ਅਭਿਸ਼ੇਕ ਬੱਚਨ ਦਾ ਨਾਮ ਅਤੇ ਤਸਵੀਰ ਦੀ ਵਰਤੋਂ ’ਤੇ ਹੋ ਸਕਦੀ ਕਾਰਵਾਈ
ਵੈੱਬਸਾਈਟਾਂ ਅਤੇ ਪਲੇਟਫਾਰਮਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਰਗੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ
ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੇ ਸ਼ਖਸੀਅਤ ਅਧਿਕਾਰਾਂ ਦੀ ਰੱਖਿਆ ਕੀਤੀ ਹੈ। ਇਹ ਵਿੱਚ ਆਨਲਾਈਨ ਪਲੇਟਫਾਰਮਾਂ ਨੂੰ ਵਪਾਰਕ ਲਾਭ ਲਈ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਦੇ ਨਾਮ ਜਾਂ ਤਸਵੀਰਾਂ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਹੈ।
ਹਾਈ ਕੋਰਟ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਬੱਚਨ ਦੇ ਵਿਅਕਤੀਤਵ ਦੀਆਂ ਵਿਸ਼ੇਸ਼ਤਾਵਾਂ, ਜਿਸ ਵਿੱਚ ਉਨ੍ਹਾਂ ਦਾ ਨਾਮ, ਤਸਵੀਰਾਂ ਅਤੇ ਦਸਤਖਤ ਸ਼ਾਮਲ ਹਨ, ਨੂੰ ਬਚਾਅ ਪੱਖ ਦੀਆਂ ਵੈੱਬਸਾਈਟਾਂ ਅਤੇ ਪਲੇਟਫਾਰਮਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵਰਗੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।
ਜਸਟਿਸ ਤੇਜਸ ਕਾਰੀਆ ਨੇ 10 ਸਤੰਬਰ ਨੂੰ ਦਿੱਤੇ ਅਤੇ ਸ਼ੁੱਕਰਵਾਰ ਨੂੰ ਉਪਲਬਧ ਕਰਵਾਏ ਗਏ ਇੱਕ ਹੁਕਮ ਵਿੱਚ ਕਿਹਾ, ‘‘ਇਹ ਵਿਸ਼ੇਸ਼ਤਾਵਾਂ ਬੱਚਨ ਦੇ ਪੇਸ਼ੇਵਰ ਕੰਮ ਅਤੇ ਉਨ੍ਹਾਂ ਦੇ ਕਰੀਅਰ ਦੇ ਦੌਰਾਨ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਨਾਲ ਜੁੜੀਆਂ ਹੋਈਆਂ ਹਨ। ਅਜਿਹੇ ਵਿਸ਼ੇਸ਼ਤਾਵਾਂ ਦੀ ਅਣਅਧਿਕਾਰਤ ਵਰਤੋਂ ਨਾਲ ਉਨ੍ਹਾਂ ਨਾਲ ਜੁੜੀ ਸਦਭਾਵਨਾ ਅਤੇ ਨਾਮਣੇ ਨੂੰ ਨੁਕਸਾਨ ਪਹੁੰਚਦਾ ਹੈ।’’
ਹਾਈ ਕੋਰਟ ਨੇ ਕਿਹਾ ਕਿ ਬੱਚਨ ਨੇ ਇੱਕ-ਪੱਖੀ ਰੋਕ ਹੁਕਮ ਦੇਣ ਲਈ ਇੱਕ ਚੰਗਾ ਪਹਿਲੀ ਨਜ਼ਰੇ ਕੇਸ ਸਥਾਪਿਤ ਕੀਤਾ ਹੈ ਅਤੇ ਸਹੂਲਤ ਦਾ ਸੰਤੁਲਨ ਵੀ ਉਨ੍ਹਾਂ ਦੇ ਪੱਖ ਵਿੱਚ ਹੈ।
ਪ੍ਰਸਿੱਧੀ ਦਾ ਅਧਿਕਾਰ, ਜਿਸ ਨੂੰ ਆਮ ਤੌਰ 'ਤੇ ਸ਼ਖਸੀਅਤ ਅਧਿਕਾਰਾਂ ਵਜੋਂ ਜਾਣਿਆ ਜਾਂਦਾ ਹੈ, ਕਿਸੇ ਦੀ ਤਸਵੀਰ, ਨਾਮ ਜਾਂ ਸਮਾਨਤਾ ਨੂੰ ਸੁਰੱਖਿਅਤ ਕਰਨ, ਨਿਯੰਤਰਿਤ ਕਰਨ ਅਤੇ ਉਸ ਤੋਂ ਲਾਭ ਕਮਾਉਣ ਦਾ ਅਧਿਕਾਰ ਹੈ। -ਪੀਟੀਆਈ

