ਰੇਮ, ਸਾਧਨਾ ਅਤੇ ਦ੍ਰਿੜ੍ਹਤਾ ਦਾ ਜਿਊਂਦਾ-ਜਾਗਦਾ ਸਬੂਤ ਹੈ। ਅੱਜ ਵੀ ਜਦੋਂ ਲੋਕ ਰਾਮਲੀਲ੍ਹਾ ਦੀ ਗੱਲ ਕਰਦੇ ਹਨ ਤਾਂ ਗਿਆਨ ਚੰਦ ਸ਼ਰਮਾ ਵੱਲੋਂ ਨਿਭਾਏ ਰਾਵਣ ਦਾ ਕਿਰਦਾਰ ਸਭ ਤੋਂ ਪਹਿਲਾਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਲਗਨ ਅਤੇ ਸਮਰਪਣ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ।
ਸੰਪਰਕ: 80507-00001

