Amitabh Bachchan - KBC: ਅਮਿਤਾਭ ਬੱਚਨ ਵੱਲੋਂ 'ਕੌਨ ਬਨੇਗਾ ਕਰੋੜਪਤੀ' ਸੀਜ਼ਨ 17 ਦੀ ਸ਼ੂਟਿੰਗ ਸ਼ੁਰੂ
ਮੈਗਾਸਟਾਰ ਅਮਿਤਾਭ ਬੱਚਨ ਨੇ ਲੰਬੇ ਸਮੇਂ ਤੋਂ ਚੱਲ ਰਹੇ ਕੁਇਜ਼ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ 17ਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਨਿਰਮਾਤਾਵਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਸੀਜ਼ਨ ਵਿੱਚ ਨਾ ਸਿਰਫ਼ ਨਵੇਂ ਪ੍ਰਤੀਯੋਗੀ ਅਤੇ ਚੁਣੌਤੀਪੂਰਨ ਸਵਾਲ ਪੁੱਛੇ ਜਾਣਗੇ, ਸਗੋਂ ਸ਼ੋਅ ਦੇ 25 ਸਾਲਾਂ ਦੇ ਸਫ਼ਰ ਦੇ ਜਸ਼ਨ ਵਿੱਚ ਵੀ ਵਿਸ਼ੇਸ਼ ਹੈਰਾਨਗੀਆਂ ਸ਼ਾਮਲ ਹੋਣਗੀਆਂ।
ਬਿਆਨ ਵਿਚ ਕਿਹਾ ਗਿਆ ਹੈ, "ਇੱਕ ਨਵੇਂ ਸੀਜ਼ਨ ਅਤੇ ਮਹਾਨ ਹੋਸਟ ਦੇ ਨਾਲ ਕੇਬੀਸੀ 17 ਭਾਰਤੀ ਟੈਲੀਵਿਜ਼ਨ 'ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸ਼ੋਅਜ਼ ਵਿੱਚੋਂ ਇੱਕ ਹੋਣ ਦਾ ਵਾਅਦਾ ਕਰਦਾ ਹੈ। ਸ਼ੁਰੂਆਤੀ ਐਪੀਸੋਡ ਵਿਚ ਨਾ ਸਿਰਫ਼ ਕੁਝ ਨਵੇਂ ਐਲਾਨ ਕੀਤੇ ਜਾਣਗੇ, ਸਗੋਂ ਇਹ ਆਪਣੇ ਨਾਲ ਉਤਸ਼ਾਹ ਦੀ ਇੱਕ ਨਵੀਂ ਲਹਿਰ ਵੀ ਲਿਆਏਗਾ।"
ਇਸ ਦੌਰਾਨ 25ਵੀਂ ਵਰ੍ਹੇਗੰਢ ਦੇ ਮੀਲ ਪੱਥਰ ਨੂੰ ਮਨਾਉਣ ਲਈ ਸੋਨੀ ਟੀਵੀ ਸ਼ੋਅ ਨੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸ ਦਾ ਹੈਸ਼ਟੈਗ ਹੈ #JahanAkalHaiWahaanAkadHai (ਜਹਾਂ ਅਕਲ ਹੈ, ਵਹਾਂ ਅਕੜ ਹੈ), ਜੋ ਇਹ ਦਰਸਾਉਂਦੀ ਹੈ ਕਿ ਅੱਜ ਬੁੱਧੀ ਉਤੇ ਕਿਵੇਂ ਮਾਣ ਕੀਤਾ ਜਾ ਸਕਦਾ ਹੈ।
ਬੱਚਨ, ਜੋ 2000 ਵਿੱਚ KBC ਦੀ ਸ਼ੁਰੂਆਤ ਤੋਂ ਹੀ (2003 ਵਿੱਚ ਇੱਕ ਸੀਜ਼ਨ ਨੂੰ ਛੱਡ ਕੇ) ਕੇਬੀਸੀ ਦਾ ਚਿਹਰਾ ਰਹੇ ਹਨ, ਨੇ ਨਵੇਂ ਸੀਜ਼ਨ ਦੀ ਪਹਿਲੜੀ ਸ਼ਾਮ ਇਸ ਸਬੰਧੀ ਆਪਣੇ ਬਲੌਗ 'ਤੇ ਇਸ ਸਬੰਧੀ ਵਿਚਾਰ ਸਾਂਝੇ ਕੀਤੇ ਹਨ।
ਉਨ੍ਹਾਂ ਲਿਖਿਆ, "ਕੰਮ 'ਤੇ ਹਾਂ.. ਜਲਦੀ ਉੱਠਣਾ, ਜਲਦੀ ਕੰਮ ਕਰਨਾ.. ਕੇਬੀਸੀ ਦੇ ਨਵੇਂ ਸੀਜ਼ਨ ਦਾ ਪਹਿਲਾ ਦਿਨ.. ਅਤੇ ਹਮੇਸ਼ਾ ਵਾਂਗ.. ਘਬਰਾਹਟ.. ਕੰਬਦੇ ਗੋਡੇ ਡਰ ਦਾ ਅਹਿਸਾਸ।"
ਉਨ੍ਹਾਂ ਬੁੱਧਵਾਰ ਨੂੰ ਆਪਣੇ ਬਲੌਗ ਵਿਚ ਹੋਰ ਲਿਖਿਆ, "ਕੌਣ ਬਨੇਗਾ ਕਰੋੜਪਤੀ" (Kaun Banega Crorepati) ਸੀਜ਼ਨ-17 ਦਾ ਪ੍ਰੀਮੀਅਰ 11 ਅਗਸਤ ਨੂੰ ਹੋਵੇਗਾ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ (Sony Entertainment Television) 'ਤੇ ਪ੍ਰਸਾਰਿਤ ਹੋਵੇਗਾ ਅਤੇ ਸੋਨੀਲਿਵ (SonyLIV) 'ਤੇ ਸਟ੍ਰੀਮ ਕੀਤਾ ਜਾਵੇਗਾ। ਪੀਟੀਆਈ