ਰੂਹ ਨੂੰ ਸਕੂਨ ਦੇਣ ਵਾਲੀ ਗਾਇਕਾ ਅਫਸ਼ਾਂ
ਅਫਸ਼ਾਂ ਪਾਕਿਸਤਾਨੀ ਸੰਗੀਤ ਜਗਤ ਦਾ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਅਤੇ ਉਰਦੂ ਜ਼ੁਬਾਨ ਵਿੱਚ ਬਹੁਤ ਸਾਰੇ ਖ਼ੂਬਸੂਰਤ ਗੀਤ ਗਾਏ। ਉਨ੍ਹਾਂ ਦੀ ਬਦੌਲਤ ਉਸ ਨੂੰ ਬੇਪਨਾਹ ਸ਼ੁਹਰਤ ਅਤੇ ਇੱਜ਼ਤ ਹਾਸਿਲ ਹੋਈ। ਪੰਜਾਬੀ ਸੰਗੀਤ ਜਗਤ ਵਿੱਚ ਉਸ ਦੇ ਗਾਉਣ ਦਾ...
ਅਫਸ਼ਾਂ ਪਾਕਿਸਤਾਨੀ ਸੰਗੀਤ ਜਗਤ ਦਾ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਅਤੇ ਉਰਦੂ ਜ਼ੁਬਾਨ ਵਿੱਚ ਬਹੁਤ ਸਾਰੇ ਖ਼ੂਬਸੂਰਤ ਗੀਤ ਗਾਏ। ਉਨ੍ਹਾਂ ਦੀ ਬਦੌਲਤ ਉਸ ਨੂੰ ਬੇਪਨਾਹ ਸ਼ੁਹਰਤ ਅਤੇ ਇੱਜ਼ਤ ਹਾਸਿਲ ਹੋਈ। ਪੰਜਾਬੀ ਸੰਗੀਤ ਜਗਤ ਵਿੱਚ ਉਸ ਦੇ ਗਾਉਣ ਦਾ ਅੰਦਾਜ਼, ਉਸ ਦੀ ਮਿੱਠੀ ਅਤੇ ਬੁਲੰਦ ਆਵਾਜ਼ ਹੀ ਉਸ ਦੀ ਪਛਾਣ ਬਣੀ। ਉਸ ਦੀ ਦਰਵੇਸ਼ੀ ਰੂਹ ਜਦੋਂ ਸੰਗੀਤ ਦੇ ਸੁਰਾਂ ਨਾਲ ਇੱਕਮਿਕ ਹੁੰਦੀ ਹੈ ਤਾਂ ਜੋ ਗੀਤ ਪੈਦਾ ਹੁੰਦੇ ਹਨ, ਉਹ ਸੁਣਨ ਵਾਲਿਆਂ ਦੀ ਰੂਹ ਨੂੰ ਸਕੂਨ ਦਿੰਦੇ ਹਨ। ਉਸ ਨੇ ਆਪਣੀ ਗਾਇਕੀ ਨਾਲ ਨਾ ਸਿਰਫ਼ ਪਾਕਿਸਤਾਨ ਬਲਕਿ ਪੂਰੀ ਦੁਨੀਆ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ।
ਅਫਸ਼ਾਂ ਦਾ ਜਨਮ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਹਿਰ ਕਸੂਰ ਵਿਖੇ ਵਾਲਿਦ ਮੁਹੰਮਦ ਸਰਦਾਰ ਅਤੇ ਵਾਲਿਦਾ ਇਕਬਾਲ ਬੇਗ਼ਮ ਦੇ ਘਰ ਹੋਇਆ। ਅਫ਼ਸਾਂ ਨੂੰ ਬਚਪਨ ਵਿੱਚ ਸਾਰੇ ਪਿਆਰ ਨਾਲ ਲਾਡੋ ਕਹਿ ਕੇ ਬੁਲਾਇਆ ਕਰਦੇ ਸਨ। ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਮੁਹੱਬਤ ਹੋ ਗਈ ਸੀ। ਛੋਟੀ ਉਮਰ ਵਿੱਚ ਹੀ ਉਸ ਨੂੰ ਨੂਰਜਹਾਂ ਦੇ ਗਾਏ ਗੀਤ ਬੇਹੱਦ ਚੰਗੇ ਲੱਗਦੇ ਤੇ ਉਹ ਹਮੇਸ਼ਾਂ ਉਸ ਦੇ ਗੀਤ ਸੁਣਦੀ ਸੀ ਅਤੇ ਉਸ ਵਰਗਾ ਹੀ ਬਣਨਾ ਚਾਹੁੰਦੀ ਸੀ। ਉਸ ਦੇ ਵਾਲਿਦ ਵੀ ਇਹੋ ਚਾਹੁੰਦੇ ਸਨ ਕਿ ਉਹ ਗਾਇਕੀ ਵਿੱਚ ਆਪਣਾ ਚੰਗਾ ਨਾਮ ਬਣਾਵੇ। ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਉਸ ਨੇ ਸੰਗੀਤ ਦੀ ਬਾਕਾਇਦਾ ਤਾਲੀਮ ਹਾਸਿਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਸੂਰ ਸ਼ਹਿਰ ਦੇ ਹੀ ਰਹਿਣ ਵਾਲੇ ਨਾਮੀ ਸੰਗੀਤ ਉਸਤਾਦ ਗੁਲਾਮ ਮੁਹੰਮਦ ਖਾਨ ਜੋ ਮੈਡਮ ਨੂਰਜਹਾਂ ਦੇ ਵੀ ਸੰਗੀਤ ਉਸਤਾਦ ਸਨ, ਦੀ ਸ਼ਾਗਿਰਦੀ ਅਖ਼ਤਿਆਰ ਕੀਤੀ।
ਅਫਸ਼ਾਂ ਨੇ ਕਲਾਸੀਕਲ ਸੰਗੀਤ ਦੇ ਨਾਲ ਨਾਲ ਪੰਜਾਬੀ ਲੋਕ ਸੰਗੀਤ ਦੀ ਵੀ ਤਾਲੀਮ ਹਾਸਿਲ ਕੀਤੀ। ਉਨ੍ਹਾਂ ਦਿਨਾਂ ਵਿੱਚ ਕਸੂਰ ਸ਼ਹਿਰ ਵਿੱਚ ਬਸੰਤ ਦਾ ਬੜਾ ਭਾਰੀ ਮੇਲਾ ਲੱਗਦਾ ਸੀ। ਪੂਰੇ ਮੁਲਕ ਤੋਂ ਸੰਗੀਤ ਦੀਆਂ ਨਾਮੀ ਹਸਤੀਆਂ ਬਸੰਤ ਦੇ ਮੇਲੇ ਵਿੱਚ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੀਆਂ ਸਨ। ਮੇਲੇ ਤੋਂ ਵਿਹਲੇ ਹੋ ਕੇ ਫ਼ਨਕਾਰ ਉਸਤਾਦ ਗੁਲਾਮ ਮੁਹੰਮਦ ਦੇ ਘਰ ਜ਼ਰੂਰ ਜਾਂਦੇ ਸਨ ਜਿੱਥੇ ਉਹ ਸੰਗੀਤ ਦੀਆਂ ਮਹਿਫ਼ਿਲਾਂ ਸਜਾਉਂਦੇ ਸਨ। ਇੱਥੇ ਹੀ ਅਫਸ਼ਾਂ ਦੇ ਉਸਤਾਦ ਨੇ ਉਸ ਨੂੰ ਉਨ੍ਹਾਂ ਸਾਹਮਣੇ ਗੀਤ ਗਾਉਣ ਲਈ ਕਿਹਾ। ਅਫਸ਼ਾਂ ਨੇ ਜਦੋਂ ਗੀਤ ਗਾਇਆ ਤਾਂ ਉਸ ਦੀ ਆਵਾਜ਼ ਸੁਣ ਕੇ ਸਭ ਨੇ ਉਸ ਦੀ ਗਾਇਕੀ ਦੀ ਤਾਰੀਫ਼ ਕੀਤੀ। ਇਸ ਦੌਰਾਨ ਸੰਗੀਤ ਦਾ ਕਦਰਦਾਨ ਆਲਮਗੀਰ ਜੋ ਰੇਲਵੇ ਵਿੱਚ ਗਾਰਡ ਦੀ ਨੌਕਰੀ ਕਰਦਾ ਸੀ, ਉਸ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਿਤ ਹੋਇਆ। ਆਲਮਗੀਰ ਸੰਗੀਤ ਦੀ ਚੰਗੀ ਸਮਝ ਰੱਖਦਾ ਸੀ ਤੇ ਉਸ ਦੀ ਪਹੁੰਚ ਸੰਗੀਤ ਦੇ ਵੱਡੇ ਨਾਮੀ ਘਰਾਣਿਆਂ, ਗਾਇਕਾਂ ਤੇ ਰੇਡੀਓ ਪਾਕਿਸਤਾਨ ਲਾਹੌਰ ਤੱਕ ਸੀ। ਇਸ ਲਈ ਉਸ ਨੇ ਅਫਸ਼ਾਂ ਨੂੰ ਲਾਹੌਰ ਰੇਡੀਓ ’ਤੇ ਆਡੀਸ਼ਨ ਦੇਣ ਦੀ ਸਲਾਹ ਦਿੱਤੀ। ਉਸ ਸਮੇਂ ਅਫਸ਼ਾਂ ਦੀ ਉਮਰ ਸਿਰਫ਼ ਦਸ ਸਾਲ ਦੀ ਸੀ। ਫਿਰ ਆਲਮਗੀਰ ਉਸ ਨੂੰ ਰੇਡੀਓ ਸਟੇਸ਼ਨ ਲਾਹੌਰ ਲੈ ਕੇ ਗਿਆ ਜਿੱਥੇ ਉਨ੍ਹਾਂ ਦੀ ਮੁਲਾਕਾਤ ਉੱਥੋਂ ਦੇ ਸੰਗੀਤ ਸੈਕਸ਼ਨ ਦੇ ਮੁਖੀ ਤੇ ਰੇਡੀਓ ਪ੍ਰੋਗਰਾਮਾਂ ਦੇ ਪ੍ਰੋਡਿਊਸਰ ਆਜ਼ਮ ਖਾਨ ਨਾਲ ਹੋਈ ਜਿਸ ਨੇ ਅਫਸ਼ਾਂ ਦਾ ਆਡੀਸ਼ਨ ਲੈ ਕੇ ਉੁਸ ਨੂੰ ਪਾਸ ਕਰ ਲਿਆ। ਇਸ ਤਰ੍ਹਾਂ ਉਸ ਦੀ ਰੇਡੀਓ ਪਾਕਿਸਤਾਨ ’ਤੇ ਗੀਤ ਗਾਉਣ ਲਈ ਚੋਣ ਹੋ ਗਈ। ਗੀਤ ਦੀ ਰਿਕਾਰਡਿੰਗ ਦੌਰਾਨ ਆਜ਼ਮ ਖਾਨ ਨੇ ਉਸ ਦਾ ਅਸਲ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਲਾਡੋ ਦੱਸਿਆ, ਪਰ ਆਜ਼ਮ ਖਾਨ ਨੂੰ ਇੱਕ ਗਾਇਕਾ ਵਜੋਂ ਉਸ ਦਾ ਘਰ ਦਾ ਨਾਮ ਪਸੰਦ ਨਾ ਆਇਆ। ਉਸ ਨੇ ਲਾਡੋ ਨੂੰ ਆਪਣਾ ਨਾਮ ਅਫਸ਼ਾਂ ਰੱਖਣ ਦੀ ਸਲਾਹ ਦਿੱਤੀ ਜੋ ਆਜ਼ਮ ਖਾਨ ਦੀ ਬੇਗ਼ਮ ਵੱਲੋਂ ਸੁਝਾਇਆ ਗਿਆ ਸੀ। ਲਾਡੋ ਨੂੰ ਅਫਸ਼ਾਂ ਨਾਮ ਪਸੰਦ ਆ ਗਿਆ। ਉਸ ਨੇ ਰੇਡੀਓ ’ਤੇ ਆਪਣਾ ਪਹਿਲਾ ਗੀਤ ਰਿਕਾਰਡ ਕਰਾਇਆ ਜਿਸ ਤੋਂ ਬਾਅਦ ਇਸ ਨਵੇਂ ਸਿਤਾਰੇ ਦੀ ਆਵਾਜ਼ ਘਰ ਘਰ ਗੂੰਜਣ ਲੱਗੀ। ਸੰਗੀਤ ਦੀ ਦੁਨੀਆ ਵਿੱਚ ਅਫਸ਼ਾਂ ਨਾਂ ਦਾ ਨਵਾਂ ਸਿਤਾਰਾ ਉਦੈ ਹੋਇਆ ਜੋ ਅੱਗੇ ਚੱਲ ਕੇ ਫਿਲਮਾਂ, ਟੈਲੀਵਿਜ਼ਨ ਤੇ ਸਟੇਜ ਦੀ ਦੁਨੀਆ ਵਿੱਚ ਮਸ਼ਹੂਰ ਹਸਤੀ ਬਣ ਉੱਭਰਿਆ।
ਲਾਹੌਰ ਰੇਡੀਓ ’ਤੇ ਅਫਸ਼ਾਂ ਨੇ ਆਪਣੀ ਸੁਰੀਲੀ ਆਵਾਜ਼ ਦਾ ਐਸਾ ਜਾਦੂ ਜਗਾਇਆ ਕਿ ਉਸ ਨੂੰ ਫਿਲਮਾਂ ਵਿੱਚ ਵੀ ਗੀਤ ਗਾਉਣ ਦੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਬਾਰਾਂ ਸਾਲ ਦੀ ਉਮਰ ਵਿੱਚ ਉਸ ਨੇ ਆਪਣਾਂ ਪਹਿਲਾ ਫਿਲਮੀ ਗੀਤ ਗਾਇਆ। ਫਿਲਮ ‘ਨੌਕਰ ਵਹੁਟੀ ਦਾ’ ਦੇ ਗੀਤ ‘ਜ਼ਿੰਦਗੀ ਤਮਾਸ਼ਾ ਬਣੀ’ ਦੇ ਹਿੱਟ ਹੋਣ ਤੋਂ ਬਾਅਦ ਅਫਸ਼ਾਂ ਦੇ ਸ਼ਾਨਦਾਰ ਫਿਲਮੀ ਕਰੀਅਰ ਦਾ ਆਗਾਜ਼ ਹੋਇਆ। ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਵਿੱਚ ਹਿੱਟ ਗੀਤ ਗਾਏ। ਉਸ ਨੇ ਫਿਲਮੀ ਗੀਤਾਂ ਦੇ ਨਾਲ ਨਾਲ ਸੰਗੀਤਕ ਪ੍ਰੋਗਰਾਮਾਂ ਵਿੱਚ ਵੀ ਆਪਣੀ ਗਾਇਕੀ ਦਾ ਭਰਭੂਰ ਮੁਜ਼ਾਹਰਾ ਕੀਤਾ। ਅਫਸ਼ਾਂ ਨੇ ਪਾਕਿਸਤਾਨ ਦੇ ਨਾਲ ਨਾਲ ਭਾਰਤ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਦੇ ਰੰਗ ਬਿਖੇਰੇ। ਮੇਲਿਆਂ, ਸੂਫ਼ੀ ਸੰਤਾਂ ਦੀਆਂ ਦਰਗਾਹਾਂ ’ਤੇ ਅਫਸ਼ਾਂ ਨੂੰ ਖ਼ਾਸ ਤੌਰ ’ਤੇ ਬੁਲਾਇਆ ਜਾਂਦਾ ਸੀ। ਉਸ ਨੇ 136 ਫਿਲਮਾਂ ਵਿੱਚ 182 ਦੇ ਕਰੀਬ ਗੀਤ ਗਾਏ ਜਿਨ੍ਹਾਂ ਵਿੱਚ ਬਹੁਗਿਣਤੀ ਪੰਜਾਬੀ ਫਿਲਮੀ ਗੀਤਾਂ ਦੀ ਰਹੀ।
ਅਫਸ਼ਾਂ ਦਾ ਗਾਇਆ ਪਹਿਲਾ ਗੀਤ ਹੀ ਇੰਨਾ ਜ਼ਿਆਦਾ ਹਿੱਟ ਹੋਇਆ ਕਿ ਉਸ ਗੀਤ ਨੂੰ ਲੋਕ ਅੱਜ ਵੀ ਨਹੀਂ ਭੁੱਲੇ। ਇਸ ਗੀਤ ਦੇ ਬੋਲ ਸਨ;
ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ ਬਣੀ
ਕਿਤੇ ਵੀ ਨਾ ਪਿਆਰ ਮਿਲਿਆ ਹਾਏ।
ਜਦੋਂ ਫਿਲਮੀ ਪਰਦੇ ’ਤੇ ਇਹ ਗੀਤ ਆਇਆ ਤਾਂ ਇਸ ਗੀਤ ਦੀ ਮਕਬੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਗੀਤ ਦੀ ਬਦੌਲਤ ਫਿਲਮ ‘ਨੌਕਰ ਵਹੁਟੀ ਦਾ’ ਨੇ ਕਾਮਯਾਬੀ ਦੀ ਸਿਲਵਰ ਜੁਬਲੀ ਮਨਾਈ। ਇੱਕ ਨਵੀਂ ਗਾਇਕਾ ਜਿਸ ਦੀ ਉਮਰ ਸਿਰਫ਼ 12 ਸਾਲ ਸੀ, ਨੇ ਆਪਣੀ ਆਵਾਜ਼ ਤੇ ਸੁਰ ਦਾ ਇਸ ਕਦਰ ਜਾਦੂ ਬਿਖੇਰਿਆ ਕਿ ਉਸ ਦਾ ਇਹ ਗੀਤ ਅਮਰ ਹੋ ਗਿਆ। ਉਸ ਦੇ ਬਾਕੀ ਹਿੱਟ ਗੀਤਾਂ ਵਿੱਚ ਸ਼ਾਮਿਲ ਹਨ; ‘ਜਾਨ ਕੱਢ ਲਈ ਆ ਬੇਈਮਾਨਾ ਵੇ ਜਾਣ ਵਾਲੀ ਗੱਲ ਕਰ ਕੇ’, ‘ਤਾਘਾਂ ਵਾਲੇ ਨੈਣ ਕਦੋਂ ਸੁੱਖ ਨਾਲ ਸੌਣਗੇ’, ‘ਗੁੱਡੀ ਅੱਜ ਪਿਆਰ ਵਾਲੀ ਸੱਜਣਾਂ ਉਡਾਈ ਜਾ ਉਡਾਈ ਜਾ ਉਡਾਈ ਜਾ’, ‘ਜਾ ਵੇ ਪ੍ਰਦੇਸੀਆ ਵੇ ਦੇਰਾਂ ਕਾਹਨੂੰ ਲਾਈਆਂ’, ‘ਅਸਾਂ ਰੁੱਸੇ ਹੋਏ ਮਾਹੀ ਨੂੰ ਮਨਾਣਾ’, ‘ਸੱਜਣਾਂ ਆ ਵੀ ਜਾ ਦੀਦਾਰ ਨੂੰ ਅੱਖੀਆਂ ਤਰਸ ਗਈਆਂ’, ‘ਅਰਜ਼ ਕਰਾਂ ਜੇ ਕਰੇ ਹਾਂ ਸੱਜਣਾ ਜਿੰਦੜੀ ਨੂੰ ਲਾਵਾਂ ਤੇਰੇ ਨਾਂ ਸੱਜਣਾ’, ‘ਵਗਦੀ ਨਦੀ ਦਾ ਪਾਣੀ ਇੰਝ ਜਾ ਕੇ ਮੁੜ ਨਈ ਆਉਂਦਾ ਜਾ ਕੇ ਜਿਵੇਂ ਜਵਾਨੀ’, ‘ਅੰਗ ਅੰਗ ਵਿੱਚ ਮਸਤੀ ਬਣ ਕੇ ਨੱਚੇ ਤੇਰਾ ਪਿਆਰ ਲੁੱਟ ਲੈ ਮੌਜ ਬਹਾਰ’, ‘ਮੈਨੂੰ ਸੋਨੇ ਦੀਆਂ ਡੰਡੀਆਂ ਘੜਾ ਦੇ ਵੇ ਰੀਝ ਤੂੰ ਪੁਗਾ ਦੇ’, ‘ਦੁਨੀਆ ’ਚ ਦਿਲ ਕੋਲੋਂ ਵੱਧ ਕਿਹੜੀ ਸ਼ੈਅ ਵੇ’ ਆਦਿ।
ਸੱਤਰ ਦੇ ਦਹਾਕੇ ਤੋਂ ਗਾਇਕੀ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਹੁਣ ਤੱਕ ਅਫਸ਼ਾਂ ਨੇ ਪੰਜਾਬੀ ਲੋਕ ਗਾਇਕੀ ਵਿੱਚ ਆਪਣਾ ਅਲੱਗ ਮੁਕਾਮ ਬਣਾਇਆ ਹੈ। ਅਫਸ਼ਾਂ ਦਾ ਵਿਆਹ ਮਕਸੂਦ ਬੱਟ ਨਾਲ ਹੋਇਆ। ਇਨ੍ਹਾਂ ਦੇ ਚਾਰ ਬੱਚੇ ਹਨ ਦੋ ਬੇਟੇ ਅਤੇ ਦੋ ਬੇਟੀਆਂ। ਬੇਟੀਆਂ ਇਰਮ ਅਫਸ਼ਾਂ ਅਤੇ ਨੀਲਮ ਅਫਸ਼ਾਂ ਵੀ ਗਾਇਕੀ ਨਾਲ ਵਾਬਸਤਾ ਹਨ ਜੋ ਆਪਣੇ ਮਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਮਰ ਵਧਣ ਨਾਲ ਅਫਸ਼ਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਆਪਣੇ ਪਰਿਵਾਰ ਨਾਲ ਲਾਹੌਰ ਦੇ ਅਲਾਮਾ ਇਕਬਾਲ ਟਾਊਨ ਵਿੱਚ ਰਹਿੰਦੀ ਹੈ। ਪਿਛਲੇ ਸੱਤ ਸਾਲ ਤੋਂ ਅਧਰੰਗ ਦੇ ਅਟੈਕ ਕਰਕੇ ਉਸ ਕੋਲੋਂ ਠੀਕ ਤਰ੍ਹਾਂ ਬੋਲਿਆ ਨਹੀਂ ਜਾਂਦਾ। ਅਫਸ਼ਾਂ ਦਾ ਨਾਂ ਉਸ ਦੇ ਗਾਏ ਸਦਾਬਹਾਰ ਖ਼ੂਬਸੂਰਤ ਗੀਤਾਂ ਕਰਕੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਵਸਦਾ ਰਹੇਗਾ।
ਸੰਪਰਕ: 94646-28857

