ਲੈਂਡ ਪੂਲਿੰਗ ਨੀਤੀ ਤਹਿਤ ਧੱਕੇ ਨਾਲ ਜ਼ਮੀਨ ਐਕੁਆਇਰ ਨਹੀਂ ਕਰਾਂਗੇ: ਚੀਮਾ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਯਤਨਾਂ ਤਹਿਤ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਹਲਕਾ ਦਿੜ੍ਹਬਾ ਦੇ ਪਿੰਡ ਚੱਠਾ ਨਨਹੇੜਾ ਵਿੱਚ ਪੰਚਾਇਤ ਘਰ ਅਤੇ ਨਵੀਂ ਲਿੰਕ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੀ ਸਾਫ਼ ਨੀਅਤ ਅਤੇ ਸਪੱਸ਼ਟ ਨੀਤੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਐਕੁਆਇਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਵਿਰੋਧੀ ਪਾਰਟੀਆਂ ’ਤੇ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੈਰ-ਕਾਨੂੰਨੀ ਕਲੋਨੀਆਂ ਦਾ ਕਹਿਰ ਖਤਮ ਕਰਨਾ ਚਾਹੁੰਦੀ ਹੈ। ਅੱਜ ਸੂਬੇ ਵਿੱਚ 30 ਹਜ਼ਾਰ ਏਕੜ ਰਕਬੇ ਉੱਤੇ ਗੈਰ-ਕਾਨੂੰਨੀ ਕਲੋਨੀਆਂ ਵਿਕਸਤ ਹੋਈਆਂ ਹਨ, ਜਿੱਥੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਪੰਚਾਇਤ ਘਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਇਸ ਸ਼ਾਨਦਾਰ ਇਮਾਰਤ ਵਿੱਚ ਸਰਪੰਚ ਦਫ਼ਤਰ ਸਮੇਤ ਵਧੀਆ ਵੱਡਾ ਕਮਰਾ ਅਤੇ ਦੋ ਵਾਸ਼ਰੂਮ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੱਠੇ ਨਨਹੇੜਾ ਵਿਖੇ ਲਿੰਕ ਸੜਕ ਤੋਂ ਗਿਆਨ ਨੰਦ ਡੇਰੇ ਤੱਕ ਦੀ ਸੜਕ ਦੀ ਨਵੀਂ ਉਸਾਰੀ ਉੱਤੇ 32.16 ਲੱਖ ਰੁਪਏ ਦੀ ਲਾਗਤ ਆਈ ਹੈ।