ਕਿਊਬਾ ਨੂੰ ਪੰਜਾਬ ਵਿੱਚੋਂ ਫੰਡ ਇਕੱਤਰ ਕਰਕੇ ਦੇਵਾਂਗੇ: ਸੇਖੋਂ
ਕਾਮਰੇਡ ਹਰਕਿਸ਼ਨ ਸੁਰਜੀਤ ਦੀ ਬਰਸੀ ਮੌਕੇ 7 ਦਸੰਬਰ ਨੂੰ ਜਲੰਧਰ ਵਿੱਚ ਹੋਵੇਗਾ ਇਕੱਠ
ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 17ਵੀਂ ਬਰਸੀ ਉਨ੍ਹਾਂ ਦੇ ਪਿੰਡ ਬੰਡਾਲਾ ਮੰਝਕੀ ਜ਼ਿਲ੍ਹਾ ਜਲੰਧਰ ਵਿੱਚ 7 ਦਸੰਬਰ ਨੂੰ ਮਨਾਈ ਜਾਵੇਗੀ ਅਤੇ ਬਰਸੀ ਮੌਕੇ ਹੋਣ ਵਾਲੀ ਰੈਲੀ ਨੂੰ ਸੀ ਪੀ ਆਈ ਐੱਮ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਐੱਮ ਏ ਬੇਬੀ ਅਤੇ ਉਨ੍ਹਾਂ ਨਾਲ ਕਿਊਬਾ ਦੇ ਰਾਜਦੂਤ ਰੈਲੀ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ। ਰੈਲੀ ਵਿੱਚ ਕਾਮਰੇਡ ਨੀਲੋਤ ਪਾਲ ਬਾਬੂ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣਗੇ। ਇਹ ਜਾਣਕਾਰੀ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸਥਾਨਕ ਚਮਕ ਭਵਨ ਵਿੱਚ ਕਾਮਰੇਡ ਸਤਿੰਦਰ ਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਕਾਮਰੇਡ ਸੇਖੋਂ ਨੇ ਕਿਹਾ ਕਿ ਕਿਊਬਾ ਵਰਗੇ ਕਮਿਊਨਿਸਟ ਦੇਸ਼ ਵਿੱਚ ਜਦੋਂ ਆਰਥਿਕ ਮੰਦਹਾਲੀ ਦਾ ਦੌਰ ਸੀ, ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿੰਮਾ ਰਾਓ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੇ ਪਿੰਡਾਂ ਵਿੱਚੋਂ ਕਣਕ ਇਕੱਠੀ ਕਰਕੇ ਦੋ ਰੇਲ ਗੱਡੀਆਂ ਰਾਹੀਂ ਕਿਊਬਾ ਦੇਸ਼ ਨੂੰ ਭੇਜੀਆਂ ਸਨ। ਹੁਣ ਫੇਰ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਕੀਤੀ ਗਈ ਆਰਥਿਕ ਘੇਰਾਬੰਦੀ ਕਾਰਨ ਕਿਊਬਾ ਵਿੱਚ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਆਪਣੇ ਪੱਧਰ ’ਤੇ ਫੈਸਲਾ ਲਿਆ ਕਿ ਪੰਜਾਬ ਵਿੱਚੋਂ 10 ਲੱਖ ਰੁਪਏ ਇਕੱਠੇ ਕਰਕੇ ਫੰਡ ਦੇ ਰੂਪ ਵਿੱਚ ਕਿਊਬਾ ਦੇ ਰਾਜਦੂਤ ਨੂੰ ਸੌਂਪਿਆ ਜਾਵੇਗਾ ਅਤੇ ਜ਼ਿਲ੍ਹਾ ਸੰਗਰੂਰ ਵਿੱਚ 1 ਇੱਕ ਲੱਖ ਰੁਪਏ ਇਕੱਠਾ ਕੀਤਾ ਜਾਵੇਗਾ। ਇਹ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਸੀ ਪੀ ਆਈ ਐਮ ਨੇ ਕਾਮਰੇਡ ਸੇਖੋਂ ਨੂੰ ਵਿਸਵਾਸ਼ ਦਿਵਾਇਆ ਕਿ ਜ਼ਿਲ੍ਹਾ ਸੰਗਰੂਰ ਵਲੋਂ ਹਰ ਹਾਲਤ ਵਿਚ ਫੰਡ ਇਕੱਠਾ ਕਰਕੇ ਦਿੱਤਾ ਜਾਵੇਗਾ। ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਸੂਬਾ ਸਕਤਰੇਤ ਮੈਂਬਰ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਵਿਚ ਕਾਮਰੇਡ ਜੋਗਾ ਸਿੰਘ, ਹੰਗੀ ਖ਼ਾਨ, ਇੰਦਰਜੀਤ ਸਿੰਘ ਛੰਨਾ, ਨਛੱਤਰ ਸਿੰਘ ਗੰਢੂਆ, ਹਰਬੰਸ ਸਿੰਘ ਨਮੋਲ, ਗੁਰਮੀਤ ਸਿੰਘ ਬਲਿਆਲ ,ਹਰਮੇਸ਼ ਕੌਰ ਰਾਏਸਿੰਘਵਾਲਾ, ਪਰਮਜੀਤ ਕੌਰ ਭੱਟੀਵਾਲ, ਸੁਖਵਿੰਦਰ ਕੌਰ ਸੁੱਖੀ ਆਦਿ ਸ਼ਾਮਲ ਹੋਏ।

