ਔਰਤ ਦੀ ਮੌਤ: ਪੀੜਤ ਪਰਿਵਾਰ ਨੇ ਨਾਭਾ-ਮਾਲੇਰਕੋਟਲਾ ਮਾਰਗ ’ਤੇ ਆਵਾਜਾਈ ਰੋਕੀ
ਇੱਥੇ ਦਰੱਖ਼ਤ ਡਿੱਗਣ ਕਾਰਨ ਹੋਈ ਗੁਰਮੇਲ ਕੌਰ ਦੀ ਮੌਤ ਤੋਂ ਬਾਅਦ ਅੱਜ ਪਿੰਡ ਮਹੋਰਾਣਾ ਵਿੱਚ ਨਾਭਾ - ਮਾਲੇਰਕੋਟਲਾ ਸੜਕ ’ਤੇ ਮ੍ਰਿਤਕਾ ਦੇ ਪਰਿਵਾਰ ਨੇ ਮੁਆਵਜ਼ੇ ਲਈ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਇਸ ਦੌਰਾਨ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਪਲਵਿੰਦਰ ਸਿੰਘ, ਕ੍ਰਿਸਚਨ ਨੈਸ਼ਨਲ ਫਰੰਟ ਪੰਜਾਬ ਦੇ ਜਨਰਲ ਸਕੱਤਰ ਪਾਸਟਰ ਭਰਪੂਰ ਜੱਸੀ, ਅਵਤਾਰ ਸਿੰਘ, ਮੁਖਤਿਆਰ ਸਿੰਘ, ਤੇਜਾ ਨੰਬਰਦਾਰ, ਰਾਜਿੰਦਰ ਸਿੰਘ, ਪਰਮਜੀਤ ਸਿੰਘ, ਮੇਵਾ ਪ੍ਰਧਾਨ, ਜੱਸੀ ਮਹਾਰਾਣਾ ਤੋਂ ਇਲਾਵਾ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਇੰਚਾਰਜ ਚਰਨਜੀਤ ਸਿੰਘ ਹਿਮਾਉਪੁਰਾ, ਅਮਰਜੀਤ ਸਿੰਘ ਹਿਮਾਉਪੁਰਾ, ਸਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਗਰੂਰ, ਹਰਜਿੰਦਰ ਸਿੰਘ ਕਾਲਾ ਬਨਭੌਰਾ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸਨ। ਇਸ ਮੌਕੇ ਡੀਐੱਸਪੀ ਦਵਿੰਦਰ ਸਿੰਘ ਸੰਧੂ, ਐੱਸਐੱਚਓ ਰਮਨਦੀਪ ਕੁਮਾਰ ਅਤੇ ਪੁਲੀਸ ਬਲ ਦੀ ਮੌਜੂਦਗੀ ਵਿੱਚ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਅਤੇ ਬੀਡੀਪੀਓ ਬਲਜੀਤ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਮੁਆਵਜ਼ੇ ਦਾ ਭਰੋਸਾ ਦਿੱਤਾ। ਪ੍ਰਸ਼ਾਸਨ ਦੇ ਭਰੋਸੇ ਮਗਰੋਂ ਪੀੜਤਾਂ ਨੇ ਧਰਨਾ ਹਟਾ ਦਿੱਤਾ।