ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਖੇਤਾਂ ਦਾ ਪਾਣੀ ਭਵਾਨੀਗੜ੍ਹ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹੈ।ਭਵਾਨੀਗੜ੍ਹ ਵਿੱਚ ਜੀਟੀਬੀ ਕਾਲਜ ਤੇ ਸਟੇਡੀਅਮ ਦੇ ਬਾਹਰ ਖੜ੍ਹਾ ਪਾਣੀ।ਭਾਰੀ ਮੀਂਹ ਕਾਰਨ ਪਿੰਡ ਆਲੋਅਰਖ ਅਤੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਪਾਣੀ ਓਵਰਫਲੋਅ ਹੋ ਕੇ ਕਾਕੜਾ ਰੋਡ ’ਤੇ ਸਥਿਤ ਕਲੋਨੀਆਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਇੱਥੇ ਗੁਰੂ ਤੇਗ ਬਹਾਦਰ ਕਾਲਜ ਅਤੇ ਸਟੇਡੀਅਮ ਦੀਆਂ ਕੰਧਾਂ ਸਣੇ ਅੱਖਾਂ ਦੇ ਇਲਾਜ ਵਾਲੇ ਹਸਪਤਾਲ ਅਤੇ ਘਰਾਂ ਦੀਆਂ ਕੰਧਾਂ ਨਾਲ ਟਕਰਾ ਕੇ ਭਾਰੀ ਮਾਤਰਾ ਵਿੱਚ ਪਾਣੀ ਖੜ੍ਹ ਗਿਆ ਹੈ। ਇਸ ਪਾਣੀ ਕਾਰਨ ਸਟੇਡੀਅਮ ਦੀ ਕੰਧ ਅਤੇ ਹਸਪਤਾਲ ਦੀ ਬਾਹਰਲੀ ਕੰਧ ਡਿੱਗ ਪਈ ਹੈ। ਜੇਕਰ ਮੀਂਹ ਜਾਰੀ ਰਿਹਾ ਤਾਂ ਇਹ ਪਾਣੀ ਰਿਹਾਇਸ਼ੀ ਘਰਾਂ ਵਿੱਚ ਦਾਖ਼ਲ ਵੀ ਹੋ ਸਕਦਾ। ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਹੋ ਗਿਆ ਹੈ।ਕਿਸਾਨ ਸਿਮਰਜੀਤ ਸਿੰਘ ਵੜਿੰਗ, ਭਰਪੂਰ ਸਿੰਘ ਅਤੇ ਗੁਰਤੇਜ ਸਿੰਘ ਨੇ ਪ੍ਰਸ਼ਾਸਨ ਤੋਂ ਪਾਣੀ ਦੇ ਨਿਕਾਸ ਦੀ ਮੰਗ ਕੀਤੀ ਹੈ।