ਸੰਗਰੂਰ ’ਚ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਧਸਿਆ
ਇੱਥੇ ਸੰਗਰੂਰ-ਪਟਿਆਲਾ ਬਾਈਪਾਸ ’ਤੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ-7 ਦਾ ਇੱਕ ਪਾਸੇ ਕੁੱਝ ਹਿੱਸਾ ਦੱਬ ਗਿਆ ਹੈ ਜੋ ਕਿ ਪਟਿਆਲਾ ਤੋਂ ਬਠਿੰਡਾ ਵੱਲ ਜਾਣ ਵਾਲੇ ਪਾਸੇ ਸਥਿਤ ਹੈ। ਇਸ ਕਾਰਨ ਨੈਸ਼ਨਲ ਹਾਈਵੇਅ ਤੋਂ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਡਾਇਵਰਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਜਗਾਹ ਤੋਂ ਕੁੱਝ ਹਿੱਸਾ ਕਰੀਬ ਦਸ ਦਿਨ ਪਹਿਲਾਂ ਵੀ ਦੱਬ ਗਿਆ ਸੀ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ-7 ਦੇ ਪਟਿਆਲਾ-ਸੰਗਰੂਰ ਬਾਈਪਾਸ ’ਤੇ ਓਵਰਬ੍ਰਿਜ ਦੀ ਇੱਕ ਸਾਈਡ ’ਤੇ ਕੁੱਝ ਹਿੱਸਾ ਦੁਪਹਿਰ ਸਮੇਂ ਦੱਬ ਗਿਆ ਹੈ ਜਿਥੇ ਖੱਡਾ ਪੈ ਚੁੱਕਿਆ ਹੈ। ਸ਼ਾਮ ਤੱਕ ਵੀ ਇਸ ਦੀ ਮੁਰੰਮਤ ਸ਼ੁਰੂ ਤੱਕ ਵੀ ਨਹੀਂ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦਸ ਦਿਨ ਪਹਿਲਾਂ ਵੀ ਇਸੇ ਜਗ੍ਹਾ ਤੋਂ ਕੁੱਝ ਹਿੱਸਾ ਦਬ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨੈਸ਼ਨਲ ਹਾਈਵੇਅ-7 ਉਪਰ ਕਈ ਟੌਲ ਪਲਾਜ਼ੇ ਲੱਗੇ ਹੋਏ ਹਨ ਜਿਥੇ ਰੋਜ਼ਾਨਾ ਹਾਈਵੇਅ ਤੋਂ ਲੰਘਣ ਵਾਲੇ ਵਾਹਨਾਂ ਤੋਂ ਟੋਲ ਟੈਕਸ ਵਸੂਲਿਆ ਜਾਂਦਾ ਹੈ। ਭਾਵੇਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਕਰੀਬ ਦਸ ਦਿਨ ਪਹਿਲਾਂ ਦੱਬ ਗਿਆ ਸੀ। ਜੇਕਰ ਦਸ ਦਿਨਾਂ ਪਹਿਲਾਂ ਦੱਬ ਗਿਆ ਸੀ ਤਾਂ ਫ਼ਿਰ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਇਸਦੀ ਮੁਰੰਮਤ ਹੁਣ ਤੱਕ ਕਿਉਂ ਨਹੀਂ ਕਰਵਾਈ ਗਈ। ਨੈਸ਼ਨਲ ਹਾਈਵੇਅ-7 ਉਪਰ ਕੁੱਝ ਹਿੱਸਾ ਦਬ ਜਾਣ ਕਾਰਨ ਹਾਈਵੇਅ ਦੇ ਓਵਰਬ੍ਰਿਜ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਹਾਈਵੇਅ ਤੋਂ ਲੰਘਣ ਵਾਲੀ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਡਾਇਵਰਟ ਕੀਤਾ ਗਿਆ ਹੈ।
ਮੀਂਹ ਕਾਰਨ ਮੁਰੰਮਤ ਨਹੀਂ ਹੋ ਸਕੀ: ਅਧਿਕਾਰੀ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਡਿਪਟੀ ਮੈਨੇਜਰ ਰਾਕੇਸ਼ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ-7 ਉਪਰ ਕੁੱਝ ਹਿੱਸਾ ਧੱਸ ਗਿਆ ਸੀ। ਭਾਰੀ ਬਾਰਸ਼ਾਂ ਕਾਰਨ ਇਸ ਵਿਚ ਸੁਧਾਰ ਨਹੀਂ ਕਰ ਸਕੇ। ਇਸ ਸਬੰਧੀ ਆਈ.ਆਈ.ਟੀ. ਰੋਪੜ ਤੋਂ ਸੁਝਾਅ ਵੀ ਮੰਗੇ ਗਏ ਸੀ। ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਸਰਵਿਸ ਰੋਡ ’ਤੇ ਡਾਇਵਰਟ ਕੀਤਾ ਹੋਇਆ ਹੈ।