ਅਦਾਕਾਰ ਦਿਲਜੀਤ ਦੋਸਾਂਝ ਤੇ ਐਮੀ ਵਿਰਕ ਨੇ ਹੜ੍ਹ ਦੇ ਝੰਬੇ ਲੋਕਾਂ ਦੀ ਬਾਂਹ ਫੜੀ
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਐਮੀ ਵਿਰਕ, ਅਦਾਕਾਰਾ ਸੋਨਮ ਬਾਜਵਾ, ਬੌਲੀਵੁੱਡ ਅਦਾਕਾਰ ਸੰਜੈ ਦੱਤ ਤੇ ਹਿਮਾਂਸ਼ੀ ਖੁਰਾਣਾ ਸਣੇ ਕਈ ਹੋਰਨਾਂ ਨੇ ਅੱਗ ਵਧ ਕੇ ਹੜ੍ਹ ਦੇ ਝੰਬੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਹੈ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਦਸ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਅਦਾਕਾਰ ਦੀ ਟੀਮ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ। ਅਦਾਕਾਰ ਦੀ ਟੀਮ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਉਹ ਭੋਜਨ, ਪਾਣੀ ਅਤੇ ਡਾਕਟਰੀ ਸਹਾਇਤਾ ਵਰਗੀਆਂ ਜ਼ਰੂਰੀ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਨਾਲ ਹੀ ਪੁਨਰਵਾਸ ਅਤੇ ਲੰਬੇ ਸਮੇਂ ਦੇ ਪੁਨਰ ਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ।
ਗਾਇਕ ਤੇ ਅਦਾਕਾਰ ਐਮੀ ਵਿਰਕ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਹੈ। ਐਮੀ ਤੇ ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਇਕ ਇੰਸਟਾਗ੍ਰਾਮ ਪੋਸਟ ਵਿਚ ਹੜ੍ਹ ਦੇ ਝੰਬੇ 200 ਘਰਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਐਮੀ ਨੇ ਇੰਸਟਾਗ੍ਰਾਮ ਪੋਸਟ ਵਿਚ ਕਿਹਾ, ‘‘ਪੰਜਾਬ ਵਿੱਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਹੈ, ਉਸ ਨੂੰ ਦੇਖ ਕੇ ਸਾਡਾ ਦਿਲ ਦੁਖੀ ਹੈ। ਆਪਣੇ ਲੋਕਾਂ ਨੂੰ ਬਿਨਾਂ ਛੱਤ ਦੇ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ ਹਾਂ। ਇਕ ਛੋਟੀ ਜਿਹੀ ਕੋਸ਼ਿਸ਼ ਵਜੋਂ ਅਸੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ 200 ਘਰਾਂ ਨੂੰ ਗੋਦ ਲੈ ਰਹੇ ਹਾਂ ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ। ਇਹ ਮਹਿਜ਼ ਪਨਾਹ ਬਾਰੇ ਨਹੀਂ- ਇਹ ਉਮੀਦ, ਮਾਣ ਅਤੇ ਦੁਬਾਰਾ ਸ਼ੁਰੂਆਤ ਕਰਨ ਦੀ ਤਾਕਤ ਦੇਣ ਬਾਰੇ ਹੈ।’’
ਅਦਾਕਾਰਾ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਹੈਂਡਲ ’ਤੇ ਲਿਖਿਆ ਕਿ ਉਹ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬਾਜਵਾ ਨੇ ਲਿਖਿਆ, ‘‘ਇਨ੍ਹਾਂ ਮੁਸ਼ਕਲ ਸਮਿਆਂ ਵਿੱਚ, ਮੇਰਾ ਦਿਲ ਪੰਜਾਬ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਹਰ ਵਿਅਕਤੀ ਲਈ ਹੈ। ਉੱਥੋਂ ਆ ਰਹੀਆਂ ਤਸਵੀਰਾਂ ਅਤੇ ਕਹਾਣੀਆਂ ਸੱਚਮੁੱਚ ਦਿਲ ਤੋੜਨ ਵਾਲੀਆਂ ਹਨ, ਪਰ ਜੋ ਚੀਜ਼ ਮੈਨੂੰ ਉਮੀਦ ਦਿੰਦੀ ਹੈ ਉਹ ਪੰਜਾਬੀਆਂ ਦਾ ਏਕਾ ਹੈ, ਜੋ ਪੰਜਾਬ ਨੇ ਹਮੇਸ਼ਾ ਦਿਖਾਇਆ ਹੈ। ਮੈਂ ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਦਾਨ ਕਰਕੇ ਮਦਦ ਕਰਨ ਲਈ ਆਪਣਾ ਹਿੱਸਾ ਪਾ ਰਹੀ ਹਾਂ, ਅਤੇ ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਆਪਣਾ ਯੋਗਦਾਨ ਪਾਓ। ਹਰ ਯੋਗਦਾਨ, ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਇਸ ਸਮੇਂ ਕਿਸੇ ਦੀ ਜ਼ਿੰਦਗੀ ਵਿੱਚ ਫ਼ਰਕ ਪਾ ਸਕਦਾ ਹੈ। ਆਓ ਇਕੱਠੇ ਹੋਈਏ ਅਤੇ ਇਸ ਅਹਿਮ ਘੜੀ ਵਿੱਚ ਪੰਜਾਬ ਨਾਲ ਖੜ੍ਹੇ ਹੋਈਏ।’’
ਉਧਰ ਅਦਾਕਾਰ ਸੰਜੇ ਦੱਤ ਨੇ ਵੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ X ’ਤੇ ਲਿਖਿਆ, ‘‘ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਸੱਚਮੁੱਚ ਦਿਲ ਤੋੜਨ ਵਾਲੀ ਹੈ। ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਾਂਗਾ। ਬਾਬਾ ਜੀ ਪੰਜਾਬ ਵਿੱਚ ਸਾਰਿਆਂ ਨੂੰ ਅਸੀਸ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ।’’
ਪੰਜਾਬੀ ਅਦਾਕਾਰ-ਗਾਇਕਾ ਹਿਮਾਂਸ਼ੀ ਖੁਰਾਨਾ ਵੀ ਰਾਹਤ ਕਾਰਜਾਂ ਵਿੱਚ ਸ਼ਾਮਲ ਹੋਈ। ਉਸ ਨੇ 10 ਪਰਿਵਾਰਾਂ ਨੂੰ ਮੁੜਵਸੇਬੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਇੱਕ ਇੰਸਟਾਗ੍ਰਾਮ ਪੋਸਟ ਵਿਚ ਉਸਨੇ ਕਿਹਾ, ‘‘ਅੱਜ, ਪੰਜਾਬ ਨੂੰ ਅਜਿਹੀ ਹਾਲਤ ਵਿੱਚ ਦੇਖ ਕੇ, ਹਰ ਪੰਜਾਬੀ ਦਾ ਦਿਲ ਰੋਅ ਰਿਹਾ ਹੈ। ਅਸੀਂ ਆਪਣੇ ਪੰਜਾਬ ਨੂੰ ਪਹਿਲਾਂ ਵਾਂਗ ਬਣਾਵਾਂਗੇ, ਅਤੇ ਆਪਣੀ ਸਮਰੱਥਾ ਅਨੁਸਾਰ, ਮੈਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 10 ਪਰਿਵਾਰਾਂ ਨੂੰ ਮੁੜ ਵਸਾਉਣ ਵਿੱਚ ਮਦਦ ਕਰਨ ਵਿੱਚ ਯੋਗਦਾਨ ਪਾਵਾਂਗੀ। ਇਸ ਭਿਆਨਕ ਹੜ੍ਹ ਦੀ ਸਥਿਤੀ ਵਿੱਚ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਅਤੇ ਹੱਲ ਲੱਭਣ ਦੀ ਲੋੜ ਹੈ। ਸਾਰੀਆਂ ਮਸ਼ਹੂਰ ਹਸਤੀਆਂ, ਨੇਤਾਵਾਂ, ਮੀਡੀਆ, ਸੋਸ਼ਲ ਮੀਡੀਆ ਸ਼ਖਸੀਅਤਾਂ ਅਤੇ ਜਨਤਾ ਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਪੰਜਾਬੀ ਪੰਜਾਬ ਦੇ ਨਾਲ ਹਾਂ।’’