ਹਾਦਸੇ ਵਿੱਚ ਨੌਜਵਾਨ ਹਲਾਕ, ਦੋ ਜ਼ਖ਼ਮੀ
ਸੁਨਾਮ-ਮਾਨਸਾ ਸੜਕ ’ਤੇ ਸਥਾਨਕ ਡੇਰਾ ਸਿਰਸਾ ਨੇੜੇ ਲੰਘੀ ਰਾਤ ਹੋਏ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਅਤੇ ਦੋ ਸਕੇ ਭਰਾ ਜ਼ਖ਼ਮੀ ਹੋ ਗਏ। ਪੁਲੀਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨ ਇਕ ਮੋਟਰਸਾਇਕਲ ’ਤੇ ਪਿੰਡ ਹੀਰੋਂ ਕਲ੍ਹਾਂ ਤੋਂ ਸੁਨਾਮ ਫਿਲਮ ਵੇਖਣ ਲਈ ਆ ਰਹੇ ਸਨ, ਜਿਵੇਂ ਹੀ ਉਹ ਕਰੀਬ ਸਾਢੇ ਕੁ ਅੱਠ ਵਜੇ ਸੁਨਾਮ-ਮਾਨਸਾ ਸੜਕ ’ਤੇ ਸ਼ਹਿਰ ਨੇੜਲੇ ਡੇਰਾ ਸਿਰਸਾ ਕੋਲ ਪਹੁੰਚੇ ਤਾਂ ਅੱਗਿਉਂ ਆ ਰਹੀ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਤਿੰਨੋਂ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਪੀਤਾ, ਹਰਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਵਾਸੀਆਨ ਹੀਰੋਂ ਕਲ੍ਹਾਂ (ਮਾਨਸਾ) ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕੁਝ ਰਾਹਗੀਰਾਂ ਵਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਇਸ ਦੌਰਾਨ ਮਨਪ੍ਰੀਤ ਸਿੰਘ ਉਰਫ ਪੀਤਾ (27) ਪੁੱਤਰ ਜਸਵਿੰਦਰ ਸਿੰਘ ਵਾਸੀ ਹੀਰੋਂ ਕਲ੍ਹਾਂ ਹਸਪਾਤਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਿਆ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।