ਹੁਸੈਨੀਵਾਲਾ ਤੋਂ ਚੱਲੇ ਮੁਲਾਜ਼ਮ ਫੈਡਰੇਸ਼ਨ ਦੇ ਜਥੇ ਦਾ ਸਵਾਗਤ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਅਗਸਤ
ਕੁੱਲ ਹਿੰਦ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਸੱਦੇ ’ਤੇ ਪੰਜਾਬ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਹੁਸੈਨੀਵਾਲਾ ਸਥਿਤ ਸਮਾਧੀ ਤੋਂ ਨੌਂ ਅਗਸਤ ਨੂੰ ਚੱਲੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਥੇ ਦਾ ਅੱਜ ਸਮਾਪਤੀ ਮੌਕੇ ਮਾਲੇਰਕੋਟਲਾ ਪਹੁੰਚਣ ’ਤੇ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਰਜੋਸ਼ ਸਵਾਗਤ ਕੀਤਾ ਗਿਆ। ਜਥੇ ਦਾ ਸਵਾਗਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਪ੍ਰੇਮ ਸਿੰਘ ਖੁਰਦ, ਅਜੈਬ ਸਿੰਘ ਕੁਠਾਲਾ, ਨਰਿੰਦਰਜੀਤ ਸਿੰਘ ਸਲਾਰ, ਰਣਵੀਰ ਕ੍ਰਿਸ਼ਨ ਖੁਰਦ ਅਤੇ ਰਣਜੀਤ ਸਿੰਘ ਈਸਾਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਚੇਤੇ ਕਰਵਾ ਕੇ ਮੁਲਾਜ਼ਮ ਵਰਗ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦੇਣ ਦੇ ਮਕਸਦ ਨਾਲ ਪੰਜਾਬ ਅੰਦਰ ਪੰਜ ਇਤਿਹਾਸਕ ਸਥਾਨਾਂ ਤੋਂ ਵੱਖ ਵੱਖ ਥਾਵਾਂ ਲਈ ਮੁਲਾਜ਼ਮ ਆਗੂਆਂ ਦੇ ਜਥੇ ਰਵਾਨਾ ਹੋਏ ਸਨ। ਇਨ੍ਹਾਂ ਵਿੱਚ ਹੁਸੈਨੀਵਾਲਾ ਤੋਂ ਚੱਲਿਆ ਜਥਾ ਜਲਾਲਾਬਾਦ, ਫ਼ਾਜਿਲਕਾ, ਅਬੋਹਰ, ਮਲੋਟ, ਬਠਿੰਡਾ, ਤਲਵੰਡੀ ਸਾਬੋ, ਮੌੜ ਅਤੇ ਮਾਨਸਾ ਹੁੰਦਾ ਹੋਇਆ ਸਥਾਨਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਸਮਾਪਤ ਹੋਇਆ। ਇਸ ਜਥੇ ਦੀ ਅਗਵਾਈ ਰਣਵੀਰ ਸਿੰਘ ਟੂਸੇ, ਬਲਵਿੰਦਰ ਸਿੰਘ ਧਨੇਰ, ਤਾਰਾ ਸਿੰਘ ਗਿੱਲ, ਬਿੰਦਰ ਸਿੰਘ, ਹਰਪਾਲ ਸਿੰਘ ਸਹੌਰ, ਚਮਕੌਰ ਸਿੰਘ ਕੈਰੇ, ਗਿਆਨੀ ਅਵਤਾਰ ਸਿੰਘ,ਮਨਜੀਤ ਸਿੰਘ ਸ਼ਹਿਣਾ ਗੁਰਪ੍ਰੀਤ ਸਿੰਘ ਮਾਨ, ਮੁਹੰਮਦ ਯਾਸੀਨ, ਸਿਕੰਦਰ ਸਿੰਘ ਭੁੱਟਾ ਅਤੇ ਜਸਵੰਤ ਸਿੰਘ ਹਠੂਰ ਆਦਿ ਕਰ ਰਹੇ ਸਨ।