‘ਬਿਗ ਥ੍ਰੀ’ ਤੋਂ ਬਾਅਦ ‘ਸਿਨਕਾਰਾਜ਼’ ਦੀ ਆਮਦ
ਟੈਨਿਸ ਮੁਕਾਬਲੇਬਾਜ਼ੀ ’ਤੇ ਪ੍ਰਫੁੱਲਤ ਹੁੰਦਾ ਹੈ। ਬਜੋਰਨ ਬੋਰਗ ਬਨਾਮ ਜੌਨ ਮੈਕਨਰੋ ਤੋਂ ਲੈ ਕੇ ਪੀਟ ਸੈਮਪਰਾਸ ਬਨਾਮ ਆਂਦਰੇ ਅਗਾਸੀ ਤੋਂ ਚੱਲਦਾ ਹੋਇਆ ਇਹ ਸਿਲਸਿਲਾ ਮੌਜੂਦਾ ਸਮੇਂ ਵੀ ਬਾਦਸਤੂਰ ਜਾਰੀ ਹੈ। ਰੋਜ਼ਰ ਫੈਡਰਰ, ਰਫਾਲ ਨਡਾਲ, ਨੋਵਾਕ ਜੋਕੋਵਿਚ ਅਤੇ ਐਡੀਂ ਮਰੇ ਦੇ...
ਟੈਨਿਸ ਮੁਕਾਬਲੇਬਾਜ਼ੀ ’ਤੇ ਪ੍ਰਫੁੱਲਤ ਹੁੰਦਾ ਹੈ। ਬਜੋਰਨ ਬੋਰਗ ਬਨਾਮ ਜੌਨ ਮੈਕਨਰੋ ਤੋਂ ਲੈ ਕੇ ਪੀਟ ਸੈਮਪਰਾਸ ਬਨਾਮ ਆਂਦਰੇ ਅਗਾਸੀ ਤੋਂ ਚੱਲਦਾ ਹੋਇਆ ਇਹ ਸਿਲਸਿਲਾ ਮੌਜੂਦਾ ਸਮੇਂ ਵੀ ਬਾਦਸਤੂਰ ਜਾਰੀ ਹੈ। ਰੋਜ਼ਰ ਫੈਡਰਰ, ਰਫਾਲ ਨਡਾਲ, ਨੋਵਾਕ ਜੋਕੋਵਿਚ ਅਤੇ ਐਡੀਂ ਮਰੇ ਦੇ ਸੁਨਹਿਰੀ ਯੁੱਗ ਤੱਕ ਖੇਡ ਨੂੰ ਇਕੱਲੇ ਮਹਾਨਤਾ ਦੁਆਰਾ ਨਹੀਂ ਸਗੋਂ ਬਰਾਬਰੀ ਦੇ ਟਕਰਾਅ ਦੁਆਰਾ ਪਰਿਭਾਸ਼ਤ ਕੀਤਾ ਜਾਂਦਾ ਹੈ। ਫੈਡਰਰ, ਨਡਾਲ, ਜੋਕੋਵਿਚ ਅਤੇ ਮਰੇ ਦੇ ਯੁੱਗ (ਲਗਭਗ 2008-2016) ਨੂੰ ‘ਬਿਗ ਫੋਰ’ ਨਾਲ ਤਸ਼ਬੀਹ ਦਿੱਤੀ ਗਈ। ਜਦੋਂ ਕਿ ਐਂਡੀ ਮਰੇ ਨੂੰ 2010 ਦੇ ਦਹਾਕੇ ਦੇ ਸ਼ੁਰੂ ਵਿੱਚ ਸਭ ਤੋਂ ਨਜ਼ਦੀਕੀ ਚੁਣੌਤੀ ਮੰਨਿਆ ਜਾਂਦਾ ਸੀ।
‘ਬਿਗ ਥ੍ਰੀ’ ਸ਼ਬਦ ਫੈਡਰਰ, ਨਡਾਲ ਅਤੇ ਜੋਕੋਵਿਚ ਦੀ ਲਗਾਤਾਰ ਬੇਮਿਸਾਲ ਸਫਲਤਾ ਦਾ ਵਰਣਨ ਕਰਨ ਲਈ ਵਿਕਸਤ ਹੋਇਆ ਕਿਉਂਕਿ ਉਨ੍ਹਾਂ ਦੇ ਕਰੀਅਰ ਦੇ ਅੰਕੜੇ ਹਰ ਸਮੇਂ ਦੇ ਸਭ ਤੋਂ ਮਹਾਨ ਦਰਜੇ ਤੱਕ ਪਹੁੰਚ ਗਏ ਸਨ। ਇਨ੍ਹਾਂ ਤਿੰਨਾਂ ਨੇ ਸਮੂਹਿਕ ਤੌਰ ’ਤੇ 66 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ। ਮੌਜੂਦਾ ਸਮੇਂ ਇਨ੍ਹਾਂ ਵਿੱਚੋਂ ਸਿਰਫ਼ ਜੋਕੋਵਿਚ ਆਪਣੇ ਕਰੀਅਰ ਦੇ ਆਖਰੀ ਪੜਾਅ ਵਜੋਂ ਖੇਡ ਰਿਹਾ ਹੈ, ਪ੍ਰੰਤੂ ਪਿਛਲੇ ਦੋ ਸਾਲਾਂ ਤੋਂ ਜਿਹੜੇ ਦੋ ਨੌਜਵਾਨ ਖਿਡਾਰੀਆਂ ਦੀ ਟੈਨਿਸ ਜਗਤ ’ਚ ਤੂਤੀ ਬੋਲੀ ਰਹੀ ਹੈ, ਉਹ ਹਨ: ਸਪੇਨ ਦਾ ਕਾਰਲੋਸ ਅਲਕਾਰਾਜ਼ ਅਤੇ ਇਟਲੀ ਦਾ ਜੈਨਿਕ ਸਿਨਰ। ਉਨ੍ਹਾਂ ਦੀ ਮੁਕਾਬਲੇਬਾਜ਼ੀ ਸਿਰਫ਼ ਮੈਚਾਂ ਦਾ ਕ੍ਰਮ ਨਹੀਂ ਹੈ, ਸਗੋਂ ਇੱਕ ਗਾਥਾ ਦਾ ਜਨਮ ਹੈ! 20 ਵਾਰ ਦੇ ਮੇਜਰ ਜੇਤੂ ਰੋਜਰਜ਼ ਫੈਡਰਰ ਮੁਤਾਬਕ ਉਹ ਇਨ੍ਹਾਂ ਦੋਹਾਂ ਦੇ ਮੁਕਾਬਲੇ ਨੂੰ ਟੈਨਿਸ ਦੀ ਪਰੰਪਰਾ ਅਤੇ ਪੀੜ੍ਹੀ ਦਰ ਪੀੜ੍ਹੀ ਦੇ ਦੁਵੱਲੇ ਮੁਕਾਬਲਿਆਂ ਦੀ ਵਿਰਾਸਤ ਦੀ ਕੁਦਰਤੀ ਨਿਰੰਤਰਤਾ ਵਜੋਂ ਦੇਖਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਇਹ ਖੇਡ ਨਵੇਂ ਪ੍ਰਸੰਸਕਾਂ ਲਈ ਜੀਵੰਤ ਅਤੇ ਮਨਮੋਹਕ ਰਹੇਗੀ। ਫੈਡਰਰ ਲਈ ਰੋਲੈਂਡ ਗੈਰੋਸ 2025 ਫਾਈਨਲ ਨੇ ਪੁਸ਼ਟੀ ਕੀਤੀ ਕਿ ਟੈਨਿਸ ਸੁਰੱਖਿਅਤ ਹੱਥਾਂ ਵਿੱਚ ਹੈ। ਮਸ਼ਾਲ ਨੌਜਵਾਨ ਖਿਡਾਰੀਆਂ ਵੱਲ ਭੇਜ ਦਿੱਤੀ ਗਈ ਹੈ ਅਤੇ ਖੇਡ ਨੂੰ ਕਾਰਲੋਸ ਅਤੇ ਜੈਨਿਕ ਵਿੱਚ ਆਪਣੇ ਨਵੇਂ ਥੰਮ੍ਹ ਮਿਲ ਗਏ ਹਨ। ਦੋਵੇਂ ਖਿਡਾਰੀ 25 ਸਾਲ ਤੋਂ ਘੱਟ ਉਮਰ ਦੇ ਹਨ ਤੇ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਮਿੱਟੀ, ਘਾਹ ਅਤੇ ਹਾਰਡ ਕੋਰਟਾਂ ’ਤੇ ਸਾਲਾਂ ਤੱਕ ਸ਼ਾਨਦਾਰ ਮੈਚ ਖੇਡਣਗੇ। ਇਨ੍ਹਾਂ ਦੋਹਾਂ ਦਰਮਿਆਨ ਗਹਿਗੱਚ ਹਰੇਕ ਮੁਕਾਬਲਾ ਟੈਨਿਸ ਦੇ ਭਵਿੱਖ ਦੀ ਸ਼ਾਨਦਾਰ ਝਲਕ ਵਾਂਗ ਮਹਿਸੂਸ ਹੁੰਦਾ ਹੈ।
ਕਾਰਲੋਸ ਅਲਕਾਰਾਜ਼ (ਜਨਮ 5 ਮਈ 2003) ਇੱਕ ਸਪੈਨਿਸ਼ ਪੇਸ਼ੇਵਰ ਟੈਨਿਸ ਖਿਡਾਰੀ ਹੈ। ਉਸ ਨੂੰ ਵਰਤਮਾਨ ਵਿੱਚ ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲਜ਼ (ATP) ਦੁਆਰਾ ਪੁਰਸ਼ ਸਿੰਗਲਜ਼ ਵਿੱਚ ਵਿਸ਼ਵ ਨੰਬਰ 1 ਵਜੋਂ ਦਰਜਾ ਦਿੱਤਾ ਗਿਆ ਹੈ। ਅਲਕਾਰਾਜ਼ ਨੇ 23 ATP ਟੂਰ ਸਿੰਗਲਜ਼ ਖਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਛੇ ਮੇਜਰ ਸ਼ਾਮਲ ਹਨ: ਦੋ-ਦੋ ਫ੍ਰੈਂਚ ਓਪਨ, ਵਿੰਬਲਡਨ ਅਤੇ ਯੂਐੱਸ ਓਪਨ। ਅਲਕਾਰਾਜ਼ ਨੇ 2018 ਵਿੱਚ 14 ਸਾਲ ਦੀ ਉਮਰ ਵਿੱਚ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਮਈ 2021 ਵਿੱਚ ਰੈਂਕਿੰਗ ਦੇ ਸਿਖਰਲੇ 100 ਵਿੱਚ ਸ਼ਾਮਲ ਹੋਇਆ ਅਤੇ ਉਸ ਸਾਲ ਦੇ ਅੰਤ ਯੂਐੱਸ ਓਪਨ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ 32ਵੇਂ ਸਥਾਨ ’ਤੇ ਰਿਹਾ। 2022 ’ਚ ਅਲਕਾਰਾਜ਼ ਨੇ ਯੂਐੱਸ ਓਪਨ ਵਿੱਚ ਆਪਣਾ ਪਹਿਲਾਂ ਵੱਡਾ ਖਿਤਾਬ ਜਿੱਤਿਆ ਤੇ 19 ਸਾਲ 4 ਮਹੀਨੇ ਅਤੇ 7 ਦਿਨ ਦੀ ਉਮਰ ’ਚ ਵਿਸ਼ਵ ਨੰਬਰ 1 ਸਿੰਗਲਜ਼ ਰੈਂਕਿੰਗ ਤੱਕ ਪਹੁੰਚਣ ਵਾਲਾ ਓਪਨ ਯੁੱਗ ’ਚ ਸਭ ਤੋਂ ਘੱਟ ਉਮਰ ਦਾ ਅਤੇ ਪਹਿਲਾ ਪੁਰਸ਼ ਬਣ ਗਿਆ।
ਜੈਨਿਕ ਸਿਨਰ (ਜਨਮ 16 ਅਗਸਤ 2001) ਇੱਕ ਇਤਾਲਵੀ ਪੇਸ਼ੇਵਰ ਟੈਨਿਸ ਖਿਡਾਰੀ ਹੈ। ਮੌਜੂਦਾ ਸਮੇਂ ਉਸ ਨੂੰ ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲਜ਼ (ATP) ਦੁਆਰਾ ਪੁਰਸ਼ ਸਿੰਗਲਜ਼ ਵਿੱਚ ਵਿਸ਼ਵ ਨੰਬਰ 2 ਦਾ ਦਰਜਾ ਦਿੱਤਾ ਗਿਆ ਹੈ। ਸਿਨਰ ਨੇ 20 ATP ਟੂਰ-ਪੱਧਰ ਦੇ ਸਿੰਗਲਜ਼ ਖਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਚਾਰ ਮੇਜਰ ਸ਼ਾਮਲ ਹਨ: ਦੋ ਆਸਟਰੇਲੀਅਨ ਓਪਨ, ਇੱਕ ਵਿੰਬਲਡਨ ਅਤੇ ਇੱਕ ਯੂਐੱਸ ਓਪਨ। ਉਸ ਨੇ 2024 ਏਟੀਪੀ ਫਾਈਨਲ ਵੀ ਜਿੱਤੇ ਹਨ ਅਤੇ ਇਟਲੀ ਨੂੰ 2023 ਅਤੇ 2024 ਡੇਵਿਸ ਕੱਪ ਦਾ ਤਾਜ ਪਹਿਨਾਉਣ ਦਾ ਸਿਹਰਾ ਵੀ ਸਿਨਰ ਨੂੰ ਜਾਂਦਾ ਹੈ। ਜੂਨੀਅਰ ਵਜੋਂ ਸੀਮਤ ਸਫਲਤਾ ਦੇ ਬਾਵਜੂਦ ਸਿਨਰ ਨੇ 16 ਸਾਲ ਦੀ ਉਮਰ ਵਿੱਚ ਪੇਸ਼ੇਵਰ ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਕਈ ਏਟੀਪੀ ਚੈਲੇਂਜਰ ਟੂਰ ਖਿਤਾਬ ਜਿੱਤਣ ਵਾਲੇ ਕੁਝ ਖਿਡਾਰੀਆਂ ਵਿੱਚੋਂ ਇੱਕ ਬਣ ਗਿਆ। 2019 ’ਚ ਉਸ ਨੇ ਨੈਕਸਟ ਜਨਰੇਸ਼ਨ ਏਟੀਪੀ ਫਾਈਨਲਜ਼ ਅਤੇ ਏਟੀਪੀ ‘ਨਿਊਕਮਰ ਆਫ ਦਿ ਯੀਅਰ’ ਐਵਾਰਡ ਜਿੱਤਿਆ ਅਤੇ ਦੋ ਸਾਲ ਬਾਅਦ ਉਹ 2000 ਦੇ ਦਹਾਕੇ ਵਿੱਚ ਪੈਦਾ ਹੋਇਆ ਪਹਿਲਾ ਖਿਡਾਰੀ ਬਣ ਗਿਆ ਜੋ ਰੈਂਕਿੰਗ ਵਿੱਚ ਚੋਟੀ ਦੇ 10 ਵਿੱਚ ਸ਼ਾਮਲ ਹੋਇਆ। ਸਿਨਰ ਨੇ 2023 ਕੈਨੇਡੀਅਨ ਓਪਨ ਵਿੱਚ ਆਪਣਾ ਪਹਿਲਾ ਮਾਸਟਰਜ਼ 1000 ਖਿਤਾਬ ਜਿੱਤਿਆ। ਸਿਨਰ ਨਾਲ ਪਿਛਲੇ ਸਮੇਂ ’ਚ ਵਿਵਾਦ ਵੀ ਜੁੜਿਆ ਜਿਵੇਂ ਜੈਨਿਕ ਸਿਨਰ ਮਾਰਚ 2024 ਵਿੱਚ ਦੋ ਵਾਰ ਕਲੋਸਟੇਬੋਲ ਜੋ ਕਿ ਪਾਬੰਦੀਸ਼ੁਦਾ ਐਨਾਬੋਲਿਕ ਸਟੀਰਾਇਡ ਹੈ, ਲਈ ਪਾਜ਼ਿਟਿਵ ਪਾਇਆ ਗਿਆ। ਇਸ ਦੇ ਪੱਧਰ ਬਹੁਤ ਘੱਟ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਫਿਜ਼ਿਓ ਵੱਲੋਂ ਜ਼ਖ਼ਮ ਦੇ ਇਲਾਜ ਲਈ ਵਰਤੀ ਸਪਰੇ (ਟ੍ਰੋਫੋਡਰਮਿਨ) ਦਾ ਇਹ ਨਤੀਜਾ ਸੀ। ਟ੍ਰਿਬਿਊਨਲ ਨੇ ਉਸ ਨੂੰ ਕੋਈ ਗ਼ਲਤੀ ਨਹੀਂ ਕਹਿੰਦੇ ਹੋਏ ਬਰੀ ਕੀਤਾ, ਪ੍ਰੰਤੂ ਵਾਡਾ ਦੇ ਦਬਾਅ ਹੇਠ ਸਿਨਰ ਨੇ ਫਰਵਰੀ 2025 ਵਿੱਚ ਤਿੰਨ ਮਹੀਨੇ ਦੀ ਪਾਬੰਦੀ ਮਨਜ਼ੂਰ ਕੀਤੀ।
ਕਾਰਲੋਸ ਅਲਕਾਰਾਜ਼ ਅਤੇ ਜੈਨਿਕ ਸਿਨਰ ਵਿਚਕਾਰ ਟੈਨਿਸ ਦਾ ਸਿਰਤਾਜ ਬਣਨ ਲਈ ਮੁਕਾਬਲੇਬਾਜ਼ੀ 2020 ਦੇ ਦਹਾਕੇ ਦੇ ਸ਼ੁਰੂ ’ਚ ਉੱਭਰ ਕੇ ਸਾਹਮਣੇ ਆਈ। ਇਹ ਮੁਕਾਬਲੇ ਅਕਸਰ ਮਹੱਤਵਪੂਰਨ ਮੈਚਾਂ ਦੌਰਾਨ ਹੁੰਦੇ ਸਨ, ਜਿਨ੍ਹਾਂ ਵਿੱਚ ਗ੍ਰੈਂਡ ਸਲੈਮ ਫਾਈਨਲ ਵੀ ਸ਼ਾਮਲ ਸਨ ਜਿਸ ਨਾਲ ਉਨ੍ਹਾਂ ਦੀ ਮਹੱਤਤਾ ਅਤੇ ਪ੍ਰਸ਼ੰਸਕਾਂ ਦੀ ਸ਼ਮੂਲੀਅਤ ਵਧਦੀ ਹੈ। ਮੀਡੀਆ ਅਤੇ ਪ੍ਰਸੰਸਕਾਂ ਦੁਆਰਾ ਇਸ ਮੁਕਾਬਲੇਬਾਜ਼ੀ ਨੂੰ ‘ਸਿਨਕਾਰਾਜ਼’ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਉਨ੍ਹਾਂ ਦੋਹਾਂ ਦੇ ਨਾਵਾਂ ਦੇ ਮਿਸ਼ਰਨ ਤੋਂ ਬਣਾਇਆ ਗਿਆ ਹੈ। ਇਹ ਜੋੜੀ 2021 ਤੋਂ ਲੈ ਕੇ ਹੁਣ ਤੱਕ 15 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀ ਹੈ, ਜਿਸ ਵਿੱਚ ਅਲਕਾਰਾਜ਼ ਬੇਸ਼ੱਕ 10-5 ਨਾਲ ਅੱਗੇ ਹੈ, ਪ੍ਰੰਤੂ ਤਕਰੀਬਨ ਹਰ ਮੁਕਾਬਲਾ ਬਰਾਬਰ ਦਾ ਹੀ ਸੀ। ਕਾਰਲੋਸ ਜਿੱਥੇ ਹਾਰਡ ਅਤੇ ਕਲੇਅ ਉੱਪਰ ਸਿਨਰ ’ਤੇ ਭਾਰੂ ਰਿਹਾ, ਉੱਥੇ ਹੀ ਸਿਨਰ ਦਾ ਘਾਹ ਉੱਪਰ ਦਬਦਬਾ ਰਿਹਾ ਹੈ। ਅਲਕਾਰਾਜ਼ ਨੇ ਛੇ ਅਤੇ ਸਿਨਰ ਨੇ ਚਾਰ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕੀਤੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਇਹ ‘ਬਿਗ ਟੂ’ ਹੀ ਟੈਨਿਸ ਕੋਰਟ ਅਤੇ ਖੇਡ ਪ੍ਰੇਮੀਆਂ ਦੇ ਦਿਲਾਂ ਉੱਪਰ ਰਾਜ ਕਰਨਗੇ। ਉਨ੍ਹਾਂ ਨੇ ਪਿਛਲੇ ਅੱਠ ਵੱਡੇ ਖਿਤਾਬਾਂ ਵਿੱਚੋਂ ਚਾਰ-ਚਾਰ ਜਿੱਤੇ ਹਨ। ਕੁਝ ਅਜਿਹਾ ਜੋ ਇਸ ਪੀੜ੍ਹੀ-ਦਰ-ਪੀੜ੍ਹੀ ਦੀ ਦੁਸ਼ਮਣੀ ਦੇ ਪੁਰਸ਼ ਟੈਨਿਸ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਨਹੀਂ ਹੋਇਆ ਸੀ:
2024 ਆਸਟਰੇਲੀਅਨ ਓਪਨ: ਸਿਨਰ
ਰੋਲੈਂਡ ਗੈਰੋਸ: ਅਲਕਾਰਾਜ਼
ਵਿੰਬਲਡਨ: ਅਲਕਾਰਾਜ਼
ਯੂਐੱਸ ਓਪਨ: ਸਿਨਰ
2025 ਆਸਟਰੇਲੀਅਨ ਓਪਨ: ਸਿਨਰ
ਰੋਲੈਂਡ ਗੈਰੋਸ: ਅਲਕਾਰਾਜ਼
ਵਿੰਬਲਡਨ: ਸਿਨਰ
ਯੂਐੱਸ ਓਏਨ: ਅਲਕਾਰਾਜ਼।
ਇਨ੍ਹਾਂ ਵਿਚਕਾਰ ਹੋਏ ਫਸਵੀਂ ਟੱਕਰ ਦੇ ਕਈ ਮੈਚਾਂ ਨੂੰ ਕਲਾਸਿਕ ਮੰਨਿਆ ਜਾਂਦਾ ਹੈ ਜਿਸ ਵਿੱਚ 2022 ਯੂਐੱਸ ਓਪਨ ਕੁਆਰਟਰ ਫਾਈਨਲ ਅਤੇ 2025 ਫਰੈਂਚ ਓਪਨ ਫਾਈਨਲ ਵੀ ਸ਼ਾਮਲ ਹੈ। ਜਿਸ ਵਿੱਚ ਬਾਜ਼ੀ ਭਾਵੇ ਕਾਰਲੋਸ ਦੇ ਹੱਥ ਲੱਗੀ (ਦੋਵੇਂ ਹੀ ਅਲਕਾਰਾਜ਼ ਨੇ ਚੌਥੇ ਸੈੱਟ ਵਿੱਚ ਮੈਚ ਪੁਆਇੰਟ ਬਚਾਉਣ ਤੋਂ ਬਾਅਦ ਜਿੱਤੇ) ਪ੍ਰੰਤੂ ਖੇਡ ਦੋਹਾਂ ਦੀ ਹੀ ਸ਼ਾਨਦਾਰ ਸੀ। ਦੱਸ ਦੇਈਏ ਕਿ 2025 ਦਾ ਫਰੈਂਚ ਓਪਨ 5 ਘੰਟੇ ਅਤੇ 29 ਮਿੰਟਾਂ ਤੱਕ ਖੇਡਿਆ ਗਿਆ ਹੁਣ ਤੱਕ ਦਾ ਸਭ ਤੋਂ ਲੰਬਾ ਫਰੈਂਚ ਓਪਨ ਫਾਈਨਲ ਸੀ। ਓਪਨ ਯੁੱਗ ’ਚ ਪੁਰਸ਼ ਸਿੰਗਲ ਖਿਡਾਰੀਆਂ ਦੀ ਪਹਿਲੀ ਜੋੜੀ ਜਿਸ ਨੇ ਇੱਕੋ ਸਾਲ ਵਿੱਚ ਤਿੰਨ ਵੱਡੇ ਫਾਈਨਲ ਖੇਡੇ, ਦਾ ਮਾਣ ਵੀ ਇਨ੍ਹਾਂ ਦੋਹਾਂ ਦੇ ਹਿੱਸੇ ਆਇਆ ਹੈ। 21ਵੀਂ ਸਦੀ ਵਿੱਚ ਪੈਦਾ ਹੋਏ ਦੋ ਪੁਰਸ਼ਾਂ (ਭਾਵ ਸਾਲ 2000 ਤੋਂ ਬਾਅਦ) ਵਿਚਕਾਰ ਪਹਿਲਾ ਵੱਡਾ ਫਾਈਨਲ ਮੁਕਾਬਲਾ ਹੋਇਆ। ਓਪਨ ਯੁੱਗ ਵਿੱਚ ਪੁਰਸ਼ ਸਿੰਗਲ ਖਿਡਾਰੀਆਂ ਦੀ ਪਹਿਲੀ ਜੋੜੀ ਜਿਸ ਨੇ ਇੱਕ ਸਾਲ (2025) ਵਿੱਚ ਸੰਯੁਕਤ 50 ਗ੍ਰੈਂਡ ਸਲੈਮ ਮੈਚ ਜਿੱਤੇ। ਜਦੋਂ ਕਿ 22 ਸਾਲਾ ਖਿਡਾਰੀ ਅੱਜ ਤੱਕ ਕੁੱਲ ਜਿੱਤਾਂ, ਗ੍ਰੈਂਡ ਸਲੈਮ ਖਿਤਾਬਾਂ ਅਤੇ ਕਰੀਅਰ ਦੇ ਖਿਤਾਬਾਂ ਵਿੱਚ ਸਿਨਰ ਤੋਂ ਅੱਗੇ ਹੈ, ਸਿਨਰ ਨੇ ਵਿਸ਼ਵ ਨੰਬਰ ਇੱਕ ਦੇ ਤੌਰ ’ਤੇ ਬਹੁਤ ਜ਼ਿਆਦਾ ਸਮਾਂ ਬਿਤਾਇਆ ਹੈ। ਅਲਕਾਰਾਜ਼ ਦੇ 39 ਹਫ਼ਤਿਆਂ ਦੇ ਮੁਕਾਬਲੇ ਸਿਨਰ 65 ਹਫ਼ਤੇ ਚੋਟੀ ਦੇ ਸਥਾਨ ’ਤੇ ਰਿਹਾ।
ਇੱਕ ਨਵੇਂ ਯੁੱਗ ਦੀ ਸਵੇਰ ਬਿਗ ਥ੍ਰੀ ਦੀ ਦੁਨੀਆ ਸੋਚ ਰਹੀ ਸੀ: ਕੌਣ ਟੈਨਿਸ ਨੂੰ ਇਸ ਦੇ ਅਗਲੇ ਸੁਨਹਿਰੀ ਅਧਿਆਇ ਵਿੱਚ ਲੈ ਜਾ ਸਕਦਾ ਹੈ? ਜਵਾਬ ਇੱਕ ਨਾਮ ਵਿੱਚ ਨਹੀਂ ਬਲਕਿ ਦੋ ਵਿੱਚ ਆਇਆ। ਕਾਰਲੋਸ ਅਲਕਾਰਾਜ਼ ਅਤੇ ਜੈਨਿਕ ਸਿਨਰ ਨਾ ਸਿਰਫ਼ ਉਨ੍ਹਾਂ ਦੇ ਦੇਸ਼ਾਂ ਸਪੇਨ ਅਤੇ ਇਟਲੀ ਨੂੰ ਦਰਸਾਉਂਦੇ ਹਨ, ਸਗੋਂ ਇੱਕ ਖੇਡ ਦੀਆਂ ਉਮੀਦਾਂ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਦੀ ਖੇਡ ਦੁਸ਼ਮਣੀ ਅਜੇ ਜਵਾਨੀ ’ਚ ਹੈ। ਅਲਕਾਰਾਜ਼ ਦੀ ਖੇਡ ਗਗਨ ਵਿੱਚ ਨੱਚਦੀ ਬਿਜਲੀ ਵਰਗੀ ਹੈ, ਇੱਕ ਪਲ ਸ਼ਾਂਤੀ, ਦੂਜੇ ਪਲ ਧਮਾਕਾ। ਉਸ ਦਾ ਫੋਰਹੈਂਡ ਉਹ ਤੋਪ ਦਾ ਗੋਲਾ ਹੈ ਜੋ ਵਿਰੋਧੀ ਦੇ ਰੱਖਿਆ-ਕਿਲ੍ਹੇ ਨੂੰ ਤਬਾਹ ਕਰ ਦਿੰਦਾ ਹੈ। ਉਸ ਦੇ ਡ੍ਰਾਪ ਸ਼ਾਟਸ ਸ਼ਬਨਮ ਦੀ ਬੂੰਦ ਵਰਗੇ ਹਨ, ਨਰਮ ਪਰ ਹੈਰਾਨ ਕਰ ਦੇਣ ਵਾਲੇ, ਜਿਹੜੇ ਵਿਰੋਧੀ ਦੇ ਪੈਰ ਜਾਮ ਕਰ ਦਿੰਦੇ ਹਨ। ਕੋਰਟ ’ਤੇ ਉਸ ਦੀ ਚਾਲ ਦੌੜਦੀ ਅੱਗ ਹੈ, ਕਦੇ ਜੰਗਲੀ ਲਪਟਾਂ ਵਾਂਗ ਫੈਲਦੀ, ਕਦੇ ਅਚਾਨਕ ਬੁਝਦੀ ਤੇ ਮੁੜ ਭਭਕਦੀ।
ਬਰਫ਼ ਵਾਂਗ ਠੰਢੇ ਸਿਨਰ ਦੀ ਖੇਡ ਹਿਮਾਲਿਆ ਦੀ ਚੋਟੀ ਵਰਗੀ ਹੈ, ਖਾਮੋਸ਼ ਪਰ ਮਹਾਨ ਅਤੇ ਅਡੋਲ। ਉਸ ਦਾ ਬੈਕਹੈਂਡ ਸਿੱਧੀ, ਚਮਕੀਲੀ ਅਤੇ ਰੈਲੀ ਨੂੰ ਚੀਰ ਕੇ ਰੱਖ ਦੇਣ ਵਾਲੀ ਤਲਵਾਰ ਵਾਂਗ ਕੰਮ ਕਰਦਾ ਹੈ। ਉਸ ਦੀ ਮੂਵਮੈਂਟ ਗਲੇਸ਼ੀਅਰ ਦੀ ਤਰ੍ਹਾਂ ਹੈ, ਬਿਨਾਂ ਆਵਾਜ਼ ਦੇ ਪਰ ਹੌਲੀ-ਹੌਲੀ ਹਰ ਰੁਕਾਵਟ ਨੂੰ ਮਿਟਾ ਦਿੰਦੀ ਹੈ। ਉਹ ਧੀਰਜ ਦਾ ਰਾਜਾ ਹੈ, ਇੱਕ-ਇੱਕ ਪੁਆਇੰਟ ਨੂੰ ਇੱਟਾਂ ਵਾਂਗ ਰੱਖ ਕੇ ਜਿੱਤ ਦਾ ਮਹਿਲ ਖੜ੍ਹਾ ਕਰਦਾ ਹੈ। ਬਿਗ ਥ੍ਰੀ ਨੇ ਸਿਰਫ਼ ਰਿਕਾਰਡ ਹੀ ਨਹੀਂ ਬਣਾਏ, ਸਗੋਂ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਕਹਾਣੀਆਂ ਵੀ ਲਿਖੀਆਂ। ਉਨ੍ਹਾਂ ਨੇ ਇੱਕ ਪੀੜ੍ਹੀ ਨਹੀਂ, ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ। ਅੱਜ ਦੇ ਇਹ ਦੋਵੇਂ ਨਵੇਂ ਸਿਤਾਰੇ ਕਾਰਲੋਸ ਅਲਾਕਾਰਜ਼ ਅਤੇ ਜੈਨਿਕ ਸਿਨਰ ਟੈਨਿਸ ਦੇ ਇਸ ਸਤਰੰਗੀ ਅਸਮਾਨ ਉੱਪਰ ਚਮਕਣ ਲਈ ਤਿਆਰ ਹਨ। ਜਦ ਤੱਕ ਇਹ ਖੇਡਣਗੇ, ਰਿਕਾਰਡ ਬਣਨਗੇ ਅਤੇ ਟੁੱਟਣਗੇ ਅਤੇ ਟੈਨਿਸ ਪ੍ਰੇਮੀਆਂ ਨੂੰ ਹੋਰ ਵੀ ਕਈ ਰੁਮਾਂਚਕ ਮੈਚ ਵੇਖਣ ਨੂੰ ਮਿਲਣਗੇ।
ਸੰਪਰਕ: 94655-76022

