ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜੂਨ
ਆਮ ਆਦਮੀ ਪਾਰਟੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਲੁਧਿਆਣਾ ਤੇ ਗੁਜਰਾਤ ਵਿੱਚ ਹੋਈ ਵੱਡੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਪਾਰਟੀ ਹੁਣ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਸ੍ਰੀ ਮਹਿਤਾ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾ ਕੇ ਦਰਸਾਇਆ ਹੈ ਕਿ ਉਹ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਬਹੁਤ ਖੁਸ਼ ਹਨ। ਇਸ ਮੌਕੇ ਸ਼ੁਤਰਾਣਾ ਤੇ ਸਮਾਣਾ ਦੇ ਬਲਾਕ ਪ੍ਰਧਾਨਾਂ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਅਮਿਤ ਡਾਬੀ ਤੇ ਹੋਰ ਮੌਜੂਦ ਸਨ।
ਧੂਰੀ (ਬੀਰਬਲ ਰਿਸ਼ੀ): ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਜ਼ਿਮਨੀ ਚੋਣ ਜਿੱਤਣ ’ਤੇ ਧੂਰੀ ’ਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਲੱਡੂ ਵੰਡਕੇ ਖੁਸ਼ੀ ਦਾ ਇਜ਼ਹਾਰ ਕੀਤਾ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਸ ਜਿੱਤ ਨੇ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ’ਤੇ ਮੋਹਰ ਲਗਾਈ ਹੈ ਅਤੇ ਇਸ ਸ਼ਾਨਾਮੱਤੀ ਜਿੱਤ ਨੇ 2027 ਦੀਆਂ ਵਿਧਾਨ ਸਭਾ ਚੋਣ ਦੀ ਜਿੱਤ ਦਾ ਮੁੱਢ ਬੰਨ੍ਹਿਆ ਹੈ। ਇਸ ਮੌਕੇ ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਵਕਫ਼ ਬੋਰਡ ਪੰਜਾਬ ਦੇ ਮੈਂਬਰ ਡਾ. ਅਨਵਰ ਭਸੌੜ, ਸੰਦੀਪ ਤਾਇਲ, ਬਲਾਕ ਕੋ-ਆਰਡੀਨੇਟਰ ਯੁੱਗ ਘਨੌਰ, ਸੰਦੀਪ ਸਿੰਘ ਘਨੌਰ, ਮਨਪ੍ਰੀਤ ਸਿੰਘ ਸਲੇਮਪੁਰ, ਜਗਤਾਰ ਸਿੰਘ ਬਾਗੜੀ ਅਤੇ ਕਈ ਹੋਰ ਮੋਹਤਬਰ ਹਾਜ਼ਰ ਸਨ।
ਵਿਧਾਇਕਾ ਨੇ ਜਿੱਤ ਦੀ ਖ਼ੁਸ਼ੀ ’ਚ ਲੱਡੂ ਵੰਡੇ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਹਲਕਾ ਲੁਧਿਆਣਾ ਅਤੇ ਗੁਜਰਾਤ ਦੀ ਜ਼ਿਮਨੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪਾਰਟੀ ਵਰਕਰਾਂ ਨਾਲ ਮਿਲਕੇ ਲੱਡੂ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਫੈਸਲਿਆਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ਉਨ੍ਹਾਂ ਗੁਜਰਾਤ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਗੁਜਰਾਤ ਦੇ ਵਿਸਵਾਦਾਰ ਹਲਕੇ ਤੋਂ ਪਾਰਟੀ ਉਮੀਦਵਾਰ ਗੋਪਾਲ ਇਟਾਲੀਆ ਦੀ ਜਿੱਤ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਨੀਤੀਆਂ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ, ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ, ਸ਼ਿੰਦਰਪਾਲ ਕੌਰ, ਬਿੱਕਰ ਸਿੰਘ ਸਰਪੰਚ ਭੱਟੀਵਾਲ ਕਲਾਂ, ਵਿੱਕੀ ਕਲੇਰ, ਜੱਗੀ ਨੰਦਗੜ੍ਹ, ਦੀਪ ਪੰਨਵਾਂ ਤੇ ਬਿੰਦਰ ਖਹਿਰਾ ਹਾਜ਼ਰ ਸਨ।
‘ਆਪ’ ਵਰਕਰਾਂ ਨੇ ਖੁਸ਼ੀ ਮਨਾਈ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੀ ਖ਼ੁਸ਼ੀ ਮਨਾਉਂਦਿਆਂ ਰਾਜਪੁਰਾ ਵਿਧਾਨ ਸਭਾ ਹਲਕੇ ’ਚ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਦੀ ਅਗਵਾਈ ਹੇਠ ਰਾਜਪੁਰਾ ਦੇ ਮੇਨ ਬਾਜ਼ਾਰਾਂ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ, ਯੂਥ ਵਰਕਰਾਂ ਅਤੇ ਸੈਂਕੜੇ ਸਹਿਯੋਗੀਆਂ ਨੇ ਭਾਗ ਲਿਆ। ਨੌਜਵਾਨਾਂ ਦੀ ਭਾਰੀ ਗਿਣਤੀ ’ਚ ਸ਼ਮੂਲੀਅਤ ਨੇ ਇਹ ਦਰਸਾਇਆ ਕਿ ਜਿੱਤ ਸਿਰਫ਼ ਉਮੀਦਵਾਰ ਦੀ ਨਹੀਂ, ਸੂਬੇ ਦੀ ਜਨਤਾ ਦੀ ਵੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਅਜੇ ਮਿੱਤਲ ਨੇ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੀ ਨੀਤੀਆਂ ਨਾਲ ਖ਼ੁਸ਼ ਹਨ। ਉਨ੍ਹਾਂ ਰਾਜਪੁਰਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਰਿਤੇਸ਼ ਬਾਂਸਲ, ਅਮਰਿੰਦਰ ਮੀਰੀ, ਧਨਵੰਤ ਸਿੰਘ, ਸਚਿਨ ਮਿੱਤਲ ਵਿਜੈ ਮੈਨਰੋ, ਰਾਜੇਸ਼ ਇੰਸਾ, ਰਾਜੇਸ਼ ਬੋਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਾਲੰਟੀਅਰ ਅਤੇ ਅਹੁਦੇਦਾਰ ਮੌਜੂਦ ਸਨ।