ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ
ਗੁਰਦੀਪ ਸਿੰਘ ਲਾਲੀ/ਬੀਰਇੰਦਰ ਸਿੰਘ ਬਨਭੌਰੀ
ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ, 30 ਜੂਨ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੇਈਜ਼ ਦੇ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਮੁਲਾਜ਼ਮ ਮੰਗਾਂ ਪ੍ਰਤੀ ਵਤੀਰੇ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਵਲੋਂ ਅੱਜ ਪਾਵਰਕੌਮ ਦੇ ਸਰਕਲ ਸੰਗਰੂਰ ਦੇ ਵੱਖ ਵੱਖ ਉੱਚ ਅਧਿਕਾਰੀਆਂ ਨੂੰ ਮੰਗ ਪਤੱਰ ਸੌਂਪੇ ਗਏ। ਨਿਗਰਾਨ ਇੰਜੀਨੀਅਰ , ਵਧੀਕ ਨਿਗਰਾਨ ਇੰਜੀਨੀਅਰ ਗਰਿੱਡ ਸਬ/ਸਟੇਸ਼ਨ ਅਤੇ ਵਧੀਕ ਨਿਗਰਾਨ ਇੰਜਨੀਅਰ ਪ੍ਰੋਟੈਕਸ਼ਨ ਨੂੰ ਸਾਂਝੇ ਫਰੰਟ ਦੇ ਅਹੁਦੇਦਾਰਾਂ ਵੱਲੋਂ ਮਿਲ ਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨਾਲ ਹੋਈ ਗੱਲਬਾਤ ਤੇ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਮਿਤੀ 2 ਜੂਨ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਹਾਜ਼ਰੀ ਵਿੱਚ ਮੁਹਾਲੀ ਵਿਖੇ ਪਾਵਰਕੌਮ ਮੈਨੇਜਮੈਂਟ ਨਾਲ ਗੱਲਬਾਤ ਹੋਈ ਸੀ ਅਤੇ ਇਸ ਦੌਰਾਨ ਕਾਫ਼ੀ ਮੰਗਾਂ ਤੇ ਸਹਿਮਤੀਆਂ ਵੀ ਬਣੀਆਂ ਸਨ, ਜਿਨ੍ਹਾਂ ਨੂੰ ਲਾਗੂ ਕਰਨ ਲਈ ਪਾਵਰਕੌਮ ਮੈਨੇਜਮੈਂਟ ਵਲੋਂ ਦਸ ਕੁ ਦਿਨਾਂ ਅੰਦਰ ਲਾਗੂ ਕਰਨ ਦਾ ਸਮਾਂ ਮੰਗਿਆ ਗਿਆ ਸੀ ਪਰ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਗਿਆ। ਸਾਂਝੇ ਫਰੰਟ ਦੇ ਆਗੂ ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਜੰਗੀਰ ਸਿੰਘ ਕਟਾਰੀਆ, ਗੌਰਵ ਜੋਸ਼ੀ, ਜੀਵਨ ਸਿੰਘ, ਦਵਿੰਦਰ ਸਿੰਘ ਪਸੌਰ, ਜਗਦੀਪ ਸਿੰਘ ਗੁੱਜਰਾਂ, ਰਣਜੀਤ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੇ ਬਿਜਲੀ ਮੁਲਾਜ਼ਮ (ਫੀਲਡ ਅਤੇ ਕਲੈਰੀਕਲ ਸਟਾਫ਼) 25 ਜੂਨ ਤੋਂ ਵਰਕ-ਟੂ-ਰੂਲ ਦੇ ਅਧੀਨ ਕੰਮ ਕਰ ਰਹੇ ਹਨ। ਪੰਜ ਵਜੇ ਤੋਂ ਬਾਅਦ ਮੁਲਾਜ਼ਮ ਤਕਨੀਕੀ ਨੁਕਸ ਪੈਣ ’ਤੇ ਸਮੱਸਿਆ ਹੱਲ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਤੇ ਸਰਕਾਰ ਸਮੁੱਚੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।