DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਤੇ ਟਾਂਗਰੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਓਵਰਫਲੋਅ ਹੋਣ ਕਾਰਨ ਘੱਗਰ ਦਾ ਪਾਣੀ ਖੇਤਾਂ ’ਚ ਦਾਖ਼ਲ; ਐੱਨਡੀਆਰਐੱਫ ਤੇ ਫ਼ੌਜ ਤਾਇਨਾਤ
  • fb
  • twitter
  • whatsapp
  • whatsapp
featured-img featured-img
ਸਨੌਰ ਦੇ ਪਿੰਡ ਮਹਿਮੂਦਪੁਰ ਵਿੱਚ ਡੁੱਬੀ ਫ਼ਸਲ ਦਿਖਾਉਂਦੇ ਹੋਏ ਕਿਸਾਨ।
Advertisement

ਸਨੌਰ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ ਤੇ ਟਾਂਗਰੀ ਨਦੀ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉਪਰ ਟੱਪ ਗਏ ਹਨ। ਘੱਗਰ ਦਰਿਆ ਓਵਰਫਲੋਅ ਹੋਣ ਨਾਲ ਹਲਕਾ ਸਨੌਰ ਅਧੀਨ ਕਈ ਪਿੰਡਾਂ ਦੇ ਖੇਤਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਦੇਵੀਗੜ੍ਹ ਨੇੜਲੇ ਪਿੰਡ ਮਹਿਮੂਦਪੁਰ, ਉਲਟਪੁਰ, ਜੁਲਾਹਖੇੜੀ, ਸਾਧੂ ਨਗਰ ਤੇ ਦੁੜਦ ਤੋਂ ਇਲਾਵਾ ਨੇੜਲੇ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ। ਘੱਗਰ ਦੇ ਉਪਰਲੇ ਖੇਤਰਾਂ ਅੰਦਰ ਹੋ ਰਹੀ ਭਾਰੀ ਬਰਸਾਤ ਅਤੇ ਸੁਖਨਾ ਝੀਲ ਦੇ ਖੋਲੇ ਗਏ ਫਲੱਡ ਗੇਟਾਂ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਘੱਗਰ ਆਪਣੇ ਖ਼ਤਰੇ ਦੇ ਨਿਸ਼ਾਨ 16 ਫੁੱਟ ਤੋਂ ਵੀ 2 ਫੁੱਟ ਉਪਰ ਵਗ ਰਿਹਾ ਹੈ। ਘੱਗਰ ਨਾਲ ਲੱਗਦੇ ਨੀਵੇਂ ਖੇਤਰਾਂ ਵਿੱਚ ਪਾਣੀ ਤੇਜ਼ੀ ਨਾਲ ਦਾਖ਼ਲ ਹੋ ਰਿਹਾ ਹੈ। ਵਧਦੇ ਪਾਣੀ ਨੂੰ ਲੈਕੇ ਲੋਕਾਂ ਵਿੱਚ ਸਹਿਮ ਹੈ। ਘੱਗਰ ਕੰਢੇ ਵੱਸੇ ਕੁੱਝ ਪਿੰਡਾਂ ਦੇ ਲੋਕ ਪਾਣੀ ਨੂੰ ਵੜਨ ਤੋਂ ਰੋਕਣ ਲਈ ਕਮਜ਼ੋਰ ਕੰਢਿਆਂ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਟਾਂਗਰੀ ਨਦੀ ਵੀ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉਪਰ ਵਗ ਰਹੀ ਹੈ। ਟਾਂਗਰੀ ਨਦੀ ਦਾ ਖ਼ਤਰੇ ਦਾ ਨਿਸ਼ਾਨ 12 ਫੁੱਟ ਹੈ ਪਾਣੀ 14 ਫੁੱਟ ਨੂੰ ਵੀ ਪਾਰ ਕਰਨ ਕਾਰਨ ਨਦੀ ਦੇ ਬੰਨ੍ਹਾਂ ਵਿਚਕਾਰ ਫ਼ਸਲਾਂ ਡੁੱਬ ਚੁੱਕੀਆਂ ਹਨ। ਮਾਰਕੰਡਾ ਵੀ ਆਪਣੇ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ ਇਹ ਤਿੰਨੇ ਸਬ-ਡਵੀਜ਼ਨ ਦੂਧਨਸਾਧਾਂ ਦੇ ਇਲਾਕੇ ਵਿੱਚੋਂ ਲੰਘਦੇ ਹੋਏ ਸਮਾਣਾ ਦੇ ਪਿੰਡ ਧਰਮੇੜੀ ਨੇੜੇ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਅੱਗੇ ਜਾ ਕੇ ਘੱਗਰ ਵਿੱਚ ਪਾਣੀ ਦਾ ਪੱਧਰ ਹੋਰ ਵੀ ਵਧ ਰਿਹਾ ਹੈ। ਘੱਗਰ, ਟਾਂਗਰੀ ਤੇ ਮਾਰਕੰਡੇ ਵਿਚ ਲਗਾਤਾਰ ਵਧ ਰਹੇ ਪਾਣੀ ਨੂੰ ਦੇਖਦੇ ਹੋਏ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਐਨਡੀਆ ਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਦਰਿਆ ਕੰਢੇ ਨੀਵੇਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਹੈ। ਐੱਸਡੀਐੱਮ ਦੂਧਨ ਸਾਧਾਂ ਕਿਰਪਾਲਵੀਰ ਸਿੰਘ ਨੇ ਕਿਹਾ ਕਿ ਘੱਗਰ, ਟਾਂਗਰੀ ਤੇ ਮਾਰਕੰਡੇ ਵਿਚ ਵਧਦੇ ਪਾਣੀ ਦੇ ਪੱਧਰ ’ਤੇ ਪ੍ਰਸ਼ਾਸਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਪਿੰਡਾਂ ਦੇ ਖੇਤਰਾਂ ਵਿੱਚ ਪਾਣੀ ਦਾਖਲ ਹੋਇਆ ਹੈ। ਟਾਂਗਰੀ ਦੇ ਕਮਜ਼ੋਰ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਕਿਸਾਨਾਂ ਆਗੂ ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ ਅਤੇ ਚੇਅਰਮੈਨ ਪ੍ਰਮਜੀਤ ਸਿੰਘ ਨੇ ਕਿਹਾ ਕਿ ਫਸਲਾਂ ਡੁੱਬ ਚੁੱਕੀਆਂ ਹਨ।

ਖਨੌਰੀ ਤੇ ਮੂਨਕ ਦੇ ਕਈ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ

Advertisement

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਖਨੌਰੀ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਭਾਖੜਾ ਨਹਿਰ ਤੇ ਘੱਗਰ ਦਰਿਆ ਦੇ ਪੁਲ ਆਰਡੀ 460 ਉਤੇ ਲੱਗੇ ਮਾਪ ਮੀਟਰ ’ਤੇ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ। ਸਰਕਾਰੀ ਰਿਪੋਰਟ ਅਨੁਸਾਰ ਦੋ ਵਜੇ ਤੱਕ ਘੱਗਰ ਦਰਿਆ ਦਾ ਪਾਣੀ 748,7 ਤੋਂ ਟੱਪ ਗਿਆ ਸੀ। ਦਰਿਆ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਸਰਕਾਰ ਨੇ ਸੰਭਾਵੀ ਖਤਰੇ ਤੇ ਟਾਕਰੇ ਲਈ ਬਾਦਸ਼ਾਹਪੁਰ, ਪਾਤੜਾਂ ਤੇ ਹੋਰ ਪਿੰਡਾਂ ਵਿੱਚ ਐੱਨਡੀਆਰਐੱਫ ਤੇ ਫ਼ੌਜ ਦੀਆਂ ਟੀਮਾਂ ਭੇਜ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਰਾਤ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਵਧਦਾ ਰਿਹਾ ਹੈ, ਜਿਸ ਕਰਕੇ ਸਬ-ਡਵੀਜ਼ਨ ਪਾਤੜਾਂ, ਖਨੌਰੀ ਅਤੇ ਸਬ-ਡਵੀਜ਼ਨ ਮੂਨਕ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਨੂੰ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਵੱਲੋਂ ਘੱਗਰ ਦਰਿਆ ਦੇ ਪਾਣੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ 2023 ਵਿੱਚ ਜਦੋਂ ਘੱਗਰ ਦਰਿਆ ਦਾ ਪਾਣੀ 753 ਨੂੰ ਪਾਰ ਕਰਨ ਮਗਰੋਂ ਪਿੰਡ ਹਰਚੰਦਪੁਰਾ, ਬਾਦਸ਼ਾਹਪੁਰ, ਅਰਨੇਟੂ ਤੇ ਕੁਝ ਥਾਵਾਂ ਤੇ ਪਾੜ ਪਏ ਸਨ। ਇਸ ਵਾਰੀ ਇਨ੍ਹਾਂ ਦੇ ਬੰਨ੍ਹ ਮਜ਼ਬੂਤ ਹਨ।

ਘਨੌਰ: 21 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਘਨੌਰ ਖੇਤਰ ਵਿੱਚ ਅੱਜ ਕਈ ਥਾਵਾਂ ’ਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਘਨੌਰ ਇਲਾਕੇ ਦੇ 21 ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਤੇਪਲਾ, ਰਾਜਗੜ੍ਹ, ਮਹਿਮੂਦਪੁਰ, ਦੜਵਾ, ਸੰਜਰਪੁਰ, ਨਨਹੇੜੀ, ਰਾਏਪੁਰ, ਸ਼ਮਸਪੁਰ, ਊਂਟਸਰ, ਜੰਡ ਮੰਗੋਲੀ, ਹਰਪਾਲਾਂ, ਕਾਮੀ ਖੁਰਦ, ਰਾਮਪੁਰ, ਸੌਂਟਾ, ਚਮਾਰੂ, ਕਪੂਰੀ, ਕਮਾਲਪੁਰ, ਲਾਛੜੂ ਖੁਰਦ, ਸਰਾਲਾ ਕਲਾਂ, ਮਹਿਦੂਦਾ ਤੇ ਸਰਾਲਾ ਖੁਰਦ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਹੈ। ਸਰਾਲਾ ਕਲਾਂ ਹੈੱਡ ਵਿੱਚ 16 ਫੁੱਟ ਗੇਜ਼ ਹੈ ਪਰ ਇੱਥੇ 18 ਫੁੱਟ ਦੇ ਕਰੀਬ 31000 ਕਿਊਸਿਕ ਪਾਣੀ ਚੱਲ ਰਿਹਾ ਹੈ। ਸੀਨੀਅਰ ਆਈਏਐੱਸ ਅਧਿਕਾਰੀ ਤੇ ਸਕੱਤਰ ਜੇਲ੍ਹਾਂ ਮੁਹੰਮਦ ਤਾਇਬ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘਨੌਰ ਇਲਾਕੇ ਦੇ ਘੱਗਰ ਨਾਲ ਲੱਗਦੇ ਕਈ ਪਿੰਡਾਂ ਦਾ ਦੌਰਾ ਕਰਕੇ ਘੱਗਰ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਸੂਚਨਾ ਜਾਂ ਮਦਦ ਲਈ ਤੁਰੰਤ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ਅਤੇ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ’ਤੇ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।

ਪਟਿਆਲਾ ਸ਼ਹਿਰ ਵਿੱਚ ਹੜ੍ਹਾਂ ਦਾ ਖ਼ਤਰਾ ਨਹੀਂ: ਸਿਹਤ ਮੰਤਰੀ

ਪਟਿਆਲਾ (ਗੁਰਨਾਮ ਸਿੰਘ ਅਕੀਦਾ):ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜਪੁਰਾ ਰੋਡ ਪੁਲ, ਹੀਰਾ ਬਾਗ, ਕਬਾੜੀ ਮਾਰਕੀਟ, ਦੌਲਤਪੁਰ ਤੇ ਫਲੌਲੀ ਦਾ ਦੌਰਾ ਕਰਕੇ ਵੱਡੀ ਨਦੀ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਅਤੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਇਲਾਕੇ ਦੇ ਕੌਂਸਲਰ ਕੁਲਵੰਤ ਸਿੰਘ ਲਾਲਕਾ, ਏਡੀਸੀ ਨਵਰੀਤ ਕੌਰ ਸੇਖੋਂ, ਏਸੀਏ ਪੀਡੀਏ ਜਸ਼ਨਪ੍ਰੀਤ ਕੌਰ ਗਿੱਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਬਲਬੀਰ ਸਿੰਘ ਨੇ ਪਟਿਆਲਾ ਸ਼ਹਿਰ ਤੇ ਅਰਬਨ ਅਸਟੇਟ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਪਿਛਲੀ ਵਾਰ ਹੜ੍ਹਾਂ ਦੇ ਬਣੇ ਕਾਰਨਾਂ ਨੂੰ ਠੀਕ ਕੀਤਾ ਗਿਆ ਹੈ। ਫਲੌਲੀ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਉਹ ਮੁਹਾਲੀ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਤਾਲਮੇਲ ਰੱਖਣ ਸਮੇਤ ਮੌਸਮ ’ਤੇ ਵੀ ਨਜ਼ਰ ਰੱਖ ਰਹੇ ਹਨ ਅਤੇ ਹਾਲ ਦੀ ਘੜੀ ਨਦੀ ’ਚ ਪਾਣੀ ਦਾ ਪੱਧਰ ਚਾਰ ਫੁੱਟ ਤੋਂ ਹੇਠਾਂ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਤਸੱਲੀ ਦਿੱਤੀ ਕਿ ਅਰਬਨ ਅਸਟੇਟ ਤੇ ਸ਼ਹਿਰ ਦੀਆਂ ਹੋਰ ਕਲੋਨੀਆਂ ਵਿੱਚ 2023 ਦੀ ਤਰ੍ਹਾਂ ਵਾਲਾ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਫਿਰ ਵੀ ਅਹਿਤਆਤ ਵਜੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਸਰਾਲਾ ਹੈੱਡ ਦਾ ਦੌਰਾ ਕਰਕੇ ਘੱਗਰ ਦੇ ਵਹਾਅ ਦੀ ਸਥਿਤੀ ਦਾ ਜਾਇਜ਼ਾ ਲਿਆ।

Advertisement
×