DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਦੀ ਉੱਡਣ ਪਰੀ ਫਲੋਰੈਂਸ ਜੋਏਨਰ

ਵਿਸ਼ਵ ਦੇ ਮਹਾਨ ਖਿਡਾਰੀ 27

  • fb
  • twitter
  • whatsapp
  • whatsapp
Advertisement
ਪ੍ਰਿੰ. ਸਰਵਣ ਸਿੰਘ

ਦੁਨੀਆ ਦੀ ਤੇਜ਼ਤਰਾਰ ਦੌੜਾਕ ਫਲੋਰੈਂਸ ਗ੍ਰਿਫਿਥ ਜੋਏਨਰ ਨੂੰ ‘ਫਲੋਅ ਜੋਅ’ ਵੀ ਕਿਹਾ ਜਾਂਦਾ ਹੈ। ਉਸ ਨੇ ਓਲੰਪਿਕ ਖੇਡਾਂ ’ਚੋਂ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਉਸ ਦੇ 100 ਤੇ 200 ਮੀਟਰ ਦੌੜਾਂ ਦੇ ਓਲੰਪਿਕ ਤੇ ਵਿਸ਼ਵ ਰਿਕਾਰਡ 1988 ਤੋਂ 2020 ਤੱਕ ਕਾਇਮ ਰਹੇ। ਜਦ ਉਹ ਦੌੜਦੀ ਸੀ ਤਾਂ ਦਰਸ਼ਕ ਪੱਬਾਂ ਭਾਰ ਹੋ ਜਾਂਦੇ ਸਨ। ਉਹਦੀ ਸ਼ੂਕਦੀ ਸਪੀਡ ਸਟੇਡੀਅਮ ’ਚ ਹਨੇਰੀ ਲਿਆ ਦਿੰਦੀ ਸੀ। ਕੌਮਾਂਤਰੀ ਪ੍ਰੈੱਸ ਨੇ ਉਸ ਨੂੰ ਬਿਹਤਰੀਨ ਖਿਡਾਰਨ ਹੋਣ ਦੇ ਖ਼ਿਤਾਬ ਦਿੱਤੇ। 1980ਵਿਆਂ ’ਚ ਉਹ ਬੇਹੱਦ ਚਰਚਿਤ ਰਹੀ। ਆਖ਼ਰ 38 ਸਾਲ ਦੀ ਉਮਰੇ ਹੋਈ ਉਹਦੀ ਅਚਾਨਕ ਮੌਤ ਰਹੱਸ ਬਣ ਗਈ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਿਕ ਉਹ ਮਿਰਗੀ ਦੇ ਦੌਰੇ ਕਾਰਨ ਮਰੀ।

ਉਸ ਦੇ ਹਰਮਨਪਿਆਰੇ ਹੋਣ ਦੇ ਕਈ ਕਾਰਨ ਸਨ। ਉਹ ਕੇਵਲ ਦੌੜਾਕ ਹੀ ਨਹੀਂ ਸੀ, ਸ਼ੌਕੀਨ ਵੀ ਲੋਹੜੇ ਦੀ ਸੀ। ਉਹਦਾ ਕੱਦ 5 ਫੁੱਟ 7 ਇੰਚ ਤੇ ਭਾਰ 126 ਪੌਂਡ ਸੀ। ਜੁੱਸਾ ਸਾਂਵਲਾ, ਸਡੌਲ ਤੇ ਦਰਸ਼ਨੀ ਸੀ। ਅੱਖਾਂ ਮਸਤ ਤੇ ਸਿਹਲੀਆਂ ਤਰਾਸ਼ੀਆਂ ਹੋਈਆਂ। ਉਹ ਨਿੱਤ ਨਵੇਂ ਫੈਸ਼ਨ ਕਰਦੀ। ਨਵੇਂ ਨਮੂਨੇ ਦੀ ਅਥਲੈਟਿਕ ਕਿੱਟ ਤੇ ਸ਼ੋਖ ਰੰਗਾਂ ਦੇ ਟਰੈਕ ਸੂਟ ਪਹਨਿਦੀ। ਜਦ ਦੌੜਦੀ ਤਾਂ ਉਹਦੇ ਚਾਰ ਇੰਚ ਲੰਮੇ ਨਹੁੰ ਪਾਲਸ਼ਾਂ ਵਾਲੇ ਤਿੱਖੇ ਨਹੁੰ ਹਵਾ ਨੂੰ ਚੀਰਦੇ ਤੇ ਕਾਲੇ ਸੰਘਣੇ ਵਾਲ ਧੌਣ ਪਿੱਛੇ ਉੱਡਦੇ ਜਾਂਦੇ। ਉਹਦੇ ਖੁੱਲ੍ਹੇ ਵਾਲਾਂ ਨੇ ਦੁਨੀਆ ਭਰ ਦੀਆਂ ਔਰਤਾਂ ਨੂੰ ਵਾਲ ਖੁੱਲ੍ਹੇ ਰੱਖਣ ਦੇ ਫੈਸ਼ਨਾਂ ’ਚ ਪਾ ਦਿੱਤਾ। ਦੌੜਦਿਆਂ ਉਹਦੀ ਇੱਕ ਲੱਤ ਟਰੈਕ ਸੂਟ ਨਾਲ ਢਕੀ ਤੇ ਦੂਜੀ ਨੰਗੀ ਹੁੰਦੀ। ਬੁੱਲ੍ਹਾਂ ’ਤੇ ਲਿਪਸਟਿਕ, ਦੋਹਾਂ ਹੱਥਾਂ ਦੀਆਂ ਉਂਗਲਾਂ ’ਚ ਛਾਪਾਂ ਛੱਲੇ, ਬਾਹਾਂ ’ਚ ਚੂੜੀਆਂ ਤੇ ਕੰਨਾਂ ’ਚ ਬੁੰਦੇ ਪਾਏ ਹੁੰਦੇ। ਸਿਓਲ ਦੀਆਂ ਓਲੰਪਿਕ ਖੇਡਾਂ ਵਿੱਚ ਫਲੋਅ ਜੋਅ ਵਿਸ਼ਵ ਮੀਡੀਆ ਦਾ ਸ਼ਿੰਗਾਰ ਬਣੀ ਰਹੀ। ਉਹਦੀਆਂ ਤਸਵੀਰਾਂ ਵਿਸ਼ਵ ਭਰ ਦੇ ਮੈਗਜ਼ੀਨਾਂ ’ਚ ਛਪਦੀਆਂ ਰਹੀਆਂ।

Advertisement

ਉਸ ਦਾ ਜਨਮ ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੀ ਬਸਤੀ ਲਿਟਰਲੌਕ ਵਿੱਚ ਬਿਜਲੀ ਮਕੈਨਿਕ ਰੌਬਰਟ ਤੇ ਫਲੋਰੈਂਸ ਗ੍ਰਿਫਿਥ ਦੇ ਘਰ 21 ਦਸੰਬਰ 1959 ਨੂੰ ਹੋਇਆ। ਉਹ 11 ਭੈਣ ਭਾਈਆਂ ’ਚ 7ਵੇਂ ਥਾਂ ਜੰਮੀ ਸੀ। ਉਸ ਦਾ ਨਾਂ ਫਲੋਰੈਂਸ ਡਲੋਰੇਜ਼ ਗ੍ਰਿਫਿਥ ਰੱਖਿਆ ਗਿਆ। ਉਹ 7ਵੇਂ ਸਾਲ ਦੀ ਉਮਰ ਵਿੱਚ ਦੌੜਨ ਲੱਗ ਪਈ। 14ਵੇਂ ਸਾਲ ਵਿੱਚ ਉਸ ਨੇ ਜੈਸੀ ਓਵੇਂਸ ਨੈਸ਼ਨਲ ਯੂਥ ਗੇਮਜ਼ ਵਿੱਚ ਦੌੜਾਂ ਜਿੱਤੀਆਂ। ਉਹ ਜੌਰਡਨ ਹਾਈ ਸਕੂਲ ਲਾਸ ਏਂਜਲਸ ਦੀ ਸਭ ਤੋਂ ਤਕੜੀ ਦੌੜਾਕ ਮੰਨੀ ਗਈ।

Advertisement

ਬਚਪਨ ਵਿੱਚ ਪਹਿਰਾਵੇ ਦੀ ਸ਼ੌਕੀਨ ਹੋਣ ਕਰਕੇ ਉਸ ਨੇ ਹੋਰਨਾਂ ਖਿਡਾਰਨਾਂ ਨੂੰ ਵੀ ਟਾਈਟ ਸੂਟ ਪਾਉਣ ਦੀ ਚੇਟਕ ਲਾ ਦਿੱਤੀ। 1978 ਵਿੱਚ ਉਹ ਕੈਲੀਫੋਰਨੀਆ ਸਟੇਟ ਮੀਟ ਵਿੱਚ 6ਵੇਂ ਥਾਂ ਰਹੀ। ਗ੍ਰੈਜੂਏਸ਼ਨ ਕਰਨ ਸਮੇਂ ਉਹ ਸਕੂਲ ਦੀ ਸਭ ਤੋਂ ਤੇਜ਼ ਦੌੜਾਕ ਤੋਂ ਲੰਮੀ ਛਾਲ ਲਾਉਣ ਵਾਲੀ ਅਥਲੀਟ ਸੀ। ਫਿਰ ਉਹ ਨੌਰਥਰਿਜ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਚਲੀ ਗਈ ਜਿੱਥੇ ਉਸ ਨੂੰ ਕੋਚ ਬੌਬ ਕਰਸੀ ਮਿਲ ਗਿਆ। ਕੋਚਿੰਗ ਨਾਲ ਉਹ ਯੂਨੀਵਰਸਿਟੀ ਦੀ ਟੀਮ ਵਿੱਚ ਆ ਗਈ ਜਿਸ ਵਿੱਚ ਹੋਰ ਵੀ ਤਕੜੀਆਂ ਅਥਲੀਟ ਸ਼ਾਮਲ ਸਨ। ਪਹਿਲੇ ਸਾਲ ਹੀ ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਲਈ। ਪਿੱਛੇ ਪਰਿਵਾਰ ਦਾ ਗੁਜ਼ਾਰਾ ਤੋਰੀ ਰੱਖਣ ਲਈ ਉਸ ਨੂੰ ਕੁਝ ਸਮਾਂ ਯੂਨੀਵਰਸਿਟੀ ਛੱਡਣੀ ਪਈ ਅਤੇ ਬੈਂਕ ਦੀ ਨੌਕਰੀ ਕਰਨੀ ਪਈ। ਫਿਰ ਉਸ ਨੂੰ ਵਜ਼ੀਫਾ ਮਿਲ ਗਿਆ। ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਵਿੱਚ ਦਾਖਲ ਹੋ ਗਈ ਜਿੱਥੇ ਕੋਚ ਬੌਬ ਕਰਸੀ ਹੀ ਕੋਚਿੰਗ ਦਿੰਦਾ ਸੀ।

ਉਤੋਂ 1980 ਦੀਆਂ ਓਲੰਪਿਕ ਖੇਡਾਂ ਲਈ ਟਰਾਇਲ ਆ ਗਏ, ਪਰ ਅਮਰੀਕਾ ਨੇ ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਬਾਈਕਾਟ ਕਰ ਦਿੱਤਾ। 1983 ਵਿੱਚ ਗ੍ਰਿਫਿਥ ਨੇ ਮਨੋਵਿਗਿਆਨ ਦੇ ਵਿਸ਼ੇ ਵਿੱਚ ਬੈਚੁਲਰ ਦੀ ਡਿਗਰੀ ਹਾਸਲ ਕਰ ਲਈ। 1983 ਵਿੱਚ ਹੀ ਅਥਲੈਟਿਕਸ ਦੀ ਵਰਲਡ ਚੈਂਪੀਅਨਸ਼ਿਪ ਲਈ ਟਰਾਇਲ ਹੋਏ ਤਾਂ ਉਹ 200 ਮੀਟਰ ਦੌੜ ਵਿੱਚ ਚੌਥਾ ਸਥਾਨ ਲੈ ਸਕੀ, ਪਰ 1984 ਵਿੱਚ ਲਾਸ ਏਂਜਲਸ ਵਿਖੇ ਓਲੰਪਿਕ ਦੇ ਟਰਾਇਲਾਂ ਸਮੇਂ 200 ਮੀਟਰ ਦੌੜ ਵਿੱਚ ਦੂਜੇ ਥਾਂ ਆਈ ਜਿਸ ਨਾਲ ਅਮਰੀਕਾ ਦੀ ਟੀਮ ਵਿੱਚ ਚੁਣੀ ਗਈ। ਉਦੋਂ ਓਲੰਪਿਕ ਖੇਡਾਂ ਲਾਸ ਏਂਜਲਸ ਵਿੱਚ ਹੀ ਹੋਣੀਆਂ ਸਨ। ਉੱਥੇ ਉਸ ਨੇ 200 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਲਿਆ ਜਿਸ ਨਾਲ ਉਹਦੇ ਫੈਸ਼ਨਾਂ ਦੀ ਵੀ ਮਸ਼ਹੂਰੀ ਹੋਣੀ ਸ਼ੁਰੂ ਹੋ ਗਈ।

1984 ਦੀਆਂ ਓਲੰਪਿਕ ਖੇਡਾਂ ਪਿੱਛੋਂ ਉਸ ਦਾ ਧਿਆਨ ਕੁਝ ਸਮਾਂ ਸਰਗਰਮ ਦੌੜਾਂ ਵੱਲੋਂ ਹਟਿਆ ਰਿਹਾ ਜਿਸ ਕਰਕੇ 1985 ਵਿੱਚ ਅਮਰੀਕਾ ਦੀ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਭਾਗ ਹੀ ਨਾ ਲਿਆ। ਉਹ ਮੁੜ ਬੈਂਕ ਵਿੱਚ ਕੰਮ ਕਰਨ ਲੱਗੀ। 1987 ਵਿੱਚ ਉਸ ਨੇ ਅਲ ਜੋਏਨਰ ਨਾਲ ਵਿਆਹ ਕਰਵਾ ਲਿਆ। ਉਹ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ’ਚ ਤੀਹਰੀ ਛਾਲ ਦਾ ਚੈਂਪੀਅਨ ਸੀ। ਫਿਰ ਉਹੀ ਉਸ ਦਾ ਕੋਚ ਬਣ ਗਿਆ। ਉਦੋਂ ਤੋਂ ਜੋਏਨਰ ਨਾਂ ਉਹਦੇ ਨਾਲ ਜੁੜ ਗਿਆ ਤੇ ਉਹ ‘ਫਲੋਅ ਜੋਅ’ ਕਹੀ ਜਾਣ ਲੱਗੀ। ਅਪਰੈਲ 1987 ਤੋਂ ਉਹ ਨਿੱਠ ਕੇ ਪ੍ਰੈਕਟਿਸ ਕਰਨ ਲੱਗੀ ਕਿਉਂਕਿ ਉਹਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਪਹਿਲਾਂ ਹੀ ਓਲੰਪਿਕ ਚੈਂਪੀਅਨ ਸਨ। ਚਾਰ ਮਹੀਨੇ ਬਾਅਦ 1987 ਦੀ ਵਰਲਡ ਚੈਂਪੀਅਨਸ਼ਿਪ ਰੋਮ ਵਿੱਚ ਹੋਈ। ਉੱਥੇ ਉਹ 200 ਮੀਟਰ ਦੌੜ ਦਾ ਸਿਲਵਰ ਮੈਡਲ ਜਿੱਤ ਗਈ ਜਿਸ ਨਾਲ ਟਰੈਕ ਐਂਡ ਫੀਲਡ ਨਿਊਜ਼ ਦੀ ਵਰਲਡ ਰੈਂਕਿੰਗ ਵਿੱਚ ਆ ਗਈ। 1988 ਦੀਆਂ ਓਲੰਪਿਕ ਖੇਡਾਂ ਦੇ ਟਰਾਇਲਾਂ ਤੋਂ ਪਹਿਲਾਂ ਗ੍ਰਿਫਿਥ ਜੋਏਨਰ ਨੇ ਆਪਣੇ ਪਤੀ ਅਲ ਜੋਏਨਰ ਤੇ ਨਣਦੋਈਏ ਬੌਬ ਕਰਸੀ ਦੋਹਾਂ ਤੋਂ ਕੋਚਿੰਗ ਲਈ। ਹਫ਼ਤੇ ਦੇ ਦੋ ਦਨਿ ਕਰਸੀ ਕੋਚਿੰਗ ਦਿੰਦਾ ਤੇ ਤਿੰਨ ਦਨਿ ਜੋਏਨਰ। ਨਤੀਜਾ ਇਹ ਨਿਕਲਿਆ ਕਿ ਕਲੋਗਨ ਦੀ ਟਰੈਕ ਐਂਡ ਫੀਲਡ ਮੀਟ ਵਿੱਚ ਫਲੋਅ ਜੋਅ 100 ਮੀਟਰ ਦੌੜ 10.96 ਸੈਕਿੰਡ ਵਿੱਚ ਦੌੜ ਗਈ। ਹੋਰ ਮਿਹਨਤ ਨਾਲ ਉਹਦੀ ਦੌੜ ਹੋਰ ਤੇਜ਼ ਹੋ ਗਈ। 25 ਜੂਨ 1988 ਨੂੰ ਸੈਨ ਡਿਆਗੋ ਵਿੱਚ ਉਹ 10.89 ਸੈਕਿੰਡ ਦਾ ਸਮਾਂ ਕੱਢ ਗਈ। ਵੱਡੀ ਹੈਰਾਨੀ ਸਿਓਲ ਦੀਆਂ ਓਲੰਪਿਕ ਖੇਡਾਂ ਲਈ ਟਰਾਇਲਾਂ ਸਮੇਂ ਹੋਈ। ਟਰਾਇਲਾਂ ਦੀ ਕੁਆਟਰ ਫਾਈਨਲ ਦੌੜ ਵਿੱਚ ਉਸ ਨੇ 100 ਮੀਟਰ ਦੌੜ 10.49 ਸੈਕਿੰਡ ਵਿੱਚ ਲਾ ਕੇ ਦੁਨੀਆ ਦੰਗ ਕਰ ਦਿੱਤੀ। ਉਸ ਨੇ ਨਾ ਸਿਰਫ਼ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਬਲਕਿ 10.76 ਸੈਕਿੰਡ ਦਾ ਪੁਰਾਣਾ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਸਿਰਜ ਦਿੱਤਾ! ਟਰਾਇਲ ਦੋ ਦਨਿ ਚੱਲੇ ਜਨਿ੍ਹਾਂ ’ਚ ਉਹ ਤਿੰਨ ਵਾਰ ਦੌੜੀ। ਤਿੰਨੇ ਵਾਰ ਉਸ ਨੇ ਵਿਸ਼ਵ ਰਿਕਾਰਡ ਤੋੜੇ ਤੇ 200 ਮੀਟਰ ਦੌੜ 21.77 ਸੈਕਿੰਡ ਵਿੱਚ ਲਾ ਕੇ ਨਵਾਂ ਅਮਰੀਕਨ ਰਿਕਾਰਡ ਬਣਾਇਆ।

ਟਰਾਇਲ ਦੇਣ ਉਪਰੰਤ ਉਸ ਨੂੰ ਕੁਝ ਸਮਾਂ ਕੋਚ ਕਰਸੀ ਦੀ ਕੋਚਿੰਗ ਤੋਂ ਲਾਂਭੇ ਹੋਣਾ ਪਿਆ। ਝਗੜਾ ਕੋਚ ਤੇ ਮੈਨੇਜਰ ਹੋਣ ਅਤੇ ਸਪਾਂਸਰਸ਼ਿਪ ਦਾ ਸੀ। ਉਸ ਵੇਲੇ ਵੱਡੀਆਂ ਉਮੀਦਾਂ ਸਨ ਕਿ ਫਲੋਅ ਜੋਅ ਓਲੰਪਿਕ ਖੇਡਾਂ ’ਚੋਂ 100 ਤੇ 200 ਮੀਟਰ ਦੋਵੇਂ ਦੌੜਾਂ ਜਿੱਤੇਗੀ। ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਚ ਸਭ ਦੀਆਂ ਅੱਖਾਂ ਫਲੋਅ ਜੋਅ ’ਤੇ ਸਨ। ਉਹ ਜਿੱਧਰ ਜਾਂਦੀ ਫੋਟੋਗ੍ਰਾਫਰ ਉਧਰੇ ਉਲਰ ਪੈਂਦੇ। ਓਲਪਿਕ ਪਿੰਡ ਦੀ ਉਹ ਸਟਾਰ ਅਥਲੀਟ ਸੀ। ਦੌੜ ਮੁਕਾਬਲੇ ਸ਼ੁਰੂ ਹੋਏ ਤਾਂ ਉਹ ਹੀਟਾਂ, ਕੁਆਟਰ ਤੇ ਸੈਮੀ ਫਾਈਨਲ ਜਿੱਤਦੀ ਫਾਈਨਲ ’ਚ ਪਹੁੰਚ ਗਈ। 100 ਮੀਟਰ ਦੀ ਫਾਈਨਲ ਦੌੜ ਉਹ 10.54 ਸੈਕਿੰਡ ਵਿੱਚ ਲਾ ਕੇ ਪ੍ਰਥਮ ਆਈ ਜਿਸ ਨਾਲ ਨਵਾਂ ਵਿਸ਼ਵ ਰਿਕਾਰਡ ਸਥਾਪਿਤ ਹੋ ਗਿਆ। 200 ਮੀਟਰ ਦੌੜ ਵਿੱਚ ਵੀ ਉਸ ਨੇ ਕਮਾਲਾਂ ਕਰ ਦਿੱਤੀਆਂ। ਫਾਈਨਲ ਦੌੜ 21.56 ਸੈਕਿੰਡ ਵਿੱਚ ਲਾ ਕੇ ਇੱਕ ਹੋਰ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾ।

ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਬਸ ਨਹੀਂ ਕੀਤੀ। ਉਹ ਦੋ ਰਿਲੇਅ ਦੌੜਾਂ ਵਿੱਚ ਵੀ ਦੌੜੀ। 4+100 ਮੀਟਰ ਰਿਲੇਅ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ ਜਦ ਕਿ 4+200 ਮੀਟਰ ਰਿਲੇਅ ਦੌੜ ’ਚ ਚਾਂਦੀ ਦਾ ਤਗ਼ਮਾ ਉਹਦੇ ਹੱਥ ਲੱਗਾ। ਇੱਕੋ ਓਲੰਪਿਕਸ ਵਿੱਚੋਂ ਚਾਰ ਤਗ਼ਮੇ! ਉਦੋਂ ਤੱਕ ਹੋਈਆਂ ਓਲੰਪਿਕ ਖੇਡਾਂ ਵਿੱਚ ਔਰਤਾਂ ਦੀ ਅਥਲੈਟਿਕਸ ਵਿੱਚੋਂ ਕੇਵਲ ਫੈਨੀ ਬਲੈਂਕਰਜ਼-ਕੋਇਨ ਹੀ ਚਾਰ ਗੋਲਡ ਮੈਡਲ ਜਿੱਤ ਸਕੀ ਸੀ। ਸਿਓਲ ਵਿੱਚ ਭਾਵੇਂ ਕੁਝ ਹੋਰਨਾਂ ਖਿਡਾਰੀਆਂ ਨੇ ਵੀ ਕਮਾਲ ਦੇ ਜਲਵੇ ਵਿਖਾਏ, ਪਰ ਵਧੇਰੇ ਚਰਚਾ ਫਲੋਅ ਜੋਅ ਦੀ ਹੀ ਹੋਈ। 1988 ਵਿੱਚ ਅਮਰੀਕਾ ਦਾ ਵਿਸ਼ੇਸ਼ ਜੇਮਜ਼ ਈ ਸੁਲੀਵਨ ਐਵਾਰਡ ਫਲੋਰੈਂਸ ਜੋਏਨਰ ਨੂੰ ਦਿੱਤਾ ਗਿਆ।

1988 ਦੀਆਂ ਜਿੱਤਾਂ ਨੇ ਫਲੋਅ ਜੋਅ ਲਈ ਸੰਭਾਵਨਾਵਾਂ ਦੇ ਅਨੇਕ ਦਰ ਖੋਲ੍ਹ ਦਿੱਤੇ। ਉਸ ਨੂੰ ਬਿਜ਼ਨਿਸ ਦੇ ਚੋਖੇ ਮੁਨਾਫੇ ਵਾਲੇ ਗੱਫੇ ਮਿਲਣ ਲੱਗੇ ਜਨਿ੍ਹਾਂ ਨਾਲ ਸਾਰੇ ਪਰਿਵਾਰ ਦੀ ਆਰਥਿਕ ਖੁਸ਼ਕੀ ਦੂਰ ਹੋ ਗਈ। ਕੁਝ ਹਫ਼ਤਿਆਂ ਵਿੱਚ ਹੀ ਉਹ ਮਿਲੀਅਨੇਅਰ ਬਣ ਗਈ। 1989 ’ਚ ਉਸ ਨੇ ਦੌੜਾਂ ਨੂੰ ਅਲਵਿਦਾ ਆਖ ਦਿੱਤੀ। ਫਿਰ ਉਹ ਇੰਡੀਆਨਾ ਪੇਸਰਜ਼ ਐੱਨਬੀਏ ਨਾਲ ਬਾਸਕਟਬਾਲ ਖਿਡਾਰੀਆਂ ਦੀਆਂ ਕਿੱਟਾਂ ਦੇ ਡਿਜ਼ਾਈਨ ਬਣਾਉਣ ਲੱਗੀ। ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਕੌਂਸਲ ਆਫ ਫਿਜ਼ੀਕਲ ਫਿਟਨੈੱਸ ਦਾ ਕੋ-ਚੇਅਰਪਰਸਨ ਬਣਾ ਦਿੱਤਾ ਗਿਆ। ਉਸ ਦੀ ਇੱਕੋ ਧੀ ਹੈ, ਮੇਰੀ ਰੁਥ ਜੋਏਨਰ, ਜੋ 15 ਨਵੰਬਰ 1990 ਨੂੰ ਜੰਮੀ। ਮਾਂ ਬਣ ਕੇ ਉਹ ਸੋਪ ਓਪੇਰਾ ‘ਸਾਂਤਾ ਬਾਰਬਰਾ’ ਦੇ 227 ਐਪੀਸੋਡਾਂ ’ਚੋਂ ਚਹੁੰ ਵਿੱਚ ਸ਼ਰੀਕ ਹੋਈ। 1996 ਵਿੱਚ ਉਹ ‘ਚਾਰਲੀ ਰੋਜ਼’ ਵਿੱਚ ਆਈ। ਉਤੋਂ ਐਟਲਾਂਟਾ ਦੀਆਂ ਓਲੰਪਿਕ ਖੇਡਾਂ ਆ ਰਹੀਆਂ ਸਨ। 100 ਤੇ 200 ਮੀਟਰ ਦੌੜਾਂ ਵਿੱਚ ਵਿਸ਼ਵ ਰਿਕਾਰਡ ਰੱਖਣ ਪਿੱਛੋਂ ਉਹਦੇ ਮਨ ਦੀ ਰੀਝ ਸੀ ਕਿ 400 ਮੀਟਰ ਦੌੜ ਦਾ ਵੀ ਵਿਸ਼ਵ ਰਿਕਾਰਡ ਰੱਖਾਂ। ਉਹਦੇ ਲਈ ਉਹ ਤਿਆਰੀ ਕਰਨ ਲੱਗੀ, ਪਰ ਜੂਨ 1996 ਵਿੱਚ ਅਮਰੀਕਾ ਦੇ ਟਰਾਇਲਾਂ ਤੋਂ ਪਹਿਲਾਂ ਹੀ ਉਸ ਦੀ ਲੱਤ ’ਚ ਪੱਠੇ ਦਾ ਦਰਦ ਸ਼ੁਰੂ ਹੋ ਗਿਆ। ਉਸ ਨੂੰ ਪ੍ਰੈਕਟਿਸ ਵਿੱਚੇ ਛੱਡਣੀ ਪਈ। ਉਦੋਂ ਉਸ ਦੀ ਉਮਰ 36 ਸਾਲ ਦੀ ਸੀ।

ਫਲੋਅ ਜੋਅ ਜਿੱਥੇ ਵਿਸ਼ਵ ਦੀ ਤੇਜ਼ਤਰਾਰ ਦੌੜਾਕ ਵਜੋਂ ਜਾਣੀ ਜਾਂਦੀ ਹੈ ਉੱਥੇ ਉਸ ਦੇ ਬੋਲਡ ਫੈਸ਼ਨਾਂ ਨੇ ਵੀ ਉਸ ਨੂੰ ਫਿਲਮ ਸਟਾਰਾਂ ਵਰਗੀ ਮਸ਼ਹੂਰੀ ਬਖ਼ਸ਼ੀ। 1987 ਦੀ ਵਰਲਡ ਚੈਂਪੀਅਨਸ਼ਿਪ ਵਿੱਚ ਉਹ ਸਪੀਡ ਸਕੇਟਿੰਗ ਬਾਡੀ ਸੂਟ ਪਾ ਕੇ ਦੌੜੀ। ਉਹਦੇ ਸੂਟ ਸ਼ੋਖ ਰੰਗਾਂ ਦੇ ਹੁੰਦੇ। ਸਿਓਲ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਆਪਣੇ ਛੇ ਇੰਚੀ ਨਹੁੰ ਤਰਾਸ਼ ਕੇ ਚਾਰ ਇੰਚੀ ਕਰ ਲਏ ਸਨ। ਸਿਰ ਦੇ ਵਾਲ ਕਾਲੇ ਸੰਘਣੇ ਤੇ ਭਾਰੇ ਸਨ ਜੋ ਦੌੜਦਿਆਂ ਖੁੱਲ੍ਹੇ ਰੱਖਦੀ ਸੀ। ਖੇਡ ਮਾਹਿਰਾਂ ਅਨੁਸਾਰ ਜੇਕਰ ਉਹ ਸਾਦਗੀ ਨਾਲ ਦੌੜਦੀ ਤਾਂ ਉਸ ਦੇ ਰਿਕਾਰਡ ਹੋਰ ਵੀ ਬਿਹਤਰ ਹੁੰਦੇ।

ਉਹਦੇ ਮੁਕਾਬਲੇ ’ਚ ਦੌੜਨ ਵਾਲੀਆਂ ਕੁਝ ਅਥਲੀਟਾਂ ਨੇ ਦੋਸ਼ ਲਾਏ ਸਨ ਕਿ ਉਹ ਕਾਰਜਕੁਸ਼ਲਤਾ ਵਧਾਉਣ ਵਾਲੇ ਸਟੀਰਾਏਡਜ਼ ਲੈਂਦੀ ਹੈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਕੁਝ ਕੁ ਮਹੀਨਿਆਂ ਵਿੱਚ ਹੀ ਉਹਦੀਆਂ ਦੌੜਾਂ ਦਾ ਸਮਾਂ ਐਨਾ ਕਵਿੇਂ ਆ ਗਿਆ! ਡੈਰਿਲ ਰੋਬਨਸਨ ਨੇ ਤਾਂ ਭੇਤ ਵੀ ਖੋਲ੍ਹ ਦਿੱਤਾ ਕਿ ਉਸ ਨੇ 10 ਮਿਲੀਮੀਟਰ ਦਾ ਗ੍ਰੋਥ ਹਾਰਮੋਨ ਉਸ ਨੂੰ 2000 ਡਾਲਰ ਵਿੱਚ ਵੇਚਿਆ ਸੀ। ਪਰ ਉਸ ਦੇ ਕੋਚ ਅਲ ਜੋਏਨਰ ਤੇ ਬੌਬ ਕਰਸੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਲੱਤਾਂ ਦੇ ਪੱਠੇ ਹੋਰ ਤਕੜੇ ਕਰਨ ਦੀ ਕੋਚਿੰਗ ਦਿੱਤੀ ਸੀ। ਫਲੋਅ ਜੋਅ ਦੇ ਇੱਕ ਵਾਰ ਨਹੀਂ, ਕਈ ਵਾਰ ਡੋਪ ਟੈਸਟ ਹੋਏ। ਉਹ ਕਦੇ ਵੀ ਪਾਜ਼ੇਟਵਿ ਨਹੀਂ ਆਈ ਭਾਵ ਡਰੱਗੀ ਨਹੀਂ ਸੀ ਨਿਕਲੀ।

ਉਹ ਚੰਗੀ ਭਲੀ ਸੀ ਕਿ 21 ਸਤੰਬਰ 1998 ਨੂੰ ਨੀਂਦ ਵਿੱਚ ਕੈਲੀਫੋਰਨੀਆ ਕੈਨੀਅਨ ਕਰੈਸਟ ਦੇ ਗੁਆਂਢ ਮਿਸ਼ਨ ਵੀਜੋ ਵਿੱਚ ਸਦੀਵੀ ਵਿਛੋੜਾ ਦੇ ਗਈ। ਉਸ ਦਾ ਨਾਂ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ। ਜਿਸ ਸਕੂਲ ਵਿੱਚ ਉਹ ਪੜ੍ਹੀ ਸੀ ਉਹਦਾ ਨਾਂ 2000 ਵਿੱਚ ਫਲੋਰੈਂਸ ਗ੍ਰਿਫਿਥ ਜੋਏਨਰ ਐਲੀਮੈਂਟਰੀ ਸਕੂਲ ਰੱਖਿਆ ਗਿਆ। ਉਸ ਦੀ ਕਬਰ ਐਲ ਟੋਰੋ ਮੈਮੋਰੀਅਲ ਪਾਰਕ, ਲੇਕ ਫੋਰੈਸਟ, ਕੈਲੇਫੋਰਨੀਆ ਵਿੱਚ ਹੈ। ਉਸ ਨੇ ਪੰਜ ਮੈਡਲ ਓਲੰਪਿਕ ਖੇਡਾਂ ’ਚੋਂ ਜਿੱਤੇ ਤੇ ਦੋ ਵਿਸ਼ਵ ਚੈਂਪੀਅਨਸ਼ਿਪਾਂ ਵਿੱਚੋਂ। ਸਾਰੇ ਮੈਡਲਾਂ ਦੀ ਗਿਣਤੀ ਤਾਂ ਸੌ ਤੋਂ ਵੀ ਵੱਧ ਹੋਵੇਗੀ। ਉਸ ਦੇ ਕਥਨ ਸਨ: ਜਿਹੜੇ ਕਹਿੰਦੇ ਹਨ ਕਿ ਮੈਂ ਡੋਪਿੰਗ ਕਰਦੀ ਹਾਂ, ਉਹ ਹਰ ਹਫ਼ਤੇ ਮੈਨੂੰ ਚੈੱਕ ਕਰ ਸਕਦੇ ਹਨ। ਕਾਮਯਾਬੀ ਦੀ ਪੌੜੀ ਮਿਹਨਤ ਹੈ ਨਾ ਕਿ ਡਰੱਗ। ਜੇ ਤੁਸੀਂ ਮਰਦਾਂ ਵਾਂਗ ਦੌੜਨਾ ਹੈ ਤਾਂ ਮਰਦਾਂ ਜਿੰਨੀ ਸਖ਼ਤ ਮਿਹਨਤ ਕਰੋ। ਮੈਂ ਹਮੇਸ਼ਾਂ ਮੈਡਲ ਜਿੱਤਣ ਲਈ ਦੌੜੀ ਨਾ ਕਿ ਰਿਕਾਰਡ ਰੱਖਣ ਲਈ। ਸਖ਼ਤ ਮਿਹਨਤ ਦਾ ਕੋਈ ਸਾਨੀ ਨਹੀਂ ਹੁੰਦਾ। ਮੈਂ ਸਖ਼ਤ ਮਿਹਨਤ ਕੀਤੀ। ਵੀਹ ਸਾਲਾਂ ਤੋਂ ਵੱਧ ਟਰੈਕ ਵਿੱਚ ਰਹੀ। ਮੈਨੂੰ ਜਿੱਤਾਂ ਨਾਲੋਂ ਹਾਰਾਂ ਵੱਧ ਮਿਲੀਆਂ। ਦੌੜਨਾ ਮੇਰਾ ਸ਼ੁਗਲ ਰਿਹਾ।

ਫਲੋਅ ਜੋਅ ਦੀਆਂ ਤੇਜ਼ਤਰਾਰ ਦੌੜਾਂ ਤੇ ਭੜਕੀਲੇ ਫੈਸ਼ਨਾਂ ਨੇ ਜਿੱਥੇ ਉਸ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕੀਤਾ ਉੱਥੇ ਉਹਦੀ ਅਗਾਊਂ ਹੋਈ ਮੌਤ ਨੇ ਕਰੋੜਾਂ ਲੋਕਾਂ ਨੂੰ ਗ਼ਮਗ਼ੀਨ ਵੀ ਕੀਤਾ। ਉਹ ਸੱਚੀਂ ‘ਉਡਣ ਪਰੀ’ ਸੀ।

ਈਮੇਲ: principalsarwansingh@gmail.com

Advertisement
×