DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੱਭਿਆਚਾਰਕ ਗੀਤਕਾਰੀ ਦਾ ਪਹਿਰੇਦਾਰ ਅਮਰੀਕ ਸਿੰਘ ਤਲਵੰਡੀ

ਸੁਖਵਿੰਦਰ ਸਿੰਘ ਮੁੱਲਾਂਪੁਰ ਅਮਰੀਕ ਸਿੰਘ ਤਲਵੰਡੀ ਉਹ ਲੇਖਕ ਹੈ ਜਿਸ ਨੇ ਹਰ ਵਿਸ਼ੇ ’ਤੇ ਲਿਖਿਆ ਹੈ। ਚਾਹੇ ਉਹ ਵਿਸ਼ਾ ਗੀਤਕਾਰੀ ਦਾ ਹੈ ਜਾਂ ਮਿੰਨੀ ਕਹਾਣੀ ਦਾ ਜਾਂ ਕਵਿਤਾ ਦਾ ਭਾਵੇਂ ਉਹ ਬੱਚਿਆਂ ਲਈ ਸਾਹਿਤ ਹੈ। ਇੱਥੇ ਆਪਾਂ ਗੱਲ ਕਰਾਂਗੇ ਉਸ...

  • fb
  • twitter
  • whatsapp
  • whatsapp
Advertisement

ਸੁਖਵਿੰਦਰ ਸਿੰਘ ਮੁੱਲਾਂਪੁਰ

ਅਮਰੀਕ ਸਿੰਘ ਤਲਵੰਡੀ ਉਹ ਲੇਖਕ ਹੈ ਜਿਸ ਨੇ ਹਰ ਵਿਸ਼ੇ ’ਤੇ ਲਿਖਿਆ ਹੈ। ਚਾਹੇ ਉਹ ਵਿਸ਼ਾ ਗੀਤਕਾਰੀ ਦਾ ਹੈ ਜਾਂ ਮਿੰਨੀ ਕਹਾਣੀ ਦਾ ਜਾਂ ਕਵਿਤਾ ਦਾ ਭਾਵੇਂ ਉਹ ਬੱਚਿਆਂ ਲਈ ਸਾਹਿਤ ਹੈ। ਇੱਥੇ ਆਪਾਂ ਗੱਲ ਕਰਾਂਗੇ ਉਸ ਦੇ ਗੀਤਕਾਰੀ ਦੇ ਸਫ਼ਰ ਬਾਰੇ।

Advertisement

ਅਮਰੀਕ ਸਿਘ ਤਲਵੰਡੀ ਦਾ ਜਨਮ 12 ਦਸੰਬਰ 1949 ਨੂੰ ਸਰਦਾਰ ਪਾਲ ਸਿੰਘ ਧਨੋਆ ਅਤੇ ਮਾਤਾ ਬਸੰਤ ਕੌਰ ਦੇ ਗ੍ਰਹਿ ਵਿਖੇ ਤਲਵੰਡੀ ਕਲਾਂ (ਨੇੜੇ ਸਵੱਦੀ ਕਲਾਂ) ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੇ ਆਪਣੀ ਕਲਮ ਦਾ ਸਫ਼ਰ ਛੋਟੀ ਉਮਰੇ 1967 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਗੀਤ ਲਿਖਣ ਦੀ ਚੇਟਕ ਦੇਵ ਥਰੀਕੇ ਵਾਲਾ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ ਮਰਾੜ੍ਹਾ ਵਾਲੇ ਵਰਗੇ ਨਾਮਵਰ ਗੀਤਕਾਰਾਂ ਤੋਂ ਲੱਗੀ। ਉਸ ਦਾ ਲਿਖਿਆ ਸਭ ਤੋਂ ਪਹਿਲਾ ਗੀਤ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਇਸ ਦੇ ਬੋਲ ਸਨ:

Advertisement

ਪਹਾੜ ਜਿੱਡੇ ਲਾਰੇ ਹੀਰੇ ਰੱਖੇ ਤੂੰ ਕੁਆਰੇ

ਚੜ੍ਹ ਖੇੜਿਆਂ ਦੀ ਡੋਲੀ

ਨੀਂ ਤੂੰ ਭੁੱਲ ਗਈ ਏਂ ਸਾਰੇ

ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਅੱਠ ਧਾਰਮਿਕ ਗੀਤ ਅਮਰੀਕ ਤਲਵੰਡੀ ਦੇ ਹੀ ਲਿਖੇ ਹੋਏ ਸਨ ਜੋ ਇਕੱਠੇ ਹੀ ਰਿਲੀਜ਼ ਹੋਏ। ਉਨ੍ਹਾਂ ਅੱਠ ਗੀਤਾਂ ਦਾ ਟਾਈਟਲ ਗੀਤ ‘ਚੜ੍ਹਿਆ ਸੋਧਣ ਧਰਤ ਲੁਕਾਈ’ ਸੀ।

ਚੜਿ੍ਹਆ ਸੋਧਣ ਧਰਤ ਲੁਕਾਈ

ਪੱਟੀ ਜੜ੍ਹ ਬਰਬਾਦੀ ਦੀ

ਗੁਰੂ ਨਾਨਕ ਤੋਂ ਵੱਡਾ ਦੱਸੋ

ਕਿਹੜਾ ਇਨਕਲਾਬੀ ਸੀ

ਇਨ੍ਹਾਂ ਅੱਠ ਗੀਤਾਂ ਤੋਂ ਬਿਨਾਂ ਮਾਣਕ ਦੀ ਆਵਾਜ਼ ਵਿੱਚ ਉਸ ਦੇ ਹੋਰ ਗੀਤ ਵੀ ਰਿਲੀਜ਼ ਹੋਏ। ਜਿਵੇਂ,

  • ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਦਿੱਤਾ ਹੋਵੇ ਬਹੁਤਾ ਦਾਤੇ ਵੰਡ ਵੰਡ ਖਾਈਦਾ
  • ਮਰਨਾਂ ਹੈਗਾ ਸੱਚ ਵੇ ਲੋਕਾਂ  ਫਿਰ ਕਿਉਂ ਸੱਚ ਪਛਾਣੇ ਨਾ ਰੱਬ ਮੌਤ ਨੂੰ ਭੁੱਲ ਕੇ ਬੰਦੇ ਬੰਦੇ ਨੂੰ ਬੰਦਾ ਜਾਣੇ ਨਾ
  • ਹਰ ਵੇਲੇ ਜੀਭਾਂ ਉੱਤੇ ਰਹੇ ਤੇਰਾ ਨਾਮ ਵੇ ਚਰਨਾਂ ’ਚ ਦੇ ਦੇ ਮੈਨੂੰ ਕਮਲੀ ਨੂੰ ਥਾਂ ਵੇ

ਦਿਲਸ਼ਾਦ ਅਖ਼ਤਰ, ਰੰਜਨਾ, ਪਾਲੀ ਦੇਵਤਵਾਲੀਆ, ਹਰਭਜਨ ਮਾਨ, ਰਮੇਸ਼ ਗਲਾਡੀ, ਮਿੱਠਾ ਬਡਾਲਵੀ, ਸਤਪਾਲ ਕਿੰਗਰਾ ਆਦਿ ਗਾਇਕਾ ਨੇ ਵੀ ਉਸ ਦੇ ਲਿਖੇ ਗੀਤ ਗਾਏ। ਅਮਰੀਕ ਤਲਵੰਡੀ ਗਾਇਕਾਂ ਨੂੰ ਸਾਫ਼ ਸੁਥਰੇ ਗੀਤ ਲਿਖ ਕੇ ਦੇ ਰਿਹਾ ਹੈ। ਹੁਣ ਉਹ ਪੰਜਾਬੀ ਗੀਤਕਾਰੀ ਸਭਾ ਪੰਜਾਬ ਦਾ ਸਰਪ੍ਰਸਤ ਹੈ। ਅੱਜਕੱਲ੍ਹ ਜੋ ਬੱਚੇ ਵਿਦੇਸ਼ ਵਿੱਚ ਜਾ ਕੇ ਮਿਹਨਤ ਕਰਕੇ ਆਪਣੇ ਕਾਰੋਬਾਰਾਂ ਨੂੰ ਤਰਜੀਹ ਦੇ ਰਹੇ ਹਨ, ਉਨ੍ਹਾਂ ’ਤੇ ਲਿਖਿਆ ਗੀਤ ਅਤੇ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ‘ਆਪਣ ਟਰਾਲਾ’ ਵਿਦੇਸ਼ਾਂ ਵਿੱਚ ਪੰਜਾਬੀ ਟਰੱਕ ਡਰਾਈਵਰ ਬੜੇ ਉਤਸ਼ਾਹ ਨਾਲ ਸੁਣਦੇ ਹਨ।

ਅਮਰੀਕ ਸਿੰਘ ਤਲਵੰਡੀ ਨੇ ਜੇਬੀਟੀ ਜਗਰਾਉਂ ਕਾਲਜ ਤੋਂ ਅਤੇ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕਰਕੇ ਦਸਮੇਸ਼ ਹਾਈ ਸਕੂਲ (ਟਾਹਲੀ ਸਾਹਿਬ) ਰਾਏਕੋਟ ਵਿਖੇ ਪੰਜਾਬੀ ਆਧਿਆਪਕ ਦੇ ਤੌਰ ’ਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਪਰ ਸਰਕਾਰੀ ਨੌਕਰੀ ਜ਼ੀਰੇ (ਫਿਰੋਜ਼ਪੁਰ) ਮਿਲੀ।

ਉਸ ਨੇ ਜ਼ੀਰਾ ਜਾ ਕੇ ਗੀਤਕਾਰੀ ਦੇ ਨਾਲ ਨਾਲ ਸਾਹਿਤ ਲਿਖਣਾ ਵੀ ਸ਼ੁਰੂ ਕਰ ਦਿੱਤਾ। ਉਸ ਨੇ ਉੱਥੇ ਜਾ ਕੇ ਸਾਹਿਤ ਸਭਾ ਦਾ ਗਠਨ ਕੀਤਾ। ਉਹ ਜ਼ੀਰਾ ਵਿਖੇ 16 ਸਾਲ ਸਾਹਿਤ ਸਭਾ ਦਾ ਪ੍ਰਧਾਨ ਰਿਹਾ। ਉਸ ਦੇ ਪ੍ਰਧਾਨ ਹੁੰਦਿਆਂ ਕਈ ਨਵੀਆਂ ਕਲਮਾਂ ਨੇ ਜਨਮ ਲਿਆ। ਕਈ ਲਿਖਾਰੀ ਰਚਨਾਵਾਂ ਲਿਖੀ ਬੈਠੇ ਸਨ, ਪਰ ਉਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਤਲਵੰਡੀ ਨੇ ਉਨ੍ਹਾਂ ਦੀਆਂ ਰਚਨਾਵਾਂ ਛਪਵਾ ਕੇ ਪਾਠਕਾਂ ਸਾਹਮਣੇ ਲਿਆਂਦੀਆਂ। ਉਸ ਨੇ ਖ਼ੁਦ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਉਸ ਦੀ ਪਹਿਲੀ ਗੀਤਾਂ ਦੀ ਪੁਸਤਕ ‘ਕੁਆਰੇ ਬੋਲ’ 1975 ਵਿੱਚ ਪ੍ਰਕਾਸ਼ਿਤ ਹੋਈ। ‘ਵਿਰਸਾ ਆਪਣਾ ਲੈ ਸੰਭਾਲ’ (2002), ‘ਸਮੇਂ ਦਾ ਸੱਚ’ (2006), ‘ਗਿਆਨ ਦੇ ਦੀਪ’ (2011) ਆਦਿ ਉਸ ਦੇ ਕਾਵਿ-ਸੰਗ੍ਰਹਿ ਹਨ।

ਅਧਿਆਪਨ ਦੇ ਖੇਤਰ ਵਿੱਚ ਜਿੱਥੇ ਉਸ ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਅਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਵੀ ਮਿਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ, ਬਠਿੰਡਾ ਵਿਖੇ ਇੱਕ ਵਿਦਿਆਰਥੀ ਨੇ ਤਲਵੰਡੀ ਵੱਲੋਂ ਲਿਖੇ ਸੱਭਿਆਚਾਰਕ ਗੀਤਾਂ ਦੀ ਪੁਸਤਕ ‘ਬੋਲ ਪੰਜਾਬ ਦੇ’ ਉੱਪਰ ਐੱਮਫਿਲ ਕੀਤੀ। ਪੰਜਾਬੀ ਗੀਤਕਾਰੀ ਤੇ ਗਾਇਕੀ ਵਿੱਚ ਅੱਜਕੱਲ੍ਹ ਬਹੁਤ ਕੁਝ ਸੱਭਿਆਚਾਰਕ ਲੀਹਾਂ ਤੋਂ ਹਟ ਕੇ ਚੱਲ ਰਿਹਾ ਹੈ, ਪਰ ਉਸ ਦੀ ਗੀਤਕਾਰੀ ਪੂਰੀ ਦ੍ਰਿੜਤਾ ਨਾਲ ਸੱਭਿਆਚਾਰਕ ਲੀਹਾਂ ’ਤੇ ਚੱਲ ਰਹੀ ਹੈ।

ਅਮਰੀਕ ਤਲਵੰਡੀ ਗੀਤਕਾਰੀ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਉਹ ਅਲੱਗ ਅਲੱਗ ਵਿਧੀਆਂ ਰਾਹੀਂ ਪ੍ਰਚਾਰ ਕਰਕੇ ਲੋਕਾਂ ਨੂੰ ਪੌਣ ਪਾਣੀ ਅਤੇ ਵਾਤਾਵਰਨ ਨੂੰ ਪ੍ਰਦੂਦਿਸ਼ ਹੋਣ ਤੋਂ ਬਚਾਉਣ ਲਈ ਜਾਗਰੂਕ ਕਰਦਾ ਹੈ ਤਾਂ ਕਿ ਨਵੀਂ ਪੀੜ੍ਹੀ ’ਤੇ ਇਨ੍ਹਾਂ ਦਾ ਮਾੜਾ ਪ੍ਰਭਾਵ ਘੱਟ ਪਵੇ।

ਗੀਤਕਾਰਾਂ ਦੀ ਨਵੀਂ ਪੀੜ੍ਹੀ ਨੂੰ ਅਪੀਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਆਪਣੇ ਗੀਤਾਂ ਵਿੱਚ ਉਹ ਪੰਜਾਬ ਤੇ ਪੰਜਾਬੀਅਤ ਦੀਆਂ ਕਦਰਾਂ ਕੀਮਤਾਂ ਦੀ ਝਲਕ ਦਿਖਾਉਣ ਨਾ ਕਿ ਹਥਿਆਰਾਂ ਅਤੇ ਨਸ਼ਿਆਂ ਦੀ ਕਿਉਂਕਿ ਨੌਜਵਾਨਾਂ ਗੀਤਾਂ ਦੇ ਅਸਰ ਨੂੰ ਬਹੁਤ ਜਲਦੀ ਕਬੂਲਦੇ ਹਨ।

ਸੰਪਰਕ: 94635-42896

Advertisement
×