ਭੱਟੀਵਾਲ ਕਲਾਂ ’ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕੀਤੀ: ਭਰਾਜ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 03 ਜੁਲਾਈ
ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਵਿੱਚ ਪਾਣੀ ਦੀ ਨਿਕਾਸੀ ਦੀ 20 ਸਾਲ ਪੁਰਾਣੀ ਦਿੱਕਤ ਕਰੀਬ 80 ਲੱਖ ਰੁਪਏ ਦੇ ਪ੍ਰੋਜੈਕਟ ਤਹਿਤ 2 ਨਵੇਂ ਛੱਪੜ ਪੁੱਟ ਕੇ ਅਤੇ ਨਵੀਆਂ ਪਾਈਪ ਲਾਈਨਾਂ ਪਾ ਕੇ ਦੂਰ ਕੀਤੀ ਗਈ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਪਿੰਡ ਭੱਟੀਵਾਲ ਕਲਾਂ ਦਾ ਦੌਰਾ ਕਰਨ ਮੌਕੇ ਸਾਂਝੀ ਕੀਤੀ।
ਹਲਕਾ ਵਿਧਾਇਕ ਨੇ ਦੱਸਿਆ ਕਿ ਭੱਟੀਵਾਲ ਕਲਾਂ ਵਿਖੇ ਪੁਰਾਣੇ ਛੱਪੜਾਂ ਤੋਂ ਪਾਣੀ ਨੂੰ ਦੋ ਨਵੇਂ ਛੱਪੜਾਂ ਵਿੱਚ ਪਾਇਆ ਗਿਆ ਹੈ ਅਤੇ ਸੀਚੇਵਾਲ ਮਾਡਲ ਪ੍ਰੋਜੈਕਟ ਤਹਿਤ ਸਾਫ ਕੀਤਾ ਪਾਣੀ ਪਾਈਪ ਲਾਈਨ ਰਾਹੀਂ ਖੇਤਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਜਿੱਥੇ ਪਾਣੀ ਦੀ ਨਿਕਾਸੀ ਦੀ ਦਿੱਕਤ ਦੂਰ ਹੋਈ ਹੈ, ਉੱਥੇ ਸਿੰਜਾਈ ਲਈ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਖਿਲਰੀਆਂ ਤੇ ਚੰਗਾਲ ਦੇ ਰਕਬੇ ਨੂੰ ਨਹਿਰੀ ਪਾਣੀ ਘੱਟ ਲੱਗਣ ਦੀ ਮੁਸ਼ਕਲ ਦੂਰ ਕਰਨ ਲਈ ਮਾਈਨਰ ਦੀ ਕਾਇਆਕਲਪ ਕਰਨ ਦਾ ਪ੍ਰਾਜੈਕਟ ਪਾਸ ਹੋ ਚੁੱਕਿਆ ਹੈ ਤੇ ਝੋਨੇ ਦੇ ਸੀਜ਼ਨ ਤੋਂ ਬਾਅਦ ਇਸ ਪ੍ਰੋਜੈਕਟ ਪੂਰਾ ਕਰ ਦਿੱਤਾ ਜਾਵੇਗਾ।
ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਸਰਕਾਰ ਦਿਨ-ਰਾਤ ਇੱਕ ਕਰ ਕੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਬੀਡੀਪੀਓ ਲੈਨਿਨ ਗਰਗ, ਐੱਸਡੀਓ ਕਰਨ ਬਾਂਸਲ, ਐੱਸਡੀਓ ਹਰਸ਼ ਅਤੇ ਬਿੱਕਰ ਸਿੰਘ ਸਰਪੰਚ ਭੱਟੀਵਾਲ ਕਲਾਂ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖੋ-ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।