ਐਸ਼ਵਰਿਆ ਰਾਏ ਨੇ ਏਆਈ ਰਾਹੀਂ ਤਿਆਰ ਕੀਤੀ ਪੋਰਨੋਗ੍ਰਾਫੀ ਖ਼ਿਲਾਫ਼ ਅਦਾਲਤ ਤੋਂ ਸੁਰੱਖਿਆ ਮੰਗੀ
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਨਾਂ, ਤਸਵੀਰਾਂ ਅਤੇ ਏਆਈ ਦੁਆਰਾ ਬਣਾਈ ਗਈ ਅਸ਼ਲੀਲ ਸਮੱਗਰੀ ਦੀ ਅਣ-ਅਧਿਕਾਰਤ ਵਰਤੋਂ ਕਰਨ ਤੋਂ ਰੋਕੇ।
ਜਸਟਿਸ ਤੇਜਸ ਕਾਰੀਆ ਨੇ ਜ਼ਬਾਨੀ ਤੌਰ ’ਤੇ ਸੰਕੇਤ ਦਿੱਤਾ ਕਿ ਉਹ ਬਚਾਅ ਪੱਖ ਨੂੰ ਚੇਤਾਵਨੀ ਦਿੰਦੇ ਹੋਏ ਇੱਕ ਅੰਤਰਿਮ ਹੁਕਮ ਜਾਰੀ ਕਰਨਗੇ ਰਾਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕਿਹਾ ਕਿ ਅਦਾਕਾਰਾ ਆਪਣੇ ਪ੍ਰਚਾਰ ਅਤੇ ਸ਼ਖਸੀਅਤ ਦੇ ਅਧਿਕਾਰਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਇੰਟਰਨੈੱਟ ’ਤੇ ਉਸ ਦੀਆਂ ਨਕਲੀ ਨਿੱਜੀ ਤਸਵੀਰਾਂ ਘੁੰਮ ਰਹੀਆਂ ਹਨ।
ਸੇਠੀ ਨੇ ਰਾਏ ਵੱਲੋਂ ਦਲੀਲ ਦਿੱਤੀ, ‘‘ਮੇਰੀਆਂ ਤਸਵੀਰਾਂ, ਮੇਰੇ ਜਿਹੇ ਹੋਣ ਜਾਂ ਮੇਰੇ ਵਿਅਕਤੀਤਵ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇੱਕ ਵਿਅਕਤੀ ਸਿਰਫ਼ ਮੇਰਾ ਨਾਂ ਅਤੇ ਚਿਹਰਾ ਲਗਾ ਕੇ ਪੈਸੇ ਕਮਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਦੀ ਦਿੱਖ ਦੀ ਵਰਤੋਂ ਕਿਸੇ ਦੀਆਂ ਜਿਨਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਹੈ।’’ ਰਾਏ ਦੀ ਨੁਮਾਇੰਦਗੀ ਵਕੀਲਾਂ ਪ੍ਰਵੀਨ ਆਨੰਦ ਅਤੇ ਧਰੁਵ ਆਨੰਦ ਨੇ ਵੀ ਕੀਤੀ।
ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਜੁਆਇੰਟ ਰਜਿਸਟਰਾਰ ਦੇ ਸਾਹਮਣੇ 7 ਨਵੰਬਰ ਅਤੇ ਅਦਾਲਤ ਵਿੱਚ 15 ਜਨਵਰੀ, 2026 ਨੂੰ ਤੈਅ ਕੀਤੀ ਹੈ।