DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਂਝੇ ਪੰਜਾਬ ਦੀ ਗਾਇਕੀ ਦਾ ਆਲਮ

ਕੁਲਦੀਪ ਸਿੰਘ ਸਾਹਿਲ ਬੋਲ ਮਿੱਟੀ ਦਿਆ ਬਾਵਿਆਂ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ...ਇਹ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ ਅਤੇ ਹੁਣ ਵੀ ਇਹ ਅਮਰ ਗੀਤ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਬੇਸ਼ੱਕ ਇਸ ਗੀਤ ਨੂੰ ਬਹੁਤ ਸਾਰੇ ਗਾਇਕਾਂ ਨੇ...
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ ਸਾਹਿਲ

ਬੋਲ ਮਿੱਟੀ ਦਿਆ ਬਾਵਿਆਂ, ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ...ਇਹ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ ਅਤੇ ਹੁਣ ਵੀ ਇਹ ਅਮਰ ਗੀਤ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਬੇਸ਼ੱਕ ਇਸ ਗੀਤ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਉਣ ਦੀ ਕੋਸ਼ਿਸ਼ ਕੀਤੀ, ਪਰ ਜੋ ‘ਮਿੱਟੀ ਦਾ ਬਾਵਾ’ ਆਲਮ ਲੁਹਾਰ ਗਾ ਗਏ ਇਹੋ ਜਿਹਾ ਕੋਈ ਹੋਰ ਨਹੀਂ ਗਾ ਸਕਿਆ। ਉੱਚੀ ਅਤੇ ਸੁਰੀਲੀ ਆਵਾਜ਼ ਨਾਲ ਚਿਮਟੇ ਅਤੇ ਅਲਗੋਜ਼ਿਆਂ ਦੀ ਤਾਲ ਨਾਲ ਦਿਲਾਂ ’ਚ ਆਪਣੀ ਗਾਇਕੀ ਨਾਲ ਜੋਸ਼ ਭਰ ਦੇਣ ਵਾਲੇ ਆਲਮ ਲੁਹਾਰ ਦੀ ਰੀਸ ਅਜੇ ਤੱਕ ਪੰਜਾਬ ਦਾ ਕੋਈ ਵੀ ਗਾਇਕ ਨਹੀਂ ਕਰ ਸਕਿਆ। ਉਨ੍ਹਾਂ ਦੇ ਹਰ ਗਾਏ ਗੀਤ ਦੇ ਡੂੰਘੇ ਅਰਥ ਹੁੰਦੇ ਸਨ ਅਤੇ ਹਰ ਗੀਤ ਬਾਕਮਾਲ ਹੁੰਦਾ ਸੀ।

ਆਲਮ ਲੁਹਾਰ ਦਾ ਜਨਮ 1928 ਵਿੱਚ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਖਾਰੀਆਂ ਦੇ ਪਿੰਡ ਅੱਚ ’ਚ ਹੋਇਆ ਜੋ ਕਸਬਾ ਲਾਲਾ ਮੂਸਾ ਦੇ ਲਾਗੇ ਹੈ। ਉਹ ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਲੱਗਦੇ ਮੇਲਿਆਂ ’ਚ ਅਖਾੜੇ ਲਾ ਕੇ ਸੈਂਕੜੇ ਪੰਜਾਬੀਆਂ ਨੂੰ ਇਕੱਠਾ ਕਰਕੇ ਸਾਰੀ ਜ਼ਿੰਦਗੀ ਗਾਉਂਦਾ ਰਿਹਾ। ਆਲਮ ਲੁਹਾਰ ਨੇ ਆਪਣੀ ਗਾਇਕੀ ਦਾ ਪਹਿਲਾ ਐਲਬਮ 13 ਸਾਲ ਦੀ ਉਮਰ ’ਚ ਰਿਕਾਰਡ ਕਰਵਾਇਆ। ਮੀਆਂ ਮੁਹੰਮਦ ਬਖ਼ਸ਼ ਦੀ ਲਿਖੀ ਸੈਫੁਲ ਮਲੂਕ 1948 ’ਚ ਗਾਈ। ਕਿੱਸਾ ਯੂਸਫ ਜੁਨੈਜ਼ 1961 ’ਚ ਗਾਇਆ। ਉਨ੍ਹਾਂ ਦਾ ਗਾਇਆ ਗੀਤ ‘ਬੋਲ ਮਿੱਟੀ ਦਿਆ ਬਾਵਿਆ’ 1964 ਵਿੱਚ ਬਹੁਤ ਮਕਬੂਲ ਹੋਇਆ। ਉਨ੍ਹਾਂ ਨੇ ਕਿੱਸਾ ਦੁੱਲਾ ਭੱਟੀ 1959 ’ਚ ਗਾਇਆ। ਕਿੱਸਾ ਮਿਰਜ਼ਾ ਜੱਟ 1967 ’ਚ, ਕਿੱਸਾ ਹੀਰ-ਰਾਂਝਾ 1969 ਤੇ ਕਿੱਸਾ ਸੱਸੀ-ਪੁਨੂੰ 1972 ’ਚ ਗਾਇਆ। ਉਨ੍ਹਾਂ ਨੇ ਕਿੱਸਾ ਹਰਨੀ 1963, ਮਿਰਜ਼ੇ ਜੱਟ ਦੀ ਮਾਂ 1968, ਮਾਂ ਦਾ ਪਿਆਰ 1971 ਤੇ ਕਿੱਸਾ ਬਾਰਾਂ ਮਾਂਹ 1974 ’ਚ ਗਾਇਆ। ਉਨ੍ਹਾਂ ਨੇ 1973 ਵਿੱਚ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ’ ਪੰਜਾਬੀਆਂ ਸਾਹਮਣੇ ਪੇਸ਼ ਕੀਤਾ। ਆਲਮ ਲੁਹਾਰ ਨੂੰ 1960 ਤੋਂ ਲੈ ਕੇ 1970 ਤੱਕ ਦੱਖਣੀ ਏਸ਼ੀਆ ’ਚ ਸਭ ਤੋਂ ਵੱਧ ਸੁਣਿਆ ਜਾਂਦਾ ਸੀ। ਇਸੇ ਹੀ ਸਮੇਂ ਦੌਰਾਨ ਉਹ ਕੈਨੇਡਾ, ਇੰਗਲੈਂਡ, ਅਮਰੀਕਾ, ਨਾਰਵੇ ਅਤੇ ਜਰਮਨੀ ਜਾ ਕੇ ਪੰਜਾਬੀਆਂ ਨੂੰ ਆਪਣੀ ਜੋਸ਼ੀਲੀ ਤੇ ਮਸਤ ਕਰ ਦੇਣ ਵਾਲੀ ਗਾਇਕੀ ਨਾਲ ਨਿਹਾਲ ਕਰਦਾ ਰਿਹਾ। ਆਲਮ ਲੁਹਾਰ ਦੇ ਪਿੰਡ ਤੋਂ ਜੋ ਸੜਕ ਜੀ. ਟੀ. ਰੋਡ ਨੂੰ ਜਾਂਦੀ ਹੈ, ਉਸ ਦਾ ਨਾਂ ਵੀ ਆਲਮ ਲੁਹਾਰ ਰੋਡ ਰੱਖਿਆ ਗਿਆ। ਆਲਮ ਲੁਹਾਰ ਗ਼ਰੀਬ ਲੁਹਾਰ ਪਰਿਵਾਰ ਤੋਂ ਸੀ। ਲੁਹਾਰਾਂ ਨੂੰ ਮੁਗਲ ਬਰਾਦਰੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜੱਦੀ ਪੇਸ਼ਾ ਗਾਇਕੀ ਨਹੀਂ ਸੀ। ਆਪਣੇ ਇੱਕ ਗੀਤ ’ਚ ਵੀ ਉਨ੍ਹਾਂ ਨੇ ਕਿਹਾ ਹੈ, ‘ਛੱਡ ਲੁਹਾਰਾ ਗਾਉਣ ਦਾ ਖਹਿੜਾ, ਤੇ ਸਨ੍ਹੀ ਹਥੌੜਾ ਵਾਹੀਏ।’ ਗਾਇਕੀ ਆਲਮ ਲੁਹਾਰ ਦਾ ਭਾਵੇਂ ਜੱਦੀ ਪੇਸ਼ਾ ਨਹੀਂ ਸੀ, ਪਰ ਇਸ ਮਹਾਨ ਹਸਤੀ ਨੂੰ ਨਿੱਕੇ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਕ ਪੈ ਗਿਆ ਸੀ। ਪਹਿਲਾਂ ਤਾਂ ਉਹ ਘਰ ’ਚ ਹੀ ਗੁਣਗੁਣਾਉਂਦਾ ਰਹਿੰਦਾ। ਉਹ ਘਰੇ ਹੀ ਸਾਰਾ ਦਿਨ ਕਦੀ ਗੜਵੀ, ਕਦੀ ਪਰਾਤ ਤੇ ਕਦੀ ਘੜਾ ਵਜਾ ਕੇ ਲੈਅ ਨਾਲ ਗਾਉਂਦਾ। ਉਹਨੂੰ ਖਾਸ ਤਰਜ਼ ਵਾਲੀ ਅਤੇ ਸਾਫ਼ ਸੁਥਰੀ ਗਾਇਕੀ ਨਾਲ ਬਹੁਤ ਮੁਹੱਬਤ ਸੀ। ਛੋਟੇ ਹੁੰਦਿਆਂ ਉਹ ਆਪਣੇ ਹੀ ਪਰਿਵਾਰ ਸਾਹਮਣੇ ਗਾ ਕੇ ਆਪਣੀ ਗਾਇਕੀ ਦਾ ਸ਼ੌਕ ਪੂਰਾ ਕਰ ਲੈਂਦਾ ਸੀ। ਉਸ ਦੀ ਆਵਾਜ਼ ’ਚ ਖਾਸ ਜਾਦੂ ਸੀ। ਉਸ ਨੇ ਗਾਉਣ ਲਈ ਬਿਲਕੁਲ ਵੱਖਰੀ ਸੁਰ ਅਪਣਾਈ। ਆਲਮ ਨੇ ਆਪਣੀ ਗਾਇਕੀ ਦੇ ਇਸ ਨਿਵੇਕਲੇ ਅੰਦਾਜ਼ ਨਾਲ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਆਪਣੀ ਅਲੱਗ ਪਛਾਣ ਬਣਾਈ। ਉਸ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਦਰਜਨਾਂ ਪੰਜਾਬੀ ਗਾਇਕਾਂ ਨੇ ਆਲਮ ਲੁਹਾਰ ਦੇ ਲਹਿਜ਼ਾ-ਏ-ਆਵਾਜ਼ ਤੇ ਉੱਚੀ ਸੁਰ ’ਚ ਗਾਉਣ ਦਾ ਢੰਗ ਅਪਣਾਇਆ, ਪਰ ਕੁਦਰਤ ਜਿਸ ਬੰਦੇ ਨੂੰ ਜੋ ਵੀ ਸਰੀਰਕ ਸਿਫਤ ਭੇਟ ਕਰਦੀ ਹੈ, ਕੋਈ ਹੋਰ ਬੰਦਾ ਉਸ ਸਿਫਤ ਨੂੰ ਖੋਹਣਾ ਵੀ ਚਾਹੇ ਤਾਂ ਨਹੀਂ ਖੋਹ ਸਕਦਾ।

Advertisement

ਉਹ ਜਦੋਂ ਮਿਰਜ਼ਾ-ਸਾਹਬਿਾਂ ਆਪਣੀ ਤਿੱਖੀ, ਉੱਚੀ ਤੇ ਸੁਰੀਲੀ ਆਵਾਜ਼ ’ਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁੱਖੜੇ ਲਾਲੋ-ਲਾਲ ਹੋ ਜਾਂਦੇ ਸਨ। ਉਹਨੂੰ ਸਭ ਤੋਂ ਵੱਧ ਸ਼ੁਹਰਤ ਮਿਰਜ਼ਾ-ਸਾਹਬਿਾਂ ਗਾਉਣ ’ਤੇ ਹੀ ਮਿਲੀ, ਇਹ ਉਸ ਦੀ ਪਛਾਣ ਬਣ ਗਈ। ਉਨ੍ਹਾਂ ਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਛਾਣ ਬਣਾਇਆ। ਗਲ਼ ਕੱਢਿਆ ਹੋਇਆ ਰੰਗ-ਰੰਗੀਲਾ ਕੁੜਤਾ। ਲੱਕ ’ਤੇ ਗੂੜ੍ਹੇ ਰੰਗ ਵਾਲਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ; ਲੰਮੀਆਂ ਜ਼ੁਲਫਾਂ, ਭਰਿਆ-ਭਰਿਆ ਸਰੀਰ, ਕੱਦ ਦਰਮਿਆਨਾ ਤੇ ਹੱਥ ਵਿੱਚ ਚਿਮਟਾ; ਗਾਉਂਦਿਆਂ ਜਦੋਂ ਇੱਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਖਾਸ ਅੰਦਾਜ਼ ਨਾਲ ਹਵਾ ’ਚ ਲਹਿਰਾ ਜਾਂਦੇ। ਗਾਇਕੀ ’ਚ ਉਸ ਦਾ ਸਾਥ ਫਜ਼ਲ ਕਰੀਮ ਕਿਸਾਈ ਅਲਗੋਜ਼ੇ ਵਾਲਾ ਦਿੰਦਾ ਸੀ। ਫਜ਼ਲ ਕਰੀਮ ਕਿਸਾਈ ਦੋ ਅਲਗੋਜ਼ੇ ਇਕੱਠੇ ਮੂੰਹ ’ਚ ਲੈ ਕੇ ਵਜਾਉਂਦਾ ਸੀ। ਆਲਮ ਮਸ਼ਹੂਰ ਸੂਫੀ ਬਜ਼ੁਰਗ ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ’ਤੇ ਸਲਾਮ ਕਰਨ ਰੇਲ ਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ। ਹੈਦਰਾਬਾਦ ਦੇ ਸਟੇਸ਼ਨ ’ਤੇ ਉਤਰ ਕੇ ਉਹ ਤੇ ਉਸ ਦੇ ਚਾਰ ਸਾਥੀ ਕਾਰ ’ਚ ਸਵਾਰ ਹੋ ਕੇ ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ਵੱਲ ਰਾਹੇ ਪੈ ਗਏ। ਰਾਹ ’ਚ 80-100 ਕਿਲੋਮੀਟਰ ਤੋਂ ਵੀ ਵੱਧ ਰਫ਼ਤਾਰ ’ਤੇ ਦੌੜਦੀ ਕਾਰ ਬੱਸ ਨਾਲ ਟਕਰਾ ਗਈ। ਇਸ ਸੜਕ ਹਾਦਸੇ ਕਾਰਨ ਆਲਮ ਲੁਹਾਰ ਦੀ ਲੱਤ ਟੁੱਟ ਗਈ। ਹਸਪਤਾਲ ’ਚ ਕਈ ਦਿਨ ਇਲਾਜ ਚੱਲਦਾ ਰਿਹਾ। ਇਲਾਜ ਪਿੱਛੋਂ ਪੰਜਾਬ ਪਰਤ ਕੇ ਉਨ੍ਹਾਂ ਨੇ ਗੀਤ ਲਿਖਿਆ ਤੇ ਆਪ ਹੀ ਗਾਇਆ। ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ। ਗੀਤ ਦੇ ਬੋਲ ਸਨ:

’ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ

ਕਿਸੇ ਨੇ ਮੇਰੀ ਗੱਲ ਨਾ ਸੁਣੀ।

ਸੀਨੇ ਲਾ ਕੇ ਘੁੱਟ ਲਈਆਂ ਬਾਹਾਂ ਮੇਰੀਆਂ

ਆਲਮ ਦੇਖਿਆ ਤੇ ਲੋਕਾਂ ਅੱਖਾਂ ਫੇਰੀਆਂ।

ਟੁੱਟੀ ਲੱਤ ਨੂੰ ਦਿਖਾਇਆ ਕਈ ਵਾਰ ਮੈਂ

ਕਿਸੇ ਨੇ ਮੇਰੀ ਗੱਲ ਨਾ ਸੁਣੀ।

ਆਲਮ ਲੁਹਾਰ ਦੇ 8 ਪੁੱਤਰ ਹਨ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਆਰਿਫ ਲੁਹਾਰ ਪੰਜਾਬੀ ਗਾਇਕੀ ਦੇ ਮੈਦਾਨ ’ਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ ’ਚ ਵਸਦਾ ਹੈ। ਉਸ ਦੇ ਸੱਤ ਪੁੱਤਰ ਇੰਗਲੈਂਡ ਦੇ ਵਸਨੀਕ ਬਣ ਗਏ ਹਨ। ਕੇਵਲ ਆਰਿਫ ਲੁਹਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿੱਚ ਗਾ ਕੇ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ। ‘ਜੁਗਨੀ’ ਆਲਮ ਲੁਹਾਰ ਦੀ ਖਾਸ ਪਛਾਣ ਬਣ ਗਈ ਸੀ। ਉਹਨੇ ਅਜਿਹੀ ਜੁਗਨੀ ਗਾਈ ਕਿ ਉਹ ਪੂਰੀ ਦੁਨੀਆ ’ਚ ਪ੍ਰਸਿੱਧੀ ਦੇ ਅੱਧ-ਅਸਮਾਨ ਤੱਕ ਪਹੁੰਚ ਗਿਆ। ਜੁਗਨੀ ਤਾਂ ਕਈ ਗਾਇਕਾਂ ਨੇ ਗਾਈ, ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀ। ਆਲਮ ਲੁਹਾਰ ਤੇ ਜੁਗਨੀ ਦੋ ਹੋ ਕੇ ਵੀ ਇੱਕ ਹਨ। ਇਹ ਪਛਾਣ ਪੰਜਾਬੀਆਂ ਦੇ ਦਿਲਾਂ ਵਿੱਚੋਂ ਕਦੀ ਨਹੀਂ ਨਿਕਲੇਗੀ। 3 ਜੁਲਾਈ 1984 ਨੂੰ ਹੋਇਆ ਖਤਰਨਾਕ ਕਾਰ ਹਾਦਸਾ ਉਸ ਦੀ ਮੌਤ ਦਾ ਸਬੱਬ ਬਣ ਗਿਆ। ਇਤਫ਼ਾਕ ਸੀ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਕੁਦਰਤ ਨੇ ਆਲਮ ਲੁਹਾਰ ਦੇ ਮੂੰਹੋਂ ਇਹ ਗੀਤ ਗਵਾ ਕੇ ਉਸ ਨੂੰ ਸਦਾ ਲਈ ਦੁਨੀਆ ਤੋਂ ਅਲਵਿਦਾ ਕਰ ਦਿੱਤਾ:

ਦਿਲ ਵਾਲਾ ਦੁਖੜਾ ਨਈਂ, ਕਿਸੇ ਨੂੰ ਸੁਣਾਈਦਾ

ਆਪਣੀਆਂ ਸੋਚਾਂ ਵਿੱਚ, ਆਪੇ ਡੁੱਬ ਜਾਈਦਾ

ਆਪ ਵੀ ਨਾ ਆਇਓਂ, ਸਾਨੂੰ ਖ਼ਤ ਵੀ ਨਾ ਘੱਲਿਆ

ਜ਼ਿੰਦਗੀ ਦਾ ਦੀਵਾ ਮੇਰਾ, ਇਵੇਂ ਬੁਝ ਚੱਲਿਆ

ਹੋਰ ਕੀ ਮੈਂ ਆਖਾਂ ਤੈਨੂੰ, ਇੰਜ ਨਈਂ ਸੀ ਚਾਹੀਦਾ

ਛੱਡ ਯਾਰ ਆਲਮਾ, ਤੇਰਾ ਦੁਨੀਆ ’ਤੇ ਕੰਮ ਕੀ

ਉਹ ਵੀ ਨਹੀਂ ਰਹਿਆ, ਜਿਹਦੇ ਦਮ ਵਿੱਚ ਦਮ ਸੀ

ਸੰਪਰਕ: 94179-90040

Advertisement
×