ਸੜਕ ਹਾਦਸੇ ਦੀ ਭੇਟ ਚੜ੍ਹਿਆ ਇੱਕ ਹੋਰ ਪੰਜਾਬੀ ਗਾਇਕ; ਹਰਮਨ ਸਿੱਧੂ ਦੀ ਹੋਈ ਮੌਤ
ਗਾਇਕ ਮਿਸ ਪੂਜਾ ਨਾਲ ਗਾ ਚੁੱਕਿਆ ਹਿੱਟ ਗੀਤ; ਮਾਨਸਾ ਪੁਲੀਸ ਨੇ ਕੈਂਟਰ ਸਮੇਤ ਚਾਲਕ ਨੂੰ ਕੀਤਾ ਗ੍ਰਿਫ਼ਤਾਰ
Punjabi Singer Death: ਪੰਜਾਬੀ ਗਾਇਕ ਹਰਮਨ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ੁੱਕਰਵਾਰ ਦੀ ਰਾਤ ਉਸਦੀ ਗੱਡੀ ਮਾਨਸਾ ਕੈਂਚੀਆਂ ਵਿੱਖੇ ਇੱਕ ਕੈਂਟਰ ਨਾਲ ਟਕਰਾਅ ਗਈ, ਜਿਸ ਵਿੱਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲੀਸ ਨੇ ਕੈਂਟਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਸਮੇਤ ਕੈਂਟਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਨੂੰ ਲੈਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਸੰਗੀਤ ਜਗਤ ਦੀਆਂ ਸਖ਼ਸੀਅਤਾਂ ਨੇ ਦੁੱਖ ਪ੍ਰਗਟਾਇਆ ਹੈ। ਹਰਮਨ ਸਿੱਧੂ ਇੱਕ ਬੱਚੀ ਦਾ ਬਾਪ ਸੀ ਅਤੇ ਕੁੱਝ ਮਹੀਨੇ ਪਹਿਲਾਂ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਮਿਲੇ ਵੇਰਵਿਆਂ ਅਨੁਸਾਰ ਪੰਜਾਬੀ ਗਾਇਕ ਹਰਮਨ ਸਿੱਧੂ ਐਨੀ ਦਿਨੀਂ ਆਪਣੇ ਦੋ ਗਾਣਿਆਂ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗੀਤ ਉਸਨੇ ਨਵੇਂ ਸਾਲ ਮੌਕੇ ਰਿਲੀਜ਼ ਕਰਨੇ ਸਨ।
ਸ਼ੁੱਕਰਵਾਰ ਦੀ ਦੇਰ ਰਾਤ ਕਾਰ ’ਤੇ ਮਾਨਸਾ ਵਾਲੇ ਪਾਸਿਓ ਆਪਣੇ ਪਿੰਡ ਖਿਆਲਾ ਕਲਾਂ ਜਾ ਰਿਹਾ ਸੀ। ਕੈਂਚੀਆਂ ਚੌਂਕ ਲੰਘਦਿਆਂ ਹੀ ਉਸਦੀ ਕਾਰ ਸਾਹਮਿਓ ਆਉਂਦੇ ਕੈਂਟਰ ਨਾਲ ਟਕਰਾਅ ਗਈ। ਇਸ ਘਟਨਾ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਗਾਇਕ ਹਰਮਨ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਰਮਨ ਸਿੱਧੂ ’ਉਠੋ ਜੀ ਥੋਡੀ ਜਾਨ ਗੁੱਡ ਮੋਰਨਿੰਗ ਕਹਿੰਦੀ ਹੈ’ ਪੇਪਰ ਤੇ ਪਿਆਰ ਆਦਿ ਗੀਤਾਂ ਨਾਲ ਚਰਚਾ ਵਿੱਚ ਆਇਆ ਸੀ।
ਪੰਜਾਬੀ ਗਾਇਕਾ ਮਿਸ ਪੂਜਾ ਨਾਲ ਉਸਨੇ ਕਈ ਗੀਤ ਗਾਏ ਸਨ। ਗਾਇਕੀ ਵਿੱਚ ਕਾਫ਼ੀ ਸਮੇਂ ਬਾਅਦ ਉਹ ਮੁੜ ਸਰਗਰਮ ਹੋਇਆ ਸੀ ਅਤੇ ਕੁੱਝ ਗੀਤਾਂ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਸੜਕ ਦੁਰਘਟਨਾ ਵਿੱਚ ਦਮ ਤੋੜ ਦਿੱਤਾ।
ਉਹ ਆਪਣੇ ਪਿੱਛੇ ਪਤਨੀ,ਮਾਂ ਅਤੇ ਇੱਕ ਬੱਚੀ ਨੂੰ ਛੱਡ ਗਿਆ ਹੈ।ਹਰਮਨ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਿੰਡ ਖਿਆਲਾ ਕਲਾਂ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ।
ਠੂਠਿਆਂਵਾਲੀ ਪੁਲੀਸ ਚੌਕੀ ਦੇ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਕੈਂਟਰ ਚਾਲਕ ਜਰਨੈਲ ਸਿੰਘ ਵਾਸੀ ਛਾਂਜਲੀ ਕੋਠੇ (ਸੰਗਰੂਰ) ’ਤੇ ਮਾਮਲਾ ਦਰਜ ਕਰਕੇ, ਉਸ ਕੈਂਟਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

